|
ਗੋਵਰਧਨ ਗੱਬੀ |
ਦੋਸਤੋ!
ਮੈਂਨੂੰ ਯਾਦ ਹੈ ਕਿ ਅਸੀਂ ਛੋਟੇ ਹੁੰਦੇ ਸੀ ਤਾਂ ਜਦੋਂ ਕਦੇ ਮੰਮੀ ਪਾਪਾ ਹੋਰਾਂ
ਪਿੰਡ ਦੀ ਕਰਿਆਨੇ ਦੀ ਦੁਕਾਨ ਤੇ ਸੌਦਾ ਆਦਿ ਲੈਣ ਜਾਣਾ ਤਾਂ ਨਾਲ ਅਸੀਂ ਵੀ ਤੁਰ
ਪੈਣਾ! ਉਹਨਾਂ ਨੂੰ ਉਸ ਦੁਕਾਨ ਤੋਂ ਸੌਦਾ ਖਰੀਦਣ ਲਈ ਜੋਰ ਭਰਣਾ ਜਿਸਦਾ ਮਾਲਕ
ਸਾਨੂੰ ਜਿਆਦਾ ਝੁੰਗਾ ਦਿੰਦਾ ਹੁੰਦਾ ਸੀ ! ਖਰੀਦਦਾਰੀ ਕਰਨ ਤੋਂ ਬਾਅਦ ਦੁਕਾਨਦਾਰ
ਨੇ ਸਾਨੂੰ ਕੁਝ ਰਿਉੜੀਆਂ, ਮੁੰਗਫਲੀ, ਮਰੁੰਡਾ ਜਾਂ ਟਾਫੀਆਂ ਝੁੰਗੇ ਚ ਦੇਣੀਆਂ।
ਅਸੀਂ ਖੁਸ਼ ਹੋ ਜਾਣਾ। ਸੋਚਣਾ ਕਿ ਦੁਕਾਨਦਾਰ ਬਹੁਤ
ਵਧੀਆ ਇਨਸਾਨ ਹੈ! ਸਾਡੇ ‘ਤੇ ਬਹੁਤ ਮੇਹਰਬਾਨ ਹੈ ! ਕਿੰਨਾ ਕੁਝ ਮੁਫਤ ਚ ਖਾਣ ਲਈ
ਦਿੰਦਾ ਹੈ ! ਤਦ ਅਸੀਂ ਇਹ ਭੁਲ ਜਾਂਦੇ ਸਾਂ ਕਿ ਮੰਮੀ ਪਾਪੇ ਹੋਰਾਂ ਕਾਫੀ ਸਾਰਾ
ਸਮਾਣ ਉਸ ਤੋਂ ਖਰੀਦਿਆ ਹੈ। ਢੇਰ ਸਾਰੇ ਰੁਪਏ ਉਸਨੂੰ ਦਿੱਤੇ ਹਨ! ਜੇਕਰ ਕੁਝ
ਪੈਸਿਆਂ ਦੀ ਕੀਮਤ ਵਾਲਾ ਝੁੰਗਾ ਉਹ ਸਾਨੂੰ ਦਿੰਦਾ ਸੀ ਤਾਂ ਇਹ ਉਸਦਾ ਵੱਡਾਪਣ ਜਾਂ
ਦਰਿਆਦਿਲੀ ਨਹੀਂ ਸਗੋਂ ਸਾਨੂੰ ਪਤਿਆਣ ਤੇ ਭਰਮਾਉਣ ਦਾ ਇਕ ਢੋਂਗ ਸੀ। ਪਰ ਜਦ ਕਦੇ
ਮੰਮੀ ਪਾਪਾ ਹੋਰਾਂ ਸੌਦਾ ਘਟ ਖਰੀਦਣਾ। ਅਸੀਂ ਤਦ ਵੀ ਦੁਕਾਨਦਾਰ ਅੱਗੇ ਝੁੰਗੇ
ਵਾਸਤੇ ਹੱਥ ਅਢ ਦੇਣੇ ! ਦੁਕਾਨਦਾਰ ਨੇ ਝੁੰਗੇ ਚ ਮੋਟੀਆਂ ਮੋਟੀਆਂ ਗਾਲਾਂ ਕਢਦੇ
ਹੋਏ ਸਾਨੂੰ ਦੁਕਾਨ ਤੋਂ ਬਾਹਰ ਖਦੇੜ ਦੇਣਾ।
ਪਰ ਕੁਝ ਦਿਨ ਪਹਿਲਾਂ ਜਦੋਂ
ਮਹਾਰਾਸ਼ਟਰ ਦੇ ਨਿਰਵਰਤਮਾਨ ਮੁਖ ਮੰਤਰੀ ਸ਼ਿੰਦੇ ਕੋਲੋਂ ਮੁਖ ਮੰਤਰੀ ਦਾ ਔਹਦਾ ਲੈ
ਕੇ ਉਸਨੂੰ ਕਿਸੇ ਸੂਬੇ ਦੀ ਗਵਰਨਰੀ ਦਿੱਤੀ ਤਾਂ ਇੰਝ ਜਾਪਿਆ ਕਿ ਕਾਂਗਰਸ ਤੇ
ਭਾਜਪਾ ਪਾਰਟੀਆਂ ਪਿੰਡ ਦੇ ਦੁਕਾਨਕਾਰਾਂ ਵਰਗੇ ਹਨ। ਸ਼ਿੰਦੇ ਸਾਡੇ ਵਰਗਾ ਤੇ ਇਹਨਾਂ
ਦੁਕਾਨਦਾਰਾਂ ਨੇ ਉਸਨੂੰ ਪਤਿਆਣ ਲਈ ਝੁੰਗਾ ਹੀ ਦਿੱਤਾ ਹੈ !
ਇਸ
ਵਿਚ ਕੋਈ ਸ਼ੱਕ ਨਹੀਂ ਕਿ ਭਾਰਤੀ ਰਾਜਨੀਤੀ ਵਿਚ ਮਜਬੂਰੀਆਂ,
ਰਾਜਮੁਕਟ, ਸ਼ਿੰਦੇਆਂ ਤੇ ਝੁੰਗੇਆਂ ਦੀ
ਭਰਮਾਰ ਹੈ। ਜੇਕਰ ਪਿਛਲੇ ਛੱਪੰਜਾ ਸਾਲਾਂ ਦੇ ਰਾਜਨਿਤਕ ਇਤਹਾਸ ਵਿਚ ਝਾਤ ਮਾਰੀਏ
ਤਾਂ ਇਹ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਕਾਂਗਰਸ ਪਾਰਟੀ ਨੇ ਦੇਸ਼ ਉਤੇ ਸੱਭ ਤੋਂ ਵੱਧ
ਸਮੇਂ ਤੱਕ ਹਕੁਮਤ ਕੀਤੀ ਹੈ। ਜਿਸ ਪਿੱਛੇ ਦਲਿਤ, ਪਿਛੜੇ ਵਰਗ ਤੇ ਮੁਸਲਿਮ ਵੋਟ
ਬੈਂਕ ਦਾ ਵਿਸ਼ੇਸ਼ ਹੱਥ ਰਿਹਾ ਹੈ।
ਬਸਪਾ ਦੇ ਸੁਪਰੀਮੋ ਬਾਬੂ
ਕਾਂਸ਼ੀ ਰਾਮ ਦੀ ਦਲੀਲ ਸੀ ਕਿ ਭਾਰਤ ਵਿਚ 85 ਪ੍ਰਤਿਸ਼ਤ ਲੋਕ (ਬਹੁਜਨ) ਦਲਿਤ,
ਪਿਛੜੇ ਵਰਗ ਤੇ ਘੱਟ ਗਿਣਤੀ ਧਰਮ ਨਾਲ ਸਬੰਧਿਤ ਹਨ। ਸਿਰਫ 15 ਪ੍ਰਤਿਸ਼ਤ ਲੋਕ (
ਲਘੂਜਨ) ਹੀ ਸਵਰਨ ਜਾਤਾਂ ਵਾਲੇ ਹਨ। ਫਿਰ ਸੱਤਾ ਬਹੁਜਨ ਦੀ ਬਜਾਏ ਲਘੂਜਨ ਕੋਲ
ਕਿਉਂ ? ਸ਼ਾਇਦ ਇਸੇ ਸਵਾਲ ਦਾ ਜਵਾਬ ਲਭਣ ਲਈ ਉਨ੍ਹੇ ਬਹੁਜਨ ਸਮਾਜ ਪਾਰਟੀ ਦਾ ਗਠਨ
ਕੀਤਾ । ਬਸਪਾ ਨੇ ਬਹੁਜਨ ਲੋਕਾਂ ਨੂੰ ਕਾਂਗਰਸ ਦੀ ਨੀਤੀਆਂ ਵਿਰੁਧ ਜਗਾਉਣ ਦੀ
ਕੋਸ਼ਿਸ਼ ਕੀਤੀ ਕਿ ਲਘੂਜਨ ਤੁਹਾਡੇ ਉਤੇ ਰਾਜ ਕਰਨ ਲਈ ਤੁਹਾਨੂੰ ਸਕੂਲਾਂ, ਕਾਲਜਾਂ
ਅਤੇ ਨੌਕਰੀਆਂ ਵਿਚ ਝੁੰਗੇ ਮਾਤਰ ਰਾਖਵੀਆਂ ਸੀਟਾਂ ਦੇ ਕੇ ਤੁਹਾਨੂੰ ਬੇਵਕੂਫ
ਬਣਾਉਂਦੇ ਹਨ।ਬਾਕੀ ਸਭ ਕੁਝ ਆਪ ਹੜੱਪ ਜਾਂਦੇ ਹਨ। ਜਿਸਦੇ ਅਸਲੀ ਹੱਕਦਾਰ ਤੁਸੀਂ
ਹੋ !
ਪਿਛਲੇ ਸਾਲਾਂ ਵਿਚ ਵਿਧਾਨ
ਸਭਾ ਤੇ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦੇ ਗ੍ਰਾਫ ਬਦਲੇ ਹਨ। ਬਸਪਾ ਨੇ
ਕਾਂਗਰਸ ਦੇ ਵੋਟ ਬੈਂਕ ਚ ਸੰਨ੍ਹ ਲਗਾਈ, ਜਿਸਦੇ ਫਲਸਰੂਪ ਕਾਂਗਰਸ ਹਾਰੀ। ਬਸਪਾ
ਨੂੰ ਵੋਟ ਮਿਲੇ ਪਰ ਜਿੱਤ ਉਸਨੂੰ ਵੀ ਨਸੀਬ ਨਹੀਂ ਹੋਈ। ਭਾਜਪਾ ਨੂੰ ਇਸ ਦਾ ਫਾਇਦਾ
ਤਾਂ ਮਿਲਿਆ ਪਰ ਬਹੁਮੱਤ ਨਹੀਂ। ਫਿਰ ਸ਼ੁਰੂ ਹੋਇਆ ਰਾਜਨੀਤੀ ਵਿਚ ਜੋੜ ਤੋੜ ਤੇ
ਨੰਬਰਾਂ ਦੇ ਖੇਲ ਦਾ ਸਿਲਸਿਲਾ।
ਨਰਸਿਮਹਾਂ ਰਾਓ ਦੀ ਸਰਕਾਰ
ਦੇ ਕਾਰਜਕਾਲ ਤੋਂ ਬਾਦ ਹੋਈਆਂ ਲੋਕ ਸਭਾ ਚੋਣਾਂ ਵਿਚ ਇਸਦਾ ਅਸਰ ਸਾਫ ਵਿਖਾਈ
ਦਿੱਤਾ। ਸਭ ਤੋਂ ਵੱਧ ਸੀਟਾਂ ਲੈ ਕੇ ਵੀ ਵਾਜਪਈ ਦੀ ਸਰਕਾਰ ਨੂੰ 13 ਦਿਨਾਂ ਬਾਦ
ਅਸਤੀਫ਼ਾ ਦੇਣਾ ਪਿਆ । ਕਾਰਣ ਸੀ ਕਿਸੇ ਵੀ ਗੈਰ ਭਾਜਪਾ ਪਾਰਟੀ ਦਾ ਸਮਰਥਨ ਦੇਣ ਤੋਂ
ਇਨਕਾਰ। ਕਾਂਗਰਸ ਨੇ ਸਮਾਜਵਾਦੀ ਪਾਰਟੀ, ਜਨਤਾ ਦਲ ਤੇ ਹੋਰ ਛੋਟੀਆਂ ਮੋਟੀਆਂ
ਪਾਰਟੀਆਂ ਦੇ ਗੱਠਜੋੜ ਨੂੰ ਸਰਕਾਰ ਬਣਾਉਣ ਵਾਸਤੇ ਬਾਹਰੋਂ ਸਮਰਥਨ ਦਿਤਾ। ਰਾਜਨੀਤਕ
ਮਜਬੂਰੀ ਚ ਸੂਬਾਈ ਨੇਤਾ ਸ਼੍ਰੀ ਐਚ ਡੀ ਦੇਵੇਗੌੜਾ ਪ੍ਰਧਾਨ ਮੰਤਰੀ ਦੀ ਕੁਰਸੀ ਤੇ
ਬਿਰਾਜਮਾਨ ਹੋ ਗਏ। ਪਰ ਇਸ ਦੋਰਾਣ ਰਾਜਪਾਠ ਦੇ ਬਿਨਾ ਕਾਂਗਰਸ ਨੂੰ ਅਚਵੀਂ ਹੁੰਦੀ
ਰਹੀ ! ਦੇਵੇਗੋੜਾ ਨੂੰ ਨੀਂਦ ਬਹੁਤ ਆਉਂਦੀ ਹੈ,ਇਹ ਸੁਤੇ ਰਹਿੰਦੇ ਹਨ, ਵਰਗੇ
ਇਲਜਾਮ ਲਗਾਉਂਦੇ ਹੋਏ ਗੌੜਾ ਸਾਹਬ ਨੂੰ ਕੁਰਸੀ ਤੋਂ ਹੇਠਾਂ ਉਤਾਰ ਦਿੱਤਾ।
ਫਿਰ ਕਿਸਮਤ ਜਾਗੀ ਸ੍ਰੀ
ਇੰਦਰ ਕੁਮਾਰ ਗੁਜਰਾਲ ਦੀ ਤੇ ਪ੍ਰਧਾਨ ਮੰਤਰੀ ਦਾ ਮੁਕਟ ਪਹਿਨਣ ਦਾ ਮੌਕਾ ਉਹਨਾਂ
ਨੂੰ ਮਿਲ ਗਿਆ।
ਇਸੇ ਦੋਰਾਨ ਹੋਈਆਂ
ਰਾਸ਼ਟਰਪਤੀ ਚੋਣਾਂ ਵਿਚ ਕਾਂਗਰਸ ਨੇ ਦਲਿਤਾਂ ਪ੍ਰਤੀ ਆਪਣੇ ਉਬਾਲੇ ਮਾਰ ਰਹੇ ਪਿਆਰ
ਦਾ ਵਖਾਣ ਕਰਨ ਲਈ ਉਸ ਵੇਲੇ ਦੇ ਉਪਰਾਸ਼ਟਰਪਤੀ ਕੇ ਆਰ ਨਰਾਇਨਣ ਨੂੰ ਅਗਲੇ
ਰਾਸ਼ਟਰਪਤੀ ਵਜੋਂ ਪੇਸ਼ ਕੀਤਾ। ਭਾਜਪਾ ਦੀ ਰਾਜਨੀਤਕ ਮਜਬੂਰੀ ਦਾ ਨਤੀਜਾ ਇਹ ਕਿ
ਨਰਾਇਨਣ ਭਾਰਤ ਦੇ ਪਹਿਲੇ ਦਲਿਤ ਰਾਸ਼ਟਰਪਤੀ ਬਣੇ।
ਕਾਂਗਰਸ ਦੇ ਢਿਡ ਚ ਫਿਰ
ਹਲਚਲ ਹੋਈ! ਫਲਸਰੂਪ ਗੁਜਰਾਲ ਸਾਹਬ ਹੇਠੋਂ ਪ੍ਰਧਾਨ ਮੰਤਰੀ ਦੀ ਕੁਰਸੀ ਗਾਇਬ !
ਕਹਿੰਦੇ, ਗੁਜਰਾਲ ਸਾਹਬ ਜਦੋਂ ਬੋਲਦੇ ਹਨ ਤਾਂ ਇਹਨਾਂ ਦੀ ਬਕਰ ਦਾੜ੍ਹੀ ਹਿਲਦੀ
ਹੈ!
ਫਿਰ ਚੋਣਾਂ ਹੋਈਆਂ! ਨਤੀਜੇ
ਲਗਭਗ ਪਹਿਲਾਂ ਵਾਂਗ ਆਏ । ਭਾਜਪਾ ਨਾਲ ਕਈ ਖੇਤਰੀ ਤੇ ਰਾਸ਼ਟਰੀ ਪਾਰਟੀਆਂ ਮਿਲੀਆਂ
। ਜੈ ਲਲਿਤਾ ਤੇ ਚੰਦਰ ਬਾਬੂ ਨਾਯਡੂ ਦੀਆਂ ਪਾਰਟੀਆਂ ਦਾ ਖਾਸ ਰੋਲ ਉਸ ਗਠਜੋੜ ਵਿਚ
ਰਿਹਾ। ਜਿਸਦੇ ਬਦਲੇ ਉਹਨਾਂ ਬਾਲਜੋਗੀ ਲਈ ਲੋਕ ਸਭਾ ਦੀ ਸਪੀਕਰੀ ਦਾ ਮੁਕਟ ਮੰਗਿਆ।
ਨਤੀਜਾ ਬਾਲਜੋਗੀ ਪਹਿਲੇ ਦਲਿਤ ਲੋਕ ਸਭਾ ਦੇ ਸਪੀਕਰ ਬਣੇ।
ਵਾਜਪਈ ਗਠਜੋੜ ਦੀ ਸਰਕਾਰ
ਇਸ ਵਾਰ 13 ਦਿਨਾਂ ਦੀ ਜਗਹ 13 ਮਹੀਨੇ ਚਲਾ ਗਏ। ਕਾਰਨ ਸੀ ਜੈ ਲਲਿਤਾ ਦਾ ਸਮਰਥਨ
ਵਾਪਸ ਲੈਣਾ। ਚੋਣਾਂ ਦਾ ਨਗਾਰਾ ਫਿਰ ਵਜ ਉਠਿਆ। ਭਾਜਪਾ ਨੇ ਗਠਜੋੜ ਬਣਾ ਕੇ ਚੋਣਾਂ
ਲੜੀਆਂ! ਉਹਨਾਂ ਫਿਰ ਸਰਕਾਰ ਬਣਾਈ।
ਆਪਣੀ ਪਾਰਟੀ ਵਿਚ ਦਲਿਤ
ਨੇਤਾਵਾਂ ਤੇ ਲੋਕਾਂ ਦਾ ਵਿਸ਼ਵਾਸ਼ ਜਿਤਣ ਲਈ ਇਕ ਦਲਿਤ ਨੇਤਾ ਬੰਗਾਰੂ ਲਕਸ਼ਮਣ ਨੂੰ
ਪਾਰਟੀ ਦਾ ਪ੍ਰਧਾਨ ਚੁਣ ਲਿਆ। ਬਾਅਦ ਵਿਚ ਉਸ ਨੂੰ ਕਿੰਝ ਬਾਹਰ ਦਾ ਰਸਤਾ ਦਿਖਾਇਆ
ਉਹ ਇਕ ਹੋਰ ਦਾਸਤਾਂ ਹੈ।
ਇਸ ਤੋਂ ਬਾਅਦ ਉਤੱਰ
ਪ੍ਰਦੇਸ ਵਿਚ ਵਿਧਾਨ ਸਭਾ ਦੀਆਂ ਚੋਣਾ ਵਿਚ ਭਾਜਪਾ ਨੂੰ ਖਾਸ ਮਜਬੂਰੀਆਂ ਚ ਬਸਪਾ
ਨੂੰ ਸਮਰਥਨ ਦੇਣਾ ਪਿਆ। ਦਲਿਤ ਨੇਤਾ ਮਾਇਆਵਤੀ ਰਾਜਨੀਤਕ ਮਜਬੂਰੀ ਦਾ ਫਾਇਦਾ
ਉਠਾਉਣ ਚ ਕਾਮਯਾਬ ਹੋਈ। ਮੁਖ ਮੰਤਰੀ ਬਣ ਗਈ!
ਪਿੱਛੇ ਜਿਹੇ ਹੋਈਆਂ
ਰਾਸ਼ਟਰਪਤੀ ਚੋਣਾਂ ਵਿਚ ਫਿਰ ਕਾਂਗਰਸ ਅਤੇ ਭਾਜਪਾ ਦਾ ਦਲਿਤ ਤੇ ਮੁਸਲਿਮ ਪਿਆਰ
ਵੇਖਣ ਨੂੰ ਮਿਲਿਆ। ਨਤੀਜਾ ਉਪਰਾਸ਼ਟਰਪਤੀ ਕ੍ਰਿਸ਼ਨ ਕਾਂਤ ਸ਼ਰਮਾਂ ਦੀ ਜਗਹ ਕਾਫੀ ਦੇਰ
ਤੋਂ ਬਾਦ ਮੁਸਲਿਮ ਧਰਮ ਨਾਲ ਸਬੰਧਿਤ ਏ ਪੀ ਜੇ ਅਬਦੁਲ ਕਲਾਮ ਭਾਰਤ ਦੇ ਰਾਸ਼ਟਰਪਤੀ
ਬਣੇ।ਵਿਚਾਰੇ ਕ੍ਰਿਸ਼ਨਕਾਂਤ ਇਹ ਸੱਟ ਨਾ ਸਹਿਣ ਕਰਦੇ ਹੋਏ ਰੱਬ ਨੂੰ ਪਿਆਰੇ ਹੋ ਗਏ।
ਉਪਰਾਸ਼ਟਰਪਤੀ ਦੇ ਔਹਦੇ ਲਈ
ਕਾਂਗਰਸ ਦਾ ਦਲਿਤ ਪ੍ਰਤੀ ਪਿਆਰ ਫਿਰ ਠਾਠਾਂ ਮਾਰਨ ਲਗਾ! ਕਿਸਮਤ ਜਾਗੀ ਮਹਾਂਰਾਸ਼ਟਰ
ਦੇ ਇਕ ਦਲਿਤ ਨੇਤਾ ਸੁਸ਼ੀਲ ਕੁਮਾਰ ਸ਼ਿੰਦੇ ਦੀ। ਪਰ ਇਸ ਵਾਰ ਭਾਜਪਾ ਦਾ ਦਲਿਤਾਂ
ਪ੍ਰਤੀ ਪਿਆਰ ਉਬਾਲਾ ਖਾ ਕੇ ਠੰਡਾ ਪੈ ਚੁਕਾ ਸੀ। ਬਾਜੀ ਮਾਰ ਗਏ ਭੈਰੋਂ ਸਿੰਘ
ਸ਼ੇਖਾਵਤ।
ਕਾਂਗਰਸ ਨੇ ਸ਼ਿੰਦੇ ਪ੍ਰਤੀ
ਵਫਾਦਾਰੀ ਜਾਰੀ ਰੱਖੀ ! ਵਿਲਾਸ ਰਾਉ ਦੇਸ਼ਮੁਖ ਨੂੰ ਥੋੜੀ ਦੇਰ ਲਈ ਕੁਰਸੀ ਤੋਂ
ਪਰ੍ਹਾਂ ਕੀਤਾ ਤੇ ਸ਼ਿੰਦੇ ਨੂੰ ਮਹਾਂਰਾਸ਼ਟਰ ਦਾ ਪਹਿਲਾ ਦਲਿਤ ਮੁਖ ਮੰਤਰੀ ਬਣਾ ਕੇ
ਹੀ ਦਮ ਲਿਆ।
ਹੁਣੇ ਜਿਹੇ ਹੋਈਆਂ ਲੋਕ
ਸਭਾ ਦੀਆਂ ਚੋਣਾਂ ਵਿਚ ਕਾਂਗਰਸ ਬਾਮਪੰਥੀਆਂ ਨਾਲ ਮਿਲ ਕੇ ਕੇਂਦਰ ਚ ਸਰਕਾਰ ਬਣਾਉਣ
ਚ ਕਾਮਯਾਬ ਹੋ ਗਈ। ਭਾਜਪਾ ਵਾਲਿਆਂ ਨੇ ਐਸੇ ਅਜੀਬੋ ਗਰੀਬ ਖੇਲ ਖੇਡੇ ਕਿ ਐਨ ਮੌਕੇ
ਤੇ ਆ ਕੇ ਸੋਨੀਆ ਦੇ ਹੱਥਾਂ ਚ ਆਇਆ ਪ੍ਰਧਾਨ ਮੰਤਰੀ ਦਾ ਮੁਕਟ ਉਸ ਤੋਂ ਦੂਰ ਚਲਾ
ਗਿਆ। ਨਤੀਜਾ ! ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਪਹਿਲੇ ਸਿਖ ਪ੍ਰਧਾਨ ਮੰਤਰੀ ਬਣੇ!
ਕੁਝ ਦਿਨ ਪਹਿਲਾਂ ਹੀ
ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਸੇ ਨਾ ਕਿਸੇ ਤਰਾਂ ਕਾਂਗਰਸ ਮੁੜ
ਸੱਤਾ ਵਿਚ ਆ ਗਈ । ਪੰਜ ਛੇ ਦਿਨ ਕਾਂਗਰਸ ਤੇ ਸ਼ਰਦ ਪਵਾਰ ਦੀ ਨੈਸ਼ਨਲ ਕਾਂਗਰਸ
ਪਾਰਟੀ ਵਿਚ ਖਿੱਚੋਤਾਣੀ ਹੋਣ ਦੇ ਬਾਅਦ ਆਖਿਰਕਾਰ ਕਾਂਗਰਸ ਨੇ ਆਪਣਾ ਨਵਾਂ ਮੁਖ
ਮੰਤਰੀ ਘੋਸ਼ਿਤ ਕਰ ਦਿੱਤਾ। ਉਮੀਦ ਦੇ ਵਿਰੁਧ ਸ਼ੁਸ਼ੀਲ ਕੁਮਾਰ ਸ਼ਿੰਦੇ ਨਹੀਂ ਸਗੋਂ
ਵਿਲਾਸਰਾਉ ਦੇਸ਼ਮੁਖ ਨਵੇਂ ਮੁਖ ਮੰਤਰੀ ਸਨ।ਇਸ ਵਾਰ ਕਾਂਗਰਸ ਦੇ ਦਲਿਤ ਪਿਆਰ ਨੂੰ
ਲਕਵਾ ਮਾਰ ਗਿਆ ਸੀ ਜਾਂ ਇੰਝ ਕਹਿ ਲਉ ਕੋਈ ਰਾਜਨੀਤਕ ਮਜਬੂਰੀ ਨਹੀਂ ਸੀ ਸੋ ਉਹਨਾਂ
ਸ਼ਿੰਦੇ ਨੂੰ ਕਿਹਾ, ਸ਼ਿੰਦੇ ਸਾਹਬ ਮੁਖ ਮੰਤਰੀ ਬਣਨ ਦਾ ਮਜਾ ਤੁਸੀਂ ਵਥੇਰਾ ਲੈ ਲਿਆ
! ਇਹ ਜਰੂਰੀ ਤਾਂ ਨਹੀਂ ਕਿ ਸਾਡਾ ਦਲਿਤਾਂ ਲਈ ਪਿਆਰ ਹਮੇਸ਼ਾਂ ਠਾਠਾਂ ਮਾਰਦਾ ਰਹੇ
! ਸੋ ਮਿੱਤਰਾ ! ਆ ਫੜ ਗਵਰਨਰੀ ਤੇ ਐਸ਼ ਕਰ ! ਸ਼ਿੰਦੇ ਨੇ ਵੀ ਸੋਚਿਆ ਕਿ ਚਲੋ ਜੇ
ਮੁਖ ਮੰਤਰੀ ਦਾ ਔਹਦਾ ਨਹੀਂ ਤਾਂ ਗਵਰਨਰੀ ਕਿਹੜੀ ਮਾੜੀ ਹੁੰਦੀ ਹੈ !
ਦੋਸਤੋ ! ਹੁਣ ਦੇਖਣਾ ਇਹ
ਹੈ ਕਿ ਕਦ ਬਣਦੀਆਂ ਹਨ ਅਨੁਕੂਲ ਪਰਸਥਿਤੀਆਂ ਤੇ ਰਾਜਨੀਤਕ ਮਜਬੂਰੀਆਂ ! ਕੌਣ ਬਣਦਾ
ਹੈ! ਬਣਾਉਣਾ ਪੈਂਦਾ ਹੈ ! ਦੇਸ਼ ਦਾ ਪਹਿਲਾ ਦਲਿਤ ਪ੍ਰਧਾਨ ਮੰਤਰੀ ! ਭਾਵੇ ਝੁੰਗੇ
ਚ ਹੀ ਸਹੀ ! ਕਿਉਂ ਮੈਂ ਕੋਈ ਝੂਠ ਬੋਲਿਐ ?
|