ਭੂਮਿਕਾ ਅੱਜ ਦੇ ਲਿਖਿਤ ਅੰਕੜੇ ਇਹ ਸਾਬਤ ਕਰਦੇ
ਹਨ ਕਿ ਦੁਨੀਆ ਭਰ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 13 ਕਰੋੜ (130
ਮਿਲੀਅਨ) ਤਕ ਪਹੁੰਚ ਚੁੱਕੀ ਹੈ। ਇਹ ਵੀ ਲਿਖਿਤ ਤੱਥ ਮੌਜੂਦ ਹੈ ਕਿ ਪੰਜਾਬੀ,
ਦੁਨੀਆ ਦੀ 10ਵੀਂ ਸਭ ਤੋਂ ਵੱਧ ਬੋਲੇ ਜਾਣ ਵਾਲੀ ਭਾਸ਼ਾ ਹੈ। ਵਿਹਾਰਕ ਪੱਧਰ ਤੇ
ਦੇਖਦਿਆਂ ਪਤਾ ਲਗਦਾ ਹੈ ਕਿ ਅੱਜ ਵੀ ਪਾਕਿਸਤਾਨੀ ਪੰਜਾਬ ਵਿਚ ਵਧੇਰੇ ਗਿਣਤੀ
ਪੰਜਾਬੀ ਬੋਲਣ ਵਾਲਿਆਂ ਦੀ ਹੈ। ਸਮੁੱਚੇ ਭਾਰਤ ਵਿਚ ਵੱਧ ਬੋਲਣ ਵਾਲੀਆਂ
ਭਾਸ਼ਾਵਾਂ ਵਿਚੋਂ ਪੰਜਾਬੀ 11ਵੀਂ ਪੱਧਰ ਤੇ ਹੈ। ਭਾਰਤੀ ਉਪ ਮਹਾਂਦੀਪ ਵਿਚ ਇਹ
ਤੀਸਰੀ ਵੱਧ ਬੋਲਣ ਵਾਲੀਆਂ ਜ਼ਬਾਨਾਂ'ਚੋਂ ਮੰਨੀ ਗਈ ਹੈ। ਇਸੇ ਤਰ੍ਹਾਂ ਇੰਗਲੈਂਡ
ਅਤੇ ਕੈਨੇਡਾ ਵਿਚ ਵੀ ਇਹ ਤੀਸਰੀ ਸਭ ਤੋਂ ਵੱਧ ਬੋਲਣ ਵਾਲੀਆਂ ਜ਼ਬਾਨਾਂ'ਚੋਂ
ਮੰਨੀ ਗਈ ਹੈ। ਬਾਲੀਵੁੱਡ ਵਿਚ ਪੰਜਾਬੀ ਦੀ ਵਰਤੋਂ ਦਿਨ ਬਦਿਨ ਵਧ ਰਹੀ ਹੈ।
ਇਸ ਵਿਚ ਵੀ ਕੋਈ ਝੂਠ ਨਹੀਂ ਕਿ ਅੱਜ ਪੰਜਾਬੀ ਮਨੁੱਖ ਦੁਨੀਆ ਦੇ ਕੋਨੇ ਕੋਨੇ
ਤੱਕ ਸਿਰਫ਼ ਪਹੁੰਚਿਆ ਹੀ ਨਹੀਂ ਸਗੋਂ ਆਬਾਦ ਵੀ ਹੋਇਆ ਹੈ। ਆਬਾਦ ਹੋਣ ਦੇ ਨਾਲ
ਨਾਲ ਇਸ ਨੇ ਸਭਿਆਚਾਰ ਨੂੰ ਵੀ ਕਾਫ਼ੀ ਹੱਦ ਤੱਕ ਜ਼ਿੰਦਾ ਰੱਖਿਆ ਹੈ। ਸਭਿਆਚਾਰ ਦੇ
ਨਾਲ ਨਾਲ ਪੰਜਾਬੀ ਸਾਹਿਤ ਦੇ ਮਾਧਿਅਮ ਰਾਹੀਂ ਸਾਡੇ ਪੰਜਾਬੀ ਸਾਹਿਤਕਾਰਾਂ ਨੇ
ਪ੍ਰਦੇਸਾਂ ਵਿਚ ਰਹਿੰਦਿਆਂ, ਪਰਾਈਆਂ ਧਰਤੀਆਂ ਤੇ ਵਿਚਰਦਿਆਂ, ਇਕ ਐਸਾ ਸਾਹਿਤ
ਸਿਰਜਿਆ ਹੈ ਜਿਸ ਨੇ ਪੰਜਾਬੀ ਸਾਹਿਤ ਦੇ ਥੀਮਕ ਘੇਰੇ ਨੂੰ ਵਿਸਤਾਰ ਦਿਤਾ ਹੈ।
ਇਨ੍ਹਾਂ ਸਾਹਿਤਕਾਰਾਂ ਨੇ ਦੇਸ਼ਾਂ ਵਿਦੇਸ਼ਾਂ ਵਿਚ ਸਾਹਿਤਿਕ ਸਭਾਵਾਂ ਦੀ ਸਥਾਪਨਾ
ਰਾਹੀਂ ਪੰਜਾਬ ਵਿਚ ਵਸਦੇ ਲੇਖਕਾਂ ਨਾਲ ਆਪਣਾ ਰਾਬਤਾ ਬਣਾਈ ਰੱਖਿਆ ਹੈ। ਇਸ ਦੇ
ਨਾਲ ਨਾਲ ਪੰਜਾਬੀ ਸੱਥ ਨੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਦੁਨੀਆ ਭਰ ਵਿਚ
ਵਿਸਤਾਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਦੇਸ਼ਾਂ ਵਿਦੇਸ਼ਾਂ ਵਿਚ ਪੰਜਾਬੀ
ਸੱਥਾਂ ਕਾਇਮ ਕਰਕੇ, ਪੰਜਾਬੀ ਵਿਚ ਪੁਸਤਕਾਂ ਪ੍ਰਕਾਸ਼ਿਤ ਕਰਾ ਕੇ, ਉਨ੍ਹਾਂ
ਦੇਸ਼ਾਂ ਵਿਚ ਇਨ੍ਹਾਂ ਪੁਸਤਕਾਂ ਨੂੰ ਪਹੁੰਚਾ ਕੇ ਪੰਜਾਬੀ ਦੀ ਹੋਂਦ ਬਚਾਈ ਰੱਖਣ
ਵਿਚ ਆਪਣਾ ਯੋਗਦਾਨ ਪਾਇਆ ਹੈ। ਏਥੇ ਹੀ ਬੱਸ ਨਹੀਂ 5ਆਬੀ ਡੌਟ ਕੋਮ, ਲਿਖਾਰੀ
ਡੌਟ ਕੋਮ, ਸੀਰਤ, ਵਤਨ, ਸੰਵਾਦ ਅਤੇ ਮੀਡੀਆ ਪੰਜਾਬ ਵਰਗੇ ਵਿਦੇਸ਼ੀ ਪੰਜਾਬੀ
ਵੈੱਬਸਾਈਟਸ ਅਤੇ ਅਖ਼ਬਾਰਾਂ, ਰਸਾਲਿਆਂ ਦੀ ਸ਼ਕਲ ਵਿਚ ਪੰਜਾਬੀ ਸਾਹਿਤ ਪੰਜਾਬੀਆਂ
ਦੀ ਰੂਹ ਦੀ ਖ਼ੁਰਾਕ ਬਣਦਾ ਆ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬੀ ਸੰਗੀਤ ਜਿਥੇ
ਬਾਲੀਵੁੱਡ ਦੀਆਂ ਫ਼ਿਲਮਾਂ ਦੀ ਕਾਮਯਾਬੀ ਦਾ ਰਾਜ਼ ਬਣ ਰਿਹਾ ਹੈ ਓਥੇ ਵਿਦੇਸ਼ਾਂ
ਵਿਚ ਵੀ ਮਿਸ਼ਰਿਤ ਢੰਗ ਨਾਲ ਪੰਜਾਬੀ ਸੰਗੀਤ ਕਾਫ਼ੀ ਮਸ਼ਹੂਰ ਹੋ ਚੁੱਕਾ ਹੈ। ਲੇਕਿਨ
ਇਸ ਸੰਗੀਤ ਵਿਚੋਂ ਬਹੁਤਾ ਕਰਕੇ ‘ਖਾਓ ਪੀਓ ਐਸ਼ ਕਰੋ ਮਿੱਤਰੋ’ ਵਾਲਾ ਸੁਨੇਹਾ ਹੀ
ਝਲਕਦਾ ਦਿਖਾਈ ਦੇਂਦਾ ਹੈ।
ਭਾਸ਼ਾ ਦਾ ਕੰਮ
ਸਵਾਲ ਪੈਦਾ ਹੁੰਦਾ ਹੈ: ਕੀ ਕਿਸੇ ਭਾਸ਼ਾ ਦੇ ਵਿਕਾਸ ਲਈ ਭਾਸ਼ਾ ਦਾ ਕੰਮ ਰੂਹ
ਦੀ ਖ਼ੁਰਾਕ ਹੀ ਬਣਨਾ ਹੈ ਜਾਂ ਕਿਸੇ ਕੌਮ ਦੀ ਜੀਵਨ ਸ਼ੈਲੀ ਦਾ ਅਟੁੱਟ ਅੰਗ ?
ਉੱਤਰ ਸਪੱਸ਼ਟ ਹੈ ਕਿ ਕੋਈ ਵੀ ਭਾਸ਼ਾ ਕਿਸੇ ਵੀ ਕੌਮ ਦੀ ਸਮੁੱਚੀ ਰਹਿਤਲ ਦੀ
ਉਹ ਧਰਾਤਲ ਹੁੰਦੀ ਹੈ ਜਿਸ ਤੇ ਕੌਮ ਦੇ ਜ਼ਿੰਦਾ ਰਹਿਣ ਦਾ ਉਸਾਰ ਉਸਰਿਆ ਹੁੰਦਾ
ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਥੇ ਕਦੇ ਪੰਜਾਬੀ ਭਾਸ਼ਾ ਸਾਂਝੇ ਵਿਸ਼ਾਲ
ਪੰਜਾਬ ਦੀ ਜੀਵਨ ਜਾਚ, ਉਸਦੇ ਸਾਹਿਤ, ਉਸਦੇ ਮਨੋਰੰਜਨ ਦਾ ਅਨਿੱਖੜ ਅੰਗ ਹੁੰਦੀ
ਸੀ ਓਥੇ 1947/84 ਵਰਗੇ ਇਤਿਹਾਸਕ ਹਾਦਸਿਆਂ ਨੇ ਉਸਦੇ ਬੋਲਣ ਵਾਲਿਆਂ ਵਿਚ, ਉਸ
ਦੇ ਸਾਹਿਤ ਰਚਣ ਵਾਲਿਆਂ ਵਿਚ ਰਾਜਨੀਤੀ ਅਤੇ ਧਰਮ ਦੇ ਆਧਾਰ ਤੇ ਵੰਡੀਆਂ ਪਾ ਕੇ
ਉਸ ਦੀ ਸਮੁੱਚੀ ਜੀਵਨ ਜਾਚ ਨੂੰ ਖੇਰੂੰ ਖੇਰੂੰ ਕਰ ਦਿੱਤਾ ਜਿਸ ਦਾ ਸਿੱਟਾ ਅਜ
ਤਕ ਇਹ ਜ਼ਬਾਨ ਭੁਗਤ ਰਹੀ ਹੈ।
ਅਜ ਜਦੋਂ ਕਿ ਪੰਜਾਬੀ ਦੁਨੀਆ ਦੇ ਕੋਨੇ ਕੋਨੇ ਵਿਚ ਪਹੁੰਚ ਚੁੱਕਾ ਹੈ ਅਤੇ
ਉਹ ਭਾਰਤ ਅਤੇ ਪਾਕਿਸਤਾਨ ਦੀ ਰਾਜਨੀਤਕ ਵਲਗਣ ਵਿਚੋਂ ਵੀ ਬਾਹਰ ਨਿਕਲ ਆਇਆ ਹੈ।
ਬਾਹਰਲੇ ਮੁਲਕਾਂ ਵਿਚ ਪੰਜਾਬੀ ਖੁਲ੍ਹੇ ਮਾਹੌਲ ਵਿਚ ਆ ਕੇ ਵੀ ਧਰਮ ਦੀ ਪੱਧਰ ਤੇ
ਆਪਣੇ ਆਪਣੇ ਦਾਇਰਿਆਂ ਵਿਚ ਵਿਚਰ ਰਿਹਾ ਹੈ। ਅੱਜ ਵਿਦੇਸ਼ਾਂ ਵਿਚ ਵੀ ਪੰਜਾਬੀਆਂ
ਦੇ ਧਰਮ ਦੇ ਆਧਾਰ ਤੇ ਵੱਖ ਵੱਖ ਇਲਾਕੇ ਹੋਂਦ ਵਿਚ ਆਏ ਹੋਏ ਹਨ। ਵੇਖਣ ਨੂੰ ਤਾਂ
ਪੰਜਾਬੀ ਹਿੰਦੂ, ਸਿੱਖ ਅਤੇ ਮੁਸਲਮਾਨ ਪੰਜਾਬੀ ਬੋਲਦੇ ਦਿਖਾਈ ਦੇਂਦੇ ਹਨ ਲੇਕਿਨ
ਮਜ਼ਹਬ ਦੀ ਪੱਧਰ ਤੇ ਉਹ ਇਕ ਦੂਜੇ ਤੋਂ ਕਾਫ਼ੀ ਦੂਰ ਖੜ੍ਹੇ ਦਿਖਾਈ ਦੇਂਦੇ ਹਨ।
ਸਾਹਿਤਿਕ ਪੱਧਰ ਤੇ ਦੇਖਿਆਂ ਪਤਾ ਲਗਦਾ ਹੈ ਕਿ ਪੰਜਾਬੀ ਦਾ ਮੱਧ ਕਾਲ ਦਾ ਸਾਹਿਤ
ਜਿਥੇ ਮਜ਼ਹਬ ਨਾਲੋਂ ਬੋਲੀ ਨਾਲ ਪਿਆਰ ਦੀ ਗਵਾਹੀ ਭਰਦਾ ਹੈ ਦਿਖਾਈ ਦੇਂਦਾ ਹੈ
ਓਥੇ ਅੱਜ ਦਾ ਪੰਜਾਬੀ ਸਾਹਿਤ ਮਜ਼ਹਬ ਦੀ ਪੱਧਰ ਤੇ ਇਕ ਦੂਜੇ ਤੋਂ ਅਜੇ ਵੀ ਵਿੱਥ
ਤੇ ਖੜ੍ਹਾ ਹੈ। ਏਥੋਂ ਤੱਕ ਕਿ ਪੰਜਾਬੀ ਦੀ ਉਚੇਰੀ ਵਿਦਿਆ ਦੀ ਪੱਧਰ ਤੇ
ਪਾਕਿਸਤਾਨ ਵਿਚ ਪੜ੍ਹਾਈ ਜਾਣ ਵਾਲੀ ਪੰਜਾਬੀ'ਚੋਂ ਗੁਰਮਤਿ ਸਾਹਿਤ ਨੂੰ ਸ਼ਾਮਿਲ
ਨਹੀਂ ਕੀਤਾ ਜਾਂਦਾ।
ਲਿਪੀ ਦਾ ਸਵਾਲ
ਇਕ ਹੋਰ ਗੱਲ ਭਾਸ਼ਾ ਦੀ ਲਿਪੀ ਬਾਰੇ। ਹਾਲਾਂ ਕਿ ਪੰਜਾਬੀ ਭਾਸ਼ਾ ਦੀ
ਪ੍ਰਕਿਰਤੀ ਸ੍ਵਰਾਤਮਕ ( ਟੋਨੳਲ ) ਹੈ, ਇਸ ਵਿਚ ਬੋਲੀਆਂ ਜਾਣ ਵਾਲੀਆਂ ਕੁਝ
ਸੁਰਾਂ ਜਿਵੇਂ ਘ, ਝ, ਢ, ਧ, ਭ ਪੰਜਾਬੀ ਭਾਸ਼ਾ ਦੀਆਂ ਵਿਲੱਖਣ ਸੁਰਾਂ ਹਨ।
ਇਨ੍ਹਾਂ ਨੂੰ ਲਿਖਣ ਲਈ ਗੁਰਮੁਖੀ ਲਿਪੀ ਹੀ ਢੁਕਵੀਂ ਹੈ, ਲੇਕਿਨ ਪੰਜਾਬੀ
ਪਹਿਲਾਂ ਵੀ ਗੁਰਮੁਖੀ, ਸ਼ਾਹਮੁਖੀ ਅਤੇ ਦੇਵਨਾਗਰੀ ਵਿਚ ਲਿਖੀ ਜਾਂਦੀ ਰਹੀ ਅਤੇ
ਅੱਜ ਇਸ ਨੂੰ ਲਿਖਣ ਲਈ ਰੋਮਨ ਲਿਪੀ ਦੀ ਵਰਤੋਂ ਵੀ ਹੋ ਰਹੀ ਹੈ ਜਿਸ ਨਾਲ ਫ਼ਾਇਦਾ
ਵੀ ਹੋਇਆ ਹੈ ਅਤੇ ਨੁਕਸਾਨ ਵੀ। ਇਸ ਦਾ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੋਇਆ
ਕਿ ਲਿਪੀ ਦੇ ਆਧਾਰ ਤੇ ਰਾਜਨੀਤੀ ਦੀਆਂ ਚਾਲਾਂ ਇਨ੍ਹਾਂ ਪੰਜਾਬੀਆਂ ਵਿਚ ਫ਼ੁੱਟ
ਪਾਉਣ ਵਿਚ ਵਧੇਰੇ ਕਾਮਯਾਬ ਹੋਈਆਂ।
ਗੁਰਮੁਖੀ ਗੁਰੂ ਦੇ ਮੁੱਖ'ਚੋਂ ਨਿਕਲੀ ਮੰਨੇ ਜਾਣ ਕਾਰਨ ਧਾਰਮਿਕ ਹੋਣ ਦਾ
ਸੰਕੇਤ ਦੇਂਦੀ ਰਹੀ, ਸਿੱਟੇ ਵਜੋਂ ਇਹ ਲੋਕਾਂ ਦੀ ਜ਼ਬਾਨ ਹੋਣ ਦੇ ਬਾਵਜੂਦ ਕਦੇ
ਵੀ ਕਿਸੇ ਰਾਜ-ਦਰਬਾਰ ਦੀ ਭਾਸ਼ਾ ਨਾ ਬਣ ਸੱਕੀ। ਸ਼ਾਹਮੁਖੀ ਰਾਜੇ ਦੇ ਮੁੱਖ'ਚੋਂ
ਨਿਕਲੀ ਹੋਣ ਕਾਰਨ ਰਾਜਨੀਤੀ ਵੱਲ ਸੰਕੇਤ ਦੇਂਦੀ ਰਹੀ ਅਤੇ ਸ਼ਾਹਮੁਖੀ ਵਿਚ
ਪੰਜਾਬੀ ਸਾਹਿਤ ਤਾਂ ਭਾਵੇਂ ਰਚਿਆ ਗਿਆ ਲੇਕਿਨ ਲਿਪੀ ਦੀ ਸੀਮਾ ਕਾਰਨ ਉਹ ਸਾਂਝੇ
ਪੰਜਾਬੀਆਂ ਤੱਕ ਆਪਣੀ ਪਹੁੰਚ ਕਰਨ ਤੋਂ ਅਸਮਰੱਥ ਰਿਹਾ। ਦੇਵਨਾਗਰੀ ਵੀ ਦੇਵਤਿਆਂ
ਦੀ ਲਿਪੀ ਹੋਣ ਕਾਰਨ ਮਨੁੱਖ 'ਤੋਂ ਵਿੱਥ ਤੇ ਵਿਚਰਦੀ ਰਹੀ। ਹਾਲਾਂਕਿ ਆਦਿ
ਗ੍ਰੰਥ ਦੀ ਬਾਣੀ ਵਿਚ ਵੱਖ ਵੱਖ ਭਾਰਤੀ ਭਾਸ਼ਾਵਾਂ ਦੇ ਮਿਸ਼ਰਿਤ ਸ਼ਬਦਾਂ ਦੀ ਵਰਤੋਂ
ਕੀਤੀ ਗਈ ਹੈ, ਲੇਕਿਨ ਆਧੁਨਿਕ ਯੁੱਗ ਵਿਚ ਆ ਕੇ ਰਾਜਨੀਤੀ ਨੇ ਐਸਾ ਤਾਂਡਵ
ਖੇਡਿਆ ਕਿ ਪੰਜਾਬੀ ਖ਼ੁਦ ਹੀ ਏਸ ਗੱਲ ਵੱਲੋਂ ਨਸੀਹਤਾਂ ਦੇਣ ਲੱਗੇ ਕਿ ਪੰਜਾਬੀ
ਨੂੰ ਕਿਸੇ ਹੋਰ ਭਾਸ਼ਾਵਾਂ ਦੇ ਸ਼ਬਦਾਂ ਦੇ ਰਲ੍ਹੇ ਤੋਂ ਬਚਾਇਆ ਜਾਵੇ। ਬਹੁਤਾ
ਇਤਰਾਜ਼ ਉਨ੍ਹਾਂ ਨੂੰ ਇਸ ਗੱਲ ਤੇ ਹੋਇਆ ਕਿ ਪੰਜਾਬੀ ਵਿਚ ਹਿੰਦੀ ਅਤੇ ਸੰਸਕ੍ਰਿਤ
ਸ਼ਬਦਾਂ ਦਾ ਰਲਾਅ ਪੰਜਾਬੀ ਦੀ ਸ਼ੁੱਧਤਾ ਨੂੰ ਖ਼ਰਾਬ ਕਰ ਰਿਹਾ ਹੈ। ਇਸ ਤਰ੍ਹਾਂ
ਪੰਜਾਬੀ ਦੇ ਸ਼ਬਦ-ਖੇਤਰ ਨੂੰ ਵਿਸ਼ਾਲ ਕਰਨ ਦੀ ਥਾਂ ਉਸ ਨੂੰ ਸ਼ੁੱਧਤਾ ਦੇ ਨਾਂ ਤੇ
ਹੋਰ ਸੀਮਤ ਕਰਨ ਲੱਗੇ।
ਕੋਈ ਵੀ ਭਾਸ਼ਾ ਸਮੇਂ ਦੀ ਚਾਲ ਦੇ ਨਾਲ ਨਾਲ ਇਕ ਵਗਦਾ ਪਰਵਾਹ ਹੁੰਦੀ ਹੈ, ਉਸ
ਪਰਵਾਹ ਵਿਚ ਰੋਕ ਲਾਉਣੀ ਭਾਸ਼ਾ ਦੀ ਰਫ਼ਤਾਰ ਵਿਚ ਬੰਨ੍ਹ ਲਾਉਣ ਵਰਗਾ ਹੁੰਦਾ ਹੈ।
ਵਗਦੇ ਪਰਵਾਹ ਨੂੰ ਕਾਇਮ ਰੱਖਣ ਲਈ ਸੋਚ ਦੇ ਪ੍ਰਵਾਹ ਨੂੰ ਕਾਇਮ ਰੱਖਣਾ ਵੀ
ਜ਼ਰੂਰੀ ਹੁੰਦਾ ਹੈ। ਵਿਦਵਾਨਾਂ ਵੱਲੋਂ ਤੰਗ ਨਜ਼ਰੀਆ ਅਪਨਾਉਣ ਦਾ ਸਿੱਟਾ ਇਹ ਹੋਇਆ
ਕਿ ਅੱਜ ਵੀ ਹਿੰਦੀ ਅਤੇ ਉਰਦੂ ਵਿਚ ਲਿਖਣ ਵਾਲਾ ਪੰਜਾਬੀ ਲੇਖਕ ਪੰਜਾਬੀ ਨੂੰ
ਮਾਂ ਬੋਲੀ ਮੰਨਣ ਤੋਂ ਇਨਕਾਰੀ ਹੋ ਰਿਹਾ ਹੈ।
ਅੱਜ ਅੰਗਰੇਜ਼ੀ ਅੰਤਰ-ਰਾਸ਼ਟਰੀ ਭਾਸ਼ਾ ਮੰਨੀ ਜਾਣ ਕਰਕੇ ਅੱਜ ਦਾ ਪੰਜਾਬੀ
ਮਨੁੱਖ ਇੰਟਰਨੈੱਟ ਅਤੇ ਸੋਸ਼ਲ ਸਾਈਟਸ ਤੇ ਰੋਮਨ ਲਿਪੀ ਵਿਚ ਪੰਜਾਬੀ ਲਿਖਦਾ
ਵਧੇਰੇ ਦਿਖਾਈ ਦੇਂਦਾ ਹੈ। ਵਿਦੇਸ਼ਾਂ ਵਿਚ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ
ਸੌਖ ਵਜੋਂ ਰੋਮਨ ਲਿਪੀ ਦੀ ਵਰਤੋਂ ਵੀ ਕਰ ਲਈ ਜਾਂਦੀ ਹੈ। ਇਸ ਦਾ ਫ਼ਾਇਦਾ ਇਹ
ਹੋਇਆ ਹੈ ਕਿ ਅੱਜ ਪੰਜਾਬੀ ਸਭਿਆਚਾਰ ਦੇ ਨਾਲ ਨਾਲ ਕੁਝ ਹੱਦ ਤੱਕ ਨੌਜਵਾਨ
ਪੀੜ੍ਹੀ ਪੰਜਾਬੀ ਭਾਸ਼ਾ ਨਾਲ ਜੁੜੀ ਹੋਈ ਹੈ ਲੇਕਿਨ ਨੁਕਸਾਨ ਇਹ ਹੋਇਆ ਕਿ ਉਚੇਰੀ
ਵਿਦਿਆ ਲਈ ਅੰਤਰ-ਰਾਸ਼ਟਰੀ ਪੱਧਰ ਤੇ ਪੰਜਾਬੀ ਲਈ ਮਿਆਰੀਕਰਣ ਦਾ ਮਾਪ ਦੰਡ ਕਾਇਮ
ਨਹੀਂ ਹੋ ਸਕਿਆ। ਇਸ ਦੇ ਉਲਟ ਯੂਰੋਪ ਦੇ ਸਾਰੇ ਦੇਸ਼ਾਂ ਦੀਆਂ ਜ਼ਬਾਨਾਂ ਲਈ ਜਿਥੇ
ਲਿਪੀ ਇਕ ਹੈ ਓਥੇ ਪੰਜਾਬੀ ਇਕ ਜ਼ਬਾਨ ਲਈ ਅੱਜ ਚਾਰ ਚਾਰ ਲਿਪੀਆਂ ਹੋਂਦ ਵਿਚ
ਆਈਆਂ ਹੋਈਆਂ ਹਨ। ਇਸ ਲਈ ਯੂਰੋਪ ਦੀ ਕਿਸੇ ਭਾਸ਼ਾ ਵਿਚ ਜਦ ਵੀ ਕੋਈ ਕਿਤਾਬ ਛਪਦੀ
ਹੈ ਉਸ ਦੇ ਨਾਲ ਨਾਲ ਹੀ ਅੰਗਰੇਜ਼ੀ ਵਿਚ ਉਸਦਾ ਤਰਜਮਾ ਛਪ ਜਾਂਦਾ ਹੈ ਅਤੇ ਕਿਤਾਬ
ਸਾਰੀ ਦੁਨੀਆ ਵਿਚ ਪਹੁੰਚ ਜਾਂਦੀ ਹੈ। ਲੇਕਿਨ ਪੰਜਾਬੀ ਭਾਸ਼ਾ ਕੋਲ ਇਸ ਤਰ੍ਹਾਂ
ਦੀ ਸੁਵਿਧਾ ਨਾ ਹੋਣ ਕਰਕੇ ਪੰਜਾਬੀ ਮਨੁੱਖ ਤਾਂ ਭਾਵੇਂ ਦੁਨੀਆ ਦੇ ਹਰ ਕੋਨੇ
ਵਿਚ ਪਹੁੰਚ ਚੁੱਕਾ ਹੈ ਲੇਕਿਨ ਪੰਜਾਬੀ ਦੀ ਕਿਤਾਬ ਦੁਨੀਆ ਦੇ ਹਰ ਕੋਨੇ ਤੱਕ
ਨਹੀਂ ਪਹੁੰਚਦੀ। ਕਾਰਨ, ਪੰਜਾਬੀ ਦੀ ਕਿਤਾਬ ਦਾ ਨਾਲੋਂ ਨਾਲ ਤਰਜਮਾ ਨਹੀਂ
ਛਪਦਾ। ਸਾਡਾ ਪੰਜਾਬੀ ਵਿਦਵਾਨ ਬਹੁਤ ਹੱਦ ਤੱਕ ਸਿਰਫ਼ ਪੰਜਾਬੀ ਦੀ ਪੜ੍ਹਾਈ ਕਰ
ਕੇ ਨੌਕਰੀ ਹਾਸਲ ਕਰਦਾ ਹੈ। ਉਸ ਦੇ ਨਾਲ ਨਾਲ ਹੋਰ ਜ਼ਬਾਨਾਂ ਦੀ ਪੜ੍ਹਾਈ ਲਈ ਕੋਈ
ਸਾਂਝਾ ਸਿਲੇਬਸ ਨਹੀਂ। ਹੋਰ ਜ਼ਬਾਨਾਂ ਵਿਚ ਮੁਹਾਰਤ ਹਾਸਲ ਕਰਨ ਲਈ ਬਹੁਤ ਸਾਰਾ
ਸਮਾ ਬਰਬਾਦ ਕਰਨਾ ਪੈਂਦਾ ਹੈ। ਪੰਜਾਬੀ ਸੌਖਾ ਰਾਹ ਅਪਣਾਉਂਦਾ ਹੈ ਇਸੇ ਲਈ
ਪੰਜਾਬੀ ਕੇਵਲ ਪੜ੍ਹਣ ਪੜ੍ਹਾਉਣ ਵਾਲਿਆਂ ਤਕ ਹੀ ਸੀਮਤ ਰਹਿ ਜਾਂਦੀ ਹੈ, ਸਮੁੱਚੇ
ਭਾਈਚਾਰੇ ਦੀ ਲੋੜ ਨਹੀਂ ਬਣਦੀ।
ਵਿਸ਼ਵੀਕਰਣ
ਅਜ ਦਾ ਦੌਰ ਵਿਸ਼ਵੀਕਰਣ ਦਾ ਦੌਰ ਹੈ। ਜੇ ਇਸਨੂੰ ਅਮਰੀਕੀ ਕੰਪਨੀਆਂ ਦਾ
ਵੈਸ਼ਵੀਕਰਨ ਆਖਿਆ ਜਾਏ ਤਾਂ ਅਤਕਥਨੀ ਨਹੀਂ ਹੋਵੇਗੀ। ਵੈਸ਼ਵੀਕਰਨ ਦਾ ਸੰਬੰਧ ਵਪਾਰ
ਅਤੇ ਮੁਨਾਫ਼ੇ ਨਾਲ ਜਾ ਜੁੜਦਾ ਹੈ। ਅਮਰੀਕਾ ਨੇ ਵਪਾਰ ਦੇ ਵਾਧੇ ਲਈ ਸਸਤੀ
ਮਜ਼ਦੂਰੀ ਰਾਹੀਂ ਵਧੇਰੇ ਮੁਨਾਫ਼ਾ ਕਮਾਉਣ ਲਈ ਅਮਰੀਕੀ ਕੰਪਨੀਆਂ ਸਾਰੇ ਵਿਸ਼ਵ ਵਿਚ
ਭੇਜ ਦਿੱਤੀਆਂ ਹਨ। ਭਾਰਤ ਵੀ ਇਸ ਮਾਰ ਤੋਂ ਬਚ ਨਹੀਂ ਸਕਿਆ। ਅੱਜ ਭਾਰਤ ਵਿਚ
ਭਾਸ਼ਾ ਦੀ ਪੱਧਰ ਤੇ ਸਿਰਫ਼ ਪੰਜਾਬੀ ਨੂੰ ਹੀ ਨਹੀਂ ਹਿੰਦੀ ਨੂੰ ਵੀ ਖ਼ਤਰਾ ਬਣਿਆ
ਹੋਇਆ ਹੈ। ਕਿਸੇ ਭਾਸ਼ਾ ਦੇ ਵਿਕਾਸ ਦਾ ਉਸ ਦੇਸ਼ ਦੀ ਅਰਥ-ਵਿਵਸਥਾ ਅਤੇ
ਸਿੱਖਿਆ-ਵਿਵਸਥਾ ਨਾਲ ਬੜਾ ਗਹਿਰਾ ਸੰਬੰਧ ਹੁੰਦਾ ਹੈ। ਜਿਥੇ ਅੱਜ ਭਾਰਤ ਦੀ ਅਰਥ
ਵਿਵਸਥਾ ਬਾਹਰਲੀਆਂ ਵਿਦੇਸ਼ੀ ਕੰਪਨੀਆਂ ਤੋਂ ਮਦਦ ਲੈਣ ਲਈ ਮਜਬੂਰ ਹੈ ਓਥੇ
ਸਿੱਖਿਆ ਵਿਵਸਥਾ ਆਪਣੀ ਵਿਰਾਸਤ ਨੂੰ ਅੱਖੋਂ ਪਰੋਖੇ ਕਰ ਅੰਧਾ-ਧੁੰਦ ਵਿਦੇਸ਼ੀ
ਵਿੱਦਿਆ-ਢਾਂਚਿਆਂ ਦੀ ਨਕਲ ਵਿਚ ਮਸ਼ਗ਼ੂਲ ਹੈ। ਜਦੋਂ ਕਦੇ ਕਿਧਰੇ ਵਿਦਿਅਕ ਪ੍ਰਬੰਧ
ਨੂੰ ਬਦਲਣ ਦੀ ਗੱਲ ਵੀ ਹੁੰਦੀ ਹੈ ਤਾਂ ਪੜ੍ਹਾਉਣ ਵਾਲਿਆਂ ਨੂੰ ਮਿਹਨਤ ਦਾ ਖ਼ਤਰਾ
ਪੈਦਾ ਹੋ ਜਾਂਦਾ ਹੈ। ਕੋਈ ਕਿਸੇ ਕਿਸਮ ਦੀ ਤਬਦੀਲੀ ਨੂੰ ਸਵੀਕਾਰ ਕਰਨ ਲਈ ਤਿਆਰ
ਨਹੀਂ ਹੁੰਦਾ। ਸਾਡੇ ਬਹੁਤੇ ਅਧਿਆਪਕ ਪੜ੍ਹਾਉਣ ਨੂੰ ਤਾਂ ਪਾਰਟ ਟਾਈਮ ਕੰਮ
ਸਮਝਦੇ ਹਨ ਤੇ ਆਪਣੀ ਨੌਕਰੀ ਦੇ ਸਮੇਂ ਵਿਚੋਂ ਪੈਸਾ ਕਮਾਉਣ ਲਈ ਸਾਈਡ ਬਿਜਨੈੱਸ
ਕਰਦੇ ਹਨ। ਸਿਸਟਮ ਐਸਾ ਹੈ ਜਿਸ ਵਿਚ ਕਿਸੇ ਤੇ ਕੋਈ ਚੈੱਕ ਨਹੀਂ। ਕੋਈ ਅਧਿਆਪਕ
ਕਿੰਨਾ ਕੁ ਕਾਮਯਾਬ ਹੈ, ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸਦੇ ਕਿੰਨੇ ਕੁ
ਜੁਗਾੜ ਹਨ।
ਵਿਦਿਅਕ ਢਾਂਚਾ
ਭਾਸ਼ਾ ਦੀ ਤਰੱਕੀ ਵਿਚ ਰੋੜਾ ਅਟਕਾਉਣ ਵਿਚ ਸਰਕਾਰ ਦਾ ਵੀ ਬੜਾ ਵੱਡਾ ਹੱਥ
ਹੁੰਦਾ ਹੈ। ਸਿਧਾਂਤਕ ਪੱਧਰ ਤੇ ਸੈਕੂਲਰ ਸਮਾਜ ਦੀ ਗੱਲ ਕਰਨ ਵਾਲੀ ਸਰਕਾਰ
ਵਿਦਿਅਕ ਅਦਾਰਿਆਂ ਵਿਚ ਪੱਖਪਾਤੀ ਰਵੱਈਆ ਅਖ਼ਤਿਆਰ ਕਰਦੀ ਹੈ। ਵਿਦੇਸ਼ੀ
ਵਿੱਦਿਆ-ਪ੍ਰਬੰਧ ਦੀ ਨਕਲ ਹਿਤ ਸਿਧਾਂਤਕ ਪੱਧਰ ਤੇ ਤਾਂ ਭਾਵੇਂ ਅੰਤਰ-ਅਨੁਸ਼ਾਸਨੀ
ਵਿੱਦਿਆ ਲਾਗੂ ਕਰਨ ਦੀ ਦੁਹਾਈ ਪਾਉਂਦੀ ਹੈ ਲੇਕਿਨ ਭਾਰਤ ਦੀਆਂ ਅਲਪ ਸੰਖਿਅਕ
ਭਾਸ਼ਾਵਾ ਨੂੰ ਬਰਾਬਰ ਦਾ ਦਰਜਾ ਦੇਣ ਦੀ ਥਾਂ ਉਸ ਨੂੰ ਖ਼ਤਮ ਕਰਨ ਦੇ ਯਤਨ ਕਰਦੀ
ਵਧੇਰੇ ਨਜ਼ਰ ਆਉਂਦੀ ਹੈ। ਅਜੇ ਕੱਲ ਦੀ ਗੱਲ ਹੈ ਦਿੱਲੀ ਯੂਨੀਵਰਸਿਟੀ ਵਿਚ
ਬਾਹਰਲੇ ਦੇਸ਼ਾਂ ਦੀ ਤਰ੍ਹਾਂ ਬੀ.ਏ ਦੀ ਡਿਗਰੀ ਦੀ ਪੜ੍ਹਾਈ ਚਾਰ ਸਾਲ ਦੀ ਕਰ
ਦਿੱਤੀ ਗਈ ਹੈ ਲੇਕਿਨ ਪੰਜਾਬੀ ਭਾਸ਼ਾ ਦੀ ਬੀ. ਏ. ਦਰਜੇ ਦੀ ਪੜ੍ਹਾਈ ਵਿਚੋਂ ਇਕ
ਸਾਲ ਘੱਟ ਕਰ ਦਿੱਤਾ ਗਿਆ ਹੈ ਅਤੇ ਪਹਿਲੇ ਸਾਲ ਦੀ ਪੜ੍ਹਾਈ 'ਚੋਂ ਪੰਜਾਬੀ ਮਨਫ਼ੀ
ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਉਰਦੂ ਨਾਲ ਵੀ ਹੋਇਆ ਹੈ। ਇਸ ਤਰ੍ਹਾਂ ਸਰਕਾਰ
ਇਕ ਪਾਸੇ ਇਨ੍ਹਾਂ ਭਾਸ਼ਾਵਾਂ ਨੂੰ ਦੂਜਾ ਦਰਜਾ ਦੇਂਦੀ ਹੈ ਦੂਜੇ ਪਾਸੇ ਇਨ੍ਹਾਂ
ਦੀ ਪੜ੍ਹਾਈ ਲਈ ਪੱਖਪਾਤੀ ਰਵੱਈਆ ਅਪਣਾਉਂਦੀ ਹੈ। ਇਸ ਤਰ੍ਹਾਂ ਸਰਕਾਰ ਦੀ ਦੋਗਲੀ
ਨੀਤੀ ਭਾਸ਼ਾ ਦੇ ਵਿਕਾਸ ਵਿਚ ਰੋੜਾ ਅਟਕਾਉਂਦੀ ਹੈ।
ਜਿਵੇਂ ਭਾਰਤ ਵਿਚਲਾ ਉਦਯੋਗਿਕ ਵਿਕਾਸ ਭਾਰਤੀ ਹਾਲਾਤ ਵਿਚੋਂ ਪੈਦਾ ਹੋਇਆ
ਸਹਿਜ ਵਿਕਾਸ ਨਹੀਂ ਸਗੋਂ ਜ਼ਬਰਦਸਤੀ ਲਾਗੂ ਕੀਤਾ ਗਿਆ ਵਿਕਾਸ ਹੈ, ਓਥੇ ਭਾਰਤ ਦੇ
ਵਿਦਿਆ ਖੇਤਰ ਵਿਚ ਵੀ ਵਿਦੇਸ਼ੀ-ਢਾਂਚਾ ਬਾਹਰੋਂ ਲਾਗੂ ਕੀਤਾ ਜਾ ਰਿਹਾ ਹੈ। ਇਸ
ਨਾਲ ਭਾਰਤੀ ਭਾਸ਼ਾਵਾਂ ਅਤੇ ਅੰਗਰੇਜ਼ੀ ਭਾਸ਼ਾ ਵਿਚਕਾਰ ਖੱਪਾ ਬਹੁਤ ਵੱਧ ਰਿਹਾ ਹੈ।
ਅੱਜ ਭਾਰਤ ਦਾ ਹਰ ਸ਼ਖ਼ਸ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿਚ ਮੁੱਢਲੀ
ਵਿੱਦਿਆ ਦਿਵਾ ਕੇ ਉੱਚ ਵਿਦਿਆ ਲਈ ਇੰਗਲੈਂਡ, ਅਮਰੀਕਾ ਜਾਂ ਆਸਟ੍ਰੇਲੀਆ ਭੇਜਣਾ
ਚਾਹੁੰਦਾ ਹੈ। ਇਸ ਤਰ੍ਹਾਂ ਕਰਨ ਲਈ ਉਸ ਨੂੰ ਕਈ ਵਾਰੀ ਏਜੰਟਾਂ ਨੂੰ ਭਾਰੀ ਕੀਮਤ
ਵੀ ਦੇਣੀ ਪੈਂਦੀ ਹੈ। ਪੰਜਾਬ ਵੀ ਇਸ ਬੀਮਾਰੀ ਦਾ ਸ਼ਿਕਾਰ ਹੈ। ਸਗੋਂ ਪੰਜਾਬ ਤਾਂ
ਪਹਿਲਾਂ ਹੀ ਪਰਵਾਸ ਦੀ ਰੇਸ ਵਿੱਚ ਸਭ ਤੋਂ ਅੱਗੇ ਆਉਂਦਾ ਹੈ। ਬਾਹਰ ਜਾਣ ਲਈ
ਪੰਜਾਬ ਦਾ ਮਨੁੱਖ ਲੱਖਾਂ ਰੁਪਏ ਖ਼ਰਚ ਕਰਨ ਨੂੰ ਤਿਆਰ ਹੈ ਚਾਹੇ ਇਸ ਤਰ੍ਹਾਂ ਕਰਨ
ਲਈ ਉਸ ਨੂੰ ਉਧਾਰ ਹੀ ਕਿਉਂ ਨਾ ਚੁੱਕਣਾ ਪਏ। ਇਸ ਸਭ ਕੁਝ ਦੇ ਪਿੱਛੇ ਉਸ ਦਾ
ਮਕਸਦ ਆਪਣੀ ਭਾਸ਼ਾ ਅਤੇ ਕਲਚਰ ਨੂੰ ਵਿਸਤਾਰ ਦੇਣਾ ਨਹੀਂ ਸਗੋਂ ਵੱਧ ਤੋਂ ਵੱਧ
ਪੈਸਾ ਕਮਾ ਕੇ ਆਪਣੀ ਆਰਥਿਕ ਸਥਿਤੀ ਨੂੰ ਵੱਧ ਤੋਂ ਵੱਧ ਵਿਕਸਿਤ ਕਰਨਾ ਹੈ। ਇਸ
ਸਾਰੀ ਦੌੜ ਵਿਚ ਉਹ ਆਪਣੀ ਭਾਸ਼ਾ ਪਿੱਛੇ ਛੱਡਦਾ ਜਾ ਰਿਹਾ ਹੈ ਅਤੇ ਅੰਗਰੇਜ਼ੀ ਨੂੰ
ਅਪਨਾ ਰਿਹਾ ਹੈ। ਮਨੁੱਖ ਦੀ ਰੁਚੀ ਭੌਤਿਕ ਵਸਤੂਆਂ ਨੂੰ ਵੱਧ ਤੋਂ ਵੱਧ ਪ੍ਰਾਪਤ
ਕਰਨ ਵਿਚ ਵਧ ਰਹੀ ਹੈ ਆਪਣੇ ਵਿਰਸੇ ਦੀਆਂ ਕੀਮਤਾਂ ਦੀ ਕੋਈ ਪਰਵਾਹ ਨਹੀਂ ਰਹੀ।
ਵਿਗਿਆਨਕ ਸਾਹਿਤ
ਜਿਸ ਤਰ੍ਹਾਂ ਅੱਜ ਵਿਗਿਆਨ ਦੀ ਤਰੱਕੀ ਨਾਲ ਤਕਨਾਲੋਜੀ ਦਾ ਵਿਕਾਸ ਹੋਇਆ ਹੈ।
ਵਿਗਿਆਨ, ਕੰਪਿਊਟਰ ਅਤੇ ਤਕਨੀਕੀ ਵਿਕਾਸ ਦਾ ਸਾਰਾ ਸਾਹਿਤ ਅੰਗਰੇਜ਼ੀ ਰਾਹੀਂ
ਲੋਕਾਂ ਤੱਕ ਪਹੁੰਚਦਾ ਹੈ। ਪੰਜਾਬੀ ਵਿਚ ਇਸ ਤਰ੍ਹਾਂ ਦਾ ਸਾਹਿਤ ਜਾਂ ਤਾਂ
ਸਿਰਜਿਆ ਨਹੀਂ ਜਾਂਦਾ ਜਾਂ ਥੋੜ੍ਹੀ ਪੱਧਰ ਤੇ ਪੰਜਾਬੀ ਯੂਨੀਵਰਸਿਟੀ ਵਿਚ ਜੇ
ਤਿਆਰ ਵੀ ਹੁੰਦਾ ਹੈ ਤਾਂ ਉਹ ਸਾਰੇ ਪੰਜਾਬੀਆਂ ਦੀ ਲੋੜ ਨਹੀਂ ਬਣਦਾ। ਕਾਰਨ,
ਜਿਸ ਤਰ੍ਹਾਂ ਅੰਗਰੇਜ਼ੀ ਅਜ ਹਰ ਮਨੁੱਖ ਦੀ ਲੋੜ ਬਣੀ ਹੋਈ ਹੈ ਉਸ ਤਰ੍ਹਾਂ
ਪੰਜਾਬੀ ਤਾਂ ਹਰ ਪੰਜਾਬੀ ਦੀ ਲੋੜ ਵੀ ਨਹੀਂ ਬਣ ਸਕੀ ਕਿਉਂਕਿ ਅੱਜ ਦਾ ਨੌਜਵਾਨ
ਪੰਜਾਬੀ ਵੀ ਅੰਗਰੇਜ਼ੀ ਰਾਹੀਂ ਹਰ ਵਿੱਦਿਆ ਪ੍ਰਾਪਤ ਕਰ ਰਿਹਾ ਹੈ। ਪੰਜਾਬੀ ਵਿਚ
ਅੱਜ ਦੇ ਵਿਕਸਿਤ ਗਿਆਨ ਵਿਗਿਆਨ ਦੀਆਂ ਲੋੜਾਂ ਨੂੰ ਪੇਸ਼ ਕਰਨ ਦੇ ਯਤਨ ਨਹੀਂ
ਕੀਤੇ ਜਾ ਰਹੇ ਉਸ ਤੋਂ ਵੀ ਵੱਧ ਤ੍ਰਾਸਦਿਕ ਗੱਲ ਇਹ ਹੈ ਕਿ ਸਾਡਾ ਵਿਦਵਾਨ
ਪੰਜਾਬੀ ਵੀ ਕਈ ਵਾਰ ਜੋ ਪੰਜਾਬੀ ਦੇ ਵਿਕਾਸ ਅਤੇ ਬਚਾਓ ਦੀ ਦੁਹਾਈ ਪਾਉਂਦਾ ਹੈ
ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਲਈ ਵਿਦੇਸ਼ਾਂ ਵਿਚ ਸਿਰਫ਼ ਭੇਜ ਹੀ ਨਹੀਂ ਰਿਹਾ
ਸਗੋਂ ਉਸ ਤੋਂ ਬਾਅਦ ਉਸਨੂੰ ਉਨ੍ਹਾਂ ਦੇਸ਼ਾਂ ਵਿਚ ਸੈੱਟਲ ਕਰਕੇ ਆਪ ਵੀ ਉਨ੍ਹਾਂ
ਦੇ ਪਿੱਛੇ ਪਿੱਛੇ ਜਾ ਰਿਹਾ ਹੈ।
ਪੰਜਾਬੀ ਮੀਡੀਆ
ਦੇਸ਼ਾਂ ਅਤੇ ਵਿਦੇਸ਼ਾਂ ਵਿਚ ਅੱਜ ਕੱਲ੍ਹ ਮੀਡੀਆ ਦਾ ਬੜਾ ਬੋਲ ਬਾਲਾ ਹੈ। ਅੱਜ
ਦਾ ਮਨੁੱਖ ਟੀ. ਵੀ. ਤੋਂ ਬਗ਼ੈਰ ਰਹਿ ਨਹੀਂ ਸਕਦਾ। ਇਸ ਮੀਡੀਆ ਨੇ ਦੁਨੀਆ ਨੂੰ
ਬਹੁਤ ਛੋਟਾ ਕਰ ਕੇ ਮਨੁੱਖ ਨੂੰ ਸੰਸਾਰ ਦੇ ਬਹੁਤ ਨੇੜੇ ਲੈ ਆਂਦਾ ਹੈ। ਦੁਨੀਆ
ਦੀ ਕੋਈ ਵੀ ਖ਼ਬਰ ਮਿੰਟਾਂ ਸਕਿੰਟਾਂ ਵਿਚ ਮਨੁੱਖ ਕੋਲ ਪਹੁੰਚ ਜਾਂਦੀ ਹੈ। ਲੇਕਿਨ
ਸਾਡੇ ਬਹੁਤ ਸਾਰੇ ਚੈਨਲਾਂ ਨੇ ਭਾਸ਼ਾਵਾਂ ਨੂੰ ਗਿਆਨ ਦਾ ਵਾਹਣ ਬਣਾਉਣ ਦੀ ਥਾਂ
ਮਨੋਰੰਜਨ ਦਾ ਜ਼ਰੀਆ ਬਣਾ ਲਿਆ ਹੈ। ਜਿਥੇ ਹਿੰਦੀ ਚੈਨਲ ਬਹੁਤਾ ਕਰਕੇ ਬਾਲੀਵੁੱਡ
ਵਿਚ ਹੋਣ ਵਾਲੀਆਂ ਸਰਗਰਮੀਆਂ ਅਤੇ ਚੈਨਲਾਂ ਤੇ ਚੱਲਣ ਵਾਲੇ ਸੀਰੀਅਲਜ਼ ਨੂੰ ਵਧਾ
ਘਟਾ ਕੇ ਪੇਸ਼ ਕਰਦੇ ਹਨ ਓਥੇ ਕਈ ਪੰਜਾਬੀ ਚੈਨਲ ਬਹੁਤਾ ਕਰਕੇ ਧਰਮ ਅਤੇ ਸਸਤੇ
ਮਨੋਰੰਜਨ ਪੇਸ਼ ਕਰਦੇ ਹਨ। ਪੰਜਾਬੀ ਚੈਨਲਾਂ ਤੇ ਪੇਸ਼ ਹੋਣ ਵਾਲੇ ਸਭਿਆਚਾਰਕ
ਪ੍ਰੋਗਰਾਮ ਗਾਉਣ ਵਜਾਉਣ ਨੂੰ ਹੀ ਸਭਿਆਚਾਰ ਸਮਝ ਲੈਂਦੇ ਹਨ। ਪੰਜਾਬੀ ਸਭਿਆਚਾਰ
ਦੀ ਜੋ ਤਸਵੀਰ ਇਨ੍ਹਾਂ ਚੈਨਲਾਂ ਰਾਹੀਂ ਜਾਂ ਪੰਜਾਬੀ ਫ਼ਿਲਮਾਂ ਰਾਹੀਂ ਉਭਰਦੀ ਹੈ
ਉਸ ਦਾ ਗਿਆਨ ਵਿਗਿਆਨ ਨਾਲ ਭਾਵੇਂ ਸੰਬੰਧ ਹੋਵੇ ਨਾ ਹੋਵੇ ਹਾਂ ਮੁਨਾਫ਼ਾ ਕਮਾਉਣਾ
ਇਨ੍ਹਾਂ ਚੈਨਲਾਂ ਦਾ ਪਹਿਲਾ ਉਦੇਸ਼ ਜ਼ਰੂਰ ਬਣਦਾ ਹੈ। ਇਨ੍ਹਾਂ ਚੈਨਲਾਂ ਵਿਚ
ਵਿਰਾਸਤ ਤੋਂ ਭਾਵ ਕੇਵਲ ਗਿੱਧਾ, ਭੰਗੜਾ, ਗਾਉਣਾ ਮਜ਼ਾਕ ਪੇਸ਼ ਹੋਣਾ ਹੀ ਹੈ।
ਵਿਰਾਸਤ ਵਿਚਲੇ ਦਰਸ਼ਨ ਅਤੇ ਸਿਧਾਂਤਾਂ ਨੂੰ ਸਮੇਂ ਦੇ ਹਾਣ ਮੁਤਾਬਿਕ ਸੋਚਣ ਅਤੇ
ਪੇਸ਼ ਕਰਨ ਵਿਚ ਇਨ੍ਹਾਂ ਦੀ ਕੋਈ ਰੁਚੀ ਨਹੀਂ ਦਿਖਾਈ ਦੇਂਦੀ। ਇਕੋ ਹੀ ਮਕਸਦ ਰਹਿ
ਗਿਆ ਹੈ, ਮਨ ਪਰਚਾਵਾ, ਮਨ ਪਰਚਾਵਾ, ਮਨ ਪਰਚਾਵਾ। ਏਸ ਮਨ ਪਰਚਾਵੇ ਵਿਚ ਭਾਸ਼ਾ
ਅਤੇ ਸਭਿਆਚਾਰ ਦੀ ਹਾਸੋ ਹੀਣੀ ਤਸਵੀਰ ਹੀ ਪੇਸ਼ ਹੁੰਦੀ ਹੈ।ਕਾਰਨ, ਭਾਸ਼ਾ ਅਤੇ
ਸਭਿਆਚਾਰ ਦਾ ਮੰਡੀਕਰਨ। ਇਸ ਤਰ੍ਹਾਂ ਪੰਜਾਬੀ ਦਾ ਘਾਣ ਉਸ ਦੇ ਆਪਣਿਆਂ ਦੇ
ਹੱਥੋਂ ਹੀ ਹੋ ਰਿਹਾ ਹੈ।ਦੋਸ਼ ਕਿਸ ਨੂੰ ਦਿੱਤਾ ਜਾਏ ਇਹ ਸਵਾਲ ਹਵਾ ਵਿਚ ਲਟਕ
ਰਿਹਾ ਹੈ।
ਅੰਤਿਕਾ
ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਵਿਸ਼ਵੀਕਰਣ ਦੇ ਦੌਰ ਵਿਚ ਮਨੁੱਖ ਦੀ
ਸੋਚ ਦੇ ਬਦਲਣ ਨਾਲ ਪੰਜਾਬੀ ਭਾਸ਼ਾ ਅਤੇ ਹੋਰ ਕਈ ਭਾਰਤੀ ਭਾਸ਼ਾਵਾਂ ਸਾਹਵੇਂ
ਚੁਣੌਤੀਆਂ ਪੈਦਾ ਹੋ ਗਈਆਂ ਹਨ ਜਿਸ ਨਾਲ ਭਾਸ਼ਾਵਾਂ ਦੀ ਸਲਾਮਤੀ ਨੂੰ ਖ਼ਤਰੇ ਪੈਦਾ
ਹੋ ਗਏ ਹਨ। ਇਸ ਵਕਤ ਪੰਜਾਬੀ ਦੇ ਵਿਦਵਾਨਾਂ, ਸਾਹਿਤਕਾਰਾਂ, ਕਲਾਕਾਰਾਂ, ਭਾਸ਼ਾ
ਵਿਗਿਆਨੀਆਂ, ਤਕਨਾਲੋਜੀ ਦੇ ਮਾਹਿਰ ਪੰਜਾਬੀਆਂ ਨੂੰ ਇਕੱਠੇ ਹੋ ਕੇ ਭਾਸ਼ਾ ਨੂੰ
ਵਿਕਸਿਤ ਕਰਨ ਲਈ ਸੁਹਿਰਦ ਰਾਜਨੀਤੀ ਦੀ ਵਰਤੋਂ ਦੀ ਲੋੜ ਹੈ। ਇਸ ਰਾਜਨੀਤੀ ਵਿਚ
ਹੋਰ ਭਾਸ਼ਾਵਾਂ ਦਾ ਵਿਰੋਧ ਨਹੀਂ ਸਗੋਂ ਉਨ੍ਹਾਂ ਨੂੰ ਸਹਿਯੋਗ ਦੇ ਕੇ, ਉਨ੍ਹਾਂ
ਕੋਲੋਂ ਸਹਿਯੋਗ ਲੈ ਕੇ ਹੀ ਸਾਂਝੇ ਕਦਮ ਉਠਾਏ ਜਾ ਸਕਦੇ ਹਨ।ਕੋਈ ਵੀ ਭਾਸ਼ਾ
ਖਿਲਾਅ ਵਿਚ ਆਪਣੀ ਹੋਂਦ ਕਾਇਮ ਨਹੀਂ ਰੱਖ ਸਕਦੀ।
within_light@yahoo.co.uk |