WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਇਸ ਤਰਾਂ ਦੇ ਹੀ ਹੁੰਦੇ ਹਾਂ ਅਸੀਂ!
- ਦਲਬੀਰ ਸਿੰਘ

ਦਲਬੀਰ ਸਿੰਘ

ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿਚ ਰਹਿ ਰਹੀ ਇਕ ਪਰਿਵਾਰਕ ਮਿੱਤਰ ਆਈ ਹੋਈ ਹੈ। ਉਹ ਇਥੇ ਆ ਕੇ ਬਹੁਤ ਹੈਰਾਨ ਹੈ। ਸਗੋਂ ਪਰੇਸ਼ਾਨ ਹੈ। ਉਹ ਕਈ ਸਾਲਾਂ ਮਗਰੋਂ ਆਈ ਹੈ ਅਤੇ ਉਸ ਨੂੰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਉਹ ਜਿਸ ਤਰਾਂ ਦਾ ਪੰਜਾਬ “ਛੱਡ” ਕੇ ਗਈ ਸੀ ਉਸ ਤਰਾਂ ਦਾ ਨਹੀਂ ਰਿਹਾ। ਉਸ ਤੋਂ ਕਿੰਨਾ ਹੀ ਬਦਲ ਗਿਆ ਹੈ। ਉਸ ਨੂੰ ਤਾਂ ਲਗਦਾ ਸੀ ਕਿ ਉਹ ਜਿਸ ਦੇਸ਼ ਵਿਚ ਰਹਿੰਦੀ ਹੈ ਉਹ ਪੰਜਾਬ ਤੋਂ ਕਿਤੇ ਅਗੇ ਹੈ। ਪਰ...

ਹਾਲੇ ਕੱਲ ਹੀ ਉਹ ਇਕ ਸ਼ਾਦੀ ਦੀ ਦਾਅਵਤ ਵਿਚ ਸ਼ਾਮਲ ਹੋ ਕੇ ਆਈ ਹੈ। ਇਸ ਨੂੰ ਅਸੀਂ ਰਿਸੈਪਸ਼ਨ ਕਹਿਣ ਲੱਗ ਪਏ ਹਾਂ। ਉਸ ਨੂੰ ਲਗਦਾ ਹੈ ਕਿ ਦਾਅਵਤ ਨੂੰ ਕੋਈ ਹੋਰ ਨਾਂ ਦੇਣ ਦੀ ਕੀ ਲੋੜ ਪਈ ਸੀ? ਉਹ ਕਹਿੰਦੀ ਹੈ ਕਿ ਅਸੀਂ ਤਾਂ ਸਿਰਫ ‘ਵਿਆਹ ਦੀ ਪਾਰਟੀ’ ਕਹਿ ਕੇ ਸਾਰ ਲੈਂਦੇ ਹਾਂ। ਉਸ ਨੂੰ ਕੀ ਦੱਸੀਏ ਕਿ ਉਹ ਕਿੰਨੇ ਪੱਛੜ ਗਏ ਹਨ ਅਤੇ ਅਸੀਂ ਕਿੰਨੇ ਅਗੇ ਵਧ ਗਏ ਹਾਂ? ਇਹ ਵੀ ਕਿ ਅਸੀਂ ਤਾਂ ਬੱਸ ਇਸੇ ਤਰਾਂ ਦੇ ਹੀ ਹਾਂ!

ਅਸੀਂ ਹੁਣ ਵਿਆਹ ਨਹੀਂ ਕਰਦੇ ਸਗੋਂ ਸ਼ਾਦੀ ਕਰਦੇ ਹਾਂ। ਸ਼ਾਦੀ ਦੀ ਰਿਸੈਪਸ਼ਨ ਉਤੇ ਵੱਡਾ ਪੰਡਾਲ ਬਣਾਇਆ ਗਿਆ ਸੀ। ਇਸ ਪੰਡਾਲ ਦੀ ਸਜਾਵਟ ਉਤੇ ਹੀ ਲੱਖਾਂ ਰੁਪਈਏ ਖਰਚ ਕੀਤੇ ਗਏ ਸਨ। ਜਿਸ ਮੁੰਡੇ ਦੀ ਸ਼ਾਦੀ ਸੀ ਉਸ ਦਾ ਪਿਤਾ ਐਕਸਾਈਜ਼ ਵਿਚ ਇੰਸਪੈਕਟਰ ਸੀ। ਇਥੇ ਸ਼ਾਦੀਆਂ ਬੱਚਿਆਂ ਦੀਆਂ ਨਹੀਂ ਸਗੋਂ ਅਹੁਦਿਆਂ ਦੀਆਂ ਹੁੰਦੀਆਂ ਹਨ। ਜਿਸ ਮਹਿਕਮੇ ਦਾ ਸਬੰਧ ਸਿੱਧਾ ਹੀ ਪੈਸਿਆਂ ਨਾਲ ਸਮਝਿਆ ਜਾਂਦਾ ਹੈ ਉਸ ਮਹਿਕਮੇ ਦੇ ਅਧਿਕਾਰੀ ਦੇ ਪੁੱਤਰ ਦੀ ਸ਼ਾਦੀ ਵਿਚ ਜੇਕਰ ਕਈ ਲੱਖਾਂ ਰੁਪਏ ਖਰਚ ਨਾ ਕੀਤੇ ਗਏ ਤਾਂ ਉਸ ਨੌਕਰੀ ਦਾ ਕੀ ਲਾਭ?

ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜੇ ਇਹ ਖਰਚ ਕੀਤੇ ਗਏ ਪੈਸੇ ਦਿਖਾਈ ਨਾ ਦਿਤੇ ਤਾਂ ਵੀ ਖਰਚ ਕਰਨ ਦਾ ਕੀ ਲਾਭ? ਇਸ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਪੈਸੇ ਖਰਚੀਏ ਵੀ ਅਤੇ ਇਨਾਂ ਨੂੰ ਦਿਖਾਈਏ ਵੀ। ਇਸ ਲਈ ਭਾਵੇਂ ਸਾਨੂੰ ਕਰਜ਼ਾ ਵੀ ਕਿਉਂ ਨਾ ਚੁੱਕਣਾ ਪਵੇ। ਕਿਸੇ ਵਿਦੇਸ਼ੀ ਨੂੰ ਉਜਰ ਨਹੀਂ ਹੋਣਾ ਚਾਹੀਦਾ। ਕਰਜ਼ਾ ਵੀ ਸਾਡਾ ਹੈ ਅਤੇ ਇੱਜ਼ਤ ਵੀ ਸਾਡੀ ਹੈ। ਅਸੀਂ ਤਾਂ ਬੱਸ ਇਸੇ ਤਰਾਂ ਦੇ ਹੀ ਹਾਂ!

ਸ਼ਾਦੀ ਵਿਚ ਸ਼ਰਾਬ ਚੱਲਣੀ ਕੋਈ ਨਵੀਂ ਜਾਂ ਨਿਵੇਕਲੀ ਗੱਲ ਨਹੀਂ। ਸਾਡਾ ਪਰਮ ਮਿੱਤਰ ਸੱਤਪਾਲ ਸਿੰਘ ਖੁਦ ਸ਼ਰਾਬ ਨਹੀਂ ਪੀਂਦਾ। ਖਬਰੇ ਸ਼ਰਾਬ ਪੀਣ ਵਾਲਿਆਂ ਨੂੰ ਚੰਗਾ ਵੀ ਨਹੀਂ ਸਮਝਦਾ। ਪਰ ਉਸ ਨੇ ਵੀ ਆਪਣੇ ਪੁੱਤਰਾਂ ਦੀ ਸ਼ਾਦੀ ਦੀ ਰਿਸੈਪਸ਼ਨ ਉਤੇ ਸ਼ਰਾਬ ਦਾ ਕਾਉਂਟਰ ਲਾਇਆ ਅਤੇ ਸ਼ਾਦੀ ਵਿਚ ਸ਼ਾਮਲ ਹੋਏ ਮਹਿਮਾਨਾਂ ਨੇ ਖੁੱਲ ਕੇ ਪੀਤੀ ਅਤੇ ਮੌਜ ਕੀਤੀ। ਜੇ ਸ਼ਾਦੀ ਐਕਸਾਈਜ਼ ਦੇ ਇੰਸਪੈਕਟਰ ਦੇ ਪੁੱਤਰ ਦੀ ਹੋਵੇ ਤਾਂ ਸ਼ਰਾਬ ਦੀ ਕਮੀ ਕਿਉਂਕਰ ਹੋਵੇ? ਜਿਸ ਦਾ ਕੰਮ ਹੀ ਸ਼ਰਾਬ ਦੇ ਠੇਕੇਦਾਰਾਂ ਨੂੰ ਠੁੱਕ ਸਿਰ ਰੱਖਣ ਦਾ ਹੈ ਉਸ ਲਈ ਮਹਿੰਗੀ ਤੋਂ ਮਹਿੰਗੀ ਸ਼ਰਾਬ ਦੀ ਕੀ ਕਮੀ ਹੈ? ਇਥੇ ਤਾਂ ਮਾਹਤੜ ਮੁਰਾਰੀ ਲਾਲ ਵੀ ਆਪਣੇ ਪੁੱਤਰ ਦੀ ਸ਼ਾਦੀ ਸਮੇਂ ਸ਼ਰਾਬ ਦਾ ਲੰਗਰ ਲਾਉਣ ਤੋਂ ਪਿੱਛੇ ਨਹੀਂ ਰਹਿੰਦਾ। ਬਾਕੀ ਦਿਆਂ ਨੇ ਕਿਉਂ ਰਹਿਣਾ ਹੋਇਆ? ਇਸ ਵਿਚ ਕਿਸੇ ਨੂੰ ਕੋਈ ਇਤਰਾਜ਼ ਕਿਉਂ ਹੋਵੇ? ਅਸੀਂ ਹਾਂ ਹੀ ਇਸੇ ਤਰਾਂ ਦੇ!

ਮੁੰਡੇ ਦੀ ਸ਼ਾਦੀ ਦੀ ਰਿਸੈਪਸ਼ਨ ਹੋਵੇ, ਸ਼ਰਾਬ ਚੱਲ ਰਹੀ ਹੋਵੇ ਅਤੇ ਮੇਲੀ ਗੇਲੀ ਮੌਜ ਮੇਲਾ ਕਰ ਰਹੇ ਹੋਣ ਤਾਂ ਫਿਰ ‘ਚਿੱਤਰਹਾਰ’ ਦੀ ਕਮੀ ਕਿਉਂ ਰੜਕੇ? ਚਿਤਰਹਾਰ ਕਦੀ ਦੂਰਦਰਸ਼ਨ ਉਤੇ ਦਿਖਾਇਆ ਜਾਂਦਾ ਫਿਲਮੀ ਗੀਤਾਂ ਦਾ ਪਰੋਗਰਾਮ ਹੁੰਦਾ ਸੀ। ਅਜ ਇਸ ਨੂੰ ਸਟੇਜਾਂ ਉਤੇ ਲੈ ਆਂਦਾ ਗਿਆ ਹੈ। ਇਸ ਵਿਚ ਹੁਣ ਨੰਗੇਜ਼ ਦੀ ਕੋਈ ਪਰਵਾਹ ਨਹੀਂ ਕਰਦਾ। ਅਸਲ ਵਿਚ ਇਸ ਪਰੋਗਾਰਮ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਮੇਲੀਆਂ ਗੇਲੀਆਂ ਦੀਆਂ ਅੱਖਾਂ ਤੱਤੀਆਂ ਕਰਵਾਈਆਂ ਜਾਣ। ਇਸ ਲਈ ਸ਼ਾਦੀ ਦੀ ਸਟੇਜ ਉਤੇ ਨੱਚਣ ਲਈ ਨਾਚੀਆਂ ਮੰਗਵਾਈਆਂ ਜਾਂਦੀਆਂ ਹਨ। ਜਵਾਨ ਕੁੜੀਆਂ ਭੜਕਾਵੇਂ ਕੱਪੜੇ ਪਾ ਕੇ ਫਿਲਮੀ ਜਾਂ ਗੈਰ ਫਿਲਮੀ ਗੀਤਾਂ ਉਤੇ ਨੱਚਦੀਆਂ ਹਨ ਅਤੇ ਸ਼ਰਾਬੀ ਹੋਏ ਮੇਲੀ ਉਨਾਂ ਉਤੇ ਰੁਪਈਏ ਵਾਰਦੇ ਹਨ। ਅਜਿਹਾ ਕਰਨ ਨਾਲ ਜੇ ਘਰ ਦੀਆਂ ਤੀਵੀਆਂ ਮਾਨੀਆਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਤਾਂ ਫਿਰ ਕਿਸੇ ਬਾਹਰਲੇ ਬੰਦੇ ਨੂੰ ਕਿਉਂ ਹੋਵੇ? ਬੰਦੇ ਬਾਰੇ ਤਾਂ ਕਿਹਾ ਹੀ ਇਹ ਜਾਂਦਾ ਹੈ ਕਿ ਮਰਨ ਕਿਨਾਰੇ ਹੋ ਕੇ ਵੀ ਉਸ ਨੂੰ ਨੰਗੀਆਂ ਤਸਵੀਰਾਂ ਦੇ ਹੀ ਸੁਪਨੇ ਆਉਂਦੇ ਹਨ। ਇਸ ਲਈ ਆਪਣੀਆਂ ਪੋਤਰੀਆਂ ਦੀ ਉਮਰ ਦੀਆਂ ਨੌਜਵਾਨ ਅੱਧ ਨੰਗੀਆਂ ਕੁੜੀਆਂ ਨੂੰ ਨੱਚਦੀਆਂ ਦੇਖ ਕੇ ਉਹ ਖੂਸ਼ ਕਿਉਂ ਨਾ ਹੋਣ? ਕਿਸੇ ਬਾਹਰੋਂ ਆਏ ਬੰਦੇ ਨੂੰ ਜੇ ਇਹ ਚੰਗਾ ਨਹੀਂ ਲੱਗਾ ਤਾਂ ਉਸ ਨੂੰ ਸਮੇਂ ਦੇ ਹਾਣ ਦਾ ਹੋਣਾ ਚਾਹੀਦਾ ਹੈ। ਅਸੀਂ ਤਾਂ ਸਮੇਂ ਦੇ ਹਾਣ ਦੇ ਹੀ ਨਹੀਂ ਸਗੋਂ ਉਸ ਤੋਂ ਅਗੇ ਵਧ ਗਏ ਹਾਂ। ਅਸੀਂ ਬਸ ਇਸੇ ਤਰਾਂ ਦੇ ਹੀ ਹਾਂ!

ਕੀ ਅਜਿਹਾ ਕਰਕੇ ਅਸੀਂ ਕਿਤੇ ਪਿੱਛੇ ਵੱਲ ਨੂੰ ਤਾਂ ਨਹੀਂ ਚਲੇ ਗਏ? ਇਹ ਬਹੁਤ ਹੀ ਫਜ਼ੂਲ ਦੀ ਗੱਲ ਹੈ। ਸਾਡੇ ਦਾਦੇ ਪੜਦਾਦੇ ਏਨੇ ਗਰੀਬ ਹੁੰਦੇ ਸਨ ਕਿ ਜਾਗੀਰਦਾਰਾਂ ਜਾਂ ਅਮੀਰਾਂ ਵਲੋਂ ਕਰਵਾਏ ਜਾਂਦੇ ਮੁਜਰਿਆਂ ਨੂੰ ਨਹੀਂ ਸਨ ਦੇਖ ਸਕਦੇ। ਉਨਾਂ ਨੂੰ ਇਨਾਂ ਮੁਜਰਿਆਂ ਦੇ ਨੇੜੇ ਤੇੜੇ ਵੀ ਨਹੀਂ ਸੀ ਲੱਗਣ ਦਿਤਾ ਜਾਂਦਾ। ਮੁਜਰਾ ਦੇਖਣ ਲਈ ਬੋਝੇ ਵਿਚ ਪੈਸੇ ਚਾਹੀਦੇ ਹਨ। ਜਦੋਂ ਮਸਾਂ ਰੋਟੀ ਹੀ ਖਾਧੀ ਜਾ ਸਕਦੀ ਹੋਵੇ ਤਾਂ ਭਲਾ ਕੋਈ ਮੁਜਰਾ ਕਿਵੇਂ ਦੇਖ ਸਕਦਾ ਸੀ? ਇਸ ਦਾ ਇਲਾਜ ਵੀ ਸਾਡੇ ਦਾਦੇ ਪੜਦਾਦਿਆਂ ਨੇ ਲੱਭ ਲਿਆ ਸੀ। ਉਹ ਨਕਲੀ ਮੁਜਰਾ ਕਰਵਾ ਲਿਆ ਕਰਦੇ ਸਨ। ਕਿਸੇ ਮੁੰਡੇ ਨੂੰ ਹੀ ਤੀਵੀਆਂ ਵਾਲੇ ਕੱਪੜੇ ਪੁਆ ਕੇ ਆਪਣਾ ਝੱਸ ਪੂਰਾ ਕਰ ਲੈਂਦੇ ਸਨ। ਨਾਚੀ ਨਾ ਸਹੀ, ਤੀਵੀਂ ਦੇ ਭੇਸ ਵਿਚ ਨਾਚਾ ਹੀ ਸਹੀ। ਉਹ ਤਾਂ ਇਨਾਂ ਨਾਚਿਆਂ ਪਿੱਛੇ ਲੜਾਈਆਂ ਵੀ ਕਰ ਲੈਂਦੇ ਸਨ ਜਿਵੇਂ ਤੀਵੀਆਂ ਪਿੱਛੇ ਹੁੰਦੀਆਂ ਸਨ।

ਹੁਣ ਉਹ ਜ਼ਮਾਨੇ ਨਹੀਂ ਰਹੇ। ਹੁਣ ਜਾਗੀਰਦਾਰੀ ਖਤਮ ਹੋ ਚੁੱਕੀ ਹੈ ਅਤੇ ਸਮਾਜਕ ਬਰਾਬਰੀ ਦਾ ਜ਼ਮਾਨਾ ਹੈ। ਸਮਾਜਕ ਬਰਾਬਰੀ ਵਿਚ ਹਰ ਇਕ ਪੰਜਾਬੀ ਨੂੰ ਹੱਕ ਹੈ ਕਿ ਜੋ ਕੁਝ ਉਸ ਦੇ ਬਾਪ ਦਾਦਾ ਨਹੀਂ ਸਨ ਕਰ ਸਕੇ ਉਹ ਕੁਝ ਉਹ ਖੁਦ ਕਰ ਵੇਖੇ। ਇਹ ਵੀ ਹੱਕ ਹੈ ਕਿ ਜੋ ਕੁਝ ਉਸ ਦੇ ਵਡੇਰੇ ਅੰਦਰ ਵੜ ਕੇ ਕਰਦੇ ਸਨ ਉਸ ਸਭ ਕਾਸੇ ਨੂੰ ਉਹ ਖੁਲੇਆਮ ਕਰ ਸਕੇ। ਜੋ ਕੁਝ ਵਡੇਰੇ ਆਪਣੇ ਘਰ ਦੀਆਂ ਔਰਤਾਂ ਤੋਂ ਲੁਕੋ ਕੇ ਕਰਦੇ ਸਨ ਉਸ ਨੂੰ ਉਹ ਘਰ ਦੀਆਂ ਔਰਤਾਂ ਦੇ ਸਾਹਮਣੇ ਹੀ ਕਰ ਸਕੇ। ਉਸ ਨੂੰ ਰੋਕਣ ਵਾਲਾ ਕੌਣ ਜੰਮਿਆ ਹੈ? ਇਸ ਲਈ ਉਹ ਆਪਣੇ ਗਰੀਬ ਪਿਤਾਵਾਂ ਅਤੇ ਦਾਦਿਆਂ ਦੀ ਕਮੀ ਪੂਰੀ ਕਰ ਰਿਹਾ ਹੈ। ਇਸ ਲਈ ਕੀ ਸਾਨੂੰ ਗ਼ਲਤ ਕਿਹਾ ਜਾ ਸਕਦਾ ਹੈ? ਬਿਲਕੁਲ ਹੀ ਨਹੀਂ। ਅਸੀਂ ਜਿਸ ਤਰਾਂ ਦੇ ਵੀ ਹਾਂ, ਬਸ ਹਾਂ!

ਤੀਹ ਸਾਲ ਬਾਦ ਵਿਦੇਸ਼ੋਂ ਆਈ ਇਸ ਇਸਤਰੀ ਨੂੰ ਇਹ ਵੀ ਨਹੀਂ ਪਤਾ ਕਿ ਸ਼ਾਦੀ ਤਾਂ ਫਿਰ ਵੀ ਸੀਮਤ ਭਾਈਚਾਰੇ ਵਾਲਾ ਇਕੱਠ ਹੁੰਦਾ ਹੈ, ਅਸੀਂ ਤਾਂ ਗਾਇਕੀ ਦੇ ਮੇਲਿਆਂ ਵਿਚ ਵੀ ਕੋਈ ਕਸਰ ਨਹੀਂ ਛੱਡਦੇ। ਮੂਜੀ ਤੋਂ ਮੂਜੀ ਤੋਂ ਲੈ ਕੇ ਸੂਫੀ ਤੋਂ ਸੂਫੀ ਗਾਇਕ ਤਕ ਦੀ ਟੋਲੀ ਵਿਚ ਵੀ ਦਰਜਨ ਭਰ ਨਾਚੇ ਨਾਚੀਆਂ ਸ਼ਾਮਲ ਹੁੰਦੇ ਹਨ। ਸਮਾਂ ਬਹੁਤ ਅਗਾਂਹਵਧੂ ਹੋ ਗਿਆ ਹੈ। ਇਸ ਲਈ ਇਨਾਂ ਨਾਚੇ ਨਾਚੀਆਂ ਨੂੰ ਅਸੀਂ ਹੁਣ ਆਰਟਿਸਟ ਜਾਂ ਅਕਾਂਪਨਿਸਟ ਕਹਿਣ ਲੱਗ ਪਏ ਹਾਂ। ਜਦੋਂ ਉਧਰ ਗਾਇਕ ਦੇ ਮੂੰਹੋਂ ਬੁਲ੍ਹੇ ਸ਼ਾਹ ਦੀ ਕਾਫੀ ਨਿਕਲ ਰਹੀ ਹੁੰਦੀ ਹੈ ਤਾਂ ਸਟੇਜ ਉਤੇ ਨੱਚਣ ਵਾਲੀਆਂ ਇਸਤਰੀ ਕਲਾਕਾਰਾਂ ਭੜਕਾਊ ਲਿਬਾਸ ਪਾ ਕੇ ਤਾਂਡਵ ਵਰਗਾ ਨਾਚ ਨੱਚ ਰਹੀਆਂ ਹੁੰਦੀਆਂ ਹਨ। ਮੇਰੇ ਵਰਗੇ ਮੂਰਖ ਨੂੰ ਸਮਝ ਹੀ ਨਹੀਂ ਆਉਂਦਾ ਕਿ ਉਹ ਗਾਇਕ ਦੀ ਸੁਰ(!) ਵੱਲ ਧਿਆਨ ਦੇਵੇ ਜਾਂ ਕਿ ਨਾਚੀਆਂ ਦੇ ਥਿਰਕ ਰਹੇ ਜਿਸਮਾਂ ਦਾ ਜੁਗਰਾਫੀਆ ਨਾਪੇ?

ਹੈ ਤਾਂ ਬਿਲਕੁਲ ਹੀ ਪਰਸਨਲ ਗੱਲ, ਫਿਰ ਵੀ ਤੁਹਾਥੋਂ ਕੋਈ ਲੁਕੋ ਨਹੀਂ। ਸੱਚੀ ਗੱਲ ਹੈ ਕਿ ਕਈ ਸਾਲ ਹੋ ਗਏ ਮੈਂ ਤਾਂ ਗਾਇਕੀ ਦੇ ਕਿਸੇ ਮੇਲੇ ਵਿਚ ਗਿਆ ਹੀ ਨਹੀਂ। ਫਿਰ ਵੀ ਟੀ ਵੀ ਚੈਨਲਾਂ ਤੋਂ ਅਤੇ ਅਕਬਾਰੀ ਰਿਪੋਰਟਾਂ ਤੋਂ ਪਤਾ ਲੱਗ ਹੀ ਜਾਂਦਾ ਹੈ ਕਿ ਕਿਹੜੇ ਮੇਲੇ ਵਿਚ ਕਿਸ ਤਰਾਂ ਦੇ ਰੰਗ ਲਗੇ ਸਨ। ਉਦੋਂ ਤਾਂ ਹੋਰ ਵੀ ਹੈਰਾਨੀ ਹੁੰਦੀ ਹੈ ਜਦੋਂ ਕਿਤੇ ਪਤਾ ਲਗਦਾ ਹੈ ਕਿ, ਮਿਸਾਲ ਵਜੋਂ ਗਾਇਕੀ ਦਾ ਮੇਲਾ ਤਾਂ ਲਗੇ ਜਨਾਬ ਸਾਧੂ ਸਿੰਘ ਹਮਦਰਦ ਵਰਗੇ ਮਹਾਨ ਸ਼ਾਇਰ ਦੀ ਯਾਦ ਵਿਚ, ਥਾਪੜਾ ਹੋਵੇ ਪਰਿਵਾਰ ਦਾ, ਗਾ ਰਿਹਾ ਹੋਵੇ ਪਰਿਵਾਰ ਦਾ ਕੋਈ ਚਹੇਤਾ ਗਾਇਕ, ਪਰ ਨਾਲ ਹੋ ਰਿਹਾ ਹੋਵੇ ਚਿਤਰਹਾਰ! ਇਹ ਭਲਾ ਕਿਸ ਤਰਾਂ ਦੀ ਸ਼ਰਧਾਂਜਲੀ ਹੈ? ਪਰ ਕਿਸੇ ਨੂੰ ਕੀ? ਅਸੀਂ ਤਾਂ ਬਸ ਇਸੇ ਤਰਾਂ ਹੀ ਕਰਨਾ ਹੈ!

ਉਹ ਕਹਿੰਦੀ ਹੈ ਕਿ ਪੰਜਾਬ ਦੇ ਬੱਚਿਆਂ ਦੇ ਅਗੇ ਵਧਣ ਦੀ ਤਾਂ ਰਫਤਾਰ ਹੀ ਬਹੁਤ ਹੈ। ਇਹ ਤਾਂ ਬਹੁਤ ਹੀ ਅਡਵਾਂਸ ਹੋ ਗਏ ਹਨ। ਵਿਆਹ ਵਾਲੀ ਜੋੜੀ ਹੀ ਕਿਵੇਂ ਆਪਸ ਵਿਚ ਘੁਲ ਮਿਲ ਕੇ ਗੱਲਾਂ ਕਰਦੀ ਸੀ। ਅਸੀਂ ਤਾਂ ਕਦੀ ਵੀ ਇਸ ਤਰਾਂ ਨਾ ਕਰਨ ਦੇਈਏ। ਨਾਲੇ ਅਸੀਂ ਤਾਂ ਆਪਣੇ ਬੱਚਿਆਂ ਨੂੰ ਪੰਜਾਬੀ ਕਲਚਰ ਬਾਰੇ ਸਮਝਾ ਕੇ ਰੱਖੀਦਾ ਹੈ! ਹੁਣ ਭਲਾ ਇਸ ਤਰਾਂ ਦੀ ਦਕੀਆਨੂਸੀ ਦਾ ਕੋਈ ਕੀ ਕਰੇ? ਤੁਸੀਂ ਕਿਥੇ ਰਹਿੰਦੇ ਹੋ ਮੋਹਤਰਮਾ? ਇਹ ਇੱਕੀਵੀਂ ਸਦੀ ਹੈ ਅਤੇ ਤੁਹਾਡੇ ਵਾਂਗ ਅਸੀਂ ਤੀਹ ਜਾਂ ਚਾਲੀ ਸਾਲ ਪਹਿਲਾਂ ਵਾਲਾ ਸਭਿਆਚਾਰ ਸੰਭਾਲ ਕੇ ਉਸ ਨੂੰ ਚੰਬੜੀ ਨਹੀਂ ਬੈਠੇ। ਅਸੀਂ ਆਪਣੇ ਬੱਚਿਆਂ ਨੂੰ ਇੱਕੀਵੀਂ ਸਦੀ ਦੇ ਹਾਣ ਦਾ ਕੀਤਾ ਹੈ। ਉਨਾਂ ਨੂੰ ਖੁੱਲਾਂ ਦਿਤੀਆਂ ਹੋਈਆਂ ਹਨ। ਉਨਾਂ ਨੂੰ ਮੌਜ ਕਰਨ ਦਿਉ। ਕੀ ਹੋਇਆ ਜੇ ਉਹ ਸ਼ਰਾਬਾਂ ਪੀਂਦੇ ਹਨ ਜਾਂ ਕੋਈ ਹੋਰ ਨਸ਼ਾ ਕਰ ਕੁਰ ਲੈਂਦੇ ਹਨ? ਅਡਵਾਂਸਮੈਂਟ ਦੀ ਕੋਈ ਤਾਂ ਕੀਮਤ ਹੁੰਦੀ ਹੀ ਹੈ। ਨਾਲੇ ਅਸੀਂ ਹਾਂ ਹੀ ਇਸੇ ਤਰਾਂ ਦੇ!

ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਹੀ ਵੱਡੇ ਵੱਡੇ ਮੈਰਿਜ ਪੈਲੇਸ ਬਣ ਗਏ ਹਨ। ਇਨਾਂ ਵਿਚ ਵਧੀਆ ਤੋਂ ਵਧੀਆ ਸਹੂਲਤਾਂ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਜਿੰਨਾ ਵਡਾ ਪੈਲੇਸ ਕਿਸੇ ਸ਼ਾਦੀ ਲਈ ਚੁਣਿਆ ਜਵੇ ਓਨਾ ਹੀ ਵੱਡਾ ਮਾਣ ਉਸ ਪਰਿਵਾਰ ਨੂੰ ਮਿਲਦਾ ਸਮਝਿਆ ਜਾਂਦਾ ਹੈ। ਇਸ ਲਈ ਤਾਂ ਅੱਜ ਪੰਜਾਬ ਵਿਚ ਸ਼ਾਦੀ ਇਕ ਸਮਾਜਕ ਸਮਾਗਮ ਨਹੀਂ ਰਹਿ ਗਿਆ ਸਗੋਂ ਇਕ ਵਪਾਰ ਬਣ ਗਿਆ ਹੈ। ਇਸ ਸਮੇਂ ਪੰਜਾਬ ਦੀ ਸ਼ਾਦੀ ਇੰਡਸਟਰੀ ਕਰੀਬ ਦਸ ਹਜ਼ਾਰ ਕਰੋੜ ਰੁਪਏ ਦੀ ਹੈ। ਵਿਦੋਸ਼ੋਂ ਆਈ ਇਸਤਰੀ ਨੂੰ ਹੈਰਾਨੀ ਹੈ ਕਿ ਸ਼ਾਦੀ ਉਤੇ ਕਿੰਨਾ ਇੰਤਜ਼ਾਮ ਕੀਤਾ ਗਿਆ ਸੀ। ‘ਅਸੀਂ ਤਾਂ ਕਦੀ ਵੀ ਏਨਾ ਨਾ ਕਰ ਸਕੀਏ! ਸਾਡੇ ਕੋਲ ਤਾਂ ਸਮਾਂ ਹੀ ਨਹੀਂ ਹੁੰਦਾ!’

ਇਹੀ ਤਾਂ ਫਰਕ ਹੈ। ਤੁਹਾਡੇ ਕੋਲ ਖਬਰੇ ਪੈਸਾ ਹੋਵੇ ਪਰ ਸਮਾਂ ਨਹੀਂ ਹੈ। ਸਾਡੇ ਕੋਲ ਪੈਸਾ ਵੀ ਹੈ ਅਤੇ ਸਮਾਂ ਵੀ। ਜੇ ਪੈਸਾ ਨਹੀਂ ਹੋਵੇਗਾ ਤਾਂ ਉਧਾਰ ਮੰਗ ਲਵਾਂਗੇ। ਅੱਜ ਸਾਡੇ ਦੇਸ ਵਿਚ ਮੱਧ ਵਰਗ ਨੂੰ ਕਰਜ਼ਾ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ। ਇਕ ਟਰੈਕਟਰ ਦਾ ਕਰਜ਼ਾ ਮੁੰਡੇ ਦੀ ਸ਼ਾਦੀ ਲਈ ਚੋਖਾ ਹੁੰਦਾ ਹੈ। ਜੇ ਘੱਟ ਹੋਵੇ ਤਾਂ ਬਾਜ਼ਾਰ ਵਿਚੋਂ ਵਿਆਜ਼ੂ ਮਿਲ ਹੀ ਜਾਂਦਾ ਹੈ। ਅਸੀਂ ਕਿਤਿਉਂ ਵੀ ਲਈਏ, ਸ਼ਾਦੀ ਉਤੇ ਪੈਸਾ ਜ਼ਰੂਰ ਖਰਚਾਂਗੇ।

ਕਹਿੰਦੇ ਹਨ ਕਿ ਜਿਸ ਦੀ ਕੋਠੀ ਦਾਣੇ ਉਸ ਦੇ ਕਮਲੇ ਵੀ ਸਿਆਣੇ। ਦਾਣੇ ਸਾਡੇ ਕੋਠੀ ਵੀ ਹਨ ਤੁਸੀਂ ਰਤਾ ਜ਼ਿਆਦਾ ਹੀ ਸਿਆਣੇ ਹੋ ਗਏ ਲਗਦੇ ਹੋ। ਪਰ ਮੈਂ ਤਾਂ ਕਹਾਂਗਾ ਕਿ ਤੁਸੀਂ ਬਾਹਰ ਜਾ ਕੇ ਪੰਜਾਬੀ ਹੀ ਨਹੀਂ ਰਹਿ ਗਏ। ਜੇ ਤੁਸੀਂ ਪੰਜਾਬੀ ਰਹਿੰਦੇ ਤਾਂ ਉਹ ਸਭ ਕੁਝ ਵੀ ਕਰਦੇ ਜੋ ਕੁਝ ਅਸੀਂ ਇਥੇ ਕਰਦੇ ਹਾਂ। ਅਸੀਂ ਬਹੁਤ ਹੀ ਅਗਾਂਹਵਧੂ ਹੋ ਗਏ ਹਾਂ। ਤੁਹਾਨੂ ਖਬਰੇ ਹੋਰ ਤਰਾਂ ਲਗੇ ਪਰ ਅਸੀਂ ਕੀ ਕਰੀਏ? ਤੁਸੀਂ ਖਬਰੇ ਬਹੁਤੇ ਹੀ ਅਕਲਮੰਦ ਹੋ ਗਏ ਹੋ।

ਪਰ ਅਸੀਂ ਤਾਂ ਹਾਂ ਹੀ ਇਸੇ ਤਰਾਂ ਦੇ ... !!

 

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com