ਸਭ ਤੋਂ ਪਹਿਲਾਂ ਤਾਂ ਮੈਂ ਕਾਨਫਰੰਸ ਦੇ ਪ੍ਰਬੰਧਕਾਂ ਨੂੰ ਇਸ ਗੱਲ ਦੀ ਵਧਾਈ
ਦੇਣੀ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਕਾਨਫਰੰਸ ਲਈ ਬੜਾ ਢੁਕਵਾਂ ਵਿਸ਼ਾ ਚੁਣਿਆ
ਅਤੇ ਇਸ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਇਸ ਕਾਨਫਰੰਸ ਵਿਚ
ਮੈਨੂੰ ਵਿਚਾਰ ਪੇਸ਼ ਕਰਨ ਦਾ ਸੱਦਾ ਭੇਜਿਆ। ਜਦੋਂ ਅਸੀਂ ਸ਼ਬਦ ‘ਆਧੁਨਿਕ
ਯੁੱਗ’ ਵਰਤਦੇ ਹਾਂ ਤਾਂ ਇਸ ਦਾ ਭਾਵ ਸਾਡਾ ਮੌਜੂਦਾ ਸਮਾਂ ਬਣਦਾ ਹੈ, ਜੋ ਕਿ
ਅਸਲ ਵਿਚ ਉੱਤਰ ਆਧੁਨਿਕ ਯੁੱਗ ਹੈ, ਜਿਸ ਦਾ ਮੁੱਖ ਲੱਛਣ ਵਿਸ਼ਵੀਕਰਨ ਹੈ।
ਵਿਸ਼ਵੀਕਰਨ ਤੋਂ ਭਾਵ ਸਾਰੇ ਗਲੋਬ ਦਾ ਇਕ ਹੋ ਜਾਣਾ ਹੈ। ਵੈਸੇ ਤਾਂ ਵਿਸ਼ਵੀਕਰਨ
ਉਸੇ ਸਮੇਂ ਹੀ ਸ਼ੁਰੂ ਹੋ ਗਿਆ ਸੀ ਜਿਸ ਸਮੇਂ ਮਨੁੱਖ ਨੂੰ ਧਰਤੀ ਦੀ ਸ਼ਕਲ ਦਾ
ਪਤਾ ਲੱਗਿਆ ਸੀ। ਪਹਿਲਿਆਂ ਸਮਿਆਂ ਵਿਚ ਸ਼ਕਤੀਸ਼ਾਲੀ ਚੱਕਰਵਰਤੀ ਰਾਜੇ ਆਪਣੇ
ਰਾਜ ਨੂੰ ਵਿਸਤਾਰ ਦਿੰਦੇ ਸਨ ਪਰ ਅਕਸਰ ਉਨ੍ਹਾਂ ਨੂੰ ਉੱਚੇ ਪਹਾੜ, ਲੰਮੇ
ਰੇਗਿਸਤਾਨ ਅਤੇ ਅਥਾਹ ਸਮੁੰਦਰ ਰੋਕ ਲੈਂਦੇ ਸਨ ਅਤੇ ਕਈ ਵਾਰ ਸ਼ਕਤੀਸ਼ਾਲੀ
ਵਿਰੋਧੀ ਫੌਜਾਂ ਵੀ ਰੋਕ ਬਣ ਜਾਂਦੀਆਂ ਸਨ। ਆਧੁਨਿਕ ਯੁੱਗ ਵਿਚ ਨਵੀਆਂ ਕਾਢਾਂ
ਨਾਲ ਆਵਾਜਾਈ ਦੇ ਸਾਧਨ ਵਿਕਸਤ ਹੋਏ ਤਾਂ ਸਾਰੀ ਦੁਨੀਆਂ ਗਾਹੁਣੀ ਅਤੇ ਉਸ ਉਪਰ
ਕਬਜ਼ਾ ਕਰਨਾ ਸੰਭਵ ਹੋਇਆ। ਇਸੇ ਅਧੀਨ ਹੀ ਵਿਸ਼ਵੀਕਰਨ ਦਾ ਪਹਿਲਾ ਦੌਰ ਚੱਲਿਆ
ਜਿਸ ਨੂੰ ਬਸਤੀਵਾਦ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਪਿਛਲੀ ਸਦੀ ਦੇ ਅੱਧ
ਤੋਂ ਬਾਅਦ ਪੁਰਾਣੇ ਢੰਗ ਦਾ ਬਸਤੀਵਾਦ ਲੱਗਭਗ ਖਤਮ ਹੋ ਗਿਆ ਅਤੇ ਲੰਮਾ ਸਮਾਂ ਦੋ
ਧਰੁਵੀ ਸੰਸਾਰ ਅਤੇ ਠੰਡੀ ਜੰਗ ਦਾ ਰਿਹਾ ਪਰੰਤੂ 1990 ਤੋਂ ਬਾਅਦ ਸੋਵੀਅਤ
ਯੂਨੀਅਨ ਦੇ ਢਹਿਢੇਰੀ ਹੋ ਜਾਣ ਨਾਲ ਅਤੇ ਇਕ ਵਾਰ ਸਮਾਜਵਾਦ ਨੂੰ ਢਾਹ ਲੱਗਣ ਤੋਂ
ਬਾਅਦ ਵਿਸ਼ਵੀਕਰਨ ਦੀ ਨਵੀਂ ਲਹਿਰ ਉੱਠੀ ਜਿਸ ਅਧੀਨ ਵਿਸ਼ਵ ਪੂੰਜੀਵਾਦੀ ਪ੍ਰਬੰਧ
ਪ੍ਰਚੰਡ ਰੂਪ ਵਿਚ ਸਾਹਮਣੇ ਆਇਆ ਅਤੇ ਇਸ ਨੇ ਸਾਰੇ ਵਿਸ਼ਵ ਨੂੰ ਕਲਾਵੇ ਵਿਚ ਲੈ
ਲਿਆ। ਸਾਰੇ ਦੇਸ਼ਾਂ ਵਿਚ ਹੀ ਸਰਕਾਰੀ ਜਾਂ ਅਰਧ ਸਰਕਾਰੀ ਅਤੇ ਜਨਤਕ ਖੇਤਰਾਂ ਦਾ
ਨਿਜੀਕਰਨ ਵਧਿਆ ਅਤੇ ਮੰਡੀ ਦਾ ਫੈਲਾਅ ਹੋਇਆ। ਆਵਾਜਾਈ ਦੇ ਸਾਧਨਾਂ ਦੇ ਨਾਲ ਨਾਲ
ਮੋਬਾਈਲ ਫੋਨ, ਇੰਟਰਨੈਟ ਅਤੇ ਸੈਟੇਲਾਈਟ ਚੈਨਲ ਨੇ ਸਾਰੀ ਦੁਨੀਆਂ ਨੂੰ ਇਕ ਕਰ
ਦਿੱਤਾ। ਇਸ ਸਮੇਂ ਇਉਂ ਜਾਪ ਰਿਹਾ ਹੈ ਕਿ ਜਿਵੇਂ ਰਾਸ਼ਟਰਾਂ ਦੀਆਂ ਰਾਜਨੀਤਕ
ਅਤੇ ਫੌਜੀ ਹੱਦਬੰਦੀਆਂ ਮੌਜੂਦ ਹੋਣ ਦੇ ਬਾਵਜੂਦ ਆਰਥਿਕ ਖੇਤਰ ਖੁੱਲ੍ਹ ਗਿਆ
ਹੋਵੇ। ਸਰਮਾਇਆ ਰਾਸ਼ਟਰਾਂ ਤੋਂ ਪਾਰ ਜਾਣ ਲੱਗ ਪਿਆ ਹੈ। ਇਸੇ ਪ੍ਰਕਾਰ
ਸਭਿਆਚਾਰਕ ਪਾਸਾਰ ਵੀ ਹੋਇਆ ਹੈ। ਮੌਜੂਦਾ ਸਮੇਂ ਵਿਚ ਇਸ ਪਾਸਾਰ ਦੀ ਦਿਸ਼ਾ ਇਕ
ਰੰਗੀ ਅਤੇ ਇਕ ਪਾਸੜੀ ਹੈ। ਇਸ ਸਮੇਂ ਅਲਪ ਗਿਣਤੀ ਦੀਆਂ ਸਥਾਨਕ ਭਾਸ਼ਾਵਾਂ ਨੂੰ
ਖਤਰਾ ਖੜਾ ਹੋ ਗਿਆ। ਯੂਨੈਸਕੋ ਦੀ ਰਿਪੋਰਟ ਨੂੰ ਇਸੇ ਪ੍ਰਸੰਗ ਵਿਚ ਵਾਚਿਆ ਜਾਣਾ
ਬਣਦਾ ਹੈ। ਇਸ ਰਿਪੋਰਟ ਨੇ ਪੰਜਾਬੀ ਭਾਸ਼ਾਈ ਲੋਕਾਂ ਦੇ ਅੰਦਰ ਚੇਤਨਾ ਜਗਾਈ ਹੈ।
ਇਸ ਸਮੇਂ ਇਕ ਵਿਚਾਰ ਜ਼ੋਰ ਫੜਦਾ ਜਾ ਰਿਹਾ ਹੈ ਕਿ ਪੰਜਾਬੀ ਭਾਸ਼ਾ ਨੂੰ
ਬਚਾਇਆ ਜਾਵੇ ਤੇ ਇਸ ਦੇ ਨਾਲ ਹੀ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਪੰਜਾਬੀ ਭਾਸ਼ਾ
ਨੂੰ ਕਿਉਂ ਬਚਾਇਆ ਜਾਵੇ। ਅਸਲ ਵਿਚ ਇਹ ਮਸਲਾ ਧਾਰਮਿਕ ਜਾਂ ਭਾਵੁਕਤਾ ਨਾਲੋਂ
ਵੱਧ ਵਿਗਿਆਨਕ ਪੱਖ ਤੋਂ ਵਿਚਾਰਨ ਵਾਲਾ ਹੈ। ਸਭ ਤੋਂ ਪਹਿਲੀ ਗੱਲ ਇਹ ਸਮਝਣ ਦੀ
ਜ਼ਰੂਰਤ ਹੈ ਕਿ ਭਾਵੇਂ ਮੌਜੂਦਾ ਵਿਸ਼ਵੀਕਰਨ ਅਨੁਸਾਰ ਇਕ ਦਿਨ ਦੁਨੀਆਂ ਦੀ
ਭਾਸ਼ਾ ਇਕ ਹੋ ਜਾਣੀ ਹੈ ਪਰ ਉਹ ਕਿਹੜੀ ਭਾਸ਼ਾ ਹੋਵੇਗੀ? ਉਸ ਵਿਚ ਕਿਹੜੀ ਕਿਹੜੀ
ਭਾਸ਼ਾ ਦੇ ਸ਼ਬਦ ਅਤੇ ਵਿਅਕਰਨਕ ਨਿਯਮ ਹੋਣਗੇ? ਇਹ ਅੱਜ ਨਿਰਧਾਰਤ ਕਰਨਾ ਬਹੁਤ
ਮੁਸ਼ਕਲ ਹੈ ਅਤੇ ਇਹ ਤਬਦੀਲੀ ਵੀ ਕੋਈ ਰਾਤੋ ਰਾਤ ਜਾਂ ਇਕ ਦੋ ਪੀੜੀਆਂ ਵਿਚ ਵੀ
ਨਹੀਂ ਆਉਣੀ ਸਗੋਂ ਇਹ ਲੰਮੇ ਸਮਾਜਿਕ ਅਮਲ ਦਾ ਸਿੱਟਾ ਹੋਣ ਕਾਰਨ ਬਹੁਤ ਸਮਾਂ
ਲਵੇਗੀ ਅਤੇ ਇਹ ਇਕ ਕਾਲਪਨਿਕ ਸੰਕਲਪਨਾ ਹੀ ਹੈ। ਇਸ ਦੇ ਉਲਟ ਵਖ ਵਖ ਭਾਸ਼ਾਵਾਂ
ਦੀ ਹੋਂਦ ਸਮਾਜਿਕ ਯਥਾਰਥ ਹੈ ਅਤੇ ਇਨ੍ਹਾਂ ਦਾ ਹੋਂਦਸ਼ੀਲ ਰਹਿਣਾ ਇਕ ਤੋਂ
ਵਧੇਰੇ ਕਾਰਨਾਂ ਕਰਕੇ ਜ਼ਰੂਰੀ ਹੈ। ਸਭ ਤੋਂ ਪਹਿਲੀ ਗੱਲ ਜਿਸ ਤਰ੍ਹਾਂ
ਆਧੁਨਿਕਤਾ ਦੇ ਮੁਢਲੇ ਸਮੇਂ ਜੀਵ ਸੰਸਾਰ ਵਿਚੋਂ ਗੈਰ ਜ਼ਰੂਰੀ ਸਕਝਕੇ ਜਾਨਵਰਾਂ
ਤੇ ਪੌਦਿਆ ਦਾ ਨਾਸ ਕਰ ਦਿੱਤਾ ਅਤੇ ਬਾਅਦ ਵਿਚ ਉਨ੍ਹਾਂ ਦੀ ਜੀਵ ਵਿਗਿਆਨਕ
ਮਹੱਤਤਾ ਦਾ ਪਤਾ ਲੱਗਿਆ। ਵਾਤਾਵਰਨ ਚੇਤਨਾ ਅਧੀਨ ਅੱਜ ਸਭ ਤੋਂ ਵੱਡਾ ਮਸਲਾ ਜੀਵ
ਵਿਭਿੰਨਤਾ ਬਚਾਉਣ ਦਾ ਹੀ ਹੈ। ਇਸੇ ਪ੍ਰਕਾਰ ਭਾਸ਼ਾਵਾਂ ਨੂੰ ਬਚਾਉਣਾ ਵੀ ਅਤਿ
ਜ਼ਰੂਰੀ ਹੈ ਕਿਉਂਕਿ ਭਾਸ਼ਾ ਸਿਰਫ ਧੁਨੀਆਂ ਅਤੇ ਲਿਪੀ ਚਿੰਨ੍ਹਾਂ ਦਾ ਪ੍ਰਬੰਧ
ਨਹੀਂ ਹੁੰਦੀ ਸਗੋਂ ਉਹ ਸਬੰਧਤ ਭਾਈਚਾਰੇ ਦੇ ਸੋਚਣ-ਵਿਚਾਰਨ ਦਾ ਢੰਗ ਹੁੰਦੀ ਹੈ।
ਕਿਸੇ ਭਾਸ਼ਾ ਦੇ ਖਤਮ ਹੋ ਜਾਣ ਨਾਲ ਉਹ ਭਾਸ਼ਾ ਹੀ ਨਹੀਂ ਮਰਦੀ, ਉਸ ਭਾਸ਼ਾ ਦੀ
ਸਮੁੱਚੀ ਵਿਰਾਸਤ ਮਰ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਉਸ ਭਾਸ਼ਾ ਦੇ
ਬੋਲਣਹਾਰਿਆਂ ਦੀ ਮੌਲਿਕ ਸੋਚਣ ਸ਼ਕਤੀ ਚਲੀ ਜਾਂਦੀ ਹੈ। ਜਿਸ ਵਿਅਕਤੀ ਨੇ ਜਿਹੜੀ
ਭਾਸ਼ਾ ਵੀ ਆਪਣੇ ਬਚਪਨ ਦੇ ਮੁਢਲੇ ਸਾਲਾਂ ਵਿਚ ਆਪਣੇ ਆਲੇ ਦੁਆਲੇ ਤੋਂ ਆਪਣੀ
ਮਾਂ ਬੋਲੀ ਵਜੋਂ ਸਿੱਖੀ ਹੁੰਦੀ ਹੈ, ਉਸ ਤੋਂ ਇਲਾਵਾ ਕਿਸੇ ਵੀ ਦੂਜੀ ਭਾਸ਼ਾ
ਵਿਚ ਉਸ ਨੂੰ ਪੜ੍ਹਾਉਣਾ, ਬੁਲਾਉਣਾ, ਸਿਖਾਉਣਾ ਅਸਲ ਵਿਚ ਉਸ ਦੇ ਬੁਨਿਆਦੀ
ਮਨੁੱਖੀ ਅਧਿਕਾਰਾਂ ਦਾ ਹਨਨ ਹੈ। ਅਜਿਹਾ ਕਰਨਾ ਰਾਜਸੀ ਤੌਰ ਤੇ ਅਪਰਾਧ ਹੈ। ਅਸਲ
ਵਿਚ ਤਾਂ ਸੱਤਾਧਾਰੀਆਂ ਵੱਲੋਂ ਭਾਸ਼ਾ ਦੇ ਆਧਾਰ ਤੇ ਵਿਅਕਤੀਆਂ ਨਾਲ ਵਿਤਕਰਾ
ਕਰਨ ਦੀ ਚਾਲ ਹੈ।
ਪੰਜਾਬੀ ਭਾਸ਼ਾ ਦੇ ਸਬੰਧ ਵਿਚ ਜਦੋਂ ਅਸੀਂ ਵਿਚਾਰ ਕਰਦੇ ਹਾਂ ਤਾਂ ਸਾਨੂੰ
ਬਸਤੀਵਾਦੀ ਦੌਰ ਦੀ ਇਤਿਹਾਸ ਬਹੁਤ ਕੁਝ ਸਿਖਾਉਂਦੀ ਹੈ ਪਰੰਤੂ ਅੱਜ ਉਤਰ
ਬਸਤੀਵਾਦੀ ਦੌਰ ਵਿਚ ਵੀ ਭਾਰਤ ਅੰਦਰ ਭਾਸ਼ਾਵਾਂ ਦੀ ਸਥਿਤੀ ਸਾਨੂੰ ਵੱਖਰੇ ਤੌਰ
ਤੇ ਨਿਰਾਸ਼ ਕਰਦੀ ਹੈ ਅਤੇ ਸੋਚਣ ਲਈ ਮਜ਼ਬੂਰ ਕਰਦੀ ਹੈ। ਵਿਚਾਰਨ ਵਾਲੀ ਗੱਲ ਇਹ
ਹੈ ਕਿ ਪੰਜਾਬੀ ਭਾਸ਼ਾ ਅੱਜ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ, ਭਾਰਤ ਦੇ
ਹੋਰ ਸੂਬਿਆਂ ਅਤੇ ਪਾਕਿਸਤਾਨ ਦੇ ਹੋਰ ਸੂਬਿਆਂ ਤੋਂ ਇਲਾਵਾ ਦੁਨੀਆਂ ਭਰ ਦੇ
ਲੱਗਭਗ 150 ਮੁਲਕਾਂ ਵਿਚ ਘੱਟ ਜਾਂ ਵੱਧ ਗਿਣਤੀ ਵਿਚ ਵਸਦੇ ਪੰਜਾਬੀਆਂ ਦੀ
ਭਾਸ਼ਾ ਹੈ ਪਰ ਇਕ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਪੰਜਾਬੀ ਭਾਸ਼ਾ ਦਾ
ਭਵਿੱਖ ਮੂਲ ਪੰਜਾਬ ਦੀ ਧਰਤੀ ਨਾਲ ਜੁੜਿਆ ਹੋਇਆ ਹੈ। ਪੰਜਾਬ ਤੋਂ ਬਾਹਰ ਵਸਦੇ
ਪੰਜਾਬੀਆਂ ਨੂੰ ਹਰ ਹਾਲਤ ਵਿਚ ਦੂਸਰੀ ਭਾਸ਼ਾ ਸਿੱਖਣੀ ਅਤੇ ਬਹੁਤੇ ਵਾਰੀ ਉਸ
ਵਿਚ ਮੁਹਾਰਤ ਹਾਸਿਲ ਕਰਨੀ ਪਵੇਗੀ। ਇਨ੍ਹਾਂ ਸਭ ਪੰਜਾਬੀਆਂ ਦਾ ਪੰਜਾਬੀ ਨਾਲ
ਰਿਸ਼ਤਾ ਮੂਲ ਪੰਜਾਬੀਆਂ ਨਾਲੋਂ ਵੱਖਰੀ ਭਾਂਤ ਦਾ ਹੈ। ਬਾਹਰ ਵਸਦੇ ਪੰਜਾਬੀਆਂ
ਦਾ ਪੰਜਾਬੀ ਨਾਲ ਸਬੰਧ ਭਾਵਨਾਤਮਿਕ, ਧਾਰਮਿਕ, ਸਭਿਆਚਾਰਕ ਅਤੇ ਗੌਰਵ ਨਾਲ
ਜੁੜਿਆ ਹੋਇਆ ਹੈ। ਇਹ ਉਨ੍ਹਾਂ ਨੂੰ ਮਨੁੱਖ ਹੋਣ ਦੇ ਅਹਿਸਾਸ ਅਤੇ ਪੰਜਾਬੀ ਹੋਣ
ਦੇ ਪਛਾਣ ਨਾਲ ਜੋੜਦਾ ਹੈ। ਬਿਨਾ ਸ਼ੱਕ ਇਹ ਭਾਵਨਾਵਾਂ ਨਿਗੂਣੀਆਂ ਨਹੀਂ
ਹੁੰਦੀਆਂ, ਅਤਿਅੰਤ ਮਹੱਤਵਪੂਰਨ ਹੁੰਦੀਆਂ ਹਨ ਪਰੰਤੂ ਇਹ ਜੈਵਿਕ ਹੋਣ ਤੋਂ ਬਾਅਦ
ਅਸਤਿੱਤਤਵੀ ਪ੍ਰਕਿਰਤੀ ਦੀਆਂ ਹਨ ਜਦੋਂ ਕਿ ਮੂਲ ਪੰਜਾਬ ਦੇ ਨਿਵਾਸੀਆਂ ਦੀ
ਪੰਜਾਬੀ ਬੋਲੀ ਨਾਲ ਸਾਂਝ ਜੈਵਿਕ ਅਤੇ ਅਸਤਿੱਤਵੀ ਦੋਵੇਂ ਕਿਸਮ ਦੀ ਹੈ। ਪੰਜਾਬ
ਤੋਂ ਬਾਹਰ ਪੰਜਾਬੀ ਨੂੰ ਜਿਉਂਦਿਆਂ ਰੱਖਣ ਅਤੇ ਪ੍ਰਫੁੱਲਤ ਕਰਨ ਲਈ ਪੰਜਾਬੀਆਂ
ਵੱਲੋਂ ਨਿਰੰਤਰ ਯਤਨ ਕੀਤੇ ਜਾਣੇ ਬਣਦੇ ਹਨ ਪਰ ਪੰਜਾਬੀ ਭਾਸ਼ਾ ਦਾ ਭਵਿੱਖ
ਬੁਨਿਆਦੀ ਤੌਰ ਤੇ ਮੂਲ ਸਥਾਨ ਨਾਲ ਹੀ ਜੁੜਿਆ ਹੈ। ਪੰਜਾਬੀ ਭਾਸ਼ਾ ਦੇ ਭਵਿੱਖ
ਦੀਆਂ ਚੁਣੌਤੀਆਂ ਨੂੰ ਸਮਝਣ ਲਈ ਇਸ ਦਾ ਇਤਿਹਾਸ ਸਹਾਈ ਹੋ ਸਕਦਾ ਹੈ ਪਰ ਨਿਰੋਲ
ਇਤਿਹਾਸ ਭਵਿੱਖ ਦੀ ਦਿਸ਼ਾ ਨਿਰਧਾਰਤ ਨਹੀਂ ਕਰ ਸਕਦਾ ਇਸ ਲਈ ਸਾਨੂੰ ਸਮਕਾਲੀ
ਸਮੇਂ ਦਾ ਵਿਸ਼ਲੇਸ਼ਣ ਕਰਕੇ ਭਵਿੱਖ ਦੀ ਯੋਜਨਾਬੰਦੀ ਕਰਨੀ ਪਵੇਗੀ। ਇਸ
ਯੋਜਨਾਬੰਦੀ ਤੋਂ ਬਗੈਰ ਇਤਿਹਾਸ ਵਿਚ ਵਖ ਵਖ ਸੱਤਧਾਰੀਆਂ ਵੱਲੋਂ ਪੰਜਾਬੀ ਨਾਲ
ਕੀਤੇ ਧੱਕੇ, ਬੀਤੇ ਦਾ ਰੁਦਨ ਅਤੇ ਅੱਜ ਦੀ ਸਥਿਤੀ ਦਾ ਵਿਸ਼ਲੇਸ਼ਣ ਕੀਤੇ ਬਗੈਰ
ਕੱਢੇ ਨਿਰਾਸ਼ਾਜਨਕ ਸਿੱਟੇ ਭਵਿੱਖ ਲਈ ਕੋਈ ਠੋਸ ਯੋਜਨਾਬੰਦੀ ਕਰਨ ਤੋਂ ਰੋਕਦੇ
ਹਨ।
ਪੰਜਾਬੀ ਇਤਿਹਾਸਕ ਤੌਰ ਤੇ ਮੂਲ ਰੂਪ ਵਿਚ ਪੰਜ ਦਰਿਆਵਾਂ ਦੇ ਕੰਢਿਆਂ ਉਪਰ
ਵਸਣ ਵਾਲੇ ਪੰਜਾਬੀਆਂ ਦੀ ਭਾਸ਼ਾ ਹੈ। ਪ੍ਰਿੰਸੀਪਲ ਤੇਜਾ ਸਿੰਘ ਦਾ ਇਹ ਕਹਿਣਾ
ਅਤਿਕਥਨੀ ਹੋ ਸਕਦੀ ਹੈ ਕਿ ਵੇਦ ਪੁਰਾਣੀ ਪੰਜਾਬੀ ਵਿਚ ਲਿਖੇ ਗਏ ਹਨ ਪਰ ਇਹ ਗੱਲ
ਸੱਚੀ ਹੈ ਕਿ ਦੁਨੀਆਂ ਦੀ ਸਭ ਤੋਂ ਪੁਰਾਣੀ ਪੁਸਤਕ ਦੇ ਮੰਤਰ ਮੌਖਿਕ ਰੂਪ ਵਿਚ
ਇਨ੍ਹਾਂ ਦਰਿਆਵਾਂ ਦੇ ਕੰਢਿਆਂ ਉਪਰ ਹੀ ਲਿਖੇ ਗਏ ਸਨ। ਜੇ ਅੱਜ ਦੀ ਅੰਗਰੇਜ਼ੀ
ਅਤੇ ਚੌਦਵੀਂ ਸਦੀ ਦੀ ਅੰਗਰੇਜ਼ੀ ਦਾ ਟਾਕਰਾ ਕਰੀਏ ਅਤੇ ਜੇ ਯੋਰਪ ਦੀਆਂ ਸਾਰੀਆਂ
ਭਾਸ਼ਾਵਾਂ ਦੀਆਂ ਪਿਛੋਕੜੀ ਭਾਸ਼ਾਵਾਂ ਯੂਨਾਨੀ ਤੇ ਲਾਤੀਨੀ ਨਾਲ ਟਾਕਰਾ ਕਰੀਏ
ਤਾਂ ਪ੍ਰਿੰਸੀਪਲ ਤੇਜਾ ਸਿੰਘ ਦੀ ਗੱਲ ਸੱਚੀ ਜਾਪਦੀ ਹੈ। ਅੰਗਰੇਜ਼ੀ ਦਾ ਪਹਿਲਾ
ਕਵੀ ਚੌਸਰ ਚੌਦਵੀਂ ਸਦੀ ਵਿਚ ਹੋਇਆ ਜਦੋਂ ਕਿ ਪੰਜਾਬੀ ਦਾ ਪਹਿਲਾ ਕਵੀ ਬਾਬਾ
ਫਰੀਦ ਤੇਰਵੀਂ ਸਦੀ ਵਿਚ ਹੋਇਆ। ਸੋ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੀ
ਪੁਰਾਤਨਤਾ ਸਥਾਪਤ ਹੈ। ਇਸ ਭਾਸ਼ਾ ਨੂੰ ਬੋਲਣ ਵਾਲੇ ਲੋਕਾਂ ਦੀ ਗਿਣਤੀ 13 ਕਰੋੜ
ਹੈ ਅਤੇ ਇਉਂ ਇਹ ਸੰਸਾਰ ਦੀ 10ਵੀ ਜ਼ੁਬਾਨ ਬਣਦੀ ਹੈ। Punjabi is an
Indo-Aryan language spoken by 130 million (2013 estimate) native
speakers world wide making it the 10th most widely spoken
language in the world
(https://en.wikipedia.org/wiki/Punjabi_language )।
ਇਸ ਦੀ ਗਿਣਤੀ ਮਿਣਤੀ ਵਿਚ ਫਰਕ ਦਾ ਕਾਰਨ ਪੰਜਾਬੀ ਭਾਸ਼ਾ ਦਾ ਰਾਸ਼ਟਰਾਂ
ਤੋਂ ਪਾਰ ਫੈਲੇ ਹੋਣਾ ਅਤੇ ਜਨਗਣਨਾ ਸਮੇਂ ਰਾਜਸੀ ਅਤੇ ਧਾਰਮਿਕ ਵਖਰੇਵਿਆਂ ਦੇ
ਨਾਲੋ ਨਾਲ ਇਲਾਕਾਈ ਵਖਰੇਵਿਆਂ ਨੂੰ ਰਾਜਸੀ ਕਾਰਨਾਂ ਕਰਕੇ ਤਵੱਜੋਂ ਦੇਣਾ ਹੈ।
ਉਦਾਹਰਨ ਵਜੋਂ ਭਾਸ਼ਾ ਵਿਗਿਆਨ ਦੀਆਂ ਸਾਰੀਆਂ ਪੁਰਾਣੀਆਂ ਪੁਸਤਕਾਂ ਵਿਚ ਡੋਗਰੀ
ਅਤੇ ਮੁਲਤਾਨੀ ਨੂੰ ਪੰਜਾਬੀ ਦੀਆਂ ਉਪ ਭਾਸ਼ਾਵਾਂ ਮੰਨਿਆ ਜਾਂਦਾ ਸੀ ਪਰ ਅੱਜ
ਭਾਰਤ ਸਰਕਾਰ ਨੇ ਡੋਗਰੀ ਨੂੰ ਅਤੇ ਪਾਕਿਸਤਾਨੀ ਸਰਕਾਰ ਨੇ ਮੁਲਤਾਨੀ ਨੂੰ
ਸਰਾਇਕੀ ਦਾ ਨਾਂ ਦੇ ਕੇ ਵੱਖਰੀ ਭਾਸ਼ਾ ਬਣਾ ਦਿੱਤਾ ਹੈ। ਇਹ ਤੱਥ ਵੀ ਬਹੁਤ ਘੱਟ
ਲੋਕਾਂ ਨੂੰ ਪਤਾ ਹੈ ਕਿ ਸੰਸਾਰ ਵਿਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ
ਅੰਗਰੇਜ਼ੀ ਨਹੀਂ, ਚੀਨੀ ਹੈ ਅ਼਼ਤੇ ਪੰਜਾਬੀ ਨੂੰ ਸਮਝਣ ਵਾਲੇ 13 ਕਰੋੜ ਤੋਂ
ਕਿਤੇ ਵਧੇਰੇ ਹਨ। ਇਸ ਗੱਲ ਦਾ ਪ੍ਰਮਾਣ ਪੰਜਾਬ ਦੇ ਪਿੰਡਾਂ ਵਿਚੋਂ ਪ੍ਰਾਪਤ
ਕੀਤਾ ਜਾ ਸਕਦਾ ਹੈ ਜਿਥੇ ਨਾਲ ਲਗਦੇ ਰਾਜ ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਦੀ
ਥਾਵੇਂ ਦੂਰ ਬਿਹਾਰ, ਉਤਰ ਪ੍ਰਦੇਸ਼, ਮੱਧ ਪ੍ਰਦੇਸ ਅਤੇ ਉਤਰਾਂਚਲ ਆਦਿ ਤੋਂ
ਪਰਵਾਸੀ ਮਜ਼ਦੂਰ ਆਉਂਦੇ ਹਨ ਅਤੇ ਉਹ ਪੰਜਾਬੀ ਨੂੰ ਸਮਝਦੇ ਹਨ। ਅਜਿਹੀ ਭਾਸ਼ਾ
ਦੇ ਮਰਨ ਦਾ ਕੋਈ ਖਤਰਾ ਨਹੀਂ ਹੈ ਕਿਉਂਕਿ ਇਸ ਵਿਚ ਪੁਰਾਤਨ ਸਾਹਿਤ ਮੌਜੂਦ ਹੈ।
ਬੋਲਣ, ਸਮਝਣ, ਲਿਖਣ, ਪੜ੍ਹਨ ਦੀ ਪਰੰਪਰਾ ਜਾਰੀ ਹੈ।
ਇਸ ਸਮੇਂ ਇਹ ਪੰਜਾਬ ਦੀ ਸਾਰੀਆਂ ਘਾਟਾਂ ਸਮੇਤ ਸਰਕਾਰੀ ਭਾਸ਼ਾ ਹੈ ਅਤੇ ਇਹ
ਸਿੱਖਿਆ ਦਾ ਮਾਧਿਅਮ ਵੀ ਹੈ।
ਪੰਜਾਬੀ ਭਾਸ਼ਾ ਦੀ ਪੁਰਾਤਨਤਾ, ਇਸ ਦਾ ਗੌਰਵਸ਼ਾਲੀ ਇਤਿਹਾਸਕ ਅਤੀਤ ਅਤੇ ਇਸ
ਦੇ ਵਿਕਾਸ ਰੁਖ ਨੂੰ ਬਹੁਤ ਚੰਗੀ ਤਰ੍ਹਾਂ ਬਿਆਨਿਆ ਜਾ ਸਕਦਾ ਹੈ ਪਰੰਤੂ ਸਾਡਾ
ਅੱਜ ਦਾ ਮਸਲਾ ਇਹ ਨਹੀਂ ਹੈ। ਅੱਜ ਦਾ ਮਸਲਾ ਇਸ ਦੇ ਭਵਿੱਖ ਨਾਲ ਜੁੜਿਆ ਹੋਇਆ
ਹੈ ਤੇ ਅੱਗੋਂ ਭਵਿੱਖ ਦਾ ਮਸਲਾ ਵੀ ਵਿਗਿਆਨ ਨਾਲ ਜੁੜਿਆ ਹੋਇਆ ਹੈ।
ਸਭ ਤੋਂ ਪਹਿਲਾਂ ਸਾਨੂੰ ਇਹ ਗਲਤ ਧਾਰਨਾ ਰੱਦ ਕਰਨੀ ਪਵੇਗੀ ਕਿ ਵਿਗਿਆਨ ਦਾ
ਅੰਗਰੇਜ਼ੀ ਜਾਂ ਕਿਸੇ ਹੋਰ ਤਥਾਕਥਿਤ ਉਨਤ ਭਾਸ਼ਾ ਨਾਲ ਕੋਈ ਸਬੰਧ ਹੈ। ਹੈਰਾਨੀ
ਦੀ ਗੱਲ ਹੈ ਕਿ ਆਧੁਨਿਕ ਗਣਿਤ ਅਤੇ ਕੰਪਿਊਟਰ ਦਾ ਮੂਲ ਬਣਨ ਵਾਲੀ ਜੀਰੋ ਦੀ ਕਾਢ
ਭਾਰਤ ਦੇ ਆਰੀਆਭੱਟ ਨੇ ਕੱਢੀ ਸੀ ਜੋ ਨਾ ਅੰਗਰੇਜ਼ੀ ਜਾਣਦਾ ਸੀ ਤੇ ਨਾ
ਅੰਗਰੇਜ਼ੀ ਦੀ ਕਿਸੇ ਯੂਰਪੀ ਮਾਂ ਭਾਸ਼ਾ ਨੂੰ ਜਾਣਦਾ ਸੀ। ਅਸਲ ਵਿਚ ਵਿਗਿਆਨ ਲਈ
ਜਿਸ ਮੌਲਿਕ ਚਿੰਤਨ ਦੀ ਜ਼ਰੂਰਤ ਹੁੰਦੀ ਹੈ ਉਹ ਆਪਣੀ ਮਾਤ ਭਾਸ਼ਾ ਤੌਂ ਬਗੈਰ
ਕਿਸੇ ਹੋਰ ਭਾਸ਼ਾ ਵਿਚ ਆ ਹੀ ਨਹੀਂ ਸਕਦਾ। ਇਹੀ ਕਾਰਨ ਹੈ ਕਿ ਅੱਜ ਭਾਰਤ ਦੀ
ਆਬਾਦੀ ਸਵਾ ਅਰਬ ਹੋਣ ਬਾਅਦ, ਬਹੁਗਿਣਤੀ ਦੀ ਉਚੇਰੀ ਵਿਗਿਆਨਕ ਸਿੱਖਿਆ
ਅੰਗਰੇਜ਼ੀ ਵਿਚ ਹੋਣ ਦੇ ਬਾਵਜੂਦ ਅਸੀਂ ਨੋਬਲ ਪੁਰਸਕਾਰਾਂ ਵਿਚ ਪਛੜੇ ਹੋਏ ਹਾਂ।
ਇਸ ਦਾ ਕਾਰਨ ਇਹ ਹੈ ਕਿ ਬਹੁ ਗਿਣਤੀ ਮਾਤਭਾਸ਼ਾ ਵਿਚ ਸਿੱਖਿਆ ਪ੍ਰਾਪਤ ਕਰਨ, ਉਸ
ਸਿੱਖਿਆ ਨੂੰ ਵਿਗਿਆਨਕ ਪ੍ਰਯੋਗਾਂ ਨਾਲ ਜੋੜਨ ਅਤੇ ਵਿਗਿਆਨਕ ਪ੍ਰਯੋਗਾਂ ਨੂੰ
ਸੱਚਮੁੱਚ ਦੀ ਜ਼ਿੰਦਗੀ ਨਾਲ ਜੋੜਨ ਵਿਚ ਅਸਮਰਥ ਹਨ ਕਿਉਂਕਿ ਉਨ੍ਹਾਂ ਦੀ ਮਾਤ
ਭਾਸ਼ਾ ਹੋਰ ਹੈ ਅਤੇ ਸਿੱਖਿਆ ਦਾ ਮਾਧਿਅਮ ਹੋਰ ਹੈ।
ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਉਪਰ ਜਦੋਂ ਵੀ ਹਮਲਾ ਹੁੰਦਾ ਹੈ ਤਾਂ
ਮੁੱਖ ਤੌਰ ਤੇ ਪੰਜਾਬ ਦੇ ਤਿੰਨ ਵਰਗ ਹੀ ਅੱਗੇ ਆਉਂਦੇ ਹਨ। ਧਰਮਾਂ ਵਿਚੋਂ ਸਿੱਖ
ਧਰਮ ਦੇ ਅਨੁਆਈ ਪੰਜਾਬੀ ਭਾਸ਼ਾ ਦੇ ਹੱਕ ਵਿਚ ਨਾਅਰਾ ਮਾਰਦੇ ਹਨ। ਕਲਾਕਾਰਾਂ
ਅਤੇ ਬੁੱਧੀਜੀਵੀਆਂ ਵਿਚੋਂ ਪੰਜਾਬੀ ਲੇਖਕ ਅਤੇ ਅਧਿਆਪਕ ਆਵਾਜ ਉਠਾਉਂਦੇ ਹਨ ਅਤੇ
ਇਸ ਤੋਂ ਇਲਾਵਾ ਪੰਜਾਬੀ ਅਖ਼ਬਾਰਾਂ ਦੇ ਮਾਲਕ ਸੰਪਾਦਕ ਅਤੇ ਪਾਠਕ ਇਸ ਸਬੰਧੀ
ਫਿਕਰਮੰਦੀ ਜਾਹਰ ਕਰਦੇ ਹਨ। ਇਨ੍ਹਾਂ ਵਰਗਾਂ ਦੀ ਆਵਾਜ ਨੂੰ ਆਮ ਕਰਕੇ ਸਰਬਸਾਂਝੇ
ਪੰਜਾਬੀ ਹਿਤ ਦੀ ਥਾਵੇਂ ਸਵੈ ਹਿਤ ਦੀ ਆਵਾਜ ਕਹਿ ਕੇ ਦਬਾਉਣ ਦਾ ਯਤਨ ਕੀਤਾ
ਜਾਂਦਾ ਹੈ। ਆਮ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਧਾਰਮਿਕ ਗ੍ਰੰਥ ਪੰਜਾਬੀ
ਭਾਸ਼ਾ ਵਿਚ ਹੋਣ ਕਰਕੇ ਇਸ ਸਬੰਧੀ ਰੌਲਾ ਪਾਉਂਦੇ ਹਨ। ਪੰਜਾਬੀ ਲੇਖਕਾਂ ਅਤੇ
ਅਧਿਆਪਕਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਲੇਖਕਾਂ ਨੂੰ ਆਪਣੀਆਂ ਪੁਸਤਕਾਂ ਵਿਕਣ
ਦਾ ਫਿਕਰ ਹੁੰਦਾ ਹੈ ਅਤੇ ਅਧਿਆਪਕਾਂ ਨੂੰ ਆਪਣੇ ਰੋਜ਼ਗਾਰ ਖੁੱਸਣ ਦਾ ਖਦਸ਼ਾ
ਹੁੰਦਾ ਹੈ। ਅਸਲ ਵਿਚ ਇਹ ਕੇਵਲ ਪੰਜਾਬੀ ਭਾਸ਼ਾ ਵਿਰੋਧੀਆਂ ਵੱਲੋਂ ਹੀ ਨਹੀਂ
ਸਗੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲੋ ਨਾਲ ਆਮ ਲੋਕਾਂ ਦੇ ਵਿਰੋਧੀਆਂ
ਵੱਲੋਂ ਪਰਚਾਰਿਆ ਜਾਂਦਾ ਝੂਠ ਹੈ।
ਸਭ ਤੋਂ ਪਹਿਲੀ ਗੱਲ ਇਹ ਕਿ ਪੰਜਾਬੀ ਕੇਵਲ ਸਿੱਖਾਂ ਦੀ ਭਾਸ਼ਾ ਨਹੀਂ ਹੈ।
ਪੰਜਾਬੀ ਦੇ ਕੁੱਲ ਪੰਜਾਬੀ ਬੋਲਣ ਵਾਲੇ ਹਿੰਦੂਆਂ ਅਤੇ ਸਿੱਖਾਂ ਤੋਂ ਵੱਧ
ਪੰਜਾਬੀ ਬੋਲਣ ਵਾਲੇ ਪਾਕਿਸਤਾਨ ਵਿਚ ਰਹਿੰਦੇ ਮੁਸਲਮਾਨ ਹਨ। ਇਸੇ ਆਧਾਰ ਉਪਰ ਹੀ
ਪੰਜਾਬੀ ਸੰਸਾਰ ਦੀ 10ਵੀਂ ਜ਼ੁਬਾਨ ਹੈ। ਭਾਰਤ ਵਿਚ ਵੀ ਕੁੱਲ ਪੰਜਾਬੀ ਭਾਸ਼ੀ
ਹਿੰਦੂਆਂ ਦੀ ਗਿਣਤੀ ਸਿੱਖਾਂ ਦੀ ਗਿਣਤੀ ਤੋਂ ਵਧ ਹੈ। ਆਬਾਦੀ ਕ੍ਰ੍ਮ ਅਨੁਸਾਰ
ਪੰਜਾਬੀ ਭਾਸ਼ਾ ਬੋਲਣ ਵਾਲਿਆਂ ਵਿਚ ਸਿੱਖਾਂ ਦੀ ਵਾਰੀ ਮੁਸਲਮਾਨਾਂ ਅਤੇ
ਹਿੰਦੂਆਂ ਤੋਂ ਬਾਅਦ ਆਉਂਦੀ ਹੈ। ਪਰੰਤੂ ਪਿਛਲੀ ਡੇਢ ਸਦੀ ਵਿਚ ਅੰਗਰੇਜ਼
ਸਾਮਰਾਜ ਦੇ ਦੌਰ ਦੀਆਂ ਰਾਜਸੀ, ਆਰਥਿਕ ਅਤੇ ਵਿਦਿਅਕ ਨੀਤੀਆਂ ਅਜੋਕੇ ਦੌਰ ਦੀ
ਵੋਟ ਸਿਆਸਤ ਨਾਲ ਰਲ ਗਈਆਂ ਤਾਂ ਪੰਜਾਬੀ ਭਾਸ਼ਾ ਨੂੰ ਸਿੱਖਾਂ ਨਾਲ ਜੋੜ ਦਿੱਤਾ
ਗਿਆ ਹੈ। ਅੱਜ ਦੇ ਪ੍ਰਸੰਗ ਵਿਚ ਅਸਲ ਸਥਿਤੀ ਇਹ ਹੈ ਕਿ ਜੇ ਕਦੇ ਨਿੱਕੇ ਲਾਲਚਾਂ
ਲਈ ਗੁਰੂ ਨਾਨਕ ਦੇਵ ਜੀ ਨੇ ਖੱਤਰੀਆਂ ਨੂੰ "ਧਰਮ ਛੋਡਿਆ ਮਲੇਛ ਭਾਖਿਆ ਗਹੀ" ਦਾ
ਉਲਾਂਭਾ ਦਿੱਤਾ ਸੀ ਤਾਂ ਸਿੱਖਾਂ ਵਿਚ ਇਕ ਸਾਧਨ ਸੰਪੰਨ ਕੁਲੀਨ ਵਰਗ ਪੈਦਾ ਹੋ
ਚੁੱਕਿਆ ਹੈ ਜੋ ਨਿੱਕੇ ਦੁਨਿਆਵੀ ਲਾਲਚਾਂ ਅਧੀਨ ਪੰਜਾਬੀ ਭਾਸ਼ਾ ਤੋਂ ਬੇਮੁੱਖ
ਹੋ ਰਿਹਾ ਹੈ। ਮਸਲਾ ਭਾਸ਼ਾ ਨੂੰ ਕਿਸੇ ਧਰਮ ਨਾਲ ਜੋੜਨ ਨਾਲ ਹੱਲ ਨਹੀਂ ਹੋਣਾ
ਸਗੋਂ ਇਸ ਨੂੰ ਸਮੂੰਹ ਪੰਜਾਬੀਆਂ ਦਾ ਮਸਲਾ ਸਮਝਣ ਨਾਲ ਹੋਣਾ ਹੈ। ਜਿੱਥੋਂ ਤਕ
ਲੇਖਕਾਂ ਦੀ ਪੁਸਤਕ ਵਿਕਣ ਦਾ ਮਸਲਾ ਹੈ, ਇਸ ਸਮੇਂ ਕੋਈ ਵੀ ਲੇਖਕ ਆਪਣੀਆਂ
ਲਿਖੀਆਂ ਪੁਸਤਕਾਂ ਦੀ ਕਮਾਈ ਨਾਲ ਰੋਟੀ ਨਹੀਂ ਖਾ ਰਿਹਾ ਸਗੋਂ ਪੱਲਿਓ ਪੈਸੇ ਅਤੇ
ਸਮਾਂ ਖਰਚ ਰਿਹਾ ਹੈ। ਇਸੇ ਪ੍ਰਕਾਰ ਪੰਜਾਬੀ ਭਾਸ਼ਾ ਦਾ ਮਸਲਾ ਨਿਰਾ-ਪੁਰਾ ਕੁਝ
ਵਿਅਕਤੀਆਂ ਦੇ ਰੁਜ਼ਗਾਰ ਦਾ ਮਸਲਾ ਨਹੀਂ ਹੈ ਸਗੋਂ ਇਸ ਨਾਲ ਸਮੂੰਹ ਪੰਜਾਬੀਆਂ
ਦੀ ਹੋਣੀ ਜੁੜੀ ਹੋਈ ਹੈ। ਇਸੇ ਹੋਣੀ ਵੱਲ ਸੰਕੇਤ ਕਰਨਾ ਅਤੇ ਭਾਸ਼ਾ ਦੇ ਵਡੇਰੇ
ਸਰੋਕਾਰਾਂ ਨੂੰ ਸਾਹਮਣੇ ਲਿਆਉਣਾ ਹੈ ਪਰੰਤੂ ਉਹ ਮਸਲਾ ਛੁਹਣ ਤੋਂ ਪਹਿਲਾਂ ਕੁਝ
ਪੰਜਾਬੀ ਦੇ ਵਿਰੋਧ ਵਿਚ ਦਿੱਤੀਆਂ ਜਾਂਦੀਆਂ ਦਲੀਲਾਂ ਨੂੰ ਵੀ ਵਾਚ ਲੈਣਾ ਬਣਦਾ
ਹੈ।
ਪੰਜਾਬੀ ਭਾਸ਼ਾ ਰੁਜ਼ਗਾਰ ਵਿਚ ਸਹਾਇਤਾ ਨਹੀਂ ਕਰਦੀ - ਇਹ ਆਮ ਦਲੀਲ ਦਿੱਤੀ
ਜਾਂਦੀ ਹੈ ਕਿ ਪੰਜਾਬੀ ਭਾਸ਼ਾ ਵਾਲਾ ਬੰਦਾ ਸ਼ੰਭੂ ਬਾਰਡਰ ਨਹੀਂ ਟੱਪ ਸਕਦਾ
ਜਦੋਂ ਕਿ ਅੰਗਰੇਜੀ ਪੜ੍ਹੇ ਵਿਅਕਤੀ ਲਈ ਸਾਰੇ ਸੰਸਾਰ ਵਿਚ ਨੌਕਰੀਆਂ ਹਨ। ਅਸਲ
ਵਿਚ ਅਜਿਹੀ ਦਲੀਲ ਦੇਣ ਵਾਲੇ ਵਿਅਕਤੀ ਪੰਜਾਬੀ ਭਾਸ਼ਾ ਦੀ ਪੜ੍ਹਾਈ, ਪੰਜਾਬੀ
ਸਾਹਿਤ ਦੀ ਪੜ੍ਹਾਈ, ਪੰਜਾਬੀ ਮਾਧਿਅਮ ਵਿਚ ਪੜ੍ਹਾਈ, ਹੋਰ ਗਿਆਨ ਅਨੁਸਾਸ਼ਨਾ ਦੀ
ਪੜ੍ਹਾਈ ਨੂੰ ਆਪਣੀ ਅਗਿਆਨਤਾ ਅਤੇ ਚਤੁਰਾਈ ਦੋਨਾ ਕਾਰਨਾਂ ਕਰਕੇ ਰਲਗੱਡ ਕਰ
ਰਿਹਾ ਹੁੰਦਾ ਹੈ। ਅਗਿਆਨਤਾ ਜਿਵੇਂ ਕੋਈ ਅਨਪੜ੍ਹ ਪੇਂਡੂ ਸੱਠਵਿਆਂ ਵਿਚ
ਵਰਕ-ਪਰਮਿਟ ਤੇ ਇੰਗਲੈਂਡ ਚਲਾ ਗਿਆ ਅਤੇ ਵਾਪਸ ਆ ਕੇ ਦਸਦਾ ਹੈ ਕਿ ਅੰਗਰੇਜ਼ਾਂ
ਨੇ ਭਾਰਤ ਤੇ ਰਾਜ ਤਾਂ ਕਰਨਾ ਹੀ ਸੀ ਉਥੇ ਤਾਂ ਬੱਚਾ ਬੱਚਾ ਅੰਗਰੇਜ਼ੀ ਬੋਲਦਾ
ਹੈ। (ਅਨਪੜ੍ਹ ਅੰਗਰੇਜ਼ ਵੀ ਅੰਗਰੇਜ਼ੀ ਬੋਲਦੇ ਹਨ) ਹੁਣ ਇਹ ਅਗਿਆਨਤਾ ਹੈ
ਪਰੰਤੂ ਦਲੀਲਾਂ ਦੇਣ ਵਾਲੇ ਬਹੁਤ ਚਤੁਰਾਈ ਨਾਲ ਗਿਆਨ ਅਨੁਸਾਸ਼ਨਾ ਨੂੰ ਰਲਗੱਡ
ਕਰਦੇ ਹਨ।
ਇੰਗਲੈਂਡ, ਅਮਰੀਕਾ, ਕੈਨੇਡਾ ਜਾਂ ਆਸਟਰੇਲੀਆ ਵਿਚ ਜੰਮੇ ਹਰ ਸਖਸ਼ ਨੂੰ
ਅੰਗਰੇਜ਼ੀ ਆਉਂਦੀ ਹੈ ਪਰ ਸਾਰੇ ਡਾਕਟਰ, ਇੰਜਨੀਅਰ ਜਾਂ ਵਿਗਿਆਨੀ ਨਹੀਂ ਹੁੰਦੇ।
ਇਨ੍ਹਾਂ ਅਨੁਸਾਸ਼ਨਾ ਦੀ ਉਨ੍ਹਾਂ ਨੂੰ ਵੀ ਪੜ੍ਹਾਈ ਕਰਨੀ ਪੈਂਦੀ ਹੈ। ਇਨ੍ਹਾਂ
ਚਾਰਾਂ ਦੇਸ਼ਾਂ ਅਤੇ ਕੁਝ ਭਾਰਤ ਵਰਗੇ ਤੀਜੀ ਦੁਨੀਆਂ ਦੇ ਬਸਤੀਆਂ ਰਹੇ ਦੇਸ਼ਾਂ
ਤੋਂ ਛੁੱਟ ਬਾਕੀ ਸਾਰੇ ਦੇਸ਼ਾਂ ਵਿਚ ਫਰਾਂਸ, ਜਰਮਨੀ, ਇਟਲੀ, ਰੂਸ, ਜਾਪਾਨ ਵਿਚ
ਵਿਗਿਆਨ ਦੀ ਸਾਰੀ ਪੜ੍ਹਾਈ ਆਪਣੀ ਭਾਸ਼ਾ ਵਿਚ ਹੁੰਦੀ ਹੈ। ਚਾਹੀਦਾ ਤਾਂ ਇਹ ਹੈ
ਕਿ ਹਰ ਅਨੁਸਾਸ਼ਨ ਨੂੰ ਪੰਜਾਬੀ ਵਿਚ ਪੜ੍ਹਾਇਆ ਜਾਂਦਾ, ਉਲਟਾ ਅਸੀਂ ਹਰ
ਅਨੁਸਾਸ਼ਨ ਨੂੰ ਅੰਗਰੇਜ਼ੀ ਵਿਚ ਪੜ੍ਹਾਉਣ ਦੀ ਵਕਾਲਤ ਕਰਨ ਲੱਗ ਪਏ ਹਾਂ। ਇਹ
ਦੇਖਣ ਨੂੰ ਸੌਖਾ ਅਤੇ ਸਿੱਧਾ ਰਾਹ ਲਗਦਾ ਹੈ। ਅਸਲ ਵਿਚ ਔਖਾ ਅਤੇ ਗੁੰਝਲਦਾਰ
ਹੈ। ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਵਿਚ ਤਾਂ ਕੀ ਸਮੁੱਚੇ ਭਾਰਤ ਵਿਚ
ਹੀ ਇਸ ਸਮੇਂ ਬੇਰੁਜ਼ਗਾਰੀ ਦੈਂਤ ਬਣ ਕੇ ਡਰਾ ਰਹੀ ਹੈ। ਅੰਗਰੇਜ਼ੀ ਪੜ੍ਹਿਆਂ
ਨੂੰ ਵੀ ਕੋਈ ਰੁਜ਼ਗਾਰ ਨਹੀਂ ਲੱਭ ਰਿਹਾ। ਮਸਲਾ ਰੁਜ਼ਗਾਰ ਮੌਕੇ ਪੈਦਾ ਕਰਨ ਦਾ
ਹੈ ਜਿਸ ਨੂੰ ਵਾਧੂ ਭਾਸ਼ਾ ਨਾਲ ਜੋੜਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਦਲੀਲ ਦਿੱਤੀ ਜਾਂਦੀ ਹੈ ਕਿ ਪੱਛਮੀ ਮੁਲਕਾਂ ਵਿਚ ਗ੍ਰੈਜੂਏਟ
ਪੱਧਰ ਤੇ ਭਾਸ਼ਾ ਪੜ੍ਹਾਈ ਨਹੀਂ ਜਾਂਦੀ ਜਦੋਂ ਕਿ ਪੰਜਾਬ ਵਿਚ ਗ੍ਰੈਜੂਏਟ ਪੱਧਰ
ਉਪਰ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਪੜ੍ਹਾਈ ਜਾਂਦੀ ਹੈ। ਅਸਲ ਵਿਚ ਅਜਿਹੀਆਂ
ਦਲੀਲਾਂ ਕੇਵਲ ਅਗਿਆਨਤਾ ਵਿਚੋਂ ਹੀ ਜਨਮ ਨਹੀਂ ਲੈਂਦੀਆਂ ਸਗੋਂ ਅੰਨ੍ਹੀ
ਪੱਛਮਪ੍ਰਸਤੀ ਵਿਚੋਂ ਜਨਮਦੀਆਂ ਹਨ। ਇਥੇ ਇਹ ਵੀ ਧਿਆਨ ਦੇਣ ਵਾਲਾ ਮੁੱਦਾ ਹੈ।
ਉਨ੍ਹਾ ਦੇਸ਼ਾਂ ਵਿਚ ਉਚੇਰੀ ਸਿੱਖਿਆ ਦਾ ਮਾਧਿਅਮ ਮਾਤਰੀ ਜ਼ੁਬਾਨ ਹੈ। ਸਾਡੇ
ਉਚੇਰੀ ਸਿੱਖਿਆ ਦਾ ਮਾਧਿਅਮ ਪੰਜਾਬੀ ਕਰ ਦਿੱਤਾ ਜਾਵੇ ਫੇਰ ਪੰਜਾਬੀ ਜ਼ਰੂਰੀ
ਪੜ੍ਹਾਉਣ ਦੀ ਜ਼ਰੂਰਤ ਨਹੀਂ ਰਹੇਗੀ। ਉਸ ਸਮੇਂ ਤਕ ਮੌਜੂਦਾ ਪ੍ਰਬੰਧ ਨੂੰ ਬਦਲਣਾ
ਠੀਕ ਨਹੀਂ ਹੈ।
ਪੰਜਾਬੀ ਦਾ ਵਿਰੋਧ ਅਸਲ ਵਿਚ ਸਾਧਨ ਸੰਪੰਨ ਅਮੀਰ ਸ਼੍ਰੇਣੀ ਵੱਲੋਂ ਗਰੀਬ
ਲੋਕਾਂ ਖਿਲਾਫ ਵਰਤਿਆ ਜਾਣ ਵਾਲਾ ਹਥਿਆਰ ਹੈ। ਉਚੇਰੀ ਸਿੱਖਿਆ, ਉਚੇਰੀਆਂ
ਨੌਕਰੀਆਂ ਅਤੇ ਉਚ ਨਿਆਂ ਦਾ ਮਾਧਿਅਮ ਅੰਗਰੇਜ਼ੀ ਨੂੰ ਬਣਾ ਦੇਣਾ ਕੋਈ ਜ਼ਰੂਰੀ
ਜਾਂ ਮਜ਼ਬੂਰੀ ਨਹੀਂ ਹੈ ਜਿਵੇਂ ਇਸ ਨੂੰ ਪਰਚਾਰਿਆ ਜਾਂਦਾ ਹੈ ਸਗੋਂ ਇਹ ਸਾਧਨ
ਸੰਪੰਨ ਉਚੇਰੀ ਸ਼੍ਰੇਣੀ ਦੀ ਆਪਣੇ ਹਿਤਾਂ ਲਈ ਘੜੀਆਂ ਜਾਂਦੀਆਂ ਬਹੁਤ ਸਾਰੀਆਂ
ਸਾਜਿਸ਼ਾਂ ਦੀ ਚਾਲਾਂ ਵਿਚੋਂ ਚਾਲ ਹੈ। ਇਸ ਦਾ ਕਾਰਨ ਇਹ ਹੈ ਕਿ ਹਰ ਪੰਜਾਬੀ
ਬੱਚੇ ਨੂੰ ਪੰਜਾਬੀ ਭਾਸ਼ਾ ਅਤੇ ਆਲੇ ਦੁਆਲੇ ਦਾ ਵਾਤਾਵਰਣ ਪੰਜਾਬੀ ਭਾਸ਼ਾ ਹੋਣ
ਕਰਕੇ (ਮਾਤ ਭਾਸ਼ਾ) ਬੋਲਣੀ ਸਹਿਜ ਹੀ ਆ ਜਾਣੀ ਹੁੰਦੀ ਹੈ ਅਤੇ ਇਸ ਨੂੰ
ਪੜ੍ਹਨਾ, ਲਿਖਣਾ ਅਤੇ ਬੋਲਣਾ ਵੀ ਆਉਂਦਾ ਹੋਣ ਕਰਕੇ ਤਕਨੀਕੀ ਭਾਸ਼ਾ ਵਿਚ ਸ਼ਬਦ
ਭੰਡਾਰ ਅਤੇ ਵਿਆਕਰਨ ਅਵਚੇਤਨ ਦਾ ਅੰਗ ਹੋਣ ਕਰਕੇ ਹਰ ਭਾਸ਼ਾ ਦੇ ਬੁਲਾਰੇ ਕੋਲ
ਉਸ ਭਾਸ਼ਾ ਦੀ ਲੈਂਗ ਹੁੰਦੀ ਹੈ। ਇਸੇ ਮਾਤ ਭਾਸ਼ਾ ਰਾਹੀਂ ਉਸ ਨੇ ਗਿਆਨ ਗ੍ਰਹਿਣ
ਕਰਨਾ ਹੁੰਦਾ ਹੈ। ਭਾਵ ਦੂਸਰੇ ਅਨੁਸਾਸ਼ਨਾ ਬਾਰੇ ਜਾਣਕਾਰੀ ਪ੍ਰਾਪਤ ਕਰਨੀ
ਹੁੰਦੀ ਹੈ। ਇਸ ਦੇ ਉਲਟ ਵਿਦੇਸ਼ੀ ਭਾਸ਼ਾ ਦੀ ਵਿਦਿਆਰਥੀ ਕੋਲ ਸਕੂਲ ਜਾਣ ਸਮੇਂ
ਕੋਈ ਪੂਰਵ ਮੌਜੂਦ ਲੈਂਗ (ਵਿਆਕਰਨ ਅਤੇ ਸ਼ਬਦ ਭੰਡਾਰ) ਨਾ ਹੋਣ ਕਰਕੇ ਉਸ ਨੂੰ
ਵਿਸ਼ੇਸ਼ ਤਰੱਦਦ ਨਾਲ ਪੜ੍ਹਨਾ, ਲਿਖਣਾ ਅਤੇ ਬੋਲਣਾ ਸਿੱਖਣਾ ਪੈਂਦਾ ਹੈ। ਇਸ ਲਈ
ਉਸ ਨੂੰ ਵਧੇਰੇ ਸਮਾਂ ਅਤੇ ਸ਼ਕਤੀ ਲਗਾਉਣੀ ਪੈਂਦੀ ਹੈ।
ਭਾਸ਼ਾ ਸਿੱਖਣ ਅਤੇ ਗਿਆਨ ਗ੍ਰਹਿਣ ਕਰਨ ਵਿਚ ਮਾਤ ਭਾਸ਼ਾ ਦੀ ਸਥਾਂਨ ਤੇ
ਵਿਦੇਸ਼ੀ ਭਾਸ਼ਾ ਕਿਵੇਂ ਗੈਰ ਮਨੋਗਿਆਨਕ ਹੈ, ਇਸ ਬਾਰੇ ਹਾਲ ਦੀ ਘੜੀ ਚਰਚਾ ਬੰਦ
ਕਰਕੇ ਪਹਿਲਾਂ ਅਸੀਂ ਸਾਜਿਸ਼ ਵੱਲ ਹੀ ਧਿਆਨ ਦਿਵਾਉਣਾ ਚਾਹੁੰਦੇ ਹਾਂ। ਸੋ, ਜੇ
ਦੋ ਵਿਦਿਆਰਥੀ ਇਕੋ ਜਿੰਨੀ ਬੁੱਧੀ ਵਾਲੇ ਹੋਣ ਮਨੋਵਿਗਿਆਨੀਆਂ ਅਨੁਸਾਰ ਬੁੱਧੀ
ਫਲ ਜਾਤ, ਜਮਾਤ, ਉਮਰ, ਧਰਮ ਨਸਲ ਨਾਲ ਪ੍ਰਭਾਵਿਤ ਨਹੀਂ ਹੁੰਦਾ। ਇਕੋ ਬੁੱਧੀ ਫਲ
ਵਾਲੇ ਵਿਅਕਤੀਆਂ ਨੇ ਇਕੋ ਜਿਹੇ ਸਮੇਂ ਵਿਚ ਲਗਭਗ ਇਕੋ ਜਿਹੀ ਚੀਜ਼ ਨੂੰ ਪੜ੍ਹ
ਕੇ ਇਕੋ ਜਿੰਨੀ ਸਿੱਖਿਆ ਪ੍ਰਾਪਤੀ ਕਰਨੀ ਹੁੰਦੀ ਹੈ ਪਰੰਤੂ ਜੇ ਅਸੀਂ ਗੇਮ ਰੂਲ
ਨਿਯਮ ਹੀ ਬਦਲ ਦੇਈਏ ਤਾਂ ਨਿਸਚੇ ਹੀ ਨਵੇਂ ਨਿਯਮਾਂ ਤੋਂ ਅਨਜਾਣ ਪਛੜ ਜਾਣਗੇ।
ਉਦਾਹਰਨ ਵਜੋਂ ਜੇ ਆਪਾ ਸਥਿਤੀ ਨੂੰ ਵਧੇਰੇ ਸਪਸ਼ਟ ਕਰਨ ਲਈ ਉਦਾਹਰਨ ਲਈਏ ਜੋ
ਭਾਰ ਵਿਚ ਬਰਾਬਰ ਹਨ ਦੋਹਾਂ ਦੀ ਕੁਸ਼ਤੀ ਦਾ ਅਭਿਆਸ ਹੈ ਪਰ ਅਚਾਨਕ ਉਨ੍ਹਾਂ ਵਿਚ
ਇਕੋ ਨੂੰ ਲਗਾਤਾਰ 10 ਸਾਲ ਟੈਨਿਸ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਗਿਆਰਵੇਂ
ਸਾਲ ਦੋਹਾਂ ਨੂੰ ਟੈਨਿਸ ਦੀ ਖੇਡਣ ਲਈ ਕਿਹਾ ਜਾਂਦਾ ਹੈ ਤਾਂ ਨਿਸਚੇ ਹੀ ਦੋਹਾਂ
ਦੀ ਸਰੀਰਕ ਸ਼ਕਤੀ ਬਰਾਬਰ ਹੋਣ ਦੇ ਬਾਵਜੂਦ ਟੈਨਿਸ ਦੀ ਟ੍ਰੇਨਿਗ ਵਾਲਾ ਜਿੱਤ
ਜਾਵੇਗਾ। ਇਸ ਤੋਂ ਇਹ ਸਿੱਟਾ ਕੱਢਣਾ ਕਿ ਟੈਨਿਸ ਵਾਲਾ ਗਿਅਕਤੀ ਵੱਧ
ਸ਼ਕਤੀਸ਼ਾਲੀ ਹੈ, ਠੀਕ ਨਹੀਂ ਹੈ ਕਿਉਂਕਿ ਅਸਲ ਵਿਚ ਅਚਾਨਕ ਖੇਡ ਨਿਯਮ ਬਦਲ
ਦਿੱਤੇ ਹਨ। ਇਸੇ ਪ੍ਰਕਾਰ ਸਾਡੇ ਸਿੱਖਿਆ ਪ੍ਰਬੰਧ ਵਿਚ ਇਕ ਪਾਸੇ ਤਾਂ ਪੰਜਾਬੀ
ਦੀ ਪੜ੍ਹਾਈ ਕਰਵਾਈ ਜਾਂਦੀ ਸੀ, ਪੰਜਾਬੀ ਮਾਧਿਅਮ ਵਿਚ ਪੜ੍ਹਾਈ ਕਰਵਾਈ ਜਾਂਦੀ
ਸੀ, ਦੂਜੇ ਪਾਸੇ ਦਸ ਸਾਲ ਬੱਚੇ ਨੂੰ ਅੰਗਰੇਜ਼ੀ ਦੀ ਪੜ੍ਹਾਈ ਕਰਵਾਈ ਗਈ ਅਤੇ
ਅੰਗਰੇਜ਼ੀ ਮਾਧਿਅਮ ਵਿਚ ਦੂਸਰੇ ਅਨੁਸਾਸ਼ਨ ਪੜ੍ਹਾਏ ਗਏ। ਪੜ੍ਹਾਈ ਮੁਕੰਮਲ ਹੋਣ
ਪਿੱਛੋਂ ਅੰਗਰੇਜ਼ੀ ਭਾਸ਼ਾ ਅਤੇ ਅੰਗਰੇਜ਼ੀ ਮਾਧਿਅਮ ਵਿਚ ਟੈਸਟ ਲਏ ਗਏ ਤਾਂ
ਨਤੀਜਾ ਤਾਂ ਪਹਿਲਾਂ ਹੀ ਪਤਾ ਸੀ ਕਿ ਕੀ ਹੋਣਾ ਸੀ।
ਸਮੱਸਿਆ ਇਹ ਪੈਦਾ ਹੁੰਦੀ ਹੈ ਕਿ ਅਜਿਹਾ ਕਿਉਂ ਕੀਤਾ ਗਿਆ। ਇਨ੍ਹਾਂ
ਨਤੀਜਿਆਂ ਦੇ ਆਧਾਰ ਤੇ ਹੁਣ ਇਹ ਆਖਿਆ ਜਾ ਰਿਹਾ ਹੈ ਕਿ ਸਰਕਾਰੀ ਸਕੂਲਾਂ ਦੇ
ਵਿਦਿਆਰਥੀ ਉਚੇਰੀਆਂ ਪ੍ਰਤੀਯੋਗਤਾਵਾਂ ਵਿਚ ਪਾਸ ਨਹੀਂ ਹੁੰਦੇ ਕਿਉਂਕਿ ਉਹ
ਅੰਗਰੇਜ਼ੀ ਨਹੀਂ ਪੜ੍ਹੇ ਹਨ। ਆਮ ਆਦਮੀ ਨੂੰ ਇਹ ਦਲੀਲ ਬੜੀ ਜਚਦੀ ਹੈ ਕਿ ਇਹ
ਤਾਂ ਠੀਕ ਹੈ ਕਿ ਹੁਣ ਤਕ ਸਾਡੇ ਨਾਲ ਗੇਮਰੂਲ ਬਦਲ ਕੇ ਠੱਗੀ ਮਾਰੀ ਜਾਂਦੀ ਰਹੀ
ਹੈ ਪਰੰਤੂ ਹੁਣ ਤਾਂ ਸਾਡੀਆਂ ਸਰਕਾਰਾਂ ਅੰਗਰੇਜ਼ੀ ਭਾਸ਼ਾ ਜ਼ਰੂਰੀ ਕਰਕੇ ਸਾਡਾ
ਭਲਾ ਹੀ ਕਰ ਰਹੀਆਂ ਹਨ। ਅਸਲ ਵਿਚ ਅਜਿਹਾ ਬਿਲਕੁਲ ਨਹੀਂ ਹੈ ਸਗੋਂ ਇਸ ਦਾ
ਖਮਿਆਜਾ ਵੀ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਸਭ ਤੋਂ ਪਹਿਲੀ ਗੱਲ ਵਿਦੇਸ਼ੀ
ਭਾਸ਼ਾ ਸਿੱਖਣ ਲਈ ਜ਼ਿਆਦਾ ਸਮਾਂ ਅਤੇ ਸ਼ਕਤੀ ਲਗਾਉਣੀ ਪੈਂਦੀ ਹੈ। ਇਹ ਸਹਿਜ
ਸਮਾਜ ਵਿਚੋਂ ਨਹੀਂ ਸਿੱਖੀ ਜਾ ਸਕਦੀ। ਇਸ ਕੰਮ ਲਈ ਵਿਸ਼ੇਸ਼ ਟਰੇਂਡ ਅਧਿਆਪਕਾਂ
ਦੀ ਜ਼ਰੂਰਤ ਹੈ, ਵਿਦੇਸ਼ੀ ਭਾਸ਼ਾ ਅੰਗਰੇਜ਼ੀ ਸਿੱਖਣ ਲਈ ਸਭ ਤੋਂ ਪਹਿਲੀ
ਜ਼ਰੂਰਤ ਹੈ ਕਿ ਸਮਾਂ ਚਾਹੀਦਾ ਹੈ। ਜਿਥੇ ਵਿਅਕਤੀ ਆਪਣੀ ਮਾਤ ਭਾਸ਼ਾ ਵਿਚ ਇਕ
ਖਾਸ ਪੱਧਰ ਦੀ ਪ੍ਰਵੀਨਤਾ 10 ਸਾਲਾਂ ਦੀ ਸਕੂਲੀ ਪੜ੍ਹਾਈ ਉਪਰੰਤ ਪ੍ਰਾਪਤ ਕਰ
ਸਕਦਾ ਹੈ ਉਥੇ ਵਿਦੇਸ਼ੀ ਭਾਸ਼ਾ ਦੀ ਉਸੇ ਪੱਧਰ ਦੀ ਪ੍ਰਵੀਨਤਾ ਹਾਸਲ ਕਰਨ ਲਈ
ਦੁੱਗਣਾ ਨਹੀਂ ਤਾਂ ਡੇਢਾ ਸਮਾਂ ਜ਼ਰੂਰੀ ਹੈ। ਪੜ੍ਹਾਈ ਵਿਚ ਵੱਧ ਸਮਾਂ ਸਾਧਨ
ਸੰਪੰਨ ਲੋਕ ਹੀ ਲਗਾ ਸਕਦੇ ਹਨ। ਸਾਧਨ-ਹੀਣ ਵਿਅਕਤੀਆਂ ਲਈ ਸਿੱਖਿਆ ਬੋਝ ਹੀ ਹੈ।
ਸਮੇਂ ਤੋਂ ਬਾਅਦ ਦੂਸਰਾ ਵੱਡਾ ਕਾਰਕ ਘਰ ਦਾ ਮਾਹੌਲ ਹੈ। ਸਕੂਲ ਵਿਚ ਪੜ੍ਹੀ
ਅੰਗਰੇਜ਼ੀ ਦੀ ਵਰਤੋਂ ਪੰਜਾਬੀ ਘਰ ਵਿਚ ਨਹੀਂ ਹੁੰਦੀ, ਸਿੱਟੇ ਵਜੋਂ ਸਿੱਖਣ ਵਿਚ
ਅੜਿੱਕਾ ਪੈਦਾ ਹੁੰਦਾ ਹੈ ਜਦੋਂ ਕਿ ਜਿਨ੍ਹਾਂ ਘਰਾਂ ਵਿਚ ਆਪਸ ਵਿਚ ਅੰਗਰੇਜ਼ੀ
ਬੋਲੀ ਜਾਂਦੀ ਹੈ, ਘਰ ਵਿਚ ਅੰਗਰੇਜ਼ੀ ਦੇ ਅਖ਼ਬਾਰ, ਰਿਸਾਲੇ, ਪੁਸਤਕਾਂ
ਆਉਂਦੀਆਂ ਹਨ ਅਤੇ ਅੰਗਰੇਜ਼ੀ ਫਿਲਮਾਂ , ਸੀਰੀਅਲ ਚਲਦੇ ਹਨ, ਉਹ ਇਸ ਭਾਸ਼ਾ ਵਿਚ
ਛੇਤੀ ਪ੍ਰਵੀਨ ਹੋ ਜਾਂਦੇ ਹਨ। ( ਹਾਲ ਦੀ ਘੜੀ ਅਸੀਂ ਅੰਗਰੇਜ਼ੀ ਭਾਸ਼ਾ ,
ਅੰਗਰੇਜ਼ੀ ਸਭਿਆਚਾਰ ਆਉਣ ਦੇ ਨੁਕਸਾਨ ਦੀ ਗੱਲ ਨਹੀਂ ਕਰ ਰਹੇ) ਸੋ ਘੱਟ ਸਮਾਂ,
ਘੱਟ ਪੈਸਾ, ਘਰੇਲੂ ਮਾਹੌਲ ਨਾ ਹੋਣ ਕਰਕੇ ਸਾਧਨ ਹੀਣ ਬਹੁਗਿਣਤੀ ਪੰਜਾਬੀ
ਭਾਸ਼ਾਈ ਲੋਕਾਂ ਦੇ ਬੱਚੇ ਚਾਹ ਕੇ ਵੀ ਅੰਗਰੇਜ਼ੀ ਨਹੀਂ ਸਿੱਖ ਸਕਣਗੇ ਜਾਂ ਘੱਟੋ
ਘੱਟ ਉਚੇਰੀਆਂ ਸਿੱਖਿਆਵਾਂ, ਨੌਕਰੀ ਆਦਿ ਲਈ ਜ਼ਰੂਰੀ ਪ੍ਰਵੀਨਤਾ ਹਾਸਲ ਨਹੀਂ ਕਰ
ਸਕਣਗੇ।
ਇਥੇ ਸਿਰਫ ਅਸੀਂ ਅੰਗਰੇਜ਼ੀ ਦੀ ਇਕ ਭਾਸ਼ਾ ਵਜੋਂ ਪੜ੍ਹਾਈ ਦੀ ਮੁੱਖ ਗੱਲ
ਕੀਤੀ ਹੈ। ਅਗਲੀ ਗੱਲ ਪੜ੍ਹਾਈ ਦੇ ਮਾਧਿਅਮ ਦੀ ਹੈ। ਇਥੇ ਬੜਾ ਵੱਡਾ ਭੁਲੇਖਾ
ਖੜਾ ਕੀਤਾ ਜਾ ਰਿਹਾ ਹੈ ਜਿਵੇਂ ਪਹਿਲੇ ਪੱਧਰ ਤੇ ਵਿਸ਼ੇਸ਼ ਉਚੇਰੇ ਵਿਗਿਆਨ ਦਾ
ਅੰਗਰੇਜ਼ੀ ਨਾਲ ਕੋਈ ਵਿਸ਼ੇਸ਼ ਰਿਸ਼ਤਾ ਹੋਵੇ, ਦੂਜਾ ਮਾਧਿਅਮ ਜਿਵੇਂ ਖਾਲੀ ਚੀਜ
ਹੋਵੇ। ਅਸਲ ਵਿਚ ਭਾਸ਼ਾ ਕੋਈ ਖਾਲੀ ਨਾਵਾਂ ਦਾ ਸੰਗ੍ਰਹਿ ਨਹੀਂ ਹੁੰਦਾ ਕਿ ਇਕ
ਚੀਜ਼ ਲਈ ਇਕ ਸ਼ਬਦ ਦੀ ਥਾਂ ਦੂਜਾ ਵਰਤ ਲਿਆ ਸਗੋਂ ਭਾਸ਼ਾ ਵਿਚਲੇ ਚਿਹਨ ਇਕ
ਪ੍ਰਬੰਧ ਵਿਚ ਬੱਝੇ ਹੁੰਦੇ ਹਨ ਜਿਨ੍ਹਾਂ ਦਾ ਸੰਕਲਪ (ਅਰਥ) ਅਤੇ ਧੁਨੀ ਬਿੰਬ
ਅਨਿੱਖੜ ਹੁੰਦੇ ਹਨ, ਇਹ ਧੁਨੀ ਬਿੰਬ ਅਤੇ ਸੰਕਲਪ ਬਿੰਬ ਦਾ ਸੰਗਮ ਸਦੀਆਂ ਦੀ
ਸਮੂਹਿਕ ਪਰੰਪਰਾ ਦੇ ਅਭਿਆਸ ਨਾਲ ਆਉਂਦਾ ਹੈ। ਮਾਤ-ਭਾਸ਼ਾ ਵਿਚ ਵਿਅਕਤੀ ਲਈ
ਧੁਨੀਬਿੰਬ ਅਤੇ ਸੰਕਲਪ ਬਿੰਬ ਦਾ ਸੁਮੇਲ ਸਹਿਜ ਪੱਕਿਆ ਹੁੰਦਾ ਹੈ। ਇਸੇ ਲਈ ਉਸ
ਭਾਸ਼ਾ ਵਿਚ ਸੋਚਣਾ ਕੇਵਲ ਸਹਿਜ ਹੀ ਨਹੀਂ ਹੁੰਦਾ ਸਗੋਂ ਸੌਖਾ ਵੀ ਹੁੰਦਾ ਹੈ।
ਵਿਦੇਸ਼ੀ ਭਾਸ਼ਾ ਵਿਚ ਸੋਚਣ ਦਾ ਕੰਮ ਗੈਰਕੁਦਰਤੀ ਅਤੇ ਔਖਾ ਹੁੰਦਾ ਹੈ। ਕਿਉਂਕਿ
ਸੰਕਲਪਾਂ ਨੂੰ ਅਨੁਵਾਦ ਰਾਹੀਂ ਪਲਟਿਆ ਜਾਂਦਾ ਹੈ। ਇੰਜ ਕਰਦਿਆਂ ਸੰਕਲਪਾਂ ਦੀ
ਮੂਲ ਸਮਝ ਦੂਸ਼ਿਤ ਹੋ ਜਾਂਦੀ ਹੈ। ਸਾਡੀ ਵਿਗਿਆਨ ਬਾਰੇ ਆਮ ਸਮਝ ਸਿੱਧ ਹੋਏ
ਸਿਧਾਂਤਬੱਧ ਗਿਆਨ ਤਕ ਸੀਮਤ ਹੁੰਦੀ ਹੈ। ਵਿਗਿਆਨੀ ਜਦੋਂ ਸਿਧਾਂਤਕ ਪੱਧਰ ਤੇ
ਅਮੂਰਤ ਸੋਚਦੇ ਹਨ ਤਾਂ ਉਨ੍ਹਾਂ ਦੇ ਚਿੰਤਨ ਵਿਚ ਭਾਸ਼ਾ ਕਿਵੇਂ ਦਖਲਅੰਦਾਜੀ
ਕਰਦੀ ਹੈ। ਉਸ ਸਮੇਂ ਆਪਣੀ ਮਾਤ ਭਾਸ਼ਾ ਦੀ ਅਹਿਮੀਅਤ ਦਾ ਪਤਾ ਚਲਦਾ ਹੈ। ਜਿਸ
ਬੱਚੇ ਨੇ ਆਪਣੇ ਸਮਾਜ ਵਿਚ ਇਕ ਵਾਰ ਜੋ ਮਾਤ ਭਾਸ਼ਾ ਸਿੱਖ ਲਈ ਹੋਵੇ ਉਸ ਤੋਂ
ਬਾਅਦ ਉਹ ਦੂਜੀ ਭਾਸ਼ਾ ਵਿਚ ਸੋਚ ਹੀ ਨਹੀਂ ਸਕਦਾ ਜੇ ਉਹ ਅਜਿਹੀ ਕੋਸ਼ਿਸ਼ ਕਰਦਾ
ਹੈ ਤਾਂ ਉਹ ਚਿਹਨਾਂ ਦੀ ਲੜੀ ਵਿਚ ਫਸ ਕੇ ਉਲਝ ਜਾਂਦਾ ਹੈ। ਦੂਸਰੀ ਭਾਸ਼ਾ ਵਿਚ
ਪ੍ਰਵੀਨ ਹੋਣ ਦੇ ਬਾਵਜੂਦ ਉਸ ਦਾ ਸੋਚਣ ਪ੍ਰਬੰਧ ਇੰਜ ਹੀ ਲੜਖੜਾ ਜਾਏਗਾ।
ਮਨੁੱਖੀ ਸਭਿਅਤਾ ਦੇ ਇਤਿਹਾਸ ਵਿਚ ਪੈਦਾਵਾਰੀ ਤਕਨੀਕ ਅਤੇ ਮਾਨਵੀ ਚੇਤਨਾ ਦਾ
ਰਿਸ਼ਤਾ ਦੁਵੰਦਾਤਮਿਕ ਰਿਹਾ ਹੈ। ਮੁਢਲੇ ਪੜਾਅ ਉਪਰ ਮਨੁੱਖ ਦੀਆਂ ਬੁਨਿਆਦੀ ਜੀਵ
ਵਿਗਿਆਨਕ ਲੋੜਾਂ ਉਸ ਨੂੰ ਪੈਦਾਵਾਰ ਦੀ ਅਮਲੀ ਸਰਗਰਮੀ ਵਿਚ ਪਾਉਂਦੀਆਂ ਸਨ ਅਤੇ
ਅੱਗੋਂ ਇਸੇ ਵਿਚੋਂ ਹੀ ਉਸ ਦੀ ਚੇਤਨਾ ਵਿਕਸਤ ਹੁੰਦੀ ਸੀ, ਮੋੜਵੇਂ ਰੂਪ ਵਿਚ ਇਹ
ਵਿਕਸਤ ਚੇਤਨਾ ਮੁੜ ਪੈਦਾਵਾਰੀ ਤਕਨੀਕ ਨੂੰ ਪ੍ਰਭਾਵਿਤ ਕਰਦੀ ਸੀ। ਮਨੁੱਖ ਦਾ
ਦੂਸਰੇ ਜੀਵਾਂ ਤੋਂ ਅੱਗੇ ਲੰਘ ਜਾਣ ਦਾ ਮੁੱਖ ਕਾਰਨ ਉਸ ਵੱਲੋਂ ਪੈਦਾ ਕੀਤੀ
ਤਕਨੀਕ ਹੀ ਹੈ, ਜੋ ਅੱਗੋਂ ਸੰਚਾਰ ਲਈ ਭਾਸ਼ਾ ਵਿਕਸਤ ਕਰਨ ਤੇ ਆਸ਼ਰਿਤ ਹੈ
ਕਿਉਂਕਿ ਭਾਸ਼ਾ ਰਾਹੀਂ ਹੀ ਇਕ ਵਿਅਕਤੀ ਵੱਲੋਂ ਹਾਸਿਲ ਕੀਤਾ ਗਿਆਨ ਨਾ ਕੇਵਲ
ਦੂਸਰਿਆਂ ਨਾਲ ਸਾਂਝਾ ਕੀਤਾ ਜਾਣਾ ਸੰਭਵ ਹੋਇਆ ਸਗੋਂ ਇਹ ਅਗਲੀਆਂ ਪੀੜ੍ਹੀਆਂ ਤਕ
ਵੀ ਪਹੁੰਚਣ ਲੱਗਾ। ਸੋ ਇਕ ਤਰ੍ਹਾਂ ਨਾਲ ਮਨੁੱਖੀ ਇਤਿਹਾਸ ਵਿਚ ਵਿਗਿਆਨਕ ਚੇਤਨਾ
ਦੇ ਵਿਕਾਸ ਵਿਚ ਮਨੁੱਖੀ ਲੋੜ, ਲੋੜ ਚੋਂ ਪੈਦਾ ਹੋਈ ਪੈਦਾਵਾਰੀ ਤਕਨੀਕ ਅਤੇ ਉਸ
ਦਾ ਸੰਚਾਰ ਤਿੰਨ ਅਹਿਮ ਕੜੀਆਂ ਬਣਦੀਆਂ ਹਨ।
ਭਾਰਤੀ ਸਭਿਅਤਾ ਵਿਚ ਭਾਵੇਂ ਪੁਰਾਤਨ ਕਾਲ ਵਿਚ ਵਿਗਿਆਨ ਅਤੇ ਪੈਦਾਵਾਰੀ
ਤਕਨੀਕ ਦੂਸਰੀਆਂ ਸਭਿਅਤਾਵਾਂ ਦੇ ਮੁਕਾਬਲੇ ਵਧੇਰੇ ਵਿਕਸਤ ਸੀ ਪਰੰਤੂ ਮੱਧਕਾਲ
ਵਿਚ ਗਿਆਨ ਵਿਗਿਆਨ ਵਿਚ ਉਨਤੀ ਅਤੇ ਨਵੀਂ ਪੈਦਾਵਾਰੀ ਤਕਨੀਕ ਦਾ ਵਿਕਸਤ ਹੋਣਾ
ਇਕ ਤਰ੍ਹਾਂ ਨਾਲ ਜੜ੍ਹ ਹੋ ਗਿਆ। ਜਦੋਂ ਕਿ ਇਸੇ ਸਮੇਂ ਯੂਰਪ ਖ਼ਾਸ ਕਰਕੇ
ਇੰਗਲੈਂਡ ਵਿਚ ਨਿੱਤ ਨਵੀਆਂ ਖੋਜਾਂ ਹੋ ਰਹੀਆਂ ਸਨ ਅਤੇ ਜਿਸ ਤੇ ਆਧਾਰਤ ਨਵੀਆਂ
ਤਕਨੀਕਾਂ ਵਿਕਸਤ ਹੋ ਰਹੀਆਂ ਸਨ। ਜਿੱਥੇ ਨਵੀਆਂ ਖੋਜਾਂ ਨੇ ਸਦੀਆਂ ਪੁਰਾਣੀਆਂ
ਧਾਰਮਿਕ ਮਾਨਤਾਵਾਂ ਜਿਵੇਂ ਧਰਤੀ ਬ੍ਰਹਿਮੰਡ ਦਾ ਕੇਂਦਰ ਹੈ, ਨੂੰ ਹਿਲਾ ਦਿੱਤਾ
ਉਥੇ ਨਵੀਆਂ ਤਕਨੀਕਾਂ ਜਿਵੇਂ ਸਟੀਮ ਇੰਜਣ ਦੀ ਕਾਢ ਨੇ ਆਧੁਨਿਕਤਾ ਦਾ ਮੁੱਢ
ਬੰਨ੍ਹ ਦਿੱਤਾ। ਨਵੀਆਂ ਤਕਨੀਕਾਂ ਨਾਲ ਮਸ਼ੀਨੀਕਰਨ ਹੋਇਆ ਅਤੇ ਨਵੇਂ ਉਦਯੋਗਾਂ
ਦੀ ਨੀਂਹ ਰੱਖੀ ਗਈ ਜਿਸ ਦੇ ਸਿੱਟੇ ਵਜੋਂ ਵਾਧੂ ਉਤਪਾਦਨ ਸ਼ੁਰੂ ਹੋਇਆ। ਇਸੇ
ਸਮੇਂ ਨਵੀਆਂ ਮੰਡੀਆਂ ਦੀ ਭਾਲ ਸ਼ੁਰੂ ਹੋਈ ਅਤੇ ਬਸਤੀਵਾਦ ਦਾ ਮੁੱਢ ਬੱਝਿਆ।
ਭਾਰਤ ਵਿਚ ਆਧੁਨਿਕਤਾ ਅਤੇ ਬਸਤੀਵਾਦ ਕਰਿੰਘੜੀ ਪਾ ਕੇ ਆਏ। ਜਿੱਥੇ ਯੂਰਪ ਵਿਚ
ਆਧੁਨਿਕਤਾ ਲੋਕਾਂ ਲਈ ਮੁਕਤੀ ਦਾ ਸੁਨੇਹਾ ਬਣ ਕੇ ਆਈ ਜਿਸ ਨੇ ਜਾਗੀਰਦਾਰੀ ਜਕੜ
ਤੋੜੀ ਤੇ ਰਵਾਇਤੀ ਵੇਲਾ ਵਿਹਾ ਚੁੱਕੀਆਂ ਰੂੜ੍ਹੀਵਾਦੀ ਧਾਰਮਿਕ ਮਾਨਤਾਵਾਂ ਤੋਂ
ਛੁਟਕਾਰਾ ਦਿਵਾਇਆ ਅਤੇ ਨਵੇਂ ਖੁਸ਼ਹਾਲੀ ਭਰੇ ਸੌਖ਼ੇਰੇ ਜੀਵਨ ਮਿਆਰਾਂ ਦੀ ਨੀਂਹ
ਰੱਖੀ ਉਥੇ ਭਾਰਤ ਵਿਚ ਨਵਾਂ ਵਿਗਿਆਨ, ਬਸਤੀਵਾਦੀਆਂ ਦੀ ਲੁੱਟ ਦਾ ਸੰਦ ਬਣ ਕੇ
ਆਇਆ। ਯੂਰਪ ਅੰਦਰ ਵਿਗਿਆਨ ‘ਲੋੜ ਕਾਢ ਦੀ ਮਾਂ’ ਅਨੁਸਾਰ ਸਮਾਜ ਦੀਆਂ ਲੋੜਾਂ
ਵਿਚੋਂ ਪੈਦਾ ਹੋਇਆ ਸੀ ਅਤੇ ਇਸੇ ਕਾਰਨ ਸਿਧਾਂਤ ਅਤੇ ਵਿਵਹਾਰ ਵਿਚ ਪਾੜਾ ਬਹੁਤ
ਘੱਟ ਸੀ। ਆਮ ਲੋਕਾਂ ਦੀ ਚੇਤਨਾ ਦੇ ਪੱਧਰ ਤੇ ਵਿਗਿਆਨੀਆਂ ਦੀ ਚੇਤਨਾ ਦੇ ਪੱਧਰ
ਵਿਚ ਆਰੰਭਕ ਸਮੇਂ ਪਾੜਾ ਨਹੀਂ ਸੀ। ਵਿਗਿਆਨ ਦੇ ਸਿਧਾਤਾਂ ਨੂੰ ਸਥਾਪਤ ਕਰਨ
ਵਾਲੇ ਆਮ ਅਧਿਆਪਕ, ਕਲਰਕ, ਹਟਵਾਣੀਏ, ਮਕੈਨਿਕ ਅਤੇ ਪਾਦਰੀਆਂ ਦੇ ਪੁੱਤਰ ਧੀਆਂ
ਸਨ ਅਤੇ ਉਨ੍ਹਾਂ ਵਿਚੋਂ ਹੀ ਕੁਝ ਨੇ ਤਕਨੀਕੀ ਗਿਆਨ ਨੂੰ ਉਦਯੋਗ ਵਿਚ ਪਲਟਿਆ
ਅਤੇ ਉਥੋਂ ਹੀ ਸਰਮਾਏਦਾਰੀ ਵਿਕਸਤ ਹੋਈ। ਭਾਵ ਆਧੁਨਿਕਤਾ ਦੀ ਚੜ੍ਹਾਈ ਸਮੇਂ
ਵਿਗਿਆਨਕ ਸਿਧਾਂਤਾਂ ਦੇ ਖੋਜੀ, ਤਕਨੀਕ ਦੇ ਮਾਹਿਰ ਅਤੇ ਸਰਮਾਏਦਾਰ ਇਕ ਦੂਸਰੇ
ਦੇ ਆਸਰੇ ਸਨ ਅਤੇ ਇਨ੍ਹਾਂ ਨੇ ਹੀ ਸਮੇਂ ਦੀ ਸਿਆਸਤ ਨੂੰ ਵੀ ਨਿਰਧਾਰਤ ਕੀਤਾ।
ਇਕ ਤਰ੍ਹਾਂ ਨਾਲ ਸਮਾਜ ਦੇ ਵਿਗਿਆਨੀਆਂ, ਤਕਨੀਕੀ ਮਾਹਿਰਾਂ, ਉਦਯੋਗਪਤੀਆਂ,
ਸਿਆਸਤਦਾਨਾਂ ਦਾ ਖੇਤਰ ਵੱਖਰਾ ਵੱਖਰਾ ਸੀ ਪਰ ਇਕੋ ਚੇਤਨਾ ਪੱਧਰ ਤੇ ਵਿਚਰਦੇ
ਸਨ।
ਭਾਰਤ ਵਿਚ ਇਹ ਸਾਰਾ ਵਰਤਾਰਾ ਉਲਟ ਰੂਪ ਵਿਚ ਵਾਪਰਿਆ।
ਆਧੁਨਿਕ ਗਿਆਨ ਸਮਾਜ ਦੀਆਂ ਲੋੜਾਂ ਵਿਚੋਂ ਵਿਕਸਤ ਹੋਣ ਦੀ ਬਜਾਏ ਬਾਹਰੋਂ
ਦਰਾਮਦ ਹੋਇਆ। ਇਸੇ ਕਰਕੇ ਆਮ ਲੋਕਾਂ ਅਤੇ ਪੜ੍ਹਨ ਲਿਖਣ ਵਾਲਿਆਂ ਖੋਜੀਆਂ ਦੀ
ਚੇਤਨਾ ਵਿਚ ਵੱਡਾ ਪਾੜਾ ਪਿਆ। ਇਹ ਪਾੜਾ ਕੇਵਲ ਚੇਤਨਾ ਪੱਧਰ ਦਾ ਹੀ ਨਹੀਂ ਸੀ
ਸਗੋਂ ਇਹ ਜਮਾਤੀ ਅਤੇ ਭਾਸ਼ਾਈ ਵੀ ਸੀ। ਨਵਾਂ ਵਿਗਿਆਨ ਅੰਗਰੇਜ਼ੀ ਭਾਸ਼ਾ ਰਾਹੀਂ
ਹੀ ਆਇਆ ਅਤੇ ਭਾਰਤ ਦੇ ਨਵੇਂ ਵਿਗਿਆਨੀਆਂ ਅਤੇ ਖੋਜੀਆਂ ਦੀ ਮਾਤ ਭਾਸ਼ਾ ਭਾਵੇਂ
ਭਾਰਤੀ ਸੀ ਪਰ ਉਹ ਆਪਣੀ ਜਮਾਤੀ ਅਤੇ ਵਿਅਕਤੀਗਤ ਸਾਂਝ ਕਾਰਨ ਅੰਗਰੇਜ਼ਾਂ ਅਤੇ
ਅੰਗਰੇਜ਼ੀ ਨਾਲ ਵਧੇਰੇ ਜੁੜੇ ਹੋਏ ਸਨ। ਸਿੱਟੇ ਵਜੋਂ ਨਵੇਂ ਗਿਆਨ ਦਾ ਸੰਚਾਰ ਆਮ
ਲੋਕਾਂ ਤਕ ਨਾ ਹੋ ਸਕਿਆ। ਨਵੀਂ ਪੈਦਾ ਹੋਈ ਮੱਧ ਸ਼੍ਰੇਣੀ ਲਈ ਪੱਛਮੀ ਵਿਗਿਆਨ,
ਉਚੇਰੀਆਂ ਨੌਕਰੀਆਂ ਲਈ ਸਾਧਨ ਤਾਂ ਬਣਿਆ ਪਰ ਇਹ ਉਨ੍ਹਾਂ ਦੀ ਨਿੱਤ ਪ੍ਰਤੀ ਦੇ
ਜੀਵਨ ਦਾ ਅੰਗ ਨਹੀਂ ਸੀ। ਭਾਸ਼ਾ ਤੋਂ ਬਾਅਦ ਦੂਸਰਾ ਵੱਡਾ ਪਾੜਾ ਭਾਰਤ ਦਾ ਅਤਿ
ਆਧੁਨਿਕ ਉਨਤ ਉਦਯੋਗਿਕ ਦੇਸ਼ ਦਾ ਬਸਤੀ ਹੋਣ ਕਾਰਨ ਸੀ। ਭਾਰਤ ਦਾ ਸਰਬਪੱਖੀ
ਵਿਕਾਸ ਹੋਣ ਦੀ ਥਾਵੇਂ ਅਣਸਾਵਾਂ ਵਿਕਾਸ ਹੋਇਆ ਅਤੇ ਵਧੇਰੇ ਕਰਕੇ ਇਹ
ਬਸਤੀਵਾਦੀਆਂ ਦੀ ਲੁੱਟ ਅਨੁਸਾਰ ਹੋਇਆ। ਇਸੇ ਕਰਕੇ ਆਧੁਨਿਕ ਵਿਚਾਰ ਸਾਡੀ ਆਮ
ਚੇਤਨਾ ਦਾ ਅੰਗ ਨਹੀਂ ਬਣੇ। ਸਮਾਜ ਦਾ ਜਿਹੜਾ ਮੱਧ ਵਰਗ ਨਵੇਂ ਗਿਆਨ ਨਾਲ
ਬਾਵਾਸਤਾ ਸੀ ਉਹ ਸੁਤੰਤਰ ਸੋਚਣ ਦੀ ਥਾਂ ਸਾਮਰਾਜੀਆਂ ਤੋਂ ਨਿੱਕੇ ਮੋਟੇ ਲਾਭ
ਲੈਣ ਖਾਤਰ ਉਨ੍ਹਾਂ ਅਨੁਸਾਰੀ ਸੀ। ਅਜਿਹੀ ਸਥਿਤੀ ਵਿਚ ਪੰਜਾਬੀ ਭਾਸ਼ਾ ਅੰਦਰ
ਵਿਗਿਆਨਕ ਵਾਰਤਕ ਵਿਕਸਤ ਹੋਣ ਦੇ ਆਸਾਰ ਮੱਧਮ ਹੀ ਸਨ। ਵਿਗਿਆਨ ਦੀ ਉਚੇਰੀ
ਪ੍ਰਸਤੁਤੀ ਲਈ ਜਿਸ ਕਿਸਮ ਦੀ ਨਿਸਚਤ ਭਾਸ਼ਾ ਦੀ ਜ਼ਰੂਰਤ ਹੈ ਅਤੇ ਇਸ ਲਈ ਜਿਸ
ਢੁਕਵੀਂ ਸ਼ੈਲੀ ਦੀ ਜ਼ਰੂਰਤ ਹੈ, ਉਹ ਅਜੇ ਪੂਰੀ ਤਰ੍ਹਾਂ ਵਿਕਸਤ ਨਹੀਂ ਹੈ। ਇਸ
ਲਈ ਗਿਣਾਤਮਿਕ ਅਤੇ ਗੁਣਾਤਮਿਕ ਦੋਹਾਂ ਪੱਖਾਂ ਤੋਂ ਘਾਟ ਰੜਕਦੀ ਹੈ। ਇਸ ਘਾਟ
ਨੂੰ ਪੂਰਿਆਂ ਕਰਨ ਲਈ ਕਈ ਪੱਖਾਂ ਤੋਂ ਹੰਭਲਾ ਮਾਰਨ ਦੀ ਜ਼ਰੂਰਤ ਹੈ। ਸਾਡੀ
ਸਿੱਖਿਆ ਨੀਤੀ, ਭਾਸ਼ਾ ਨੀਤੀ ਉਲਝੀ ਹੋਈ ਹੋਣ ਕਾਰਨ ਅਤੇ ਕਈ ਸਿਆਸੀ ਕਾਰਨਾਂ
ਕਰਕੇ ਅਸੀਂ ਪੰਜਾਬ ਰਾਜ ਅੰਦਰ ਵੀ ਉਚੇਰੀ ਸਿੱਖਿਆ ਲਈ ਯੋਗ ਮਾਧਿਅਮ ਨਿਰਧਾਰਤ
ਨਹੀਂ ਕਰ ਸਕੇ ਜਾਂ ਘੱਟੋ ਘੱਟ ਪੰਜਾਬੀ ਮਾਧਿਅਮ ਵਿਚ ਆਉਣ ਵਾਲੇ ਅੜਿੱਕਿਆਂ ਨੂੰ
ਦੂਰ ਕਰਨ ਤੋਂ ਅਸਮਰਥ ਹਾਂ। ਚੰਗੀ ਵਿਗਿਆਨਮਈ ਵਾਰਤਕ ਤਾਂ ਹੀ ਪੈਦਾ ਹੋ ਸਕਦੀ
ਹੈ ਜੇ ਸਾਰਿਆਂ ਪੱਧਰਾਂ ਉਪਰ ਪੜ੍ਹਾਈ ਦਾ ਮਾਧਿਅਮ ਨਿਰੋਲ ਪੰਜਾਬੀ ਹੋਵੇ।
ਉਚੇਰੀ ਸਿੱਖਿਆ ਦੀ ਪੜ੍ਹਾਈ ਦਾ ਮਾਧਿਅਮ ਨਿਸਚਿਤ ਕਰਨ ਤੋਂ ਬਾਅਦ ਅਗਲੀ ਸਮੱਸਿਆ
ਵਿਗਿਆਨਕ ਸ਼ਬਦਾਵਲੀ ਦੇ ਢੁਕਵੇਂ ਅਨੁਵਾਦ ਲੱਭਣ ਦੀ ਹੈ। ਹੁਣ ਤਕ ਜਿਹੜੇ
ਅੰਗਰੇਜ਼ੀ ਸ਼ਬਦਾਂ ਦੇ ਪੰਜਾਬੀ ਵਿਚ ਸਹੀ ਅਨੁਵਾਦ ਨਹੀਂ ਲੱਭਦਾ ਉਸ ਲਈ
ਹਿੰਦੀਨੁਮਾ ਸ਼ਬਦ ਵਰਤੇ ਜਾਣ ਦੀ ਪ੍ਰਥਾ ਹੈ। ਇਸ ਨੇ ਨਾ ਕੇਵਲ ਪੰਜਾਬੀ ਦਾ
ਮੂੰਹਮੱਥਾ ਹੀ ਵਿਗਾੜਿਆ ਹੈ ਸਗੋਂ ਇਸ ਨੇ ਵਿਗਿਆਨਕ ਵਿਕਾਸ ਵਿਚ ਰੋਕ ਵੀ ਪਾਈ
ਹੈ। ਵਿਗਿਆਨਕ ਤਕਨੀਕੀ ਸ਼ਬਦਾਵਲੀ ਨੂੰ ਉਸਦੀ ਮੂਲ ਭਾਸ਼ਾ ਅਨੁਸਾਰ ਹੀ ਰੱਖ
ਲੈਣਾ ਯੋਗ ਹੋਵੇਗਾ। ਅੰਗਰੇਜ਼ੀ ਸਮੇਤ ਸਾਰੀਆਂ ਉਨਤ ਭਾਸ਼ਾਵਾਂ ਇਸੇ ਤਰ੍ਹਾਂ ਹੀ
ਕਰਦੀਆਂ ਹਨ । ਮੂਲ ਵਿਗਿਆਨਕ ਤਕਨੀਕੀ ਸ਼ਬਦਾਵਲੀ ਦੇ ਸ਼ਬਦ ਜਿਸ ਭਾਸ਼ਾ ਵਿਚੋਂ
ਆ ਰਹੇ ਹੋਣ ਉਨ੍ਹਾਂ ਨੂੰ ਉਸੇ ਤਤਸਮ ਰੂਪ ਵਿਚ ਹੀ ਸਿਰਫ ਆਪਣੀ ਲਿਪੀ ਵਿਚ ਲਿਖ
ਲਿਆ ਜਾਵੇ। ਵਿਗਿਆਨਕ ਵਾਰਤਕ ਦੇ ਵਿਕਾਸ ਲਈ ਸਬੰਧਤ ਭਾਸ਼ਾ ਦੇ ਸ਼ਬਦ ਜੋੜਾਂ ਦੀ
ਨਿਸਚਤਤਾ ਵੀ ਜ਼ਰੂਰੀ ਹੈ ਕਿਉਂਕਿ ਆਮ ਸਾਹਿਤਕ ਭਾਸ਼ਾ ਵਿਚ ਸ਼ਬਦਾਂ ਦੇ ਅਰਥ
ਭਾਵੁਕਤਾ ਨਾਲ ਲਬਰੇਜ਼ ਹੁੰਦੇ ਹਨ ਅਤੇ ਇਹ ਪਰਸੰਗ ਵਿਚੋਂ ਵੀ ਅਰਥ ਗ੍ਰਹਿਣ ਕਰ
ਜਾਂਦੇ ਹਨ ਜਦੋਂ ਕਿ ਵਿਗਿਆਨਕ ਵਿਸ਼ਿਆਂ ਨੂੰ ਪ੍ਰਗਟਾਉਣ ਲਈ ਸ਼ਬਦਾਂ ਦੀ ਅਰਥ
ਨਿਸਚਿਤਤਾ ਅਤਿਅੰਤ ਜ਼ਰੂਰੀ ਹੈ। ਇਸ ਲਈ ਸ਼ਬਦ ਜੋੜਾਂ ਅਤੇ ਵਿਆਕਰਨ ਦਾ
ਪ੍ਰਮਾਣੀਕਰਨ ਵੀ ਜ਼ਰੂਰੀ ਹੈ। ਇਸ ਸਭ ਕੁਝ ਦੇ ਨਾਲੋ ਨਾਲ ਵਿਗਿਆਨਕ ਵਿਸ਼ਿਆਂ ਦੇ
ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਤੋਂ ਇਲਾਵਾ ਪੰਜਾਬੀ, ਸਾਹਿਤ ਤੇ ਸਭਿਆਚਾਰ
ਦਾ ਮੁਢਲਾ ਗਿਆਨ ਦੇਣਾ ਵੀ ਜ਼ਰੂਰੀ ਹੈ।
ਵਿਗਿਆਨਕ ਵਾਰਤਕ ਨੂੰ ਰਸਿਕ ਬਨਾਉਣ ਲਈ ਸਭਿਆਚਾਰ ਦੀ ਸਮਝ ਬਹੁਤ ਜ਼ਰੂਰੀ
ਹੈ।
ਪੱਛਮ ਦੇ ਵਿਗਿਆਨੀਆਂ ਨੇ ਤਾਰਾ ਸਮੂੰਹ ਤੋਂ ਲੈ ਕੇ ਨਿੱਕੇ ਨਿੱਕੇ ਅਟੌਮਿਕ
ਕਣਾਂ ਤਕ ਦੇ ਨਾਂ, ਥਾਂ, ਵਿਵਹਾਰ ਨੂੰ ਆਪਣੇ ਸਭਿਆਚਾਰ ਅਨੁਸਾਰ ਢਾਲਿਆ ਹੋਇਆ
ਹੈ। ਇਸ ਖੇਤਰ ਵਿਚ ਕੰਮ ਕਰਨ ਵਾਲੇ ਮੁਢਲੇ ਲਿਖਾਰੀਆਂ ਦੀ ਕੀਤੀ ਮਿਹਨਤ ਦਾ
ਮੁੱਲ ਪਾਉਣ ਦੀ ਵੀ ਜ਼ਰੂਰਤ ਹੈ। ਅਜੇ ਤਕ ਸਾਡਾ ਧਿਆਨ ਜ਼ਿਆਦਾ ਆਧੁਨਿਕ ਵਾਰਤਕ
ਦੇ ਹੋਰ ਸਾਹਿਤਕ ਰੂਪ ਜਿਵੇਂ ਜੀਵਨੀ, ਸਵੈ-ਜੀਵਨੀ, ਸਫਰਨਾਮਾ, ਯਾਦਾਂ, ਰੇਖਾ
ਚਿੱਤਰ, ਸੰਸਮਰਣ, ਡਾਇਰੀ, ਮੁਲਾਕਾਤਾਂ ਉਪਰ ਕੇਂਦਰਤ ਹੈ ਅਤੇ ਨਿਬੰਧ ਵਿਚ ਵੀ
ਕੇਵਲ ਇਤਿਹਾਸਕ, ਰਾਜਸੀ ਜਾਂ ਸਭਿਆਚਾਰਕ ਵਾਰਤਕ ਨੂੰ ਹੀ ਥਾਂ ਮਿਲੀ ਹੈ।
ਵਿਗਿਆਨਕ ਲੇਖਾਂ ਨੂੰ ਬਹੁਤ ਘੱਟ ਮਹੱਤਤਾ ਦਿੱਤੀ ਗਈ ਹੈ।
ਭਾਸ਼ਾ ਵਿਭਾਗ ਇਕ ਸ਼੍ਰੋਮਣੀ ਪੰਜਾਬੀ ਲੇਖਕ ਦਾ ਇਨਾਮ ਗਿਆਨ-ਵਿਗਿਆਨ
ਲੇਖਕਾਂ ਨੂੰ ਦਿੰਦਾ ਸੀ ਜਿਸ ਅਧੀਨ ਡਾ. ਦਲਜੀਤ ਸਿੰਘ, ਪ੍ਰਿੰਸੀਪਲ ਤ੍ਰਿਲੋਚਨ
ਸਿੰਘ, ਡਾ. ਸੁਰਜੀਤ ਸਿੰਘ ਢਿੱਲੋਂ, ਡਾ. ਹਰਚੰਦ ਸਿੰਘ ਸਰਹਿੰਦੀ, ਡਾ. ਜਸਵੰਤ
ਗਿੱਲ, ਵਿਦਵਾਨ ਸਿੰਘ ਸੋਨੀ, ਜੋਗਿੰਦਰਪਾਲ ਗਰਗ,ਹਰਦੇਵ ਸਿੰਘ ਵਿਰਕ, ਕੁਲਦੀਪ
ਸਿੰਘ ਧੀਰ ਅਤੇ ਮੇਘਰਾਜ ਮਿੱਤਰ ਸਨਮਾਨੇ ਗਏ ਸਨ। ਇਨ੍ਹਾਂ ਨਾਲ ਹੀ ਗਿਆਨਮਈ
ਵਾਰਤਕ ਪੈਦਾ ਕਰਨ ਵਾਲੇ ਸਤਿਬੀਰ ਸਿੰਘ, ਇੰਦਰਪਾਲ ਸਿੰਘ, ਰਣਜੀਤ ਸਿੰਘ,
ਟੀ.ਆਰ.ਸ਼ਰਮਾਂ, ਫਕੀਰ ਚੰਦ ਸ਼ੁਕਲਾ, ਡੀ.ਆਰ.ਸਚਦੇਵਾ, ਸਰਵਣ ਸਿੰਘ, ਨਰਿੰਦਰ
ਸਿੰਘ ਸੋਚ, ਨਰਿੰਦਰ ਸਿੰਘ ਕਪੂਰ, ਕੁਲਬੀਰ ਸਿੰਘ ਅਤੇ ਜੀ ਐੱਸ ਰਿਆਲ ਸਨਮਾਨੇ
ਗਏ ਹਨ। ਇਸੇ ਕੋਟੀ ਵਿਚ ਹੁਣ ਆਲੋਚਕਾਂ ਨੂੰ ਵੀ ਸ਼ਾਮਲ ਕਰ ਲਿਆ ਹੈ। ਸ਼ਾਇਦ ਇਸ
ਦਾ ਕਾਰਨ ਇਹ ਹੈ ਕਿ ਪੰਜਾਬੀ ਵਿਚ ਸ਼ੁੱਧ ਗਿਆਨ-ਵਿਗਿਆਨ ਲਿਖਣ ਵਾਲੇ ਪੰਜਾਬੀ
ਲੇਖਕਾਂ ਦਾ ਕਾਲ ਪੈਂਦਾ ਜਾ ਰਿਹਾ ਹੈ। ਖੋਜ ਪੱਤਰ ਦੇ ਅਖੀਰ ਵਿਚ ਇਹ ਸਪਸ਼ਟ ਕਰ
ਦੇਣਾ ਯੋਗ ਹੋਵੇਗਾ ਕਿ ਕਿਸੇ ਸਮੇਂ ਕੁਦਰਤੀ ਮਾਲ ਖਜਾਨਿਆਂ ਨਾਲ ਭਰਪੂਰ ਧਰਤੀਆਂ
ਤੇ ਰਹਿਣ ਵਾਲੀਆਂ ਅਤੇ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਕੌਮਾਂ ਅੱਗੇ ਵਧਦੀਆਂ
ਸਨ। ਅੱਜ ਵਿਗਿਆਨ ਅਤੇ ਤਕਨਾਲੋਜੀ ਵਿਚ ਦੇਸ਼, ਕੌਮਾਂ ਜਾਂ ਨਸਲਾਂ ਦਾ ਬੋਲਬਾਲਾ
ਹੈ ਅਤੇ ਉਲਟੇ ਰੂਪ ਵਿਚ ਵਿਗਿਆਨ ਅਤੇ ਤਕਨਾਲੋਜੀ ਵਿਚ ਉਨਤ ਕੌਮਾਂ ਹੀ ਸਰੀਰਕ
ਤੌਰ ਤੇ ਰਿਸ਼ਟ ਪੁਸ਼ਟ ਹਨ ਅਤੇ ਦੁਨੀਆਂ ਭਰ ਦੇ ਮਾਲ ਖਜਾਨਿਆਂ ਤੇ ਕਾਬਜ ਹਨ।
ਕਿਸੇ ਕੌਮ ,ਦੇਸ਼ ਜਾਂ ਇਲਾਕੇ ਦੀ ਹੋਣੀ ਉਸ ਦੀ ਚੇਤਨਾ ਪੱਧਰ ਦੇ ਵਿਗਿਆਨਕ ਹੋਣ
ਨਾਲ ਜੁੜੀ ਹੋਈ ਹੈ। ਇਸ ਸਮੇਂ ਅਜਿਹਾ ਸਾਹਿਤ ਪੈਦਾ ਕਰਨ ਦੀ ਲੋੜ ਹੈ ਜਿਹੜਾ
ਪੰਜਾਬੀ ਮਨ ਵਿਚ ਵਿਗਿਆਨ ਦੀ ਚਿਣਗ ਜਗਾਵੇ। ਇਸ ਸਮੇਂ ਕੁਝ ਵਿਅਕਤੀ ਤਾਂ
ਵਿਗਿਆਨ ਦੀ ੳਚੇਰੀ ਪੜ੍ਹਾਈ ਕਰ ਰਹੇ ਹਨ ਪਰ ਬਹੁਗਿਣਤੀ ਅਜੇ ਵੀ ਵਿਗਿਆਨ ਤੋਂ
ਨਾ ਕੇਵਲ ਦੂਰ ਹੀ ਹੈ ਸਗੋਂ ਉਹ ਵਿਗਿਆਨਕ ਚੇਤਨਾ ਤੋਂ ਵੀ ਕੋਰੀ ਹੀ ਹੈ। ਜੇ
ਪੰਜਾਬੀ ਭਾਸ਼ੀ ਲੋਕਾਂ ਨੇ ਅੱਗੇ ਵਧਣਾ ਹੈ ਤਾਂ ਉਸ ਨੂੰ ਨਵੇਂ ਵਿਗਿਆਨ ਅਤੇ
ਤਕਨੀਕ ਨੂੰ ਅੱਗੇ ਵਧ ਕੇ ਮਿਲਣਾ ਪਵੇਗਾ ਤੇ ਆਪਣੀ ਸੋਚ ਨੂੰ ਵੀ ਵਿਗਿਆਨਕ
ਬਨਾਉਣਾ ਪਵੇਗਾ। ਜੇ ਇਕ ਪਾਸੇ ਵਿਗਿਆਨਕ ਸੋਚ, ਵਿਗਿਆਨਕ ਵਾਰਤਕ ਪੈਦਾ ਕਰੇਗੀ
ਤਾਂ ਦੂਸਰੇ ਪਾਸੇ ਵਿਗਿਆਨਕ ਵਾਰਤਕ ਵਿਗਿਆਨਕ ਸੋਚ ਨੂੰ ਵਿਕਸਤ ਕਰੇਗੀ। ਅਜੇ
ਪੰਜਾਬੀ ਚੇਤਨਾ ਵਿਚ ਦੋਹਾਂ ਦੀ ਘਾਟ ਹੈ।
Dr. Rajinder Pal Singh, Punjabi Department,
Punjabi University,Patiala,Punjab
#3051,urban Estate 2, Patiala,Punjab
9815050617
E-mail rpsbrar63@yahoo.com |