WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਭਾਰਤੀ ਤੇ ਪਾਕਿਸਤਾਨੀ ਪੰਜਾਬ ਦਾ ਮੇਲ ਹੋਇਆ ਪਟਿਆਲਾ ਵਿਚ
- ਜਗਜੀਤ ਸਿੰਘ ਆਨੰਦ

ਕੌਮਾਂਤਰੀ ਕਾਨਫਰੰਸਾਂ ਬਹੁਤ ਵੇਖੀਆਂ ਹੰਢਾਈਆ ਹਨ ਆਪਣੇ ਦੇਸ਼ ਵਿਚ ਵੀ ਤੇ ਦੂਜੇ ਦੇਸ਼ਾਂ ਵਿਚ ਵੀ ਪਰ ਜਿਹੋ ਜਿਹਾ ਦਸੰਬਰ ਦੇ ਪਹਿਲੇ ਤਿੰਨਾਂ ਦਿਨਾਂ ਵਾਲਾ ਪਟਿਆਲੇ ਵਿਚ ਰਚਾਇਆ ਗਿਆ ਵਿਸ਼ਵ ਪੰਜਾਬੀ ਸੰਮੇਲਨ ਹੋ ਨਿਬੜਿਆ, ਦੂਜਾ ਕੋਈ ਨਹੀਂ ਸੀ। ਇਹ ਸਾਹਿਤ ਦਾ ਮੇਲਾ ਵੀ ਸੀ, ਸਬਿਆਚਾਰ ਦਾ ਵੀ ਤੇ ਸਭ ਤੋਂ ਵਧ ਦਿਲਾਂ ਦਾ ਮੇਲਾ ਸੀ।

1947 ਦੀ ਵੰਡ ਦਾ ਦੁਖਾਂਤ ਸੰਸਾਰ ਦੇ ਇਤਿਹਾਸ ਦੇ ਮਹਾਂ ਦੁਖਾਂਤਾਂ ਵਿਚੋਂ ਹੈ। ਵੱਡੇ ਪੈਮਾਨੇ ਤੇ ਪ੍ਰਚੰਡ ਹੋਇਆਂ ਫਿਰਕੂ ਝਲੌਲ ਸਭ ਹੱਦਾਂ ਬੰਨੇ ਟੱਪ ਗਿਆ ਸੀ। ਕੋਈ 11 ਲੱਖ ਪੰਜਾਬੀ ਦੋਹੀਂ ਪਾਸੀਂ ਅਣਿਆਈ ਮੌਤ ਮਾਰੇ ਗਏ। ਓਧਰੋਂ ਏਧਰ ਤੇ ਏਧਰੋਂ ਓਧਰ ਬਚ ਕੇ ਆਏ ਪਨਾਹਗੀਰਾਂ/ਸ਼ਰਨਾਰਥੀਆ ਨੂੰ ਬਰਛਿਆ, ਭਾਲਿਆਂ ਤਲਵਾਰਾਂ ਤੇ ਅੱਗ ਤੇ ਭਾਂਬੜਾਂ ਤੋਂ ਬਚਾਉਣਵਿਚ ਪੁਲਸ/ਫੌਜ ਨੇ ਵੀ ਆਪਣਾ ਹਿੱਸਾ ਪਾਇਆਪਰ ਦਸਾਂ ਵਿਚੋਂ ਅੱਠਾਂ ਨੂੰ ਬਚਾਉਣ ਵਾਲੇ ਸਨ ਨੇੜਲੇ ਗੁਆਂਢੀ, ਜਿਨ੍ਹਾਂ ਨੇ ਆਪਣਾ ਸਭ ਕੁਝ ਦਾਅ ਤੇ ਲਾ ਦਿਤਾ, ਮੁਸੀਬਤ ਦੇ ਮਾਰਿਆਂ ਨੂੰ ਬਚਾਉਣ ਲੰਘਾਉਣ ਵਿਚ। ਜਿਸ ਕਿਸੇ ਨੇ ਵੀ ਕਾਫਲਿਆਂ ਵਿਚਲੇ ਦਰਦ ਵਿੰਨ੍ਹੇ ਲੋਕਾਂ ਨੂੰ ਕੋਲੋਂ ਹੋ ਕੇ ਸੁਣਿਆ, ਉਹ ਇਸੇ ਗੱਲ ਦੀ ਗਵਾਹੀ ਦੇਵੇਗਾ ਕਿ ਇਹ ਪੰਜਾਬੀਆਂ ਦੀ ਨਾੜੂਏ ਵਾਲੀ ਸਾਂਝ ਹੀ ਸੀ, ਜਿਹੜੀ ਅਤੀ ਵਿਹੁਲੇ ਮਾਹੌਲ ਵਿਚ ਵੀ ਕਾਇਮ ਰਹੀ।

ਉਸ ਪਾਰ ਦੇ ਸਧਾਰਨ ਲੋਕਾਂ ਨਾਲ ਇਸ ਪਾਰੋਂ ਗਏ ਜਿਨ੍ਹਾਂ ਨੂੰ ਵੀ ਨੇੜਤਾ ਹਾਸਲ ਹੋਈ ਉਹ ਇਹੋ ਅਹਿਸਾਸ ਲੈ ਕੇ ਆਏ ਕਿ ਇਕ ਦੂਜੇ ਦੇ ਦੀਦ ਲਈ ਰਸ ਗਏ ਸਨ ਦੋਵਾਂ ਪਾਸਿਆਂ ਵਾਲੇ ਤੇ ਉਨ੍ਹਾਂ ਨੇ ਦਿਲੀ ਮੁਹੱਬਤਾਂ ਦਾ ਹਰ ਵਸੀਲਾ ਵਰਤ ਕੇ ਆਪਣੀਆਂ ਅੰਦਰੂਨੀ ਭਾਵਨਾਵਾਂ ਪ੍ਰਗਟਾਈਆਂ। ਫਿਰ ਵੀ ਸਾਨੂੰ ਪੂਰੇ 57 ਸਾਲ ਕੋਲ ਬਹਿ ਕੇ ਗਲੋਲੜੀਆਂ ਕਰਨ ਦਾ ਮੌਕਾ ਨਹੀਂ ਸੀ ਮਿਲਿਆ ਅਤੇ ਇਹ ਸਾਡੀ ਝੋਲੀ ਪਿਆ ਕਾਨਫਰੰਸ ਮੌਕੇ ਪਟਿਆਲੇ ਪੁਜਣ ਨਾਲ।

ਲਾਹੌਰ ਸਾਡਾ ਚੇਤੰਨ ਸਿਆਸੀ ਸੋਝੀ ਦਾ ਪਹਿਲਾ ਮੁਕਾਮ ਵੀ ਸੀ, ਸਾਡੀਆਂ ਉਨ੍ਹਾਂ ਮੁਹਬਤਾਂ ਦਾ ਵੀ, ਜਿਨ੍ਹਾਂ ਦੇ ਜਿੰਦਾਂ ਸਦਾ ਲਈ ਮੇਲ ਦਿਤੀਆਂ ਅਤੇ ਫਿਰੰਗੀ ਰਾਜ ਵਿਰੁਧ ਉਨ੍ਹਾਂ ਸੰਘਰਸ਼ਾਂ ਦਾ ਵੀ, ਜਿਨ੍ਹਾਂ ਨੇ ਪੰਜਾਬ ਵਿਚ ਉਸ ਸ਼ਾਨਾਂ ਮੱਤੀ ਵਿਦਿਆਰਥੀ ਲਹਿਰ ਨੂੰ ਜਨਮ ਦਿਤਾ, ਜਿਸ ਦਾ ਦੂਜਾ ਕੋਈ ਸਾਨੀਂ ਨਹੀਂ ਸੀ। ਚੋਖਾ ਸਮਾਂ ਵਿਹਾਅ ਕੇ ਸਾਡੇ ਨਾਲ ਇਕੋ ਮੇਜ਼ ਤੇ ਬੈਠ ਕੇ ਪਰਚਾ ਜੰਗੇ ਅਜ਼ਾਦੀ ਤਿਆਰ ਕਰਦੇ ਰਹੇ ਅਬਦੁੱਲਾ ਮਲਿਕ ਦੇ ਵੀ ਤੇ ਓਧਰਲੇ ਕਮਿਊਨਿਸਟਾਂ ਵਿਰੁਧਪਹਿਲੇ ਸਿਆਸੀ ਕੇਸ ਰਾਵਲਪਿੰਡੀ ਸਾਜਿਸ਼ ਕੇਸ ਵਾਲੇ ਸ਼ੌਕਤ ਅਲੀ ਦੇ ਵੀ ਦਰਸ਼ਨ ਤਾਂ ਕੋਈ 50 ਸਾਲ ਲੰਘਾ ਕੇ ਜ਼ਰੂਰ ਨਸੀਬ ਹੋਏ ਪਰ ਏਦਰਲੇ ਪੰਜਾਬ ਵਿਚ ਹੀ। ਉਹ ਦੋਵੇਂ ਵੀ ਹਯਾਤੀ ਦੀਆਂ ਹੱਦਾਂ ਪਾਰ ਕਰ ਗਏ ਸਨ ਤੇ ਸਾਡੇ ਪੁਰਾਣੇ ਪੰਧ ਸਾਥੀ ਮਿਰਜ਼ਾ ਇਬਰਾਹੀਮ ਤੇ ਗੁਲਾਮ ਨਬੀ ਭੂੱਲਰ ਵੀ, ਜਿਸ ਕਾਰਨ ਉਨ੍ਹਾਂ ਦੇ ਘਰ ਪਰਿਵਾਰ ਦੇ ਜੀਆਂ ਨੂੰ ਮਿਲਣ ਦੀ ਲਾਲਸਾ ਹੋਰ ਉਤੇਜਿਤ ਹੋ ਚੁਕੀ ਸੀ।

ਸੱਧਰਾਂ ਪੂਰੀਆਂ ਹੋਈਆਂ

ਪਟਿਆਲੇ ਵਾਲੀ ਇਸ ਕਾਨਫਰੰਸ ਨੇ ਇਕੋ ਵੇਲੇ ਕੋਈ ਪੌਣਾਂ ਕੁ ਸੌ ਪਾਰੋਂ ਆਏ ਪੰਜਾਬੀਅਤ ਦੇ ਆਸਕਾਂ ਨਾਲ ਮਿਲ ਬਹਿਣ ਦੀ ਸੱਧਰ ਵੀ ਪੂਰੀ ਕੀਤੀ ਤੇ ਉਸ ਪਾਰ ਜਾ ਸਕਣ ਦੀ ਸੰਭਾਵਨਾਵਾਂ ਵੀ ਰੁਸ਼ਨਾਈਆਂ। ਇਹ ਕੁਝ ਤਾਂ ਸਾਡੇ ਆਪਣੇ ਪੱਲੇ ਪਿਆ ਪਰ ਇਸ ਤੋਂ ਕਈ ਕੁਝ ਹੋਰ ਦੋਹਾਂ ਪੰਜਾਬਾਂ ਦੇ ਉਨ੍ਹਾਂ ਕਲਮਕਾਰਾਂ ਦੇ ਹਿੱਸੇ ਆਇਆ, ਜਿਨ੍ਹਾਂ ਦੀ ਗਿਣਤੀ ਘੱਟੋ ਘੱਟ 700 ਹੋਵੇਗੀ, ਜਿਹੜੇ ਖੁੱਲ੍ਹ ਕੇ ਇਕ ਦੂਜੇ ਨਾਲ ਵਿਚਾਰਾਂ ਦਾ ਵਟਾਂਦਰਾ ਵੀ ਕਰ ਸਕੇ ਤੇ ਆਪਸੀ ਭਰੱਪਣ ਦਾ ਨਿੱਘ ਵੀ ਮਾਣ ਸਕੇ।

ਪ੍ਰਬੰਧ ਇਸ ਕਾਨਫਰੰਸ ਦੇ ਹਰ ਪਖੋਂ ਵਧੀਆ ਸਨ, ਪਖ ਹੋਵੇ ਰਿਹਾਇਸ਼ ਦਾ, ਖਾਣ ਪੀਣ ਦਾ, ਆਪੋ ਆਪਣੀ ਰੁਚੀ ਅਨੁਸਾਰ ਵਿਚਾਰ ਗੋਸ਼ਟੀਆਂ ਵਿਚ ਸ਼ਿਰਕਤ ਕਰਨ ਦਾ ਜਾਂ ਫਿਰ ਟੋਲੀਆਂ ਬੰਨ੍ਹ ਕੇ ਤੇ ਕੜੰਘੜੀਆ ਪਾ ਕੇ ਸੱਜ ਵਿਆਹੀ ਮੁਟਿਆਰ ਵਾਂਗ ਤਿਆਰ ਕੀਤੇ ਗਏ ਪਟਿਆਲੇ ਸਹਿਰ ਦੀਆਂ ਸੜਕਾਂ ਬਸਤੀਆਂ ਵਿਚ ਘੁੰਮਣ ਫਿਰਨ ਦਾ। ਸਭਿਆਚਾਰਕ ਰਾਤਾਂ ਵੀ ਸਿਰੇ ਦੀਆਂ ਰੰਗੀਨ ਸਨ ਤੇ ਸਭਨਾਂ ਕਲਾਕਾਰਾਂ ਨੇ ਵੀ ਪੂਰਾ ਤਾਣਾ ਲਾਇਆ ਕਿ ਆਪਣੀਆਂ ਪ੍ਰਾਪਤੀਆਂ ਦੇ ਸਿਖਰ ਦਾ ਪ੍ਰਦਰਸ਼ਨ ਕਰ ਸਕਣ। ਇਹ ਪ੍ਰਭਾਵ ਕਾਨਫਰੰਸ ਬਾਰੇ ਸਾਡੇ ਵਰਗੇ ਸਹਿਜੇ ਹੀ ਪ੍ਰਭਾਵਤ ਹੋ ਜਾਣ ਵਾਲਿਆਂ ਦਾ ਵੀ ਸੀ ਤੇ ਸਿਰੇ ਦੇ ਸਿਨਕਾਂ ਦਾ ਵੀ, ਜਿਹੜੇ ਸਹਿਜੇ ਕੀਤੇ ਪਸੀਜਦੇ ਨਹੀਂ ਆਪਣੇ ਖੁਣਸਾਂ ਕੱਢਣ ਵਾਲੇ ਸੁਭਾਅ ਕਾਰਨ।

ਮਸਲਾ ਬੋਲੀ ਦਾ

ਸਾਡੀ ਬੋਲੀ ਨਾਲ ਜੁੜੇ ਇਸ ਮਸਲੇ ਨੂੰ ਵੀ ਖੁਬ ਹੰਗਾਲਿਆ ਗਿਆ ਕਿ ਸ਼ਬਦਾਵਲੀ ਆਪਣੀ ਵਡਿੱਤਣ ਦਾ ਵਿਖਾਲਾ ਕਰਨ ਵਾਲੀ ਲੋਕਾਂ ਦੀ ਸਮਝ ਤੋਂ ਉਪਰ ਦੀ ਹੋਵੇ ਜਾਂ ਫਿਰ ਐਨੀ ਸਰਲ ਤੇ ਸਹਿਜ ਭਾਵੀ ਕੀ ਹਾਰੀ ਸਾਰੀ ਦੇ ਪੱਲੇ ਪੈ ਜਾਵੇ। ਨਿਬੇੜਾ ਇਸ ਮਸਲੇ ਦਾ ਇਸ ਅਹਿਸਾਸ ਦੀ ਪੂਰੀ ਪਛਾਣ ਨਾਲ ਹੀ ਹੋਇਆ ਕਿ ਸਾਡੀ ਮਾਂ ਬੋਲੀ ਦਾ ਵਿਰਸਾ ਵੀ ਏਨਾ ਅਮੀਰ ਹੈ ਤੇ ਸ਼ਬਦ ਭੰਡਾਰ ਵੀ ਕਿ ਅਜੋਕੇ ਯੁੱਗ ਦੀ ਹਰ ਖੇਤਰ ਦੀ ਸਮੱਸਿਆਵਾਂ ਨਾਲ ਸਭ ਦੇ ਪੱਲੇ ਪੈਣ ਵਾਲੀ ਬੋਲੀ ਰਾਹੀਂ ਨਜਿੱਠਿਆ ਜਾ ਸਕਦਾ ਹੈ।

ਸਭ ਤੋਂ ਵੱਡਾ ਅਹਿਸਾਸ ਹਰ ਕਿਸੇ ਨੂੰ ਇਸ ਗੱਲ ਦਾ ਹੋਇਆ ਕਿ ਨਾ ਵੰਡ ਦੀ ਹੱਦਾ, ਨਾ ਜੰਗੀ ਮੋਰਚਿਆਂ ਦੀ ਲੜਾਈਆਂ, ਤੇ ਨਾ ਹੀ ਮੁਲਾਣਿਆਂ, ਪੰਡਤਾ, ਭਾਈਆਂ ਦਾ ਸੌੜਾ ਸਾੜਵਾਂ ਪ੍ਰਚਾਰ ਦੀ ਸਾਡੇ ਲੋਕਾਂ ਨੂੰ ਗੁੰਮਰਾਹ ਕਰ ਸਕਿਆ ਹੈ ਤੇ ਉਨ੍ਹਾਂ ਵਿਚਲੀ ਪੱਕੀ ਪੀਡੀ ਸਾਂਝ ਦੀ ਤੰਦਾਂ ਤੋੜ ਸਕਿਆ ਹੈ। ਸਾਡੇ ਭੰਗਵੇ, ਸਾਡੇ ਗਿੱਧੇ, ਸਾਡੇ ਝੁਮਰ, ਸਾਡਾ ਬੁੱਲ੍ਹਾ, ਸਾਡਾ ਹੁਸੈਨ, ਸਾਡਾ ਵਾਰਿਸ ਅੱਜ ਵੀ ਦੋਵਾਂ ਪੰਜਾਬਾਂ ਵਿਚ ਇਕੋ ਜਿਹੀਆਂ ਧੂਹਾਂ ਪਾਉਂਦੇ ਹਨ ਤੇ ਸਾਡੇ ਸ਼ਾਹ ਮੁਹੰਮਦ ਤੇ ਕਾਦਰਯਾਰ ਵੀ। ਉਨ੍ਹਾਂ ਦੇ ਵਾਰਿਸ਼ ਅੱਜ ਵੀ ਜਿਉਂਦੇ ਨੇ। ਉਸ ਦੀ ਜਿਊਂਦੀ ਜਾਗਦੀ ਮਿਸਾਲ ਪੇਸ਼ ਹੋਈ, ਜਦੋਂ ਮਿਥੇ ਪ੍ਰੋਗਰਾਮਾਂ ਤੋਂ ਵੱਖਰੀ ਮਜਲਿਸ ਸਜੀ ਪੰਜਾਬੀ ਯੂਨਿਵਰਸਿਟੀ ਦੇ ਹਰਿਆਵਲੇ ਘਾਹ ਤੇ ਆਪ ਮੁਹਾਰੇ ਜੁੜੇ ਲੋਕਾਂ ਦੀ, ਜਿਸ ਵਿਚ ਸਾਹੀਵਾਲ ਦਾ ਬਾਬਾ ਖੁਸ਼ੀ ਮੁਹੰਦਮ ਨਿਸਾਰ ਸਾਰਾ ਮੇਲਾ ਲੁੱਟ ਕੇ ਲੈ ਗਿਆ।

ਸਿਆਸੀ ਪੱਧਰ ਤੇ ਵੀ ਸਾਡੇ ਇਹ ਮੇਲੇ ਅੰਤ ਨੂੰ ਦੂਰ ਰਸ ਪ੍ਰਭਾਵ ਪਾਉਣਗੇ ਤੇ ਦੋਵਾਂ ਪੰਜਾਬਾਂ ਦੇ ਮੁਖ ਮੰਤਰੀਆਂ ਦੀਆਂ ਹੱਥ ਘੁਟਵੀਆਂ ਤੇ ਮੁਹੱਬਤ ਭਰੇ ਬੋਲਾਂ ਨੇ ਜਿਹੜਾ ਮੁੱਢ ਬੰਨ੍ਹਿਆ ਹੈ, ਨੇੜਲੇ ਭਵਿੱਖ ਵਿਚ ਉਹ ਵੀ ਆਪਣਾ ਰੰਗ ਵਿਖਾਵੇਗਾ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com