ਅਸੀਂ ਮਾਣ ਕਰਦੇ ਹਾਂ ਕਿ
ਸਾਡਾ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ। ਇਕ ਤਰ੍ਹਾਂ ਨਾਲ ਇਹ ਗੱਲ ਹੈ
ਵੀ ਸਹੀ ਕਿਉਂਕਿ ਸਾਡੇ ਨਾਲ ਹੀ ਅੰਗਰੇਜ਼ੀ ਸਾਮਰਾਜ ਤੋਂ ਛੁਟਕਾਰਾ ਪਾਉਣ ਵਾਲੇ
ਸਾਡੇ ਗੁਆਂਢੀ ਪਾਕਿਸਤਾਨ ਨੂੰ ਤਾਂ ਪਿਛਲੇ ਸਤਵਿੰਜਾ ਸਾਲਾਂ ਵਿਚੋਂ ਪੰਜਾਹ ਤੋਂ
ਵੀ ਵਧ ਇਕ ਜ ਦੂਜੇ ਫੌਜੀ ਡਿਕਟੇਟਰ ਦੇ ਬੂਟਾਂ ਹੇਠ ਲਿਤਾੜਿਆ ਜਾਂਦਾ ਰਿਹਾ ਹੈ।
ਐਮਰਜੈਂਸੀ ਵਾਲੇ ਮਹੀਨਿਆਂ ਨੂੰ ਛੱਡ, ਸਾਰੇ ਲੋਕਾਂ ਦੇ ਚੁਣੇ ਪ੍ਰਤਨਿਧ ਹੀ ਰਾਜ
ਭਗ ਚਲਾਉਂਦੇ ਰਹੇ ਹਨ। ਕਾਂਗਰਸ ਦਾ ਰਾਜ ਬਹੁਤ ਲੰਮਾ ਸਮਾਂ ਰਿਹਾ ਕਿਉਂਕਿ ਉਹ
ਸਾਡੀ ਅਜ਼ਾਦੀ ਦੇ ਦਿਨਾਂ ਵਿਚ ਦੇਸ਼ ਦੀ ਮੋਹਰੀ ਸਿਆਸੀ ਪਾਰਟੀ ਰਹੀ ਪਰ ਫੇਰ ਵਾਰੀ
ਦੂਜੀਆਂ ਪਾਰਟੀਆਂ ਨੂੰ ਮਿਲੀ, ਜਿਨ੍ਹਾਂ ਵਿਚੋਂ ਭਾਰਤੀ ਜਨਤਾ ਪਾਰਟੀ ਕੋਈ 6 ਸਾਲ
ਦਿੱਲੀ ਦੇ ਤਖਤ ਤੇ ਬਿਰਾਜਮਾਨ ਰਹੀ ਪਰ ਅਜ ਹਾਲਤ ਹੀ ਬਣ ਗਈ ਹੈ।
ਇਕ ਪਾਸੇ ਵਿਰੋਧ ਦੀ ਮੁਖ
ਪਾਰਟੀ ਭਾਰਤੀ ਜਨਤਾ ਪਾਰਟੀ ਹੈ, ਜਿਹੜੀ 6 ਕੁ ਮਹੀਨੇ ਪਹਿਲਾਂ ਹੋਈ ਅਚਨਚੇਤ ਹਾਰ
ਦੀ ਸੱਟ ਤੋਂ ਹੀ ਨਹੀਂ ਸੰਭਲ ਰਹੀ। ਦੂਜੇ ਪਾਸੇ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ
ਵਾਲੀ ਯੂ ਪੀ ਏ ਸਰਕਾਰ ਹੈ, ਜਿਹੜੀ ਕੋਲੀਸ਼ਨ ਦੇ ਚੱਜ ਅਚਾਰ ਦੀਆਂ ਅਜੇ ਪਹਿਲੀਆਂ
ਪੌੜੀਆਂ ਵੀ ਨਹੀਂ ਚੜ੍ਹ ਸਕੀ।
ਅਜਿਹੇ ਹਾਲਾਤ ਵਿਚ ਹਿਚਕੌਲੇ
ਤਾਂ ਲਗਣੇ ਹੀ ਹੋਏ ਸਾਡੇ ਜਮਹੂਰੀਅਤ ਨੂੰ ਅਤੇ ਜਦੋਂ ਤੀਕ ਨਾ ਵਿਰੋਧੀ ਧਿਰ ਸੰਭਲ
ਸਕੇ ਤੇ ਨਾ ਹੀ ਮੁਖ ਸਮਲਿਆਂ ਬਾਰੇ ਰਾਜ ਕਰਦੀ ਧਿਰ ਇਕ ਮੂੰਹ ਹੋ ਸਕੇ, ਜੱਗ ਹਸਾਈ
ਤਾਂ ਹੋਣੀ ਹੀ ਹੈ।
ਪਹਿਲਾਂ ਲਵੋ ਭਾਜਪਾ ਨੂੰ।
ਅਸੀਂ ਪਹਿਲਾਂ ਵੀ ਲਿਖਿਆ ਸੀ ਕਿ ਕਮਲ ਮੁਰਝਾ ਰਿਹਾ ਹੈ ਤੇ ਇਸ ਦੀਆਂ ਪਤੀਆਂ ਇਕ
ਇਕ ਕਰਕੇ ਡਿੱਗ ਰਹੀਆਂ ਹਨ। ਇਸ ਅਮਲ ਦਾ ਤਾਜ਼ਾ ਪ੍ਰਗਟਾਵਾ ਉਦੋਂ ਹੋਇਆ, ਜਦੋਂ
ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਸਪੁਤਰ ਸੁਨੀਲ ਸ਼ਾਸਤਰੀ
ਚੁਪ ਚੁਪੀਤੇ ਹੀ ਭਾਰਤੀ ਜਨਤਾ ਪਾਰਟੀ ਨੂੰ ਬੇਦਾਵਾ ਦੇ ਗਿਆ ਹੈ ਤੇ ਉਸ ਨੂੰ
ਤੁਰੰਤ ਹੀ ਪਾਰਟੀ ਦਾ ਮੁਖ ਬੁਲਾਰਾ ਬਣਾ ਦਿਤਾ ਗਿਆ ਤੇ ਭਾਜਪਾ ਵਾਲਿਆਂ ਅਤੇ
ਉਨ੍ਹਾਂ ਦੇ ਸਹਿਯੋਗੀਆਂ ਨੇ ਖੂਬ ਕੱਛਾਂ ਵਜਾਈਆਂ ਸਨ। ਬਹੁਤ ਸਮਾਂ ਨਾ ਲੱਗਾ ਕਿ
ਉਸ ਦੀ ਪੁੱਛ ਪ੍ਰਤੀਤ ਘਟਦੀ ਘਟਦੀ ਏਨੀ ਘੱਟ ਗਈ ਕਿ ਲੋਕਾਂ ਨੂੰ ਭੁਲ ਹੀ ਗਿਆ ਕਿ
ਉਹ ਅਜਕਲ ਕਿਥੇ ਹੈ।
ਹੁਣ ਜੇ ਸ਼ਰੀਫ ਬੰਦਿਆਂ ਵਾਂਗ
ਉਹ ਪਾਰਟੀ ਪ੍ਰਧਾਨ ਅਡਵਾਨੀ ਜੀ ਦੇ ਘਰ ਜਾ ਕੇ ਅਸਤੀਫਾ ਫੜ੍ਹਾ ਆਇਆ ਹੈ ਤਾਂ ਇਸ
ਦੇ ਅਰਥ ਇਸ ਤੋਂ ਸਿਵਾ ਹੋਰ ਕੀ ਹੋ ਸਕਦੇ ਹਨ ਕਿ ਕਮਲ ਫੁਲ ਦੇ ਮੁੜ ਖਿੜ ਸਕਣ ਵਿਚ
ਉਸਨੂੰ ਕੋਈ ਵਿਸ਼ਵਾਸ ਨਹੀਂ ਰਿਹਾ ਪਰ ਉਹ ਸਿਆਸਤ ਤੋਂ ਕਿਨਾਰਾਕਸ਼ੀ ਨਹੀਂ ਕਰ ਰਿਹਾ,
ਸਗੋਂ ਆਪਣੇ ਸਮਰਥਕਾਂ ਦਾ ਸ਼ਕਤੀ ਪ੍ਰਦਰਸ਼ਨ ਕਰਕੇ ਨਵਾਂ ਘਰ ਬਣਾਉਣ ਦਾ ਇੱਛੁਕ ਹੈ
ਤੇ ਉਸਨੇ ਜੈ ਜਵਾਨ ਜੈ ਕਿਸਾਨ ਮਜ਼ਦੂਰ ਪਾਰਟੀ ਬਣਾ ਲਈ ਹੈ।
ਉਪਰੋਕਤ ਘਟਨਾ ਤਾਂ ਇਕ ਅਰਥ
ਭਰਪੂਰ ਸੰਕੇਤ ਹੀ ਹੈ, ਵੱਡੀ ਗਲ ਇਹ ਹੈ ਕਿ ਲੱਖ ਯਤਨਾਂ ਦੇ ਬਾਵਜੂਦ ਭਾਰਤੀ ਜਨਤਾ
ਪਾਰਟੀ ਦੇ ਪੈਰ ਅਜੇ ਤਕ ਨਹੀਂ ਸੰਭਲ ਰਹੇ। ਹਾਰ ਜਾਣ ਪਿਛੋਂ ਉਹ ਅਸਲੋਂ ਮੁਦਿਆਂ
ਤੋਂ ਵਿਹੁਣੀ ਹੋ ਗਈ ਹੈ। ਜਿਹੜਾ ਵੀ ਮੁੱਦਾ ਉਠਾਉਂਦੀ ਹੈ, ਉਹੋ ਚੰਦ ਦਿਨਾਂ ਵਿਚ
ਹੀ ਆਇਆ ਗਿਆ ਹੋ ਜਾਂਦਾ ਹੈ। ਨਾ ਉਮਾ ਭਾਰਤੀ ਦੀ ਹੁਬਲੀ ਵਾਲੀ ਗ੍ਰਿਫਤਾਰੀ ਚਾਰ
ਕੁ ਦਿਨਾਂ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਰਹਿ ਸਕੀ, ਨਾ ਉਸ ਦੀ ਦੇਸ਼ ਭਰ ਦੀ
ਤਿਰੰਗਾ ਯਾਤਰਾ, ਜਿਸ ਨੂੰ ਮਹਾਰਾਸ਼ਟਰ ਪਹੁੰਚਣ ਤੇ ਹੀ ਪ੍ਰਮੋਦ ਮਹਾਜਨ ਵਰਗਿਆਂ
ਆਪਣਿਆਂ ਨੇ ਠੁੱਸ ਕਰਕੇ ਰਖ ਦਿਤਾ।
ਫਿਰ ਭਾਜਪਾ ਲੈ ਤੁਰੀ ਕਾਂਚੀ
ਮੱਠ ਦੇ ਸ਼ੰਕਰਾਚਾਰੀਆ ਦੀ ਗ੍ਰਿਫਤਾਰੀ ਵਾਲਾ ਮਾਮਲਾ। ਜਿਊਂ ਜਿਉਂ ਇਹ ਜ਼ੋਰ ਲਾਈ
ਜਾਵੇ, ਇਸ ਨੂੰ ਭਕਾਉਣ ਵਾਸਤੇ, ਤਿਉਂ ਤਿਉਂ ਗਲ ਉਲਟੀ ਪੈਂਦੀ ਜਾਵੇ। ਆਪਣੇ ਵਲੋਂ
ਤਾਂ ਇਸ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੰਦਰ ਸੇਖਰ ਨੂੰ ਵੀ ਇਕੋ ਸਟੇਜ ਤੇ
ਲਿਆ ਕੇ ਰੰਗ ਬੰਨ੍ਹਣ ਦੀ ਕੋਸ਼ਿਸ਼ ਕੀਤੀ ਪਰ ਮੱਠ ਦੇ ਮੁਖੀ ਦੀ ਕਥਿਤ ਕਰਤੂਤਾਂ ਦੇ
ਭੇਦ ਹੋਰ ਤੋਂ ਹੋਰ ਖੁੱਲ੍ਹਦੇ ਜਾਣ ਕਾਰਨ ਉਹ ਦੋਵੇਂ ਮਹਾਂਰਥੀ ਵੀ ਗੂੰਗੇ ਬਣ ਕੇ
ਬਹਿ ਗਏ। ਹੁਣ ਹਰ ਨਵੇਂ ਦਿਨ ਨਵੇਂ ਦੋਸ਼ਾਂ ਦੀ ਪਟਾਰੀ ਖੁਲ੍ਹੀ ਜਾਂਦੀ ਹੈ ਜੈਇੰਦਰ
ਸਰਸਵਤੀ ਨਾਲ ਜੁੜਿਆਂ ਦੀ ਅਤੇ ਹਾਲਤ ਇਹ ਬਣ ਗਈ ਹੈ ਕਿ ਪਾਰਲੀਮੈਂਟ ਸਮਾਗਮ ਵਿਚ
ਵੀ ਉਨ੍ਹਾਂ ਲੋਕਾਂ ਮੂੰਹ ਖੋਲ੍ਹਣ ਦਾ ਹੀਆ ਨਹੀਂ ਕੀਤਾ, ਜਿਹੜੇ ਆਖ ਰਹੇ ਸਨ ਕਿ
ਧਾਰਮਿਕ ਹਸਤੀਆਂ ਨੂੰ ਮੁਕਤ ਰਖਣਾ ਚਾਹੀਦਾ ਹੈ ਆਮ ਕਾਨੂੰਨ ਦੀ ਜ਼ੱਦ ਤੋਂ। ਨਾ
ਸਵਾਮੀ ਜੀ ਦੇ ਹੱਕ ਵਿਚ ਕਾਂਚੀ ਮੱਠ ਵਲੋਂ ਵੱਡੇ ਵੱਡੇ ਅਖਬਾਰਾਂ ਦੇ ਪੂਰੇ ਪੱਤਰੇ
ਮੱਲਣ ਵਾਲੇ ਇਸ਼ਤਿਹਾਰ ਕੰਮ ਆਏ ਹਨ, ਨਾ ਆਰ ਐਸ ਐਸ ਦਟ ਯਤਨ ਰੋਸ ਮੁਜ਼ਾਹਰਿਆਂ ਵਿਚ
ਜਾਨ ਪਾਉਣ ਦੇ।
ਪਿਛਲੇ ਕਾਫੀ ਸਮੇਂ ਤੋਂ
ਛਿੜਿਆ ਉਮਾ ਭਾਰਤੀ ਵਾਲਾ ਕਲੇਸ਼ ਵੀ ਮੁੱਕਣ ਵਿਚ ਨਹੀਂ ਆ ਰਿਹਾ। ਉਸ ਨੂੰ ਵਰਾਉਣ
ਸਮਝਾਉਣ ਦੇ ਯਤਨਾਂ ਵਿਚ ਉਹ ਰਸਮੀ ਮੁਆਫੀ ਮੰਗ ਲੈਣ ਤਕ ਪਿਛਲੇ ਪੈਰੀਂ ਤੁਰਨ ਲਈ
ਤਿਆਰ ਹੋ ਗਈ ਸੀ ਪਰ ਉਸ ਦੀ ਗੁਪਤ ਚਿੱਠੀ ਨੇ ਨਵਾਂ ਪੁਆੜਾ ਸੁਰੂ ਕਰ ਦਿਤਾ ਹੈ।ਉਹ
ਚਿੱਠੀ, ਜਿਸ ਦੀ ਨਾਂ ਖੁਲ੍ਹ ਕੇ ਤਾਈਦ ਹੋਈ ਹੈ, ਨਾ ਤਰਦੀਦ, ਆਪਣੇ ਲਿਖਣ ਢੰਗ
ਤੋਂ ਵੀ ਤੇ ਦਰਜ ਕੀਤੇ ਤੱਥਾਂ ਤੋਂ ਵੀ ਸਹੀ ਹੋਣ ਦੀ ਪੁਸ਼ਟੀ ਕਰਦੀ ਹੈ।ਉਸ ਵਿਚ
ਵਾਜਪਾਈ ਸਾਹਿਬ ਤੇ ਅਡਵਾਨੀ ਸਾਹਿਬ ਤੋਂ ਅਗਲੀ ਪਾਲ ਦੇ ਸਾਰੇ ਲੀਡਰਾਂ ਨੂੰ ਵੀ
ਖੁਬ ਨੌਲਿਆ ਗਿਆ ਹੈ ਤੇ ਉਮਾ ਜੀ ਦੇ ਅਤਾਬ ਤੋਂ ਨਾ ਵੈਂਕਈਆ ਨਾਇਡੂ ਬਚ ਸਕਿਆ ਹੈ,
ਨਾ ਅਰੁਣ ਜੇਤਲੀ, ਨਾ ਪ੍ਰਮੋਦ ਮਹਾਜਨ ਤੇ ਨਾ ਹੀ ਸੁਸ਼ਮਾ ਸਵਰਾਜ। ਇਕੱਲੇ ਇਕੱਲੇ
ਦੇ ਚਰਿਤਰ ਤੇ ਚਲਨ ਦੇ ਤੂੰਬੇ ਉਡਾਏ ਗਏ ਹਨ ਪਰ ਲੀਡਰਸ਼ਿਪ ਦੀ ਇਸ ਦੂਜੀ ਪਾਲ ਦਾ
ਹੀ ਵਢਾਂਗਾ ਹੋ ਗਿਆ ਤਾਂ ਦਿਨੋ ਦਿਨ ਬੁਢੇ ਹੋ ਰਹੇ ਵਾਜਪਾਈ ਸਾਹਿਬ ਤੇ ਅਡਵਾਨੀ
ਸਾਹਿਬ ਅਗੇ ਕੀ ਕਰਨਗੇ?
ਹੁਣ ਲਓ ਗੱਲ ਰਾਜ ਕਰਦੀ ਕੋਲੀਸ਼ਨ ਦੀ। ਉਸ ਦੇ ਦੋ ਪਿਛਲੇ ਅਹੁਦਿਆਂ ਵਿਚੋਂ ਇਕ ਤੋਂ
ਉਸ ਤੋਂ ਵੰਚਿਤ ਕਰਕੇ ਹੀ, ਜਦੋਂ ਸ਼ਿੱਬੂ ਸੋਰੇਨ ਨੇ ਸਹੁੰ ਚੁਕਾਈ ਡਾਕਟਰ ਮਨਮੋਹਨ
ਸਿੰਘ ਨੇ, ਇਹ ਹਕੀਕਤ ਸਾਹਮਣੇ ਆ ਗਈ ਕਿ ਪ੍ਰਧਾਨ ਮੰਤਰੀ ਦੇ ਬੇਦਾਗ ਚਰਿਤਰ ਦੇ
ਬਾਵਜੂਦ ਕੋਲੀਸ਼ਨ ਦੀਆਂ ਮਜ਼ਦੂਰੀਆਂ ਉਨ੍ਹਾਂ ਦਾ ਕੱਦ ਘਟਾਊਣ ਤੁਰ ਪਈਆਂ ਹਨ। ਸਪਸ਼ਟ
ਹੈ ਕਿ ਕਾਂਗਰਸ ਅੱਗੇ ਸਿਰ ਤੇ ਆਈਆਂ ਝਾਰਖੰਡ ਦੀਆਂ ਚੋਣਾਂ ਵਿਚ ਭਾਜਪਾ ਨੂੰ
ਹਰਾਉਣ ਦਾ ਫਿਕਰ ਸ਼ਿਬੂ ਸੋਰੇਨ ਦੀ ਪਾਰਟੀ ਨਾਲ ਗੰਢ ਚਿਤਰਾਵੇ ਤੋਂ ਸਿਵਾ ਕੋਈ ਰਾਹ
ਨਹੀਂ ਰਹਿਣ ਦੇ ਰਿਹਾ।
ਇਹ ਗੱਲ ਬਿਹਾਰ ਦੇ ਦੋ
ਮਹਾਰਥੀਆਂ ਵਾਲੇ ਝੇੜੇ ਤੇ ਢੁਕਦੀ ਹੈ। ਭਾਰਤੀ ਜਨਤਾ ਪਾਰਟੀ ਦਾ ਤਾਂ ਲੋਕ ਸਭਾ
ਚੋਣਾਂ ਵੇਲੇ ਬਿਹਾਰ ਵਿਚ ਵਾਹਵਾ ਮੰਦਾ ਹਾਲ ਹੋਇਆ ਸੀ ਪਰ ਜਾਰਜ ਫਰਨਾਂਡੀਜ਼ ਤੇ
ਨਿਤੀਸ਼ ਕੁਮਾਰ ਵਾਲੇ ਜਨਤਾ ਦਲ ਨੂੰ ਵੀ ਤਕੜਾ ਧੱਕਾ ਲੱਗਾ ਸੀ। ਲਾਲਸਾ ਦਾ ਕਿਉਂਕਿ
ਕੋਈ ਹੱਦ ਬੰਨਾ ਨਹੀਂ ਹੁੰਦਾ, ਪਾਸਵਾਨ ਸਾਹਿਬ ਨੂੰ ਵੀ ਚੜ੍ਹੇ ਸਾਲ ਦੇ ਪਹਿਲੇ
ਮਹੀਨਿਆਂ ਵਿਚ ਹੋ ਰਹੀ ਬਿਹਾਰ ਅਸੰਬਲੀ ਦੇ ਚੋਣ ਨੇ ਮੁਖ ਮੰਤਰੀ ਬਣ ਸਕਣ ਦੇ
ਸੁਪਨੇ ਵਿਖਾਉਣੇ ਸ਼ੁਰੂ ਕਰ ਦਿਤੇ ਤੇ ਭਾਰਤੀ ਜਨਤਾ ਪਾਰਟੀ ਤੇ ਜਨਤਾ ਦਲ ਵਾਲਿਆਂ
ਨੇ ਇਨ੍ਹਾਂ ਸੁਪਨਿਆਂ ਵਿਚ ਹੋਰ ਹਵਾ ਭਰਨ ਦੀ ਕੋਈ ਕਸਰ ਨਹੀਂ ਛੱਡੀ। ਬਿਹਾਰ ਅੰਦਰ
ਖੁਲ੍ਹੀ ਮੁਕਾਬੇਬਾਜ਼ੀ ਇਕ ਦੂਜੇ ਵਿਰੁਧ ਰੈਲੀਆਂ ਜੋੜਨ ਤਕ ਪਹੁੰਚ ਗਈ ਹੈ। ਬੋਲ
ਕਬੋਲ ਵੀ ਰੱਜ ਕੇ ਹੋਏ ਹਨ ਤੇ ਹੁਣ ਗਲ ਇਸ ਥਾਂ ਪੁਜ ਗਈ ਹੈ ਕਿ ਕਾਂਗਰਸ ਵਿਚ ਵੀ
ਨਵੀਂ ਜਾਨ ਪੈਂਦੀ ਵੇਖ ਉਪਰੋਕਤ ਦੋਵੇਂ ਚੌਧਰੀ ਉਸ ਨੂੰ ਆਪਣੇ ਵੱਲ ਖਿੱਚਣ ਲਈ
ਤਾਜ਼ ਲਾ ਰਹੇ ਹਨ। ਇਸ ਹਾਲਤ ਵਿਚ ਵਿਚਾਰਾ ਪ੍ਰਧਾਨ ਮੰਤਰੀ ਵੀ ਜੇ ਕੁਝ ਕਰੇ ਤਾਂ
ਕੀ ਕਰੇ? ਉਸ ਨੇ ਦੋਵਾਂ ਲੀਡਰਾਂ ਦੇ ਪਿਛਲੱਗਾਂ ਨੂੰ ਵੀ ਵੱਖੋ ਵੱਖ ਸਮਝਾਇਆ ਹੈ
ਤੇ ਖੁਦ ਲੀਡਰਾਂ ਨੂੰ ਵੀ। ਲੋਕਚਾਰੇ ਖਾਤਰ ਉਨ੍ਹਾਂ ਇਹ ਬਿਆਨ ਤਾਂ ਦ ਦੇ ਦਿਤਾ ਹੈ
ਕਿ ਇਕ ਦੂਜੇ ਵਿਰੁਧ ਨਿੱਜੀ ਇਲਜ਼ਾਮ ਨਹੀਂ ਲਾਏ ਗਏ ਅਤੇ ਕੈਬਨਿਟ ਦੀ ਸਾਂਝੀ
ਜ਼ਿੰਮੇਵਾਰੀ ਦੇ ਸਿਧਾਂਤ ਦੀ ਪਾਲਣਾ ਖਾਤਰ ਇਕੋ ਮੂੰਹ ਬਣਾਉਣ ਦੇ ਯਤਨ ਵੀ ਕੀਤੇ
ਹਨ, ਪਰ ਇਹ ਸਫਾਈ ਕਿਸੇ ਦੀ ਤਸਲੀ ਨਹੀਂ ਕਰਵਾ ਸਕਦੀ ਕਿ ਸ਼ਬਦੀ ਚਾਂਦਮਾਰੀ ਬਿਹਾਰ
ਦੀ ਸਿਆਸਤ ਤਕ ਹੀ ਸੀਮਤ ਰਖੀ ਹੈ। ਰਲ ਕੇ ਸਰਕਾਰ ਚਲਾਉਣ ਲਈ ਲੋੜੀਂਦੀ ਉਤਲੀ
ਪੋਤਲੀ ਖਾਨਾਪੂਰੀ ਇਨ੍ਹਾਂ ਗੱਲਾਂ ਨਾਲ ਭਾਵੇਂ ਹੋ ਜਾਵੇ, ਭਾਰਤੀ ਜਨਤਾ ਪਾਰਟੀ ਇਸ
ਮੁਦੇ ਨੂੰ ਕਾਇਮ ਰਖਣ ਲਈ ਪੂਰਾ ਤਾਣ ਲਾ ਰਹੀ ਹੈ।
ਇਹ ਤਾਂ ਹੋਈ ਵਜ਼ਾਰ ਵਿਚ
ਬੈਠੇ ਭਾਈਵਾਲਾਂ ਦੀ ਗੱਲ, ਵਜ਼ਾਰ ਤੋਂ ਬਾਹਰ ਬੈਠੇ ਖਬੀਆਂ ਪਾਰਟੀਆਂ ਵਾਲਿਆਂ ਨਾਲ
ਵੀ ਮਤਭੇਦ ਆਏ ਦਿਨ ਸਾਹਮਣੇ ਆ ਰਹੇ ਹਨ। ਇਹ ਗੱਲ ਆਪਣੀ ਥਾਂ ਹੈ ਕਿ ਫਿਰਕੂ ਤੇ
ਫਾਸਿਸਟ ਤਾਕਾਂ ਨੂੰ ਦਿੱਲੀ ਦੇ ਤਖਤ ਤੋਂ ਦੂਰ ਰਖਣ ਖਾਤਰ ਖਬੀਆਂ ਪਾਰਟੀਆਂ ਵਾਲੇ
ਆਪਣੀਆਂ ਵਿਰੋਧੀ ਸੁਰਾਂ ਵੀ ਕਢੀ ਜਾਣਗੇ ਤੇ ਪਾਰਲੀਮੈਂਟ ਅੰਦਰ ਬਹੁ ਸੰਮਤੀ ਕਾਇਮ
ਰਖਣ ਲਈ ਮਨਮੋਹਨ ਸਿੰਘ ਸਰਕਾਰ ਨੂੰ ਮੋਢਾ ਵੀ ਦੇਈ ਜਾਣਗੇ ਪਰ ਇਸ ਦਾ ਸਮੁਚਾ
ਪ੍ਰਭਾਵ ਕਿਸੇ ਤਰ੍ਹਾਂ ਵੀ ਅਜੋਕੀ ਸਰਕਾਰ ਦੀ ਭੱਲ ਵਿਚ ਵਾਧਾ ਨਹੀਂ ਕਰ ਰਿਹਾ।
ਅਸੀਂ ਭਾਵੇਂ ਮੁੱਢ ਤੋਂ ਇਹ
ਰਾਏ ਦੇ ਰਹੇ ਹਾਂ ਕਿ ਸਰਕਾਰ ਨੂੰ ਸਹੀ ਸੇਧਾਂ ਵਿਚ ਰਖਣ ਤੇ ਲੋਕਾਂ ਦੇ ਭਲੇ
ਕੰਮਕਾਜ ਨੇਪਰੇ ਚਾੜ੍ਹਨ ਵਾਸਤੇ ਖਬੀਆਂ ਪਾਰਟੀਆਂ ਲਈ ਸਹੀ ਇਹ ਹੁੰਦਾ ਕਿ ਉਹ
ਸਰਕਾਰ ਵਿਚ ਸ਼ਾਮਲ ਹੋ ਜਾਂਦੀਆਂ ਪਰ ਹੁਣ ਵੀ ਜਦੋਂ ਉਹ ਲੋਕ ਹਿਤਾਂ ਦੇ ਬੁਨਿਆਦੀ
ਸਵਾਲਾਂ ਤੇ ਆਪਣਾ ਦਬਾਅ ਵਧਾਉਣ ਲਈ ਅਜੋਕੀ ਸਰਕਾਰ ਦੀ ਪਬਲਿਕ ਨੁਕਤਾਚੀਨੀ ਕਰਨ ਤਕ
ਚਲੇ ਜਾਂਦੇ ਹਨ ਤਾਂ ਦੋਸ਼ੀ ਸਿਰਫ ਉਨ੍ਹਾਂ ਨੂੰ ਹੀ ਨਹੀਂ ਠਹਿਰਾਇਆ ਜਾ ਸਕਦਾ।
ਡਾਕਟਰ ਮਨਮੋਹਨ ਸਿੰਘ ਦਾ
ਚੋਖਾ ਸਮਾਂ ਖਬਿਆਂ ਨੂੰ ਸਫਾਈਆਂ ਦੇ ਤੇ ਤਨ ਮਨੋਤੀਆਂ ਕਰਾਉਣ ਦੇ ਲੇਖੇ ਹੀ ਲਗ
ਜਾਂਦਾ ਹੈ ਪਰ ਪ੍ਰਧਾਨ ਮੰਤਰੀ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਨਾ ਖਜ਼ਾਨਾ ਮੰਤਰੀ
ਚਿਦੰਬਰਮ ਨੂੰ ਤੇ ਨਾ ਹੀ ਤੇਲ ਮੰਤਰੀ ਮਨੀਸ਼ੰਕਰ ਆਇਰ ਨੂੰ ਹੀ ਮਨ ਆਈਆਂ ਕਰਨ ਦੀ
ਖੁਲ੍ਹ ਦਿਤੀ ਜਾ ਸਕਦੀ ਹੈ।
ਜਿਹੜਾ ਕੋਈ ਮੰਤਰੀ ਜੋ ਵੀ
ਕਦਮ ਚੁਕੇ ਜਾਂ ਫੈਸਲ਼ਾ ਲਵੇ, ਉਸ ਨੂੰ ਸਾਂਝੇ ਘੱਟੋ ਘੱਟ ਪ੍ਰੋਗਰਾਮ ਤੇ ਮਨ ਇਕਾਗਰ
ਕਰਕੇ ਝਾਤ ਪਾਉਣੀ ਚਾਹੀਦੀ ਹੈ ਕਿ ਇਸ ਪ੍ਰੋਗਰਾਮ ਦੀ ਲਛਮਣ ਰੇਖਾ ਤੋਂ ਬਾਹਰ ਨਹੀਂ
ਜਾਇਆ ਜਾ ਸਕਦਾ। ਇਸ ਪ੍ਰਥਾਏ ਘੱਟੋ ਘੱਟ ਸੌ ਦਿਨ ਦਾ ਰੋਜ਼ਗਾਰ ਦੇਣ ਵਾਲੇ ਬਿਲ
ਵਿਚ ਤਰੁਟੀਆਂ ਵਿਰੁਧ ਰੋਸ ਵਲੋਂ ਲੋਕਾਂ ਦੀ ਕਚਹਿਰੀ ਵਿਚ ਦਿਤੇ ਇਕਰਾਰ ਨਾਲ ਹੀ
ਹਥ ਸਫਾਈ ਕਰਨ ਦਾ ਯਤਨ ਕਰਦਾ ਹੈ। ਦੇਸ਼ ਦਾ, ਇਸ ਦੀ ਜਮਹੂਰੀਅਤ ਦਾ, ਇਸ ਦੇ
ਪਾਰਲੀਮੈਂਟਰੀ ਅਦਾਰਿਆਂ ਦਾ ਭਲਾ ਇਸ ਵਿਚ ਹੈ ਕਿ ਰਾਜ ਕਰਦੀ ਦਿਰ ਤੇ ਵਿਰੋਧੀ ਧਿਰ
ਆਪਣਾ ਕਿਰਦਾਰ ਬੱਝੀ ਕੋਡੀ ਦੇ ਖਿਡਾਰੀਆਂ ਵਾਂਗ ਹੀ ਨਿਭਾਉਣ ਅਤੇ ਨਿਰਾਰਥਕ
ਘੜੰਗੇਬਾਜ਼ੀ ਵਲੋਂ ਮੂੰਹ ਮੋੜਨ। |