ਬੜੀ ਦੇਰ ਤੋਂ ਸੁਫਨੇ ਲੈ
ਰਿਹਾ ਸਾਂ ਕਿ ਭਾਰਤ ਤੇ ਪਾਕਿਸਤਾਨ ਵਿਚ ਵੰਡੇ ਪੰਜਾਬ ਦੇ ਖਿਡਾਰੀ ਕਦੇ
’ਕੱਠੇ
ਹੋਣ।
ਉਹ ਆਪਸ ਵਿਚ ਖੇਡ ਮੁਕਾਬਲੇ
ਕਰਨ।
ਪੱਚੀ ਤੀਹ ਵਰੇ ਪਹਿਲਾਂ
ਲਿਖੇ ਆਪਣੇ ਇਕ ਆਰਟੀਕਲ ‘ਕਬੱਡੀ
ਪੰਜਾਬ ਦੀ’
ਦਾ ਪਹਿਲਾ ਫਿਕਰਾ ਸੀ,
‘’ਜੇ ਕਦੇ ਚੜ੍ਹਦੇ
ਤੇ ਲਹਿੰਦੇ ਪੰਜਾਬ ਦੀਆਂ ਕਬੱਡੀ ਟੀਮਾਂ ਦਾ ਮੈਚ ਹੋਵੇ ਤਾਂ ਪੰਜਾਬ ਦਾ ਕੋਈ ਵੀ
ਸਟੇਡੀਅਮ ਦਰਸ਼ਕਾਂ ਦੀਆਂ ਭੀੜਾਂ ਨੂੰ ਸਮਾ ਨਾ ਸਕੇ।‘’
ਫਿਰ ਮੈਗਜ਼ੀਨ
‘ਖੇਡ
ਸੰਸਾਰ’
ਵਿਚ ਲਿਖਿਆ ਸੀ-ਫਿਰ ਆਵੇਗਾ
ਸੁਆਦ।
ਫਿਰ ਬੱਝਣਗੇ ਨਜ਼ਾਰੇ ਜਦੋਂ
ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਜੁਆਨ ਆਪਸ ਵਿਚ ਖੇਡੇ।
ਜਦੋਂ ਇਕੋ ਬੋਲੀ
ਬੋਲਣ ਤੇ ਇਕੋ ਜਿਹੀ ਰਹਿਤਲ ਵਾਲੇ ਦੋ ਮੁਲਕਾਂ ਦੇ ਖਿਡਾਰੀ ਖੇਡ ਮੁਕਾਬਲਿਆਂ ਵਿਚ
ਸ਼ਰੀਕ ਹੋਏ।
ਜਦੋਂ
‘ਲਈਂ
ਨੂਰਿਆ’
ਤੇ
‘ਦੇਈਂ
ਬੀਰਿਆ’
ਕਹਿਣ ਵਾਲਿਆਂ ਨੇ ਡਾਜਾਂ
ਮਾਰੀਆਂ ਤੇ ਫੱਟੇ ਖੜਕਾਏ।
ਜਦੋਂ ਪੁਰਾਣੀਆਂ
ਛਿੰਝਾਂ ਵਾਲੇ ਮੇਲੇ ਗੇਲੇ ਹੋਏ ਅਤੇ ਪਹਿਲਵਾਨ ਗਾਮੇ,
ਗ਼ੁਲਾਮ ਤੇ ਕਿੱਕਰ
ਸਿੰਘ ਹੋਰਾਂ ਵਾਲੇ ਦਿਨ ਮੁੜ ਯਾਦ ਆਏ।
ਇਕ ਬੰਨੇ ਲਾਹੌਰੀਏ ਤੇ
ਲਾਇਲਪੁਰੀਏ ਹੋਣਗੇ ਅਤੇ ਦੂਜੇ ਬੰਨੇ ਜਲੰਧਰੀਏ ਤੇ ਅੰਬਰਸਰੀਏ।
ਸਿਆਲਕੋਟੀਆਂ ਤੇ
ਸ਼ੇਖੂਪੁਰੀਆਂ ਅਤੇ ਫਰੀਦਕੋਟੀਆਂ ਤੇ ਫਿਰੋਜ਼ਪੁਰੀਆਂ ਵਿਚਕਾਰ ਬੁਰਦਾਂ ਲੱਗਣਗੀਆਂ ਤੇ
ਜਿੱਤਾਂ ਹਾਰਾਂ ਹੋਣਗੀਆਂ।
ਮਿੰਟਗੁਮਰੀਏ ਤੇ
ਸੰਗਰੂਰੀਏ ਇਕ ਦੂਜੇ ਨੂੰ ਵੰਗਾਰਨਗੇ ਵੀ ਤੇ ਪਿਆਰਨਗੇ ਵੀ।
ਦਰਸ਼ਕ ਦੋਹਾਂ
ਪੰਜਾਬਾਂ ਦੇ ਚੋਬਰਾਂ ਦੀ ਖੇਡ ਤੋਂ ਬਲਿਹਾਰੇ ਜਾਣਗੇ।
ਅਜਿਹੇ ਖੇਡ ਮੇਲੇ
ਓੜਕਾਂ ਦੇ ਭਰਨਗੇ ਤੇ ਉਨਾਂ ਮੇਲਿਆਂ ਦੀਆਂ ਗੱਲਾਂ ਫਿਰ ਸਾਰਾ-ਸਾਰਾ ਸਾਲ ਹੋਣਗੀਆਂ।
ਕੀ ਇਹ ਸੁਫਨਾ ਕਦੇ
ਸੱਚ ਹੋਵੇਗਾ?
ਹਾਂ ਇਹ ਸੁਫਨਾ ਸੱਚ ਹੋਣ ਜਾ
ਰਿਹੈ।
ਆਓ ਅਰਦਾਸਾਂ ਤੇ ਦੁਆਵਾਂ
ਕਰੀਏ ਕਿ ਦੋਹਾਂ ਪੰਜਾਬਾਂ ਵਿਚਕਾਰ ਹੋ ਰਹੀਆਂ ਖੇਡਾਂ ਨੂੰ ਕਿਸੇ ਦੀ ਬੁਰੀ ਨਜ਼ਰ
ਨਾ ਲੱਗੇ।
ਇਹ ਖੇਡਾਂ ਹਰ ਪੱਖੋਂ ਸਫਲ
ਰਹਿਣ।
ਐਤਕੀਂ ਇਹ ਖੇਡਾਂ ਪਟਿਆਲੇ
ਹੋ ਰਹੀਆਂ ਹਨ ਤੇ ਅਗਲੀ ਵਾਰ ਲਾਹੌਰ ਹੋਣ।
ਇੰਜ ਇਨਾਂ ਦੀ ਲੜੀ
ਲਗਾਤਾਰ ਚਲਦੀ ਰਹੇ।
ਪਿਛਲੇ ਵਰੇ ਭਾਰਤੀ
ਓਲੰਪਿਕ ਕਮੇਟੀ ਦੇ ਜਨਰਲ ਸਕੱਤਰ ਰਾਜਾ ਰਣਧੀਰ ਸਿੰਘ ਨੇ ਲਾਹੌਰ ਵਿਚ ਪਾਕਿਸਤਾਨ
ਦੀ ਓਲੰਪਿਕ ਕਮੇਟੀ ਨਾਲ ਜੋ ਭਾਰਤ-ਪਾਕਿ ਪੰਜਾਬ ਖੇਡਾਂ ਦੀ ਗੱਲ ਤੋਰੀ ਸੀ ਹੁਣ ਉਸ
ਉਤੇ ਅਮਲ ਹੋ ਰਿਹੈ।
ਮੈਨੂੰ
2001
ਵਿਚ ਹੋਈ ਲਾਹੌਰ ਦੀ
ਆਲਮੀ ਪੰਜਾਬੀ ਕਾਨਫਰੰਸ ਯਾਦ ਆ ਰਹੀ ਹੈ।
ਉਥੇ ਪੰਜਾਬੀਆਂ
ਦੀਆਂ ਖੇਡਾਂ ਬਾਰੇ ਪਰਚਾ ਪੇਸ਼ ਕਰਦਿਆਂ ਮੈਂ ਸੁਝਾਅ ਦਿੱਤਾ ਸੀ ਕਿ ਕੁਲ ਦੁਨੀਆਂ
ਵਿਚ ਖਿਲਰੇ ਪੰਜਾਬੀ ਲੋਕਾਂ ਦੀ ‘ਪੰਜਾਬੀ
ਓਲੰਪਿਕਸ’
ਹੋਣੀ ਚਾਹੀਦੀ ਹੈ।
ਸ਼ੁਰੂਆਤ ਲਾਹੌਰ ਤੋਂ
ਕੀਤੀ ਜਾ ਸਕਦੀ ਹੈ ਤੇ ਪਾਕਿਸਤਾਨ,
ਭਾਰਤ,
ਕੈਨੇਡਾ,
ਇੰਗਲੈਂਡ,
ਅਮਰੀਕਾ,
ਮਲਾਇਆ-ਸਿੰਗਾਪੁਰ,
ਅਰਬ-ਅਫਰੀਕਾ ਤੇ
ਆਸਟ੍ਰੇਲੀਆ-ਨਿਊਜ਼ੀਲੈਂਡ ਦੇ ਪੰਜਾਬੀ ਇਸ ਨੂੰ ਵਾਰੀ ਵਾਰੀ ਕਰਵਾ ਸਕਦੇ ਹਨ।
ਇਸ ਸੁਝਾਅ ਦੀ ਚਰਚਾ
ਲਾਹੌਰ ਦੇ ਅਖ਼ਬਾਰਾਂ ਵਿਚ ਵੀ ਹੋਈ।
ਹੋਟਲ ਸ਼ਾਹਤਾਜ ਵਿਚ ਇਕ
ਮੀਟਿੰਗ ਰੱਖੀ ਗਈ ਜਿਸ ਵਿਚ ਵਿਸ਼ਵ ਪੰਜਾਬੀਅਤ ਫਾਊਂਡੇਸ਼ਨ ਦੇ ਸਕੱਤਰ ਜਨਰਲ ਸੰਤੋਖ
ਸਿੰਘ ਮੰਡੇਰ ਅਤੇ ਪਾਕਿਸਤਾਨ ਓਲੰਪਿਕ ਐਸੋਸੀਏਸ਼ਨ ਦੇ ਮੈਂਬਰ ਤੇ ਆਲਮੀ ਕਬੱਡੀ
ਫੈਡਰੇਸ਼ਨ ਦੇ ਸਦਰ ਖੁਆਜ਼ਾ ਅਲੀ ਮੁਹੰਮਦ ਹੋਰਾਂ ਨੇ ਵੀ ਭਾਗ ਲਿਆ।
ਖੇਡਾਂ ਨਾਲ
ਸੰਬੰਧਿਤ ਹੋਰ ਵੀ ਕਈ ਨਾਮਵਰ ਸੱਜਣ ਉਥੇ ਹਾਜ਼ਰ ਸਨ।
ਸਭਨਾਂ ਨੇ ਪੰਜਾਬੀ
ਓਲੰਪਿਕਸ ਦੀ ਤਜਵੀਜ਼ ਨੂੰ ਸਲਾਹਿਆ ਪਰ ਸੁਆਲ ਇਹ ਸੀ ਕਿ ਪਹਿਲ ਕਰਨ ਦਾ ਜ਼ਿੰਮਾ ਕੌਣ
ਲਵੇ?
ਪਹਿਲ ਕਰਨ ਲਈ ਸਰਕਾਰਾਂ ਦੀ
ਪਹਿਲਕਦਮੀ ਜ਼ਰੂਰੀ ਸੀ।
ਘੱਟੋਘੱਟ ਪਾਕਿਸਤਾਨ
ਤੇ ਭਾਰਤ ਦੀਆਂ ਸਰਕਾਰਾਂ ਦੀ ਸਹਿਮਤੀ ਤਾਂ ਬਹੁਤ ਹੀ ਜ਼ਰੂਰੀ ਸੀ।
ਪੰਜਾਬੀ ਓਲੰਪਿਕਸ
ਲਈ ਪਹਿਲਾਂ ਭਾਰਤ-ਪਾਕਿ ਪੰਜਾਬ ਦੀਆਂ ਖੇਡਾਂ ਹੋਣੀਆਂ ਹੋਰ ਵੀ ਜ਼ਰੂਰੀ ਸਨ।
ਪਿੱਛੇ ਝਾਤ ਮਾਰੀਏ ਤਾਂ ਪਤਾ
ਲੱਗਦਾ ਹੈ ਕਿ ਦੇਸ਼-ਵੰਡ ਤੋਂ ਕੁਝ ਸਾਲਾਂ ਬਾਅਦ ਹੀ ਦੋਹਾਂ ਪੰਜਾਬਾਂ ਵਿਚਕਾਰ
ਖੇਡਾਂ ਹੋਣੀਆਂ ਸ਼ੁਰੂ ਹੋ ਗਈਆਂ ਸਨ।
ਪੰਜਾਹਵਿਆਂ ਵਿਚ
ਇੰਡੋ-ਪਾਕਿ ਕ੍ਰਿਕਟ ਮੈਚ ਉਤੇ ਖਿਡਾਰੀਆਂ ਤੋਂ ਬਿਨਾਂ ਵੱਡੀ ਗਿਣਤੀ ਵਿਚ ਭਾਰਤੀ
ਦਰਸ਼ਕ ਵੀ ਲਾਹੌਰ ਗਏ ਸਨ।
ਤਾਂਗਿਆਂ ਵਾਲਿਆਂ
ਨੇ ਭਾਰਤੀਆਂ ਤੋਂ ਕਿਰਾਇਆ ਨਹੀਂ ਸੀ ਲਿਆ ਤੇ ਹਲਵਾਈਆਂ ਨੇ ਮਿਠਿਆਈਆਂ ਤੇ ਲੱਸੀ
ਦੁੱਧ ਦੇ ਪੈਸੇ ਨਹੀਂ ਸਨ ਫੜੇ।
ਕਹਿੰਦੇ ਰਹੇ ਸਨ,
‘’ਕਿਉਂ
ਸ਼ਰਮਿੰਦੇ ਪਏ ਕਰਦੇ ਓ।
ਕੋਈ ਮਹਿਮਾਨਾਂ ਤੋਂ
ਵੀ ਪੈਸੇ ਵਸੂਲਦਾ ਏ?’’
ਤੇ ਬੁਰਕਿਆਂ
’ਚ
ਰਹਿਣ ਵਾਲੀਆਂ ਸਵਾਣੀਆਂ ਨੇ ਸਰਦਾਰ ਭਰਾਵਾਂ ਨੂੰ ਰੱਜ ਕੇ ਤੱਕਣ ਲਈ ਬੁਰਕੇ ਉਤਾਰ
ਮਾਰੇ ਸਨ।
ਆਮ ਲੋਕ ਇਕ ਦੂਜੇ ਨੂੰ ਧਾਅ
ਕੇ ਮਿਲੇ ਸਨ।
ਦਾਅਵਤਾਂ ਦੇ ਦੌਰ
ਚੱਲ ਪਏ ਸਨ।
ਜਦੋਂ ਲੋਕਾਂ ਨੂੰ
ਮਜਬੂਰਨ ਅੱਡ ਕਰ ਦਿੱਤਾ ਗਿਆ ਹੋਵੇ ਤੇ ਫਿਰ ਜਦੋਂ ਉਨਾਂ ਨੂੰ ਮਿਲਣ ਦਾ ਮਸੀਂ
ਮੌਕਾ ਮਿਲੇ ਤਾਂ ਉਹ ਇੰਜ ਹੀ ਮਿਲਦੇ ਨੇ।
ਹੁਣ ਚੜ੍ਹਦੇ ਪੰਜਾਬ
ਦੇ ਵਾਸੀ ਵੀ ਲਹਿੰਦੇ ਦੀਆਂ ਬਾਰਾਂ ਵੱਲੋਂ ਆਏ ਆਪਣੇ ਵਿਛੜੇ ਭਰਾਵਾਂ ਨੂੰ ਉਂਜ ਹੀ
ਧਾਅ ਕੇ ਮਿਲਣਗੇ।
ਗੁਰੂ ਸਾਹਿਬਾਨ
ਵੱਲੋਂ ਵਰੋਸਾਈ ਲੰਗਰਾਂ ਦੀ ਧਰਤੀ ਨੂੰ ਹੋਰ ਸੇਵਾ ਦਾ ਮੌਕਾ ਮਿਲੇਗਾ।
ਪੰਜਾਹਵਿਆਂ ਵਿਚ ਦੋਹਾਂ
ਪੰਜਾਬਾਂ ਦੀਆਂ ਕੁਝ ਟੀਮਾਂ ਏਧਰ ਓਧਰ ਮੈਚ ਖੇਡਣ ਆਈਆਂ ਗਈਆਂ ਸਨ।
ਖ਼ਾਸ ਕਰ ਕੇ ਕਬੱਡੀ,
ਅਥਲੈਟਿਕਸ ਤੇ ਹਾਕੀ
ਦੀਆਂ।
ਚੜ੍ਹਦੇ ਤੇ ਲਹਿੰਦੇ ਪੰਜਾਬ
ਦੇ ਕਈ ਸ਼ਹਿਰਾਂ ਤੇ ਕਸਬਿਆਂ ਵਿਚ ਕੁਝ ਮੈਚ ਖੇਡੇ ਗਏ ਸਨ।
ਪੁਰਾਣੇ ਬੰਦਿਆਂ
ਨੂੰ ਉਨਾਂ ਮੈਚਾਂ ਦੇ ਦ੍ਰਿਸ਼ ਚੇਤੇ ਹੋਣਗੇ।
ਉਹਨੀਂ ਦਿਨੀਂ
ਕਿਰਪਾਲ ਸਾਧ ਦੀ ਗੁੱਟ ਫੜਨ ’ਚ
ਝੰਡੀ ਹੁੰਦੀ ਸੀ।
ਉਹਦੇ ਬਾਰੇ ਮਸ਼ਹੂਰ
ਸੀ ਕਿ ਉਹਦੇ ਅੱਗਿਓਂ ਕੋਈ ਪੰਛੀ ਉਡ ਜੇ ਤਾਂ ਉਡ ਜੇ ਪਰ ਕੋਈ ਧਾਵੀ ਸੁੱਕਾ ਨਹੀਂ
ਸੀ ਲੰਘ ਸਕਦਾ।
ਲਹਿੰਦੇ ਪੰਜਾਬ ਦੇ
ਕਬੱਡੀ ਦਰਸ਼ਕਾਂ ਨੇ ਉਸ ਨੂੰ ‘ਗੁੱਟ
ਦਾ ਪੀਰ ਸਰਦਾਰ’
ਕਹਿ ਕੇ ਵਡਿਆਇਆ ਸੀ।
ਬਲਬੀਰ ਸਿੰਘ ਤੇ
ਊਧਮ ਸਿੰਘ ਹੋਰੀਂ ਹਾਕੀ ਖੇਡਣ ਗਏ ਸਨ ਤੇ ਪ੍ਰਦੁਮਣ ਸਿੰਘ ਹੋਰੀਂ ਗੋਲਾ ਸੁੱਟਣ।
ਮਿਲਖਾ ਸਿੰਘ ਨੂੰ
ਮਿੰਟਗੁਮਰੀ ’ਚ
ਦੌੜਦੇ ਨੂੰ ‘ਫਲਾਈਂਗ
ਸਿੱਖ’
ਦਾ ਖ਼ਿਤਾਬ ਮਿਲਿਆ ਸੀ।
ਬਦਕਿਸਮਤੀ ਭਾਰਤ ਤੇ
ਪਾਕਿਸਤਾਨ ਦੀ,
ਖ਼ਾਸ ਕਰ ਕੇ ਦੋਹਾਂ ਪੰਜਾਬਾਂ
ਦੀ ਕਿ ਇਨਾਂ
ਦੇ ਆਪਸੀ ਖੇਡ ਮੇਲੇ ਲਗਾਤਾਰ
ਨਹੀਂ ਲੱਗ ਸਕੇ।
ਬੜੀ ਦੇਰ ਸਾਂਝਾਂ
ਅੱਗੇ ਨਾ ਵਧ ਸਕੀਆਂ।
ਕਸ਼ਮੀਰ ਦੇ ਰੇੜਕੇ
ਨੇ ਗੁਆਂਢੀ ਮੁਲਕਾਂ ਦੇ ਗੁਆਂਢਪੁਣੇ ਨੂੰ ਦੁਸ਼ਮਣੀ ਵਿਚ ਬਦਲੀ ਰੱਖਿਆ।
ਕੁਦਰਤ ਵੱਲੋਂ ਬਖਸ਼ੀ
ਖੁਸ਼ਹਾਲੀ ਨੂੰ ਕੰਗਾਲੀ ਦਾ ਕਾਲ ਪਾ ਛੱਡਿਆ।
ਪਹਿਲਾਂ ਪੰਜਾਬ ਨੂੰ
ਨਰਕ ਬਣਾਇਆ ਤੇ ਫਿਰ ਕਸ਼ਮੀਰ ਨੂੰ ਜਹੰਨਮ ਬਣਾ ਦਿੱਤਾ।
ਦੋਹਾਂ ਪੰਜਾਬਾਂ ਦੀ ਤਰੱਕੀ
ਦੇ ਰਾਹ ਵਿਚ ਵੱਡੀ ਰੁਕਾਵਟ ਇਹ ਹੈ ਕਿ ਇਹ ਬਾਰਡਰ ਉਤੇ ਹਨ ਜਿਥੇ ਲੜਾਈ ਛਿੜਣ ਦਾ
ਖ਼ਤਰਾ ਰਹਿੰਦਾ ਹੈ।
ਲੜਾਈ ਦੀ ਬਹੁਤੀ
ਮਾਰ ਬਾਰਡਰ ਵਾਲਿਆਂ ਨੂੰ ਹੀ ਪੈਂਦੀ ਹੈ।
ਕਸ਼ਮੀਰ ਦੇ ਨਾਂ ਉਤੇ
ਜਿਹੜੀ ਵੀ ਲੜਾਈ ਹੁੰਦੀ ਹੈ ਉਸ ਦਾ ਬਹੁਤਾ ਸੇਕ ਪੰਜਾਬੀਆਂ ਨੂੰ ਲੱਗਦਾ ਹੈ।
ਪੰਜਾਬ ਵਿਚ ਵੱਡੀ
ਇੰਡਸਟਰੀ ਇਸ ਬਹਾਨੇ ਨਹੀਂ ਲੱਗ ਸਕੀ ਕਿ ਪੰਜਾਬ ਤੋਪਾਂ ਦੀ ਮਾਰ ਹੇਠ ਹੈ।
ਹੋਰ ਤਾਂ ਹੋਰ
ਪੰਜਾਬ ਦੇ ਹਵਾਈ ਮੁਸਾਫ਼ਰਾਂ ਲਈ ਅੰਮ੍ਰਿਤਸਰ ਦਾ ਹਵਾਈ ਅੱਡਾ ਵੀ ਵੱਡਾ ਕੌਮਾਂਤਰੀ
ਅੱਡਾ ਨਹੀਂ ਬਣਾਇਆ ਗਿਆ ਜਿਸ ਕਾਰਨ ਲੱਖਾਂ ਪੰਜਾਬੀ ਮੁਸਾਫ਼ਰ ਦਿੱਲੀ ਦੇ ਧੱਕੇ
ਖਾਂਦੇ ਹਨ।
ਅਮਨ ਅਮਾਨ ਰਹੇ ਤਾਂ
ਬੰਦਰਗਾਹਾਂ ਵਾਂਗ ਬਾਰਡਰਾਂ ਦੇ ਸ਼ਹਿਰ ਸਗੋਂ ਵਧੇਰੇ ਵਿਕਾਸ ਕਰਨ।
ਅਮਨ ਦੀ ਗਰੰਟੀ
ਹੋਵੇ ਤਾਂ ਅੰਮ੍ਰਿਤਸਰ ਲਾਹੌਰ ਤਕ ਵਧ ਸਕਦਾ ਹੈ ਤੇ ਫਿਰੋਜ਼ਪੁਰ ਕਸੂਰ ਤਕ।
ਪੰਜਾਬ ਦੀ ਵੰਡ ਨਾ
ਹੁੰਦੀ ਤਾਂ ਏਸ਼ੀਆ ਦੀ ਸਭ ਤੋਂ ਵੱਡੀ ਉੱਨ ਦੀ ਮੰਡੀ ਫਾਜ਼ਿਲਕਾ ਹੁਣ ਤਕ ਹੈੱਡ
ਸੁਲੇਮਾਨਕੀ ਤਕ ਚਲੀ ਜਾਣੀ ਸੀ ਤੇ ਬਰਕੀ ਖੇਮਕਰਨ ਨਾਲ ਆ ਲੱਗਣਾ ਸੀ।
ਘਟੋਘੱਟ ਰਾਏਵਿੰਡ
ਤੇ ਭਿਖੀਵਿੰਡ ਦੇ ਪਿੰਡਾਂ ਦੀਆਂ ਛਿੰਝਾਂ ਤਾਂ ਸੁਰ ਸਿੰਘ
’ਕੱਠੀਆਂ
ਪੈਂਦੀਆਂ।
ਮਹਾਂਬਲੀ ਕਿੱਕਰ ਸਿੰਘ
ਦੇਵੇ-ਹਿੰਦ ਦੀ ਘਣੀਏਕੀ ਬਣੀ ਸਮਾਧ ਨਾ ਢਹਿੰਦੀ ਸਗੋਂ ਉਥੇ ਮੇਲੇ ਲੱਗਦੇ।
ਪਰ ਹੁਣ ਬੀਤ ਗਏ
’ਤੇ
ਝੁਰਨ ਦੀ ਥਾਂ ਉਹਤੋਂ ਸਬਕ ਸਿੱਖਣ ਦੀ ਲੋੜ ਹੈ।
ਹੁਣ ਹਾਲਾਤ ਫਿਰ ਕਰਵਟ ਬਦਲ
ਰਹੇ ਨੇ।
ਬੰਦ ਹੋਈ ਦਿੱਲੀ-ਲਾਹੌਰ ਬੱਸ
ਸੇਵਾ ਮੁੜ ਚਾਲੂ ਹੋ ਗਈ ਹੈ।
ਅੰਮ੍ਰਿਤਸਰ ਤੋਂ
ਨਨਕਾਣਾ ਸਾਹਿਬ ਤੇ ਕਸ਼ਮੀਰ ਦੀ ਕੰਟਰੋਲ ਰੇਖਾ ਦੇ ਆਰ ਪਾਰ ਬੱਸਾਂ ਚਲਾਉਣ ਦੀਆਂ
ਗੱਲਾਂ ਹੋ ਰਹੀਆਂ ਹਨ।
ਸਮਝੌਤਾ ਰੇਲ ਗੱਡੀ
ਫਿਰ ਚੱਲ ਪਈ ਹੈ।
ਹਵਾਈ ਜਹਾਜ਼ਾਂ ਲਈ
ਦੋਹਾਂ ਦੇਸ਼ਾਂ ਦਾ ਅਸਮਾਨ ਖੁਲ੍ਹ
ਗਿਆ ਹੈ।
ਆਪਸੀ ਵਣਜ ਵਪਾਰ
ਦੀਆਂ ਗੱਲਾਂ ਸ਼ੁਰੂ ਹੋਈਆਂ ਹਨ।
ਪਾਕਿਸਤਾਨ ਦੇ
ਕਲਾਕਾਰ ਪੂਰਬੀ ਪੰਜਾਬ ਵਿਚ ਨਾਟਕ ਖੇਡ ਕੇ ਗਏ ਹਨ ਜਿਨਾਂ ਨੂੰ ਜਨਤਾ ਨੇ ਬੜਾ
ਭਰਵਾਂ ਹੁੰਘਾਰਾ ਭਰਿਆ ਹੈ।
ਲੇਖਕ,
ਵਕੀਲ ਤੇ
ਰਾਜਨੀਤੀਵਾਨ ਵਾਹਗੇ ਦੇ ਆਰ ਪਾਰ ਆਣ ਜਾਣ ਲੱਗੇ ਹਨ।
ਇੰਡੋ-ਪਾਕਿ ਕ੍ਰਿਕਟ
ਤੇ ਹਾਕੀ ਮੈਚਾਂ ਦੀਆਂ ਲੜੀਆਂ ਫਿਰ ਸ਼ੁਰੂ ਹੋਈਆਂ ਹਨ।
ਦੋਹਾਂ ਦੇਸ਼ਾਂ ਦੇ
ਲੋਕਾਂ ਦਾ ਇਕ ਦੂਜੇ ਵੱਲ ਆਉਣ ਜਾਣ ਵਧਿਆ ਹੈ।
ਪਿਛਲੇ ਵਰ੍ਹਿਆਂ ਵਿਚ
ਕੌਮਾਂਤਰੀ ਪੱਧਰ ’ਤੇ
ਕਈ ਐਸੀਆਂ ਘਟਨਾਵਾਂ ਘਟੀਆਂ ਹਨ ਜਿਨਾਂ ਨਾਲ ਵਿਛੜਿਆਂ ਦੇ ਮੁੜ ਮੇਲੇ ਹੋਏ ਹਨ।
ਜਰਮਨਾਂ ਨੇ ਜਰਮਨ
ਭਾਈਚਾਰੇ ਨੂੰ ਵੰਡਦੀ ਬਰਲਿਨ ਦੀ ਦੀਵਾਰ ਢਾਹ ਘੱਤੀ ਹੈ।
ਦੱਖਣੀ ਤੇ ਉੱਤਰੀ
ਕੋਰੀਆ ਦੇ ਲੋਕ ਬਾਂਹਾਂ ਅੱਡ ਕੇ ਇਕ ਦੂਜੇ ਵੱਲ ਵਧੇ ਹਨ।
ਵੀਅਤਨਾਮੀਏ ਵਿਛੜ
ਕੇ ਇਕ ਹੋਏ ਸਨ।
ਪੰਜਾਬੀਆਂ ਦੇ
ਕਾਫਲੇ ਵੀ ਧਾਅ ਕੇ ਇਕ ਦੂਜੇ ਨੂੰ ਮਿਲਣ ਲਈ ਉਮਡ ਪੈਣ ਤਾਂ ਕੋਈ ਵਜਾ ਨਹੀਂ ਕਿ
ਚਤਰ ਸਿਆਸਤਦਾਨ ਹਮੇਸ਼ਾਂ ਉਨਾਂ ਦੇ ਰਾਹ ਰੋਕੀ ਰੱਖਣ।
ਦੋਹਾਂ ਪੰਜਾਬਾਂ ਦੀਆਂ ਆਪਸੀ
ਖੇਡਾਂ ਦਾ ਸੁਰੂ ਹੋਣਾ ਸ਼ੁਭ ਸ਼ਗਨ ਹੈ।
ਇਸ ਨਾਲ ਆਪਸੀ ਮੇਲ
ਮਿਲਾਪ ਵਧੇਗਾ ਤੇ ਹਿੰਦ-ਪਾਕਿ ਦੇ ਹਾਲਾਤ ਹੋਰ ਸੁਖਾਵੇਂ ਹੋਣਗੇ।
ਮਿਲ ਬਹਿਣ ਨਾਲ
ਮਸਲੇ ਸੁਲਝਦੇ ਹਨ।
ਲੜਾਈਆਂ ਕਿਸੇ ਮਸਲੇ
ਦਾ ਹੱਲ ਨਹੀਂ ਹੁੰਦੀਆਂ।
ਭਾਰਤ ਤੇ ਪਾਕਿਸਤਾਨ
ਨੇ ਪਿਛਲੇ ਪੰਜਾਹ ਸਾਲਾਂ ਵਿਚ ਕਈ ਵਾਰ ਲੜ ਕੇ ਵੇਖ ਲਿਆ ਹੈ।
ਹੁਣ ਪੰਜਾਹ ਸਾਲ
ਅਮਨ ਕਰ ਕੇ ਵੇਖਣ ਤਾਂ ਪਤਾ ਲੱਗੇਗਾ ਕਿ ਕਿਵੇਂ ਹਿੰਦ ਮਹਾਂਦੀਪ ਮੁੜ ਸੋਨੇ ਦੀ
ਚਿੜੀ ਬਣਦਾ ਹੈ?
ਖੇਡਾਂ ਨੂੰ ਲੜਾਈਆਂ ਦਾ ਬਦਲ
ਕਿਹਾ ਜਾਂਦਾ ਹੈ।
ਓਲੰਪਿਕ ਖੇਡਾਂ ਦੇ
ਬਾਨੀ ਬੈਰਨ ਦਿ ਕੂਬਰਤਿਨ ਨੇ ਕਿਹਾ ਸੀ ਕਿ ਖਿਡਾਰੀਆਂ ਨੂੰ ਇਕ ਦੂਜੇ ਦੇਸ਼ ਭੇਜਣਾ
ਸਭ ਤੋਂ ਸੱਚਾ ਤੇ ਸੁੱਚਾ ਵਪਾਰ ਹੋ ਸਕਦਾ ਹੈ।
ਉਹ ਅਮਨ ਦੇ ਦੂਤ ਬਣ
ਸਕਦੇ ਹਨ।
ਆਪਸੀ ਮੋਹ ਮੁਹੱਬਤ ਦੀਆਂ
ਮਹਿਕਾਂ ਖਿਲਾਰ ਸਕਦੇ ਹਨ।
ਆਸ ਰੱਖਣੀ ਚਾਹੀਦੀ
ਹੈ ਕਿ ਰਾਜੇ ਮਹਾਰਾਜਿਆਂ ਤੇ ਪਹਿਲਵਾਨ ਗਾਮੇ ਦੇ ਸ਼ਹਿਰ ਪਟਿਆਲੇ ਵਿਚ ਦੋਹਾਂ
ਪੰਜਾਬਾਂ ਦਾ ਖੇਡ ਮੇਲਾ ਖ਼ੂਬ ਭਰੇਗਾ।
ਅਗਲੇ ਸਾਲ ਦੋਹਾਂ
ਪੰਜਾਬਾਂ ਦੇ ਦਿਲ ਸ਼ਹਿਰ ਲਾਹੌਰ ’ਚ
ਰੌਣਕਾਂ ਲੱਗਣਗੀਆਂ।
ਖਿਡਾਰੀ ਤਾਂ ਆਉਣ
ਜਾਣਗੇ ਹੀ,
ਨਾਲ ਦਰਸ਼ਕਾਂ ਦੇ ਜਾਣ ਆਉਣ
ਦਾ ਰਾਹ ਵੀ ਖੁੱਲੇਗਾ।
ਇੰਜ ਵਰਿਆਂ ਦੇ
ਵਿਛੜੇ ਆਮ ਲੋਕ ਮੁੜ ਮਿਲ ਸਕਣਗੇ।
ਕਦੇ ਨਾ ਕਦੇ ਇਹ ਸੁਫਨਾ ਵੀ
ਸੱਚ ਹੋਵੇਗਾ ਕਿ ਜਿਵੇਂ ਯੂਰਪ ਦੇ ਲੋਕ ਇਕ ਦੂਜੇ ਦੇ ਮੁਲਕ ਆਸਾਨੀ ਨਾਲ ਆ ਜਾ
ਸਕਦੇ ਹਨ ਉਵੇਂ ਹਿੰਦ-ਪਾਕਿ ਦੇ ਲੋਕ ਵੀ ਇਕ ਦੂਜੇ ਨੂੰ ਖੁੱਲੇ ਮਿਲ ਗਿਲ ਸਕਣਗੇ।
ਇਕ ਦੂਜੇ ਦਾ
ਦੁੱਖ-ਸੁਖ ਸਾਂਝਾ ਕਰ ਸਕਣਗੇ ਤੇ ਕੰਡੇਦਾਰ ਤਾਰਾਂ ਉਨਾਂ ਦੇ ਰਾਹ ਨਹੀਂ ਰੋਕਣਗੀਆਂ।
ਵੀਹਵੀਂ ਸਦੀ ਦਾ
ਭੋਗਿਆ ਨਰਕ ਹੋ ਸਕਦੈ ਇੱਕੀਵੀਂ ਸਦੀ ਦੇ ਸਵਰਗ ਵਿਚ ਬਦਲ ਜਾਵੇ।
ਸੰਭਵ ਹੈ ਸ਼ਾਇਰ
ਇਕਬਾਲ ਦਾ ਤਰਾਨਾ ਸੱਚ ਬਣ ਜਾਵੇ-ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ।
ਤੇ ਫ਼ਿਰੋਜ਼ਦੀਨ ਸ਼ਰਫ਼
ਦਾ ਗੀਤ ਗੂੰਜੇ-ਸੋਹਣਾ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਹੀਓ...।
ਤੇ ਇਹ ਵੀ ਸੰਭਵ ਹੈ ਜਿਵੇਂ
ਭਾਰਤ-ਪਾਕਿ ਪੰਜਾਬ ਖੇਡਾਂ ਹੋ ਰਹੀਆਂ ਹਨ ਉਵੇਂ ਕਿਸੇ ਦਿਨ
‘ਪੰਜਾਬੀ
ਓਲੰਪਿਕਸ’
ਵੀ ਹੋਣ ਲੱਗ ਪਵੇ।
ਜਿਵੇਂ ਫਰਾਂਸ ਦੇ
ਫ਼ਿਲਾਸਫ਼ਰ ਪੀਅਰੇ ਦਿ ਕੂਬਰਤਿਨ ਨੂੰ ਨਵੀਨ ਓਲੰਪਿਕ ਖੇਡਾਂ ਦਾ ਪਿਤਾਮਾ ਕਿਹਾ
ਜਾਂਦਾ ਹੈ ਉਵੇਂ ਪਟਿਆਲੇ ਦੇ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ ਨੂੰ ਪੰਜਾਬੀ
ਓਲੰਪਿਕਸ ਦਾ ਮੋਹੜੀਗੱਡ ਕਿਹਾ ਜਾਣ ਲੱਗੇ।
ਸੰਭਵ ਹੈ ਕਦੇ ਇਹ
ਸੁਫਨਾ ਵੀ ਸੱਚ ਹੋ ਜਾਵੇ! |