ਅੱਜ ਦਾ ਪੰਜਾਬ ਦਿਵਸ ਹੈ। ਮਾਂ ਬੋਲੀ ਦਾ ਦਿਹਾੜਾ ਹੈ। ਪਰ ਕੀ ਸੱਚਮੁੱਚ ਹੀ ਮਾਂ
ਬੋਲੀ ਦਾ ਦਿਹਾੜਾ ਹੈ? ਬੜੇ ਲੰਮੇ ਸੰਘਰਸ਼ ਪਿਛੋਂ ਪੰਜਾਬੀਆਂ ਨੇ ਆਪਣੀ ਮਾਂ ਬੋਲੀ
ਲਈ ਇਹ ਦਿਨ ਲਿਆਂਦਾ ਸੀ? ਪਰ ਕੀ ਉਸ ਸੰਘਰਸ਼ ਦੀ ਯਾਦ ਸਾਡੇ ਚੇਤਿਆਂ ਵਿਚ ਹੈ?
ਪੰਜਾਬ ਵਿਚ ਹੁਣ ਬਹੁਤ ਥੋੜ੍ਹੇ ਲੋਕ ਰਹਿ ਗਏ ਹਨ, ਜਿਨ੍ਹਾਂ ਨੂੰ ਬੋਲੀ ਦੀ
ਅਹਿਮੀਅਤ, ਜ਼ਿੰਮੇਵਾਰੀ ਦੇ ਖੇਤਰਾਂ ਵਿਚ ਇਸਦੇ ਰੋਲ, ਪ੍ਰਭਾਵ ਤੇ ਤਾਕਤ ਦਾ
ਅਹਿਸਾਸ ਹੋਵੇਗਾ ਤੇ ਇਹ ਥੋੜ੍ਹੇ ਲੋਕ ਵੀ ਏਨੇ ਤਾਕਤਵਰ ਨਹੀਂ ਕਿ ਸਾਰੀ ਬੇਵਫਾ
ਹਾਲਤ ਨੂੰ ਮਾਂ ਬੋਲੀ ਦੇ ਹੱਕ ਵਿਚ ਬਦਲ ਕੇ ਰਖ ਦੇਣ। ਹਾਂ, ਲੇਖਕ ਕਦੇ ਕਦੇ ਸਾਲ
ਛਿਮਾਹੀ ਚੰਡੀਗੜ੍ਹ ਵਿਚ ਇਕੱਟੇ ਹੋ ਕੇ ਹੰਭਲਾ ਮਾਰਦੇ ਹਨ, ਪਰ ਆਉਂਦੇ ਹਨ ਤੇ ਮੁੜ
ਜਾਂਦੇ ਹਨ। ਪ੍ਰੋਫੈਸਰ ਪ੍ਰੀਤਮ ਸਿੰਘ, ਜਿਨ੍ਹਾਂ ਨੂੰ ਪੰਜਾਬੀ ਬੋਲੀ ਨਾਲ ਹੋ ਰਹੇ
ਧੱਕੇ ਦੀ ਰੂਹ ਤਕ ਸਮਝ ਹੈ, ਉਹ ਵੀ ਕਈ ਕਿਸ਼ਤਾਂ ਵਿਚ ਲੇਖ ਲਿਖ ਚੁੱਕੇ ਹਨ, ਪਰ
ਅਸਲ ਵਿਚ ਕੁਝ ਵੀ ਨਹੀਂ ਹੁੰਦਾ, ਸਗੋਂ ਜਿੰਨਾ ਰੌਲਾ ਪਾਓ, ਉਸ ਦੇ ਉਲਟ ਹੋਈ
ਜਾਂਦਾ ਹੈ। ਜੇ ਤੁਸੀਂ ਪੰਜਾਬੀ ਲਈ ਜਿੰਨੀ ਉਚੀ ਅਵਾਜ਼ ਬੁਲੰਦ ਕਰੋਗੇ, ਓਨੀ ਹੀ
ਮਾੜੀ ਹਾਲਤ ਪੰਜਾਬੀ ਭਾਸ਼ਾ ਦੀ ਹੁੰਦੀ ਜਾਵੇਗੀ।
ਕੀ
ਕਾਰਨ ਹੈ ਕਿ ਸੁਹਿਰਦ ਯਤਨਾਂ ਦਾ ਕੋਈ ਵੀ ਤੀਰ ਨਿਸ਼ਾਨੇ ਉਤੇ ਨਹੀਂ ਲਗਦਾ? ਕੀ
ਕਾਰਨ ਹੈ ਕਿ ਕੋਈ ਵੀ ਅਵਾਜ਼ ਮੁਖ ਮੰਤਰੀ ਦੇ ਸਕਤਰੇਤ ਤਕ ਨਹੀਂ ਪਹੁੰਚਦੀ? ਸਹੀ
ਹੈ ਕਿ ਪੰਜਾਬ ਵਿਚ ਇਕ ਸਮਾਂਸੀ ਜਦੋਂ ਬੋਲੀ ਨੂੰ ਫਿਰਕੂ ਰੰਗਤ ਦੇ ਕੇ ਇਸ ਦੀ
ਤਰੱਕੀ ਰੋਕ ਦਿੱਤੀ ਜਾਂਦੀ ਸੀ ਜਾਂ ਪੰਜਾਬੀ ਲਈ ਕੋਈ ਵੀ ਅਵਾਜ਼ ਉਠਾਉਣ ਸਮੇਂ
ਸਿਆਸਤਦਾਨਾਂ ਨੇ ਖੁੱਸ ਰਹੀਆਂ ਵੋਟਾਂ ਦਾ ਧਿਆਨ ਰਖਣਾ ਹੁੰਦਾ ਸੀ, ਪਰ ਹੁਣ ਤਾਂ
ਅਜਿਹੀ ਗੱਲ ਹੀ ਨਹੀਂ। ਕੀ ਕਾਂਗਰਸੀ, ਕੀ ਅਕਾਲੀ, ਕੀ ਕਮਿਊਨਿਸਟ ਤੇ ਕੀ ਭਾਜਪਾ,
ਸਾਰੇ ਦੇ ਸਾਰੇ ਪੰਜਾਬੀ ਦੇ ਹੱਕ ਵਿਚ ਹਨ, ਪਰ ਫਿਰ ਗੱਡਾ ਕਿਥੇ ਫਸ ਗਿਆ ਹੈ?
ਕੁੱਝ ਸਿਆਣਿਆਂ ਦਾ ਕਹਿਣਾ ਹੈ ਕਿ ਹਾਲਤ ਹੁਣ ਉਲਟੀ ਬਣੀ ਹੋਈ ਹੈ। ਸਾਰੇ
ਸਿਆਸਤਦਾਨ ਹੀ ਇਕਮੁਠ ਹੋ ਕੇ ਪੰਜਾਬੀ ਦੇ ਵਿਰੁਧ ਹੋ ਗਏ ਹਨ। ਉਹ ਆਪਣੇ ਹੱਕ ਵਿਚ
ਇਹ ਦਲੀਲ ਦਿੰਦੇ ਹਨ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਪੰਜ ਵਰ੍ਹਿਆਂ ਦੀ ਹਕੂਮਤ
ਵਿਚ ਪੰਜਾਬੀ ਦੀ ਤਰੱਕੀ ਪਿਛਾਂਹ ਵਲ ਕਰ ਦਿਤੀ। ਇਕ ਅਕਾਲੀ ਮੰਤਰੀ ਨੇ ਤਾਂ
ਅੰਗਰੇਜ਼ੀ ਪ੍ਰਾਇਮਰੀ ਪੱਧਰ ਤੇ ਲਾਗੂ ਕਰਨ ਲਈ ਦਿਨ ਰਾਤ ਇਕ ਕਰ ਦਿਤਾ, ਪਰ ਨਾ
ਅੰਗਰੇਜ਼ੀ ਹੀ ਪੂਰੀ ਤਰ੍ਹਾਂ ਲਾਗੂ ਹੋਈ ਤੇ ਪੰਜਾਬੀ ਦਾ ਵੀ ਭੱਠਾ ਹੋਰ ਬਹਿ ਗਿਆ।
ਬਾਦਲ ਸਾਹਿਬ ਨੇ ਤਾਂ ਖੂਦ ਆਪਣੇ ਰਾਜ ਸਮੇਂ ਚੰਡੀਗੜ੍ਹ ਵਿਚ ਇਕ ਸੈਮੀਨਾਰ ਦੀ
ਪ੍ਰਧਾਨਗੀ ਕਰਦਿਆ ਅਗਿਆਨਤਾ ਭਰੀ ਮਾਸੂਮੀਅਤ ਵਿਚ ਕਹਿ ਹੀ ਛੱਡਿਆ ਸੀ ਕਿ ਉਨ੍ਹਾਂ
ਕਦੇ ਕੋਈ ਕਿਤਾਬ ਪੜੀ ਨਹੀਂ। ਵਰਤਮਾਨ ਮੁਖ ਮੰਤਰੀ ਬਾਰੇ ਵੀ ਪੱਤਰਕਾਰਾਂ ਦੀ
ਮਹਿਫਲ ਵਿਚ ਅਕਸਰ ਇਹ ਸੁਣਦੇ ਹਾਂ ਕਿ ਉਹ ਪੰਜਾਬੀ ਦਾ ਅਖਬਾਰ ਹੀ ਨਹੀਂ ਪੜ੍ਹਦੇ,
ਪਰ ਅੰਗਰੇਜ਼ੀ ਦੇ ਅਖਬਾਰ ਜ਼ਰੂਰ ਪੜਦੇ ਹਨ। ਦੋ ਮੁਖ ਮੰਤਰੀਆਂ ਦੀ ਹਾਲਤ ਜੇ ਇਹ
ਹੈ ਤਾਂ ਇਹ ਕਹਿਣਾ ਪਵੇਗਾ ਕਿ ਵਾੜ ਖੇਤ ਦੀ ਰਾਖੀ ਨਹੀਂ ਕਰ ਰਹੀ।
ਬਾਹਰਲੇ ਦੇਸ਼ਾਂ ਵਿਚੋਂ ਇਕ ਦੇਸ਼ ਰੂਸ ਦੀ ਗੱਲ ਕਰੀਏ। 1917 ਦੇ ਇਨਕਲਾਬ ਪਿਛੋਂ
ਲੈਨਿਨ ਨੇ ਜਿਨ੍ਹਾਂ ਰਿਪਲਿਕਾਂ ਨੂੰ ਆਪਣੇ ਨਾਲ ਮਿਲਾਇਆ, ਉਨ੍ਹਾਂ ਦੀ ਬੋਲੀ,
ਉਨ੍ਹਾਂ ਦਾ ਕਲਚਰ ਸਾਂਭਣ ਦੇ ਇਕਰਾਰ ਕੀਤੇ ਤੇ ਇਹ ਕੌਲ ਨਿਭਾਏ। ਹੋਰ ਤਾਂ ਹੋਰ
ਰੁਲਦੀਆਂ ਖੁਲਦੀਆਂ, ਮਰ ਖੱਪ ਰਹੀਆਂ ਬੋਲੀਆਂ ਦੀਆਂ ਲਿਪੀਆਂ ਖੋਜ ਧਰੀਆਂ। ਰਸੂਲ
ਹਮਜ਼ਾਤੋਵ ਦੀ ਅਵਾਰ ਬੋਲੀ ਬੋਲਣ ਵਾਲੇ ਕੁਝ ਹਜ਼ਾਰ ਹੀ ਰਹਿ ਗਏ ਸਨ। ਉਸ ਬੋਲੀ
ਕੋਲ ਆਪਣੀ ਲਿੱਪੀ ਹੀ ਨਹੀਨ ਸੀ। ਲਿੱਪੀ ਬਣਾਈ ਗਈ। ਰਸੂਲ ਹਮਜ਼ਾਤੋਵ ਦੀ ਕਿਤਾਬ
ਮੇਰਾ ਦਾਗਿਸਤਾਨ ਕਿਸੇ ਬਦਨਸੀਬ ਨੇ ਹੀ ਨਹੀਂ ਪੜੀ ਹੋਵੇਗੀ। ਅਵਾਰ ਹੈ ਕਿ ਜਾ
ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ’।
ਦੂਜੇ ਸ਼ਬਦਾਂ ਵਿਚ ਤੈਨੂੰ ਆਪਣੀ ਮਾਂ ਭੁੱਲ ਜਾਵੇ, ਉਸ ਦੀਆਂ ਲੋਰੀਆਂ ਭੁਲ ਜਾਣ।
ਪਰ ਕੀ ਇਹ ਗਾਲ੍ਹ ਹੁਣ ਸਾਰੇ ਪੰਜਾਬੀਆਂ ਉਤੇ ਹੀ ਨਹੀਂ ਲਾਗੂ ਹੋ ਗਈ? ਅੰਗਰੇਜ਼ੀ
ਵਿਚ ਲਿਖਣ ਦਾ ਸ਼ੌਕ ਪਾਲਣ ਵਾਲਾ ਬਲਵੰਤ ਗਾਰਗੀ ਜਦੋਂ ਬੜੇ ਮਾਣ ਵਿਚ ਆਪਣੀਆਂ
ਲਿਖਤਾਂ ਟੈਗੋਰ ਕੋਲ ਲੈ ਗਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਵਾਪਸ ਕਰ ਦਿਤੀਆਂ ਕਿ
ਜਾ, ਇਨ੍ਹਾਂ ਨੂੰ ਆਪਣੀ ਮਾਂ ਬੋਲੀ ਵਿਚ ਲਿਖ ਕੇ ਲਿਆ।
ਅਜ ਪੰਜਾਬ ਦਿਵਸ ਤਾਂ ਹੈ,
ਪਰ ਪੰਜਾਬੀ ਦੀ ਤਰੱਕੀ ਦੀ ਗੱਲ, ਇਸ ਉਤੇ ਮਾਣ ਕਰਨ ਦੀ ਗੱਲ, ਇਸ ਦੀ ਨਵੀਂ ਨਕੋਰ
ਖੋਜ ਵਾਲੀ ਗੱਲ ਨਾ ਕਿਸੇ ਦੇ ਦਿਲ ਵਿਚ ਹੈ ਤੇ ਨਾ ਹੀ ਦਿਮਾਗ ਵਿਚ। ਨਾ ਕਿਸੇ ਨੂੰ
ਵਾਰਿਸ ਦੀ ਯਾਦ ਹੈ, ਨਾ ਅਜ ਕਲ੍ਹ ਦੇ ਗੱਭਰੂਆਂ ਨੂੰ ਬੁੱਲ੍ਹੇ ਸ਼ਾਹ ਦਾ ਪਤਾ ਹੈ।
ਹੁਸੈਨ, ਚਾਤ੍ਰਿਕ, ਗੁਰਬਖਸ਼ ਸਿੰਘ ਪ੍ਰੀਤਲੜੀ, ਸ਼ਿਵ, ਪ੍ਰੋ ਪੂਰਨ ਸਿੰਘ ਤੇ
ਉਨ੍ਹਾਂ ਦੇ ਸੰਗੀ ਸਾਥੀ ਛੇਤੀ ਹੀ ਭੁਲੀ ਵਿਸਰੀ ਯਾਦ ਵੀ ਨਹੀਂ ਰਹਿਣਗੇ। ਪੰਜਾਬ
ਦਿਵਸ ਅਸਲ ਵਿਚ ਪੰਜਾਬੀ ਨੂੰ ਭੁਲ ਜਾਣ ਦਾ ਦਿਵਸ ਹੈ। |