WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਸੁਨਹਿਰੀ ਇਤਿਹਾਸ ਦਾ ਪ੍ਰਤੀਕ ਹੈ : ਸਿੱਖਾਂ ਦੇ ਬਾਰਾਂ ਵੱਜੇ
ਡਾ. ਚਰਨਜੀਤ ਸਿੰਘ ਗੁਮਟਾਲਾ

ਡਾ. ਚਰਨਜੀਤ ਸਿੰਘ ਗੁਮਟਾਲਾ

ਹਾਲ ਹੀ ਵਿੱਚ ਹੋਈਆਂ ਚੋਣਾਂ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਧਰਮਪੁਰ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ “ਸਿੱਖਾਂ ਦੇ ਬਾਰਾਂ ਵੱਜੇ” ਦੇ ਅਖਾਣ ਨੂੰ ਜਿਵੇਂ ਘਟੀਆ ਲਹਿਜੇ ਵਿਚ ਪੇਸ਼ ਕੀਤਾ, ਉਸ ਦਾ ਸਿੱਖ ਹਲਕਿਆਂ ਵਿਚ (ਬਾਦਲ ਅਕਾਲੀ ਦਲ ਨੂੰ ਛੱਡ ਕੇ) ਸਖ਼ਤ ਵਿਰੋਧ ਹੋਇਆ ਹੈ ਤੇ ਸਿੱਖ ਜਥੇਬੰਦੀਆਂ ਨੇ ਮੋਦੀ ਨੂੰ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਕਈਆਂ ਨੇ ਇਨ੍ਹਾਂ ਟਿੱਪਣੀਆਂ ਲਈ ਮੋਦੀ ਦੇ ਵਿਰੁਧ ਮੁਕੱਦਮੇ ਦਾਇਰ ਕੀਤੇ ਹਨ।

ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ, ਜੋ ਗੌਰਵਮਈ ਵੀ ਹੈ ਤੇ ਵਿਲੱਖਣ ਵੀ।

ਸਿੱਖਾਂ ਦੇ ਬਾਰਾਂ ਵੱਜੇ ਵੀ ਇਸ ਸੁਨਹਿਰੀ ਇਤਿਹਾਸ ਦਾ ਇਕ ਗੌਰਵਮਈ ਅੰਗ ਹੈ। ਇਸ ਦੇ ਪਿਛੋਕੜ ਵਿਚ ਜਾਣ ਤੋਂ ਪਹਿਲਾਂ ਅਸੀਂ ਮੋਦੀ ਦੇ ਬਿਆਨ ਨੂੰ ਵੇਖਦੇ ਹਾਂ। ਰੈਲੀ ਵਿਚ ਮੋਦੀ ਨੇ ਕਿਹਾ, “ਮੈਂ ਹੁਣੇ ਜਿਹੇ ਵੱਖ ਵੱਖ ਪ੍ਰੋਜੈਕਟਾਂ ਦੀ ਮਨਜ਼ੂਰੀ ਸੰਬੰਧੀ ਪ੍ਰਧਾਨ ਮੰਤਰੀ ਨੂੰ ਮਿਲਿਆ, ਫਾਇਲਾਂ ਵੇਖਣ ਉਪਰੰਤ ਸਿੰਘ ਨੇ ਇਕ ਪ੍ਰੋਜੈਕਟ ਉਪਰ ਟਿਪਣੀ ਕਰਦੇ ਹੋਏ ਕਿਹਾ ਕਿ ਇਹ ਬਹੁਤ ਵਧੀਆ ਪ੍ਰੋਜੈਕਟ ਹੈ ਅਤੇ ਉਹ ਇਸ ਨੂੰ ਸਾਰੇ ਭਾਰਤ ਵਿਚ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਹਨ। ਮੈਂ ਇਹ ਸੁਣ ਕੇ ਹੈਰਾਨ ਹੋ ਗਿਆ। ਇਕ ਕਾਂਗਰਸੀ ਪ੍ਰਧਾਨ ਮੰਤਰੀ ਇਕ ਬੀ.ਜੇ.ਪੀ. ਦੇ ਮੁੱਖ ਮੰਤਰੀ ਦੀ ਕਿਵੇਂ ਪ੍ਰਸੰਸਾ ਕਰ ਸਕਦਾ ਹੈ? ਫਿਰ, ਮੈਂ ਮਹਿਸੂਸ ਕੀਤਾ ਕਿ ਜਰੂਰ ਅੱਧੀ ਰਾਤ ਹੋਵੇਗੀ। ਇਹ ਰਾਤ ਦੇ ਬਾਰਾਂ ਵੱਜੇ ਸਨ। ਮੈਨੂੰ ਸਮਝ ਆ ਗਈ ਕਿ ਉਹ ਕਿਉਂ ਮੇਰੀ ਪ੍ਰਸੰਸਾ ਕਰ ਰਿਹਾ ਸੀ”।

ਇਹ ਅਖਾਣ ਸਿੱਖਾਂ ਦੇ ਉਚ ਆਚਰਣ ਦਾ ਪ੍ਰਤੀਕ ਹੈ। ਪਰ ਇਸ ਨੂੰ ਮੋਦੀ ਨੇ ਮਜ਼ਾਕ ਨਾਲ ਲੈ ਕੇ ਸਿੱਖ ਕੌਮ ਦਾ ਨਿਰਾਦਰ ਕੀਤਾ ਹੈ। ਇਹ ਡਾ. ਮਨਮੋਹਨ ਸਿੰਘ ਦਾ ਵੱਡਾਪਣ ਹੈ ਕਿ ਉਹ ਇਕ ਵਿਰੋਧੀ ਧਿਰ ਦੇ ਚੰਗੇ ਪ੍ਰੋਜੈਕਟ ਨੂੰ ਸਾਰੇ ਭਾਰਤ ਵਿਚ ਲਾਗੂ ਕਰਨਾ ਚਾਹੁੰਦੇ ਹਨ। ਮੋਦੀ, ਜਿਸ ਦੇ ਰਾਜਕਾਲ ਵਿਚ ਜਿਵੇਂ ਫਿਰਕੂ ਦੰਗੇ ਹੋਏ, ਉਸ ਨੇ 1984 ਵਿਚ ਸਿੱਖ ਵਿਰੋਧੀ ਦੰਗਿਆਂ ਦੀ ਮੁੜ ਯਾਦ ਤਾਜ਼ਾ ਕਰਵਾ ਦਿੱਤੀ ਹੈ। ਗੋਦਰਾ ਰੇਲ ਕਾਂਡ ਪਿਛੇ ਕਿਵੇਂ ਉਥੇ ਮੁਸਲਮਾਨਾਂ ਨੂੰ ਜਲਾਇਆ ਗਿਆ, ਪੁਲਿਸ ਨੇ ਕਿਵੇਂ ਜਨੂੰਨੀ ਹਿੰਦੂਆਂ ਦਾ ਸਾਥ, ਉਸ ਨੇ ਦਿੱਲੀ ਤੇ ਹੋਰਨੀਂ ਥਾਈਂ 1984 ਵਿਚ ਸਿੱਖਾਂ ਦੇ ਕਤਲੇਆਮ ਦੀਆਂ ਦਿਲ ਹਿਲਾ ਦੇਣ ਵਾਲੀਆਂ ਕਹਾਣੀਆਂ ਦੀ ਯਾਦ ਮੁੜ ਤਾਜ਼ਾ ਕਰਵਾ ਦਿੱਤੀ। ਇਸ ਸਾਲ 7 ਅਗਸਤ ਨੂੰ ਸ਼ਿਕਾਗੋ (ਅਮਰੀਕਾ) ਦੇ ਗੁਰਦੁਆਰੇ ਵਿਚ ਇਕ ਮੁਸਲਮ ਲੜਕੀ ਬੀਬੀ ਨਸ਼ਰੀਨ ਜਿਸ ਦੇ ਪਿਤਾ ਸ੍ਰੀ ਜਾਫਰੀ ਜੋ ਕਿ ਸਾਬਕਾ ਐਮ.ਪੀ. ਸਨ ਦਾ ਇੰਨ੍ਹਾਂ ਦੰਗਿਆਂ ਦੌਰਾਨ ਉਸ ਨੂੰ ਕਿਵੇਂ ਕਤਲ ਕੀਤਾ ਗਿਆ ਦੀ ਕਹਾਣੀ ਗੁਰਦੁਆਰੇ ਸੁਣਾਈ। ਸੁਣ ਕੇ ਮੇਰੇ ਸਮੇਤ ਸਭ ਦੇ ਮਨ ਅੱਥਰੂਆਂ ਨਾਲ ਭਿੱਜ ਗਏ। ਅਫਸੋਸ ਦੀ ਗੱਲ ਹੈ ਕਿ ਉਸ ਨੂੰ ਸਜਾ ਦੇਣ ਦੀ ਥਾਂ ‘ਤੇ ਹੀਰੋ ਦੇ ਤੌਰ ‘ਤੇ ਪੇਸ਼ ਕੀਤਾ ਗਿਆ। ਗੁਜਰਾਤ ਚੋਣਾਂ ਵਿਚ ਹੋਈ ਜਿੱਤ ਨੂੰ ਵੇਖ ਕੇ ਐਨ.ਡੀ.ਏ. ਸਰਕਾਰ ਜਿਸ ਵਿਚ ਬਾਦਲ ਅਕਾਲੀ ਦਲ ਵੀ ਭਾਈਵਾਲ ਸੀ ਨੇ ਦੇਸ਼ ਵਿਚ ਸਮੇਂ ਨਾਲੋਂ ਪਹਿਲਾਂ ਚੋਣ ਕਰਾਉਣ ਦਾ ਫੈਸਲਾ ਕੀਤਾ। ਉਹ ਸਮਝਦੇ ਸਨ ਕਿ ਹਿੰਦੂ ਬਹੁ ਗਿਣਤੀ ਵਿਚ ਹੁਣ ਸਾਡੇ ਨਾਲ ਹੈ। ਪਰ ਭਾਰਤ ਦੀ ਖੁਸ਼ਕਿਸਮਤੀ ਹੈ ਕਿ ਇਥੋਂ ਦੀ ਜਨਤਾ ਅਜੇ ਵੀ ਸੂਝਵਾਨ ਹੈ ਤੇ ਉਸ ਨੇ ਹਿੰਦੂ ਕਟੜ ਪੰਥੀਆਂ ਦੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦਿੱਤਾ।

ਸਿੱਖ ਕੌਮ, ਜਿਸ ਨੇ ਮੁਗਲਾਂ ਅਤੇ ਅਫਗਾਨੀਆਂ ਦੀ ਹਕੂਮਤ ਖਤਮ ਕਰਕੇ, ਅਫਗਾਨਿਸਤਾਨ ਅਤੇ ਲਦਾਖ ਤੀਕ ਸਿੱਖ ਰਾਜ ਕਾਇਮ ਕੀਤਾ ਤੇ ਅੰਗਰੇਜ਼ੀ ਹਕੂਮਤ ਖਤਮ ਕਰਨ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਬਾਰੇ ਕੁਝ ਸੌੜੀ ਸੋਚਣੀ ਦੇ ਆਗੂ ਤੇ ਰਾਸ਼ਟਰੀ ਸੋਇਮ ਸੰਘ ਵਰਗੀਆਂ ਫਿਰਕੂ ਸੋਚਣੀ ਦੀ ਪਾਰਟੀ ਦੇ ਲੀਡਰ ਸਿੱਖਾਂ ਬਾਰੇ ਸਮੇਂ ਸਮੇਂ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਦੇ ਕੇ ਸਿੱਖੀ ਹਿਰਦਿਆਂ ਨੂੰ ਦੁੱਖੀ ਕਰਦੇ ਰਹਿੰਦੇ ਹਨ। ਆਰ.ਐਸ.ਐਸ. ਤਾਂ ਸਿੱਖਾਂ ਨੂੰ ਕੇਸਧਾਰੀ ਹਿੰਦੂ ਕਹਿੰਦੀ ਹੈ। ਇਹ ਲੀਡਰ ਭੁੱਲ ਗਏ ਹਨ ਕਿ ਜਦ ਦੁੱਧ ਨੂੰ ਜਾਗ ਲੱਗ ਜਾਂਦੀ ਹੈ ਤਾਂ ਉਹ ਦਹੀਂ ਬਣ ਜਾਂਦਾ ਹੈ ਤੇ ਉਸ ਦੇ ਗੁਣ ਬਿਲਕੁਲ ਬਦਲ ਜਾਂਦੇ ਹਨ ਤੇ ਉਹ ਮੁੜ ਦੁੱਧ ਨਹੀਂ ਬਣ ਸਕਦਾ। ਮੁਸਲਮਾਨ, ਈਸਾਈ, ਬੋਧੀ, ਜੈਨੀ ਆਦਿ ਵੱਡੇ ਵਡੇਰੇ ਪਹਿਲਾਂ ਕਿਸੇ ਹੋਰ ਧਰਮਾਂ ਨੂੰ ਮੰਨਦੇ ਸਨ। ਇਸ ਲਈ ਅਸੀਂ ਉਨ੍ਹਾਂ ਨੂੰ ਪੁਰਾਣੇ ਧਰਮਾਂ ਨਾਲ ਸੰਬੋਧਿਤ ਨਹੀਂ ਹੋ ਸਕਦੇ। ਏਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਦੇਸ਼ਵਾਸੀਆਂ ਨੂੰ ਅੰਮ੍ਰਿਤ ਪਾਣ ਕਰਵਾ ਕੇ ਉਨ੍ਹਾਂ ਅੰਦਰ ਨਵੀਂ ਰੂਹ ਫੂਕੀ ਤੇ ਹੁਣ ਉਨ੍ਹਾਂ ਨੂੰ ਕੇਸਧਾਰੀ ਹਿੰਦੂ ਕਹਿਣਾ ਸਿੱਖ ਕੌਮ ਦਾ ਨਿਰਾਦਰ ਹੈ।

ਅਫਸੋਸ ਦੀ ਗੱਲ ਹੈ ਕਿ ਮੀਡੀਆ ਵਿਚ ਵੀ ਕਈ ਜੁੰਮੇਵਾਰ ਵਿਅਕਤੀ ਸਿੱਖਾਂ ਨੂੰ ਬਦਨਾਮ ਕਰਨ ਲਈ ਕਈ ਲੇਖ ਲਿਖਦੇ ਰਹਿੰਦੇ ਹਨ। ਸ੍ਰੀ ਅਰੁਣ ਸ਼ੋਰੀ, ਜੋ ਪਿਛਲੀ ਐਨ.ਡੀ.ਏ. ਸਰਕਾਰ ਵਿਚ ਕੇਂਦਰੀ ਮੰਤਰੀ ਸਨ, ਨੇ ਇੰਡੀਅਨ ਐਕਸਪ੍ਰੈਸ ਦੇ 12, 13 ਤੇ 14 ਮਈ 1982 ਦੇ ਅੰਕਾਂ ਵਿਚ “ਪਾਲੈਟਿਕਸ ਆਫ ਪੈਂਡਰਿੰਗ” ਸਿਰਲੇਖ ਹੇਠ ਤਿੰਨ ਲੇਖ ਲਿਖੇ ਜਿੰਨ੍ਹਾਂ ਵਿਚ ਉਸ ਨੇ ਕਥਿਤ ਤੌਰ ਤੇ ਸਿੱਖ ਕੌਮ ਦੇ ਪਰਮ ਪਵਿੱਤਰ ਸਿਧਾਂਤਾਂ ਅਤੇ ਰਵਾਇਤਾਂ ਦਾ ਮੂੰਹ ਮੁਹਾਂਦਰਾ ਹੀ ਨਹੀਂ ਵਿਗਾੜਿਆ, ਸਗੋਂ ਉਨ੍ਹਾਂ ਦੀ ਖਿਲੀ ਉਡਾਉਣ ਦੀ ਅਤਿ ਨਿੰਦਾਜਨਕ ਕੋਸ਼ਿਸ਼ ਵੀ ਕੀਤੀ ਤਾਂ ਜੋ ਸਮੁੱਚੀ ਸਿੱਖ ਕੌਮ ਨੂੰ ਨਸ਼ਰ ਅਤੇ ਨਿਰ-ਉਤਸ਼ਾਹਤ ਕੀਤਾ ਜਾ ਸਕੇ। ਇਨ੍ਹਾਂ ਲੇਖਾਂ ਉਪਰ ਟਿਪਣੀਆਂ ਸਹਿਤ ਇਕ ਕਿਤਾਬਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ॥ਸਿੱਖ ਕੌਮ ਦਾ ਸ਼ਾਨਦਾਰ ਵਿਰਸਾ॥ ਪ੍ਰਕਾਸ਼ਿਤ ਕੀਤਾ। ਇਸ ਦੇ ਲੇਖਕ ਸ. ਦੇਵਿੰਦਰ ਸਿੰਘ ਦੁੱਗਲ ਅਨੁਸਾਰ, “ਇੰਨ੍ਹਾਂ ਲੇਖਾਂ ਦੁਆਰਾ ਉਸ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਕੌਮ ਹਮੇਸ਼ਾਂ ਤੋਂ ਹੀ ਦੇਸ਼ ਧਰੋਹੀ ਰਹੀ ਹੈ। ਇਸ ਨੇ ਪਹਿਲਾਂ 1857 ਵਿਚ ਹਿੰਦੁਸਤਾਨ ਦੀ ਕਥਿਤ ਆਜ਼ਾਦੀ ਦੀ ਪਹਿਲੀ ਜੰਗ ਵੇਲੇ ਅਤੇ ਫਿਰ ਉਸ ਤੋਂ ਬਾਅਦ ਅੰਗਰੇਜ਼ਾਂ ਵਿਰੁਧ ਸੰਘਰਸ਼ ਦੇ ਹਰ ਮਹੱਤਵਪੂਰਨ ਪੜਾਅ ਤੇ ਦੇਸ਼-ਵਾਸੀਆਂ ਨਾਲ ਧ੍ਰੋਹ ਕਮਾਇਆ। ਦੂਜਾ, ਇਸ ਕੌਮ ਦੇ ਆਗੂ ਹਮੇਸ਼ਾ ਬੇ-ਸਮਝ ਅਤੇ ਬੇ-ਮਕਸਦ ਹੀ ਰਹੇ ਹਨ, ਜਿਸ ਕਾਰਨ ਉਹ ਇਤਿਹਾਸ ਵਿਚ ਕਦੇ ਵੀ ਕੋਈ ਉਸਾਰੂ ਭੂਮਿਕਾ ਨਹੀਂ ਨਿਭਾ ਸਕੇ। ਤੀਜਾ, ਸਿੱਖ ਕੌਮ ਨਾਲ ਭਾਰਤ ਵਿਚ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਹੋ ਰਿਹਾ। ‘ਪੰਥ ਨੂੰ ਖਤਰੇ’ ਦਾ ਨਾਅਰਾ ਐਂਵੇ ਸ਼ੋਸ਼ਾ ਹੀ ਹੈ, ਜੋ ਸਵਾਰਥੀ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਸਮੇਂ ਸਮੇਂ ਛੇੜਿਆ ਜਾਂਦਾ ਹੈ। ਉਹ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਸਿੱਖ ਤਾਂ ਹਿੰਦੂ ਮਤ ਦਾ ਹੀ ਹਿੱਸਾ ਹਨ ਅਤੇ ਇਨ੍ਹਾਂ ਦੀ ਆਪਣੀ ਨਾ ਤਾਂ ਕੋਈ ਅੱਡਰੀ ਹਸਤੀ ਹੈ ਅਤੇ ਨਾ ਹੀ ਕੋਈ ਅੱਡਰਾ ਮਜ਼੍ਹਬ। ‘ਖਾਲਸੇ’ ਦਾ ਅਰਥ ਕੇਵਲ ਖਾਲਸ (Pure) ਹੈ ਅਤੇ ਇਸ ਦੇ ਕਕਾਰ ਅਤੇ ਰਹਿਤ ਮਰਿਆਦਾ ਵਕਤੀ ਹੀ ਸੀ, ਜਿਸ ਦੀ ਅਜੋਕੀ ਦੁਨੀਆਂ ਵਿਚ ਕੋਈ ਤੁਕ ਨਹੀਂ। ਦੂਜਾ, ਸਿੱਖਾਂ ਦੀਆਂ ਧਾਰਮਿਕ ਰਵਾਇਤਾਂ ਅਤੇ ਰਹੁ-ਰੀਤੀਆਂ ਐਵੇਂ ਫੋਕੀਆਂ ਜਹੀਆਂ ਹਨ, ਜਿੰਨ੍ਹਾਂ ਦੀ ਹੁਣ ਕੋਈ ਲੋੜ ਨਹੀਂ। (ਦਰਬਾਰ ਸਾਹਿਬ ਵਿਖੇ ਚੌਂਕੀ ਆਦਿ ਰਵਾਇਤਾਂ ਨੂੰ ਸਿੱਖਾਂ ਦੀ ਦਿਮਾਗੀ ਖਰਾਬੀ ਦਸਦਿਆਂ ਉਨ੍ਹਾਂ ਦੀ ਤੁਲਨਾ ਮੂਰਤੀ ਪੂਜਾ ਨਾਲ ਜਾ ਕਰਦਾ ਹੈ)। ਤੀਜਾ, ਮਹਾਰਾਜਾ ਰਣਜੀਤ ਸਿੰਘ, ਬੰਦਾ ਸਿੰਘ ਬਹਾਦਰ ਅਤੇ ਭਾਈ ਮਤੀ ਦਾਸ ਆਦਿ ਹਿੰਦੂ ਸਨ ਅਤੇ ਉਹ ਹਿੰਦੂ ਮਤ ਦੀ ਸ਼ਾਨ ਹਿਤ ਹੀ ਲੜਦੇ ਮਰੇ। ਉਹ ਆਪਣੇ ਲੇਖਾਂ ਦੇ ਅੰਤ ਵਿਚ ਭਾਰਤ ਸਰਕਾਰ ਨੂੰ ਸਲਾਹ ਦਿੰਦਿਆਂ ਕਹਿੰਦਾ ਹੈ ਕਿ ਜੇ ਮੁਲਕ ਵਿਚ ਅਮਨ ਚੈਨ ਚਾਹੁੰਦੇ ਹੋ ਤਾਂ ਸਿੱਖ ਕੌਮ ਨੂੰ ਪੂਰੀ ਸਖਤੀ ਨਾਲ ਦਬਾਓ ਅਤੇ ਇਸ ਨੂੰ ਉਤਨੀ ਦੇਰ ਤੀਕ ਸੁਖ ਦਾ ਸਾਹ ਨਾ ਲੈਣ ਦਿਉ, ਜਦ ਤਕ ਇਹ ਆਪਣੀ ਅੱਡਰੀ ਹਸਤੀ ਮਿਟਾ ਕੇ ਹਿੰਦੂ ਧਰਮ ਵਿਚ ਸ਼ਾਮਲ ਨਹੀਂ ਹੋ ਜਾਂਦੀ। ਕੌਮ ਪ੍ਰਸਤੀ ਦਾ ਇਹ ਠੇਕੇਦਾਰ ਭਾਰਤੀ ਸਵਿਧਾਨ ਦੀਆਂ ਕੁਝ ਧਾਰਾਵਾਂ ਨੂੰ ਅੱਖੋਂ ਉਹਲੇ ਕਰਦਾ ਹੋਇਆ ਭਾਰਤ ਸਰਕਾਰ ਨੂੰ ਇਹ ਸਲਾਹ ਦਿੰਦਾ ਹੈ ਕਿ ਭਾਰਤ ਵਿਚ ਵੱਸਣ ਵਾਲੀਆਂ ਸਾਰੀਆਂ ਕੌਮਾਂ ਉਪਰ ਇਕੋ ਜਿਹਾ ਕੋਡ ਅਰਥਾਤ ਹਿੰਦੂ ਕੋਡ ਬਿਲ ਸਖਤੀ ਨਾਲ ਲਾਗੂ ਕੀਤਾ ਜਾਵੇ ਭਾਵੇਂ ਕਿਸੇ ਕੌਮ ਦੀਆਂ ਵਿਸ਼ੇਸ਼ ਧਾਰਮਿਕ ਜਾਂ ਸਭਿਆਚਾਰਕ ਰਵਾਇਤਾਂ ਅਤੇ ਰੀਤਾਂ ਕੁਝ ਵੀ ਕਿਉਂ ਨਾ ਹੋਣ”।

ਏਸੇ ਤਰ੍ਹਾਂ, ਇੰਟਰਨੈਟ ਵਿਚ ਸਭ ਤੋਂ ਜਿਆਦਾ ਪ੍ਰਚਲਿਤ ਰੈਡਿਫ ਡਾਟ ਕਾਮ ਨੇ ਸਾਕਾ ਨੀਲਾ ਤਾਰਾ ਦੀ 20ਵੀਂ ਵਰ੍ਹੇ ਗੰਢ ਦੇ ਮੌਕੇ ‘ਤੇ ਇਸ ਸਾਲ 3 ਜੂਨ ਤੋਂ 9 ਜੂਨ ਤੀਕ ਇਕ ਲੇਖ ਲੜੀ ਵਿਚ ਸਾਕਾ ਨੀਲਾ ਤਾਰਾ ਕਾਰਵਾਈ ਵਿਚ ਸ਼ਾਮਲ ਫੌਜੀ ਅਫਸਰਾਂ ਜਿਨ੍ਹਾਂ ਵਿਚ ਸੇਵਾ ਮੁਕਤ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ, ਸੇਵਾ ਮੁਕਤ ਕਰਨਲ ਅਨੀਲ ਅਖਾਲੇ ਦੇ ਵਿਚਾਰ ਪ੍ਰਕਾਸ਼ਿਤ ਕੀਤੇ ਹਨ ਜਿਹੜੇ ਸਰਕਾਰੀ ਪੱਖ ਬਿਆਨ ਕਰਦੇ ਹਨ। ਇਨ੍ਹਾਂ ਵਿਚ ਕਈ ਅਜਿਹੀਆਂ ਟਿਪਣੀਆਂ ਕੀਤੀਆਂ ਗਈਆਂ, ਜਿਹੜੇ ਵੱਖਰੇ ਲੇਖ ਦੀ ਮੰਗ ਕਰਦੀਆਂ ਹਨ। ਇਥੇ ਸਿਰਫ ਏਨਾ ਹੀ ਦੱਸਿਆ ਜਾਂਦਾ ਹੈ ਕਿ ਸਾਕਾ ਨੀਲਾ ਤਾਰਾ ਸਿੱਖਾਂ ਹੀ ਲਈ ਨਹੀਂ ਸਗੋਂ ਸਮੁੱਚੇ ਭਾਰਤ ਲਈ ਇਕ ਘੋਰ ਦੁਖਾਂਤ ਸੀ ਤੇ ਜਿਸ ਨੂੰ ਟਾਲਿਆ ਜਾਣਾ ਚਾਹੀਦਾ ਸੀ। ਪਰ ਇੰਟਰਨੈਟ ਉਪਰ ਇਸ ਅਖਬਾਰ ਨੇ ਸਿੱਖਾਂ ਦੇ ਦੁਖੀ ਮਨਾਂ ਨੂੰ ਮਲ੍ਹਮ ਲਾਉਣ ਦੀ ਥਾਂ ‘ਤੇ ਇਕ ਪਾਸੜ ਲੇਖ ਲੜੀ ਛਾਪ ਕੇ ਸਿੱਖਾਂ ਦੇ ਮਲ੍ਹਮਾਂ ਉਪਰ ਲੂਣ ਛਿੜਕਣ ਦਾ ਕੰਮ ਕੀਤਾ । ਕਰਨਲ ਅਨੀਲ ਅਖਾਲੇ ਪੰਜਾਬ ਸਮੱਸਿਆ ਦੀ ਜੜ੍ਹ ਪੰਜਾਬ ਵਿਚ ਆਏ ਹਰੇ ਇਨਕਲਾਬ ਨੂੰ ਦੱਸਦਾ ਹੈ। ਉਸ ਦੇ ਕਹਿਣ ਅਨੁਸਾਰ ਸੰਘਣੀ ਖੇਤੀ ਵਿਚ ਸਿੱਖਾਂ ਨੇ ਦਸਤਾਰ ਤੇ ਦਾਹੜੀ ਨੂੰ ਰੁਕਾਵਟ ਸਮਝਿਆ ਤੇ ਉਨ੍ਹਾਂ ਨੇ ਵਡੀ ਗਿਣਤੀ ਵਿਚ ਕੇਸ ਕਟਾਉਣੇ ਅਤੇ ਦਾਹੜੀ ਮੁੰਨਣੀ ਸ਼ੁਰੂ ਕਰ ਦਿੱਤੀ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਉਨ੍ਹਾਂ ਸਿਗਰਟਾਂ ਪੀਣੀਆਂ ਸ਼ੁਰੂ ਕਰ ਦਿੱਤੀਆਂ। “ਪਾਣੀ ਪੀਉ ਪੰਪ ਦਾ ਸਿਗਰਟ ਪੀਉ ਲੈਂਪ ਦਾ” ਨਾਅਰਾ ਪ੍ਰਚਲਿਤ ਹੋਇਆ। ਉਹ ਇਸਲਾਮਿਕ ਅਤਿਵਾਦ ਦੀ ਤੁਲਨਾ ਪੰਜਾਬ ਵਿਚ ਪੈਦਾ ਹੋਏ ਆਤੰਕਵਾਦ ਨਾਲ ਕਰਦਾ ਹੋਇਆ, ਬਿਨ ਲਾਦੇਨ ਨੂੰ ਭਿੰਡਰਾਂਵਾਲੇ ਦਾ ਫੁੰਕਾਰੇ ਮਾਰਨ ਵਾਲਾ ਪ੍ਰਤੀਬਿੰਬ ਕਰਾਰ ਦਿੰਦਾ ਹੈ।

ਮੋਦੀ ਵਰਗੇ ਜਨੂੰਨੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦ ਵਿਦੇਸ਼ੀ ਧਾੜਵੀ ਭਾਰਤ ਵਿਚ ਲੁੱਟ ਮਾਰ ਕਰਕੇ ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਬੰਦੀ ਬਣਾ ਕੇ ਵਾਪਸ ਲੈ ਜਾਂਦੇ ਸਨ ਤਾਂ ਇਹ ਸਿੱਖ ਹੀ ਸਨ ਜਿਹੜੇ ਬਾਰਾਂ ਵਜੇ ਇਨ੍ਹਾਂ ਧਾੜਾਵੀਆਂ ਉਪਰ ਹਮਲੇ ਕਰਕੇ ਇਨ੍ਹਾਂ ਅਬਲਾਵਾਂ ਨੂੰ ਦੁਸ਼ਟਾਂ ਤੋਂ ਮੁਕਤ ਕਰਵਾ ਕੇ ਘਰੋਂ ਘਰੀਂ ਛੱਡ ਆਉਂਦੇ ਸਨ ਤੇ ਬਾਰਾਂ ਵਜੇ ਦਾ ਸਮਾਂ ਧਾੜਵੀਆਂ ਲਈ ਖਤਰੇ ਦਾ ਪ੍ਰਤੀਕ ਹੁੰਦਾ ਸੀ। ਗਰਮੀਆਂ ਦੇ ਦਿਨਾਂ ਵਿਚ ਤਿੱਖੜ ਦੁਪਹਿਰ ਤੇ ਠੰਢ ਦੇ ਦਿਨਾਂ ਵਿਚ ਅੱਧੀ ਰਾਤ ਨੂੰ ਪਠਾਣੀ ਫੌਜਾਂ ਉੱਤੇ ਸੁਸਤੀ ਭਾਰੂ ਹੁੰਦੀ ਸੀ। ਇਸ ਲਈ ਉਸ ਸਮੇਂ ਸਿੱਖ ਗੁਰੀਲਾ ਹਮਲੇ ਗਰਮੀਆਂ ਵਿਚ ਦਿਨੇ 12 ਵਜੇ ਤੇ ਸਿਆਲਾਂ ਵਿਚ ਰਾਤ 12 ਵਜੇ ਕਰਦੇ ਸਨ ਤੇ ਬੰਦੀ ਬਣਾਈਆਂ ਹਿੰਦੂ ਔਰਤਾਂ ਨੂੰ ਘਰੋਂ ਘਰੀਂ ਛੱਡ ਕੇ ਆਉਂਦੇ ਸਨ। ਉਸ ਸਮੇਂ ਦੀਆਂ ਹਿੰਦੂ ਔਰਤਾਂ ਅਰਦਾਸ ਕਰਦੀਆਂ ਸਨ ਕਿ ਸਿੱਖਾਂ ਦੇ ਬਾਰਾਂ ਵੱਜਦੇ ਰਹਿਣ ਤੇ ਉਹ ਸਾਡੀ ਆਬਰੂ ਦੀ ਰੱਖਿਆ ਲਈ ਏਸੇ ਤਰ੍ਹਾਂ ਲੜਦੇ ਰਹਿਣ। ਖਾਲਸਾਈ ਫੌਜ ਨੇ ਨਾਦਰਸ਼ਾਹ ਪਾਸੋਂ 30 ਹਜ਼ਾਰ, ਅਹਿਮਦਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਸਮੇਂ 22 ਹਜ਼ਾਰ ਤੇ ਦੂਜੇ ਹਮਲੇ ਸਮੇਂ 18 ਹਜ਼ਾਰ ਹਿੰਦੂ ਧੀਆਂ ਭੈਣਾਂ ਨੂੰ ਜ਼ਾਲਮਾਂ ਦੇ ਖੂਨੀ ਪੰਜੇ ਵਿਚੋਂ ਛੁਡਾ ਕੇ ਘਰੋਂ ਘਰੀਂ ਪਹੁੰਚਾਇਆ, ਜਿਸ ਵਿਚ ਮੋਦੀ ਦਾ ਗੁਜਰਾਤ ਸੂਬਾ ਵੀ ਸ਼ਾਮਲ ਸੀ। ਉਸ ਸਮੇਂ ਬਾਰਾਂ ਵਜੇ ਸਿੱਖਾਂ ਦੇ ਹਮਲਿਆਂ ਦਾ ਡਰ ਬਣਿਆ ਰਹਿੰਦਾ ਸੀ। ਸਿੱਖ ਕੌਮ ਤੋਂ ਪਹਿਲਾਂ ਹਿੰਦੂਆਂ ਦੀ ਕੀ ਦਸ਼ਾ ਸੀ ਕਿ ਇਸ ਦਾ ਕੁਝ ਇਸ਼ਾਰਾ ਚੌਧਵੀਂ ਸਦੀ ਦੇ ਮੁਸਲਿਮ ਹਾਕਮ ਅਲਾਉਦੀਨ ਨੂੰ ਆਪਣੇ ਕਾਜ਼ੀ ਵਲੋਂ ਮਿਲੇ ਇਸ ਸੁਆਲ ਦੇ ਜੁਆਬ ਵਿਚੋਂ ਮਿਲਦਾ ਹੈ ਕਿ “ਸ਼ਰੀਅਤ ਮੁਤਾਬਿਕ ਮੁਸਲਮਾਨਾਂ ਨੂੰ ਹਿੰਦੂਆਂ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ” ਤੇ ਕਾਜ਼ੀ ਦਾ ਜੁਆਬ ਸੀ ਕਿ “ਹਿੰਦੂ ਬਿਲਕੁਲ ਮਿੱਟੀ ਸਮਾਨ ਹਨ, ਜੋ ਮੁਸਲਮਾਨ ਇਸ ਮਿੱਟੀ ਕੋਲੋਂ ਚਾਂਦੀ ਮੰਗਣ ਤਾਂ ਇਸ ਨੂੰ ਨਿਮਰਤਾ ਸਹਿਤ ਸੋਨਾ ਉਗਲਣਾ ਚਾਹੀਦਾ ਹੈ ਅਤੇ ਜੇ ਕੋਈ ਮੁਸਲਮਾਨ ਕਿਸੇ ਹਿੰਦੂ ਦੇ ਮੂੰਹ ਵਿਚ ਥੁਕਣਾ ਚਾਹੇ ਤਾਂ ਹਿੰਦੂ ਦਾ ਫਰਜ਼ ਹੈ ਕਿ ਉਹ ਆਪਣਾ ਮੂੰਹ ਚੰਗੀ ਤਰ੍ਹਾਂ ਖੋਲੇ, ਤਾਂ ਜੋ ਮੁਸਲਮਾਨ ਆਸਾਨੀ ਨਾਲ ਉਸ ਵਿਚ ਥੁਕ ਸਕੇ। ਅੱਲ੍ਹਾ ਤਾਲਾ ਨੇ ਹਿੰਦੂਆਂ ਨੂੰ ਮੁਸਲਮਾਨਾਂ ਦੇ ਗੁਲਾਮ ਵਜੋਂ ਬਣਾਇਆ ਹੈ ਅਤੇ ਉਸ ਦਾ ਫੁਰਮਾਨ ਹੈ ਕਿ ਜੇ ਹਿੰਦੂ ਆਪਣੇ ਆਪ ਇਸਲਾਮ ਕਬੂਲ ਨਾ ਕਰੇ ਤਾਂ ਉਸ ਨੂੰ ਬੰਦੀ ਬਣਾ ਕੇ ਤਸੀਹੇ ਦਿੱਤੇ ਜਾਣ ਅਤੇ ਅੰਤ ਨੂੰ ਮਾਰ ਦਿੱਤਾ ਜਾਵੇ। ਇਹ ਜਵਾਬ ਸੁਣ ਕੇ ਅਲਾਉ-ਉ-ਦੀਨ ਮੁਸਕਰਾ ਪਿਆ ਤੇ ਕਹਿਣ ਲੱਗਾ “ਫਿਰ ਤਾਂ ਠੀਕ ਹੈ, ਕਿਉਂਕਿ ਮੈਂ ਤਾਂ ਪਹਿਲਾਂ ਹੀ ਅਜਿਹਾ ਕਰ ਰਿਹਾ ਹਾਂ”। ਉਹ ਰਾਜਪੂਤ ਜਿਨ੍ਹਾਂ ਦੀ ਬਹਾਦਰੀ ਦੇ ਸੋਹਲੇ ਗਾਏ ਜਾਂਦੇ ਸਨ, ਆਪਣੀਆਂ ਧੀਆਂ ਭੈਣਾਂ ਦੇ ਡੋਲੇ ਆਪਣੇ ਮੋਢਿਆਂ ਉਪਰ ਮੁਸਲਿਮ ਹਾਕਮਾਂ ਦੇ ਹਰਮਾਂ ਤੀਕ ਪਹੁੰਚਾ ਰਹੇ ਸਨ ਅਤੇ ਹਜਾਰਾਂ ਦੀ ਗਿਣਤੀ ਵਿਚ ਹਿੰਦੂ ਔਰਤਾਂ ਕਾਬਲ, ਗਜ਼ਨੀ ਅਤੇ ਮੱਧ ਏਸ਼ੀਆ ਦੇ ਬਜ਼ਾਰਾਂ ਵਿਚ ਇਕ ਇਕ ਦੋ-ਦੋ ਜਾਂ ਚਾਰ-ਚਾਰ ਕੌਡੀਆਂ ਵਿਚ ਵਿਕ ਰਹੀਆਂ ਸਨ। ਹਿੰਦੂ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ। ਉਹ ਖੋਤੇ ਦੀ ਸਵਾਰੀ ਕਰ ਸਕਦੇ ਸਨ।

ਅਜਿਹੇ ਜੋਰ ‘ਤੇ ਜ਼ੁਲਮ ਦੇ ਖਿਲਾਫ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਉਠਾਈ। ਗੁਰੂ ਸਾਹਿਬਾਨ ਅਤੇ ਸਿੱਖ ਪੈਰੋਕਾਰਾਂ ਨੇ ਦੇਸ਼ ਨੂੰ ਇਕ ਮੁੱਠ ਰੱਖਣ ਅਤੇ ਹਿੰਦੂ ਕੌਮ ਲਈ ਵੱਡੀ ਤੋਂ ਵੱਡੀ ਕੁਰਬਾਨੀ ਦਿੱਤੀ। ਘਲੂਘਾਰਿਆਂ ਵਿੱਚ ਹਜ਼ਾਰਾਂ ਸਿੱਖ ਕਤਲ ਕੀਤੇ ਗਏ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਸਿੰਘਣੀਆਂ ਨੂੰ ਫੜਕੇ ਉਨ੍ਹਾਂ ਪਾਸੋ ਚੱਕੀਆਂ ਪਿਸਾਈਆਂ ਤੇ ਫਿਰ ਬੱਚਿਆਂ ਦੇ ਟੋਟੇ ਕਰਕੇ ਉਨ੍ਹਾਂ ਦੀ ਝੋਲੀ ਵਿੱਚ ਪਾਏ। ਪਰ ਉਨ੍ਹਾਂ ਨੇ ਆਪਣਾ ਧਰਮ ਨਹੀਂ ਹਾਰਿਆ। ਜੇ ਸਿੱਖ ਕੁਰਬਾਨੀਆਂ ਨਾ ਦਿੰਦੇ ਤਾਂ ਅੱਜ ਸਾਰਾ ਭਾਰਤ ਮੁਸਲਮਾਨ ਹੋ ਚੁੱਕਾ ਹੋਣਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਕਾਬਲ ਤੀਕ ਸਿੱਖ ਰਾਹ ਕਾਇਮ ਕਰਕੇ ਦੇਸ਼ ਨੂੰ ਈਰਾਨੀਆਂ ਤੇ ਅਫਗਾਨੀਆਂ ਦੇ ਹਮਲਿਆਂ ਤੋਂ ਨਿਜਾਤ ਦਿਵਾਈ। ਅੰਗਰੇਜ਼ੀ ਹਕੂਮਤ ਨੂੰ ਖਤਮ ਕਰਨ ਲਈ ਸਭ ਤੋਂ ਵੱਧ ਸ਼ਹੀਦੀਆਂ ਸਿੱਖਾਂ ਨੇ ਪ੍ਰਾਪਤ ਕੀਤੀਆਂ। ਇਸ ਲਈ ਮੋਦੀ ਵਰਗੇ ਜਿਹੜੇ ਲੀਡਰ ਹਕੂਮਤ ਦੀਆਂ ਗੱਦੀਆਂ ‘ਤੇ ਆਨੰਦ ਮਾਣ ਰਹੇ ਹਨ, ਉਹ ਸਭ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ ਹੀ ਹੈ।

1947 ਵਿੱਚ ਕਸ਼ਮੀਰ ਤੇ ਕਬਜ਼ਾ ਲੈਣ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਫੋਜੀਆਂ ਨੇ ਦਿੱਤੀਆਂ। 1962 ਵਿੱਚ ਹਿੰਦ ਚੀਨ ਜੰਗ ਤੇ 1965 ਦੀ ਹਿੰਦ ਪਾਕ ਲੜਾਈ ਸਮੇਂ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦਿੱਤੀਆਂ ਸਨ। ਕਈ ਰਜਮੈਂਟਾਂ ਦੇ ਗੈਰ ਸਿੱਖ ਸਿਪਾਹੀ ਮੈਦਾਨ ਵਿੱਚ ਭੱਜ ਗਏ। ਬੰਗਲਾਦੇਸ਼ ਦੀ ਮੁਕਤੀ ਬਹਿਣੀ ਨੂੰ ਟ੍ਰੇਨਿੰਗ ਦੇਣ ਵਾਲੇ ਜਨਰਲ ਸੁਬੇਗ ਸਿੰਘ ਤੇ ਪਾਕਿਸਤਾਨੀ ਫੌਜਾਂ ਦੇ ਹਥਿਆਰ ਸੁਟਾਉਣ ਵਾਲੇ ਮੇਜਰ ਜਨਰਲ ਜਗਜੀਤ ਸਿੰਘ ਅਰੋੜਾ ਵੀ ਸਿੱਖ। ਏਨੀਆਂ ਕੁਰਬਾਨੀਆਂ ਦੇ ਬਾਵਜੂਦ ਸਿੱਖਾਂ ਨੂੰ ਫਿਲਮਾਂ ਤੇ ਟੀ.ਵੀ. ਚੈਨਲਾਂ ਵਿੱਚ ਘਟੀਆਂ ਰੋਲ ਵਿੱਚ ਪੇਸ਼ ਕੀਤਾ ਜਾਂਦਾ ਹੈ। ਮੋਦੀ ਦੇ ਇਸ ਬਿਆਨ ਦੇ ਖਿਲਾਫ ਕੁਝ ਸਿੱਖਾਂ ਨੇ ਅਦਾਲਤਾਂ ਦਾ ਦਰਵਾਜ਼ਾ ਖੜਕਾਇਆ ਹੈ ਪਰ ਅਫਸੋਸ ਦੀ ਗੱਲ ਹੈ ਕਿ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਬੀਬੀ ਜਗੀਰ ਕੌਰ ਨੇ ਮੋਦੀ ਦੀਆਂ ਟਿੱਪਣੀਆਂ ਬਾਰੇ ਚੁੱਪ ਧਾਰੀ ਹੋਈ ਹੈ। ਸ਼ਾਇਦ ਉਨ੍ਹਾਂ ਨੂੰ ਸਿੱਖਾਂ ਨਾਲੋਂ ਭਾਰਤੀ ਜਨਤਾ ਪਾਰਟੀ ਨਾਲ ਮਿੱਤਰਤਾ ਜਿਆਦਾ ਪਿਆਰੀ ਹੈ। ਸਿੱਖਾਂ ਦਾ ਇਤਿਹਾਸ ਤਾ ਕੁਰਬਾਨੀਆਂ ਦਾ ਇਤਿਹਾਸ ਹੈ। ਦੁਨੀਆਂ ਦੇ ਇਤਿਹਾਸ ਵਿੱਚ ਕੋਈ ਅਜਿਹੀ ਮਿਸਾਲ ਨਹੀਂ ਮਿਲਦੀ ਜਿਵੇਂ ਕਿ ਸਿੱਖਾਂ ਨੇ ਦੂਜੇ ਧਰਮਾਂ ਦੀ ਰੱਖਿਆ ਲਈ ਕੁਰਬਾਨੀਆਂ ਦਿੱਤੀਆਂ। ਜਹਾਂਗੀਰ ਸਿੱਖ ਧਰਮ ਨੂੰ ਕੂੜ ਦੁਕਾਨ ਕਹਿੰਦਾ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਸਲਾਮ ਧਾਰਨ ਨਾ ਕਰਨ ਤੇ ਤੱਤੀਆਂ ਤੱਵੀਆਂ ਉਪਰ ਬਿਠਾਕੇ ਰੇਤ ਪਾਉਂਦਾ ਹੈ। ਉਸ ਪਿੱਛੌਂ ਸਿੱਖਾਂ ਨਾਲ ਮੁਗਲਾਂ ਤੇ ਪਠਾਣਾਂ ਦਾ ਸੰਘਰਸ਼ ਤਿੱਖਾ ਹੁੰਦਾ ਹੈ। ਜਿਸ ਦਾ ਸਿੱਟਾ ਸਿੱਖ ਰਾਜ ਵਿੱਚ ਨਿਕਲਦਾ ਹੈ। ਸਿੱਖਾਂ ਦੀਆਂ ਕੁਰਬਾਨੀਆਂ ਦੀ ਦਾਸਤਾਨ ਵਿਸ਼ਵ ਦੇ ਧਰਮਾਂ ਵਿੱਚ ਅਨੋਖਾ ਸਥਾਨ ਰੱਖਦੀ ਹੈ। ਭਾਈ ਘਨਈਆਂ ਦੀ ਵਿਚਾਰਧਾਰਾ ਨੂੰ ਅੱਜ ਸਾਰੀ ਦੁਨੀਆਂ ਸਲਾਹ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਦੇ ਜੁੱਗ ਵਿੱਚ ਵੀ ਵਿਸ਼ੇਸ਼ ਸਥਾਨ ਰੱਖਦਾ ਹੈ ਤੇ ਇਸ ਦੀਆਂ ਸਿੱਖਿਆਂਵਾਂ ਦੀ ਅੱਜ ਵੀ ਉਤਨੀ ਲੋੜ ਹੈ, ਜਿਨ੍ਹੀ ਚਾਰ ਸੌ ਸਾਲ ਪਹਿਲਾਂ। ਪਰ ਦੁਖਦਾਈ ਪੱਖ ਹੈ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਨਪੜ੍ਹਾਂ ਦੀ ਸੰਸਥਾ ਬਣਕੇ ਰਹਿ ਗਈ ਹੈ। ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤੇ ਉਹ ਵਿਅਕਤੀ ਆ ਰਹੇ ਹਨ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਸਰੋਕਾਰ ਨਹੀਂ। ਸਿੱਖ ਕੌਮ ਆਪਣਾ ਸਰਮਾਇਆ ਧਰਮ ਪ੍ਰਚਾਰ ਦੀ ਥਾਂ ‘ਤੇ ਹੋਰਨਾਂ ਕੰਮਾਂ ਲਈ ਖਰਚ ਰਹੀ ਹੈ। ਭਾਰਤ ਅਤੇ ਵਿਦੇਸ਼ਾਂ ਵਿੱਚ ਈਸਾਈ ਮਿਸ਼ਨਰੀਆਂ, ਹਿੰਦੂ ਤੇ ਮੁਸਲਮ ਸੰਸਥਾਵਾਂ ਆਪੋ ਆਪਣੇ ਧਰਮਾਂ ਦੇ ਪ੍ਰਚਾਰ ਲਈ ਆਪੋ ਆਪਣੇ ਚੈਨਲ ਚਲਾ ਰਹੀਆਂ ਜਾਂ ਦੂਜੇ ਚੈਨਲਾਂ ‘ਤੇ ਪੈਸੇ ਖਰਚ ਕੇ ਪ੍ਰਚਾਰ ਕਰ ਰਹੀਆਂ ਹਨ। ਪਰ ਸਿੱਖ ਇਸ ਪੱਖੋਂ ਅਵੇਸਲੇ ਹਨ। ਸਿੱਖਾਂ ਨੂੰ ਵੀ ਉਸੇ ਤਰਜ਼ ‘ਤੇ ਆਪਣੇ ਧਰਮ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਤੇ ਇਹ ਦੱਸਣ ਦਾ ਉਪਰਾਲਾ ਕਰਨਾ ਚਾਹੀਦਾ ਹੈ ਕਿ ਸੰਸਾਰ ਦੀਆਂ ਮੁਸੀਬਤਾਂ ਦਾ ਹੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਂਵਾਂ ਉਪਰ ਚਲਣ ਵਿੱਚ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣਾ ਚੈਨਲ ਚਲਾਉਣਾ ਚਾਹੀਦਾ ਹੈ ਤੇ ਦੂਜੇ ਚੈਨਲਾਂ ਉਪਰ ਵੀ ਸਿੱਖੀ ਦਾ ਪ੍ਰਚਾਰ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ।

ਅਮਰੀਕਾ ਵਿਚ 11 ਸਤੰਬਰ 2001 ਵਿਚ ਨਿਊਯਾਰਕ ਵਿਚ ਵਿਸ਼ਵ ਵਪਾਰਕ ਕੇਂਦਰ ਉਪਰ ਹੋਏ ਆਤੰਕਵਾਦੀ ਹਵਾਈ ਹਮਲੇ ਪਿਛੋਂ ਜਿਵੇਂ ਦਸਤਾਰਧਾਰੀ ਸਿੱਖਾਂ ਨੂੰ ਅਰਬੀ ਮੁਸਲਮਾਨ ਸਮਝ ਕੇ ਹਮਲੇ ਕੀਤੇ ਗਏ ਤੇ ਜਿਵੇਂ ਹਾਲ ਹੀ ਵਿਚ ਫਰਾਂਸ ਵਿਚ ਸਰਕਾਰੀ ਸਕੂਲਾਂ ਵਿਚ ਸਿੱਖ ਬੱਚਿਆਂ ਨੂੰ ਪਟਕਾ ਬੰਨਣ ਜਾਂ ਦਸਤਾਰ ਸਜਾਉਣ ਉਪਰ ਲਗਾਈ ਪਾਬੰਦੀ ਤੋਂ ਪਤਾ ਲਗਦਾ ਹੈ ਕਿ ਸਿੱਖ ਆਪਣੀ ਇਕ ਵੱਖਰੀ ਪਹਿਚਾਣ ਕਾਇਮ ਨਹੀਂ ਕਰ ਸਕੇ। ਇਸ ਲੇਖਕ ਨੂੰ 4 ਨਵੰਬਰ 2002 ਨੂੰ ਅਮਰੀਕਾ ਜਾਂਦੇ ਸਮੇਂ ਜਰਮਨ ਦੇ ਫਰੈਂਕਫਰਟ ਹਵਾਈ ਅੱਡੇ ਉਪਰ ਸ਼ਿਕਾਗੋ ਲਈ ਜਹਾਜ ਲੈਣ ਸਮੇਂ ਸੁਰੱਖਿਅਤ ਗਾਰਡ ਨੇ ਦਸਤਾਰ ਨੂੰ ਟੋਪੀ ਸਮਝਦੇ ਹੋਏ ਟੋਪੀ ਉਤਾਰੋ ਕਿਹਾ। ਮੈਂ ਉਸ ਨੂੰ ਦੱਸਿਆ ਕਿ ਇਹ ਟੋਪੀ ਨਹੀਂ ਹੈ, ਇਹ ਦਸਤਾਰ ਹੈ। ਲਾਗੇ ਖੜੀ ਇਕ ਲੇਡੀ ਪੁਲਿਸ ਅਫਸਰ ਨੇ ਉਸ ਨੂੰ ਆਪਣੀ ਭਾਸ਼ਾ ਵਿਚ ਕੁਝ ਕਿਹਾ ਤਾਂ ਉਸ ਨੇ ਮੈਨੂੰ ਦਸਤਾਰ ਸਮੇਤ ਅੱਗੇ ਜਾਣ ਦਿੱਤਾ। ਇਸੇ ਤਰ੍ਹਾਂ 4 ਅਗਸਤ 2004 ਨੂੰ ਅਮਰੀਕਾ ਦੇ ਡੇਟਨ ਸ਼ਹਿਰ ਵਿਚ ਸ਼ਾਮ ਨੂੰ ਸੈਰ ਕਰਦੇ ਸਮੇਂ ਦੋ ਅਮਰੀਕੀ ਨੌਜਵਾਨ ਮੈਨੂੰ ਦਸਤਾਰ ਬਾਰੇ ਪੁੱਛਣ ਲੱਗੇ ਕਿ ਇਹ ਕਿਸ ਚੀਜ ਦੀ ਬਣੀ ਹੋਈ ਹੈ ਅਤੇ ਮੈਂ ਇਸ ਨੂੰ ਕਿਵੇਂ ਬੰਨਦਾ ਹਾਂ। ਉਨ੍ਹਾਂ ਨੂੰ ਨਾ ਤਾਂ ਸਿੱਖਾਂ ਬਾਰੇ ਕੋਈ ਪਤਾ ਸੀ ਤੇ ਨਾ ਹੀ ਦਸਤਾਰ ਬਾਰੇ। ਵਿਸਥਾਰ ਨਾਲ ਦੱਸਣ ਤੇ ਉਹ ਸਿੱਖ ਧਰਮ ਤੋਂ ਬਹੁਤ ਪ੍ਰਭਾਵਿਤ ਹੋਏ। ਇਸੇ ਤਰ੍ਹਾਂ 27 ਸਤੰਬਰ 2004 ਨੂੰ ਵਾਪਸੀ ਸਮੇਂ ਡੈਟਰਾਇਟ ਹਵਾਈ ਅੱਡੇ ‘ਤੇ ਇਕ ਅਮਰੀਕਨ ਔਰਤ ਮੈਨੂੰ ਦਾੜ੍ਹੀ ਬਾਰੇ ਪੁੱਛਣ ਲੱਗੀ। ਇਸ ਤੋਂ ਸਪਸ਼ਟ ਹੈ ਕਿ ਸਿੱਖ ਪ੍ਰਚਾਰ ਵਿੱਚ ਬਹੁਤ ਪਿੱਛੇ ਹਨ। ਦੂਜਾ, ਸਿੱਖ ਰਹਿਤ ਦੇ ਧਾਰਨੀ ਨੂੰ ਸਿੱਖੀ ਵਿੱਚ ਪਰਪੱਕ ਰਹਿ ਕੇ ਸੱਚਾ ਸੁੱਚਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਰਿਸ਼ਵਤ ਖੋਰੀ, ਬੇਈਮਾਨੀ ਨੂੰ ਲਾਗੇ ਨਹੀਂ ਲੱਗਣ ਦੇਣਾ ਚਾਹੀਦਾ। ਜੇ ਅਕਾਲੀ ਸਰਕਾਰਾਂ ਸਮੇਂ ਅਕਾਲੀ ਆਗੂ ਸੱਚਾ ਸੁੱਚਾ ਜੀਵਨ ਬਤੀਤ ਕਰਦੇ ਤਾਂ ਅੱਜ ਵੀ ਉਨ੍ਹਾਂ ਦੀ ਹਕੂਮਤ ਹੋਣੀ ਸੀ ਤੇ ਸਿੱਖਾਂ ਦੇ ਸੱਚੇ ਸੁੱਚੇ ਇਖਲਾਕ ਦੇ ਸੋਹਲੇ ਦੁਨੀਆਂ ਨੇ ਗੌਣੇ ਸਨ। ਬੀਤੇ ਸਮੇਂ ਜਦ ਵੀ ਕੋਈ ਸੰਕਟ ਆਉਂਦਾ ਸੀ ਤਾਂ ਸਿੱਖ ਸਰਦਾਰ ਸ੍ਰੀ ਅਕਾਲ ਤੱਖਤ ਸਾਹਿਬ ਵਿਖੇ ਇੱਕਠੇ ਹੋ ਕੇ, ਮਿਲ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਉਸ ਦਾ ਹੱਲ ਲੱਭਦੇ ਸਨ ਤੇ ਉਨ੍ਹਾਂ ਅੰਦਰ ਤਿਆਗ ਦੀ ਭਾਵਨਾ ਪ੍ਰਬਲ ਸੀ। ਇਸੇ ਭਾਵਨਾ ਅਧੀਨ ਸਿੱਖਾਂ ਨੇ ਦਿੱਲੀ ਦਾ ਤਖਤ ਤਿਆਗ ਦਿੱਤਾ, ਅਜੋਕੇ ਸਿੱਖ ਆਗੂਆਂ ਨੂੰ ਸਿੱਖ ਧਰਮ ਦੀ ਖਾਤਿਰ ਤਿਆਗ ਦੀ ਭਾਵਨਾ ਅਪਨਾਉਣੀ ਚਾਹੀਦੀ ਹੈ ਤੇ ਪੁਰਾਣੀਆਂ ਪਰੰਪਰਾਵਾਂ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com