ਇਸ ਵਿਸ਼ੇ ਦੀ ਤਹਿ ਤੱਕ ਜਾਣ ਤੋਂ ਪਹਿਲਾਂ ਮੈਂ ਇਸ ਪਰਚੇ ਦੇ ਸਿਰਲੇਖ ਵਿੱਚ
ਵਰਤੇ ਸ਼ਬਦ ‘ਅਗਲੀ ਪੀੜ੍ਹੀ’ ਵੱਲ ਤੁਹਾਡਾ ਧਿਆਨ ਦੁਆਉਣਾ ਜ਼ਰੂਰੀ ਸਮਝਦਾ ਹਾਂ
ਕਿਉਂ ਕਿ ਇਸ ਸ਼ਬਦ ਦੇ ਅਰਥਾਂ ਦਾ ਗ਼ਲਤ ਸੰਚਾਰ ਹੋਣ ’ਤੇ ਪਰਚੇ ’ਚ ਵਿਅਕਤ
ਸੀਮਾਵਾਂ ਤੇ ਸੰਭਾਵਨਾਵਾਂ ਦੇ ਅਰਥ ਅਸਲੋਂ ਬਦਲ ਜਾਣਗੇ। ਓਪਰੀ ਨਜ਼ਰੇ ਵੇਖਿਆਂ
ਅਗਲੀ ਪੀੜ੍ਹੀ ਦੀ ਥਾਂ ’ਤੇ ਦੂਜੀ, ਤੀਜੀ ਜਾਂ ਚੌਥੀ ਪੀੜ੍ਹੀ ਸ਼ਬਦ ਵਧੇਰੇ
ਢੁਕਵੇਂ ਪ੍ਰਤੀਤ ਹੁੰਦੇ ਹਨ, ਪ੍ਰੰਤੂ ਮੇਰਾ ਵਿਸ਼ਾ ਕੇਵਲ ‘ਅਗਲੀ ਪੀੜ੍ਹੀ’
ਸ਼ਬਦ ਦੀ ਹੀ ਮੰਗ ਕਰਦਾ ਹੈ। ਪਰਵਾਸੀ ਪੰਜਾਬੀਆਂ ਦੀ ਅਗਲੀ ਪੀੜ੍ਹੀ ਤੋਂ ਮੇਰਾ
ਭਾਵ ਉਸ ਪੀੜ੍ਹੀ ਤੋਂ ਹੈ ਜੋ ਇੱਥੇ ਆ ਕੇ ਜਨਮੀ। ਇਸ ਤਰ੍ਹਾਂ ਇਹਨਾਂ ਸਤਰਾਂ
ਤਹਿਤ ਪ੍ਰਵਾਸੀ ਪੰਜਾਬੀਆਂ ਦੀ ਉਸ ਪੀੜ੍ਹੀ ਨੂੰ ਵਿਚਾਰਿਆ ਜਾ ਰਿਹਾ ਹੈ ਜਿਸਦਾ
ਜਨਮ ਵਿਦੇਸ਼ ਦੀ ਧਰਤੀ ’ਤੇ ਹੋਇਆ। ਭਾਵ ਸੱਠਵਿਆਂ ਜਾਂ ਇਸਤੋਂ ਕੁਝ ਪਹਿਲਾਂ
ਜਦੋਂ ਸਾਡੇ ਲੋਕਾਂ ਨੇ ਇੱਥੇ ਆਉਣਾ ਸ਼ੁਰੂ ਕੀਤਾ ਤਾਂ ਉਹਨਾਂ ਦੀ ਅਗਲੀ ਪੀੜ੍ਹੀ
ਉਹ ਬਣਦੀ ਹੈ ਜਿਸਦਾ ਜਨਮ ਵਲੈਤ ਆ ਕੇ ਹੋਇਆ ਅਤੇ ਮੇਰੇ ਵਰਗੇ ਇੱਕੀਵੀਂ ਸਦੀ ਦੇ
ਸ਼ੁਰੂ ਵਿੱਚ ਆਏ ਲੋਕਾਂ ਦੀ ਅਗਲੀ ਪੀੜ੍ਹੀ ਸਮਕਾਲ਼ ਵਿੱਚ ਹੋ ਪੈਦਾ ਹੋ ਰਹੀ
ਔਲਾਦ ਬਣਦੀ ਹੈ। ਸੋ ਪਾਠਕ ਨੂੰ ਬੇਨਤੀ ਹੈ ਕਿ ਉਹ ‘ਅਗਲੀ ਪੀੜੀ’ ਦੇ ਸੰਕਲਪ
ਨੂੰ ਇਸ ਢੰਗ ਨਾਲ ਸਮਝਦਿਆਂ ਹੋਇਆਂ ਪਰਚੇ ਨੂੰ ਵਿਚਾਰੇ । ਜੇਕਰ ਵਿਗਿਆਨਕ
ਨੁਕਤਾ-ਨਿਗਾਹ ਤੋਂ ਦੇਖੀਏ ਤਾਂ ਸੰਸਾਰ ਦੀ ਹਰ ਭਾਸ਼ਾ ਇੱਕ ਪ੍ਰਕਾਰ ਦਾ ਮਾਧਿਅਮ
ਹੈ। ਭਾਸ਼ਾ ਨੂੰ ਪ੍ਰਮੁੱਖ ਤੌਰ ’ਤੇ ਸੰਚਾਰ ਦਾ ਮਾਧਿਅਮ ਮੰਨਿਆ ਜਾਂਦਾ ਹੈ।
ਇਸੇ ਤਰ੍ਹਾਂ ਹੀ ਹੋਰ ਵੱਖਰੇ-ਵੱਖਰੇ ਸ਼ਾਸਤਰ ਵੀ ਭਾਸ਼ਾ ਨੂੰ ਇੱਕ ਮਾਧਿਅਮ ਦੇ
ਤੌਰ ’ਤੇ ਹੀ ਵਿਚਾਰਦੇ ਨਜ਼ਰ ਆਉਂਦੇ ਹਨ। ਪਰ ਹੁਣ ਸਵਾਲ ਇਹ ਉਠਦਾ ਹੈ ਕਿ ਜੇਕਰ
ਭਾਸ਼ਾ ਇੱਕ ਮਾਧਿਅਮ ਮਾਤਰ ਹੀ ਹੈ ਤਾਂ ਕਿਸੇ ਵੀ ਭਾਸ਼ਾ ਨੂੰ ਸਾਂਭਣ, ਸੁਆਰਨ
ਤੇ ਵਿਕਸਿਤ ਕਰਨ ਲਈ ਏਨੀ ਨੱਠ-ਭੱਜ ਕਿਉਂ? ਜੇਕਰ ਇੱਕ ਮਾਧਿਅਮ ਖ਼ਤਮ ਹੋ
ਜਾਵੇਗਾ ਤਾਂ ਉਸਦੀ ਜਗ੍ਹਾ ਕੋਈ ਦੂਸਰਾ ਲੈ ਲਵੇਗਾ। ਭਾਸ਼ਾਵਾਂ ਦੇ ਇਤਿਹਾਸ ’ਚ
ਇਸ ਤਰ੍ਹਾਂ ਹੁੰਦਾ ਵੀ ਆਇਆ ਹੈ। ਪ੍ਰੰਤੂ ਇੱਥੇ ਇਹ ਸਮਝ ਲੈਣਾ ਬਹੁਤ ਜ਼ਰੂਰੀ
ਹੈ ਕਿ ਕਿਸੇ ਵਿਸ਼ੇਸ਼ ਖਿੱਤੇ ਜਾਂ ਕਬੀਲੇ ਦੇ ਲੋਕਾਂ ਵਿੱਚ ਸੰਚਾਰ ਕੇਵਲ
ਰੋਜ਼-ਮੱਰਾ ਦੀਆਂ ਲੋੜਾਂ ਦੀ ਪੂਰਤੀ ਕਰਨ ਖ਼ਾਤਿਰ ਹੀ ਨਹੀਂ ਹੁੰਦਾ। ਭਾਵ
ਭਾਸ਼ਾ ਦੀ ਵਰਤੋਂ ਕੇਵਲ ਸਮਾਜਿਕ ਲੋੜ-ਪੂਰਤੀਆਂ ਲਈ ਹੀ ਨਹੀਂ ਹੁੰਦੀ ਸਗੋਂ
ਸਬੰਧਿਤ ਕੌਮਾਂ ਦਾ ਸੱਭਿਆਚਾਰ, ਰਹੁ-ਰੀਤਾਂ, ਗੀਤ-ਸੰਗੀਤ, ਕਲਾ, ਦਰਸ਼ਨ ਤੇ
ਵਿਰਸਾ ਆਦਿ ਸਭ ਕੁਝ ਉਨ੍ਹਾਂ ਦੀ ਮਾਂ-ਭਾਸ਼ਾ ਨੇ ਹੀ ਸਾਂਭਣਾ ਹੁੰਦਾ ਹੈ।
ਸਪੱਸ਼ਟ ਹੈ ਕਿ ਜਿਹੜੀਆਂ ਕੌਮਾਂ ਆਪਣੀ ਭਾਸ਼ਾ ਨੂੰ ਸਾਂਭਣ ਵਿੱਚ ਨਾਕਾਮ ਰਹੀਆਂ
ਹਨ, ਉਹਨਾਂ ਦੇ ਪੱਲੇ ਉਪ੍ਰੋਕਤ ’ਚੋਂ ਕੁਝ ਵੀ ਨਹੀਂ ਰਿਹਾ। ਨਿਸ਼ਚੈ ਹੀ, ਇਸੇ
ਕਾਰਨ ਕਰਕੇ ਕਿਸੇ ਵੀ ਪਿੱਠ-ਭੂਮੀ ਦੇ ਲੋਕ ਆਪਣੀ ਮਾਤ-ਭਾਸ਼ਾ ਨੂੰ ਸਾਂਭਣ,
ਅਗਾਂਹ ਤੋਰਨ ਤੇ ਵਿਕਸਿਤ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਹ ਕਹਿਣ ’ਚ ਵੀ
ਕੋਈ ਝਿਜਕ ਨਹੀਂ ਕਿ ਪੰਜਾਬੀ ਵੀ ਆਪਣੀ ਭਾਸ਼ਾ ਦੀ ਡੋਲਦੀ ਹੋਈ ਬੇੜੀ ਦੇ ਸਵਾਰ
ਹਨ ਜਿਸਦੇ ਭਵਿੱਖ ਉੱਪਰ ‘ਯੁਨੈਸਕੋ’ ਅਤੇ ਕੁਝ ਵਿਸ਼ਵ-ਵਿਦਿਆਲੇ ਪ੍ਰਸ਼ਨ
ਚਿੰਨ੍ਹ ਲਗਾ ਚੁੱਕੇ ਹਨ। ਇਸ ਕਰਕੇ ਸਾਡੇ ਲਈ ਵੀ ਉਪ੍ਰੋਕਤ ਸਾਰੇ ਕਥਨਾਂ ਦੀ
ਗੰਭੀਰਤਾ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ।
ਪੰਜਾਬੀ ਭਾਈਚਾਰੇ ਦੁਆਰਾ ਕੀਤੇ ਗਏ ਤੇ ਕੀਤੇ ਜਾ ਰਹੇ ਭਾਸ਼ਾ ਸਬੰਧੀ
ਉਪਰਾਲਿਆਂ ਦੀ ਸੰਖੇਪ ਚਰਚਾ ਇੱਥੇ ਜ਼ਰੂਰ ਕਰਨੀ ਬਣਦੀ ਹੈ। ਅਸਲ ’ਚ ਇਹ ਯਤਨ
ਪੰਜਾਬੀਆਂ ਨੇ ਵਲੈਤ ’ਚ ਆਉਣ ਸਾਰ ਹੀ ਸ਼ੁਰੂ ਕਰ ਦਿੱਤੇ ਸਨ। ਮੇਰੀ ਸਮਝ
ਮੁਤਾਬਕ ਇਹਨਾਂ ਵਿਸ਼ੇਸ਼ ਯਤਨਾਂ ਨੂੰ ਪੰਜ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ:
1. ਧਾਰਮਿਕ ਸੰਸਥਾਵਾਂ,
2. ਮੀਡੀਆ,
3. ਸਾਹਿਤਕ ਸੰਸਥਾਵਾਂ,
4. ਸਕੂਲ, ਅਤੇ
5. ਵਿਸ਼ਵ ਵਿਦਿਆਲੇ।
ਧਾਰਮਿਕ ਸੰਸਥਾਵਾਂ
ਮਨੁੱਖ ਦੀਆਂ ਧਾਰਮਿਕ ਰੁਚੀਆਂ ਅਤੇ ਰੱਬ ਵਿੱਚ ਵਿਸ਼ਵਾਸ ਕਾਰਨ ਜਿੱਥੇ ਵੀ
ਉਹ ਜਾਂਦਾ ਹੈ, ਉੱਥੇ ਧਾਰਮਿਕ ਅਦਾਰੇ ਹੋਂਦ ’ਚ ਆ ਜਾਂਦੇ ਹਨ, ਜਿੱਥੇ ਉਸਦੀ
ਆਪਣੀ ਭਾਸ਼ਾ ’ਚ ਲਿਖੇ ਧਰਮ ਗ੍ਰੰਥ ਉਸਦੀ ਰਹਿਨੁਮਾਈ ਕਰਦੇ ਹਨ। ਵਿਦੇਸ਼ਾਂ
ਵਿੱਚ ਪੰਜਾਬੀ ਭਾਸ਼ਾ ਨੂੰ ਸਾਂਭਣ ਲਈ ਧਾਰਮਿਕ ਸੰਸਥਾਵਾਂ ਨੇ ਸਭ ਤੋਂ ਪਹਿਲਾਂ
ਪਲੇਟਫ਼ਾਰਮ ਖੜ੍ਹੇ ਕੀਤੇ। ਪ੍ਰਵਾਸੀ ਹੋਏ ਪੰਜਾਬੀਆਂ ਵਿੱਚ ਉਹਨਾਂ ਧਾਰਮਿਕ
ਗ੍ਰੰਥਾਂ ਨੂੰ ਪੜ੍ਹਨ ਵਿੱਚ ਕੋਈ ਔਖ ਨਹੀਂ ਸੀ ਤੇ ਉਹ ਆਪਣੇ ਘਰਾਂ ਵਿੱਚ ਵੀ
ਆਪਣੀ ਮਾਤ-ਭਾਸ਼ਾ ਵਿੱਚ ਹੀ ਗੱਲ ਕਰਦੇ ਸਨ। ਪਰ ਉਹਨਾਂ ਦੀ ਅਗਲੀ ਪੀੜ੍ਹੀ ਕੋਲ
ਪੰਜਾਬੀ ਦਾ ਲੋੜੀਂਦਾ ਅੱਖਰ ਗਿਆਨ ਨਾ ਹੋਣ ਕਰਕੇ ਉਹ ਇਸਨੂੰ ਪੜ੍ਹਨ ਤੇ ਲਿਖਣ
ਵਿੱਚ ਪਿਛਾਂਹ ਰਹਿ ਗਏ। ਮਾਪਿਆਂ ਦੀ ਏਸ ਫਿਕਰਮੰਦੀ ਨੇ ਗੁਰਦੁਆਰਿਆਂ ਵਿੱਚ
ਬੱਚਿਆਂ ਲਈ ਪੰਜਾਬੀ ਲਿਖਣ-ਪੜ੍ਹਨ ਦੇ ਰੁਝਾਨ ਦਾ ਮੁੱਢ ਬੰਨ੍ਹਿਆ। ਇਸਦਾ ਮਕਸਦ
ਨਵੀਂ ਪੀੜ੍ਹੀ ਕੋਲ ਅਮੀਰ ਪੰਜਾਬੀ ਵਿਰਸੇ ਨੂੰ ਪਹੁੰਚਾਉਣਾ ਤੇ ਉਨ੍ਹਾਂ ਦੁਆਰਾ
ਇਸਨੂੰ ਅਪਣਾਏ ਜਾਣ ਦਾ ਉਪਰਾਲਾ ਕਰਨਾ ਸੀ। ਪਰ ਇਹ ਕਰਮ ਆਪਣੇ ਆਪ ਵਿੱਚ ਕਈ
ਸਮੱਸਿਆਵਾਂ ਦਾ ਧਾਰਨੀ ਰਿਹਾ ਹੈ। ਨਿੱਕੇ ਬੱਚਿਆਂ ਨੂੰ ਭਾਵੇਂ ਇਹ ਥੋੜ੍ਹੇ ਸਮੇ
ਲਈ ਆਪਣੇ ਸੰਕਲਪ ਨਾਲ ਜੋੜ ਲੈਂਦਾ ਹੈ, ਪਰ ਸਦੀਵੀ ਅਸਰ ਨਹੀਂ ਰੱਖਦਾ।
ਛੋਟੀਆਂ-ਛੋਟੀਆਂ ਹੋਰ ਸਮੱਸਿਆਵਾਂ ਜਿਵੇਂ ਯੋਗ ਅਧਿਆਪਕਾਂ ਦੀ ਕਮੀ, ਮਾਪਿਆਂ
ਕੋਲ ਸਮੇ ਦੀ ਘਾਟ, ਬਹੁਤੀਆਂ ਸੰਸਥਾਵਾਂ ਕੋਲ ਹਫ਼ਤੇ ਵਿੱਚ ਇੱਕ ਕਲਾਸ ਤੋਂ ਵੱਧ
ਦਾ ਪ੍ਰਬੰਧ ਨਾ ਹੋ ਸਕਣਾ ਆਦਿ ਵੀ ਦਰਪੇਸ਼ ਹਨ। ਇਹਨਾਂ ਧਾਰਮਿਕ ਸੰਸਥਾਵਾਂ ਨਾਲ
ਜੁੜੇ ਹੋਏ ਮਾਪੇ ਆਪਣੇ ਬੱਚਿਆਂ ਨੂੰ ਧਰਮ ਅਤੇ ਵਿਰਸੇ ਦੀ ਸਿੱਖਿਆ ਦਿਵਾਉਣ
ਵਿੱਚ ਕੁਝ ਹੱਦ ਤੱਕ ਤਾਂ ਸਫ਼ਲ ਰਹੇ ਪਰ ਬਹੁ-ਗਿਣਤੀ ਬੱਚੇ ਕੁਝ ਵੱਡੇ ਹੋ ਕੇ
ਇਹਨਾਂ ਸੰਸਥਾਵਾਂ ਤੋਂ ਦੂਰ ਹੋ ਗਏ। ਇਸ ਸਭ ਕੁਝ ਦੇ ਬਾਵਜੂਦ ਧਾਰਮਿਕ
ਸੰਸਥਾਵਾਂ ਅੱਜ ਵੀ ਪੂਰੀ ਨਿਸ਼ਠਾ ਨਾਲ ਇਸ ਟੀਚੇ ਵੱਲ ਅਗਰਸਰ ਹਨ। ਏਥੇ ਨਵੀਂਆਂ
ਸੰਭਾਵਨਾਵਾਂ ਦੀ ਹਮੇਸ਼ਾ ਹੀ ਗੁੰਜਾਇਸ਼ ਬਣੀ ਰਹਿੰਦੀ ਹੈ।
ਮੀਡੀਆ
ਜਿਵੇਂ-ਜਿਵੇਂ ਪ੍ਰਵਾਸੀ ਪੰਜਾਬੀਆਂ ਦੀ ਗਿਣਤੀ ਵਿਦੇਸ਼ਾਂ ਵਿੱਚ ਵਧਦੀ ਗਈ
ਅਤੇ ਉਹ ਆਰਥਿਕ ਤੇ ਸਮਾਜਿਕ ਤੌਰ ‘ਤੇ ਮਜਬੂਤ ਹੁੰਦੇ ਗਏ, ਉਵੇਂ ਹੀ ਵੱਖੋ-ਵੱਖ
ਇਲਾਕਿਆਂ ਵਿੱਚ ਪੰਜਾਬੀ ਰੇਡੀਓ ਸਟੇਸ਼ਨ ਹੋਂਦ ਵਿੱਚ ਆਏ। ਹੁਣ ਟੀ ਵੀ
ਸਟੇਸ਼ਨਾਂ ਤੇ ਆਨਲਾਈਨ ਸਟਰੀਮਿੰਗ ਟੀ ਵੀ ਚੈਨਲਾਂ ਦੀ ਵੀ ਭਰਮਾਰ ਹੋ ਗਈ ਹੈ।
ਓਪਰੀ ਨਜ਼ਰੇ ਦੇਖਿਆਂ ਇਹ ਸਾਰੇ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਦੀ ਦੁਹਾਈ
ਦਿੰਦੇ ਪ੍ਰਤੀਤ ਹੁੰਦੇ ਹਨ ਪਰ ਇਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਕੋਈ ਬਹੁਤੀ
ਇਕਮਿਕਤਾ ਨਹੀਂ ਹੈ। ਭਾਵੇਂ ਇਨਾਂ ਮਾਧਿਅਮਾਂ ਤੋਂ ਪੰਜਾਬੀ ਤਾਂ ਸੁਣਨ ਨੂੰ
ਮਿਲੀ ਪਰ ਇਨ੍ਹਾਂ ਦਾ ਮੁੱਖ ਮੁੱਦਾ ਹਮੇਸ਼ਾ ਵਿਉਪਾਰ ਤੇ ਮੁਨਾਫ਼ਾ ਹੀ ਰਿਹਾ
ਹੈ। ਬਹੁਤੇ ਚੈਨਲਾਂ ’ਤੇ ਤਾਂ ਸਮਾ ਵੇਚਿਆ ਜਾਂਦਾ ਹੈ, ਇੱਕ ਵਾਰ ਲੋੜੀਂਦੇ ਸਮੇ
ਦਾ ਮੁੱਲ ਤਾਰ ਦਿਉ, ਫਿਰ ਭਾਵੇਂ ਉੱਥੇ ਜਾ ਕੇ ਜੋ ਮਰਜ਼ੀ ਕੂੜ ਖਿਲਾਰੀ ਜਾਓ,
ਕੋਈ ਨਹੀਂ ਪੁੱਛੇਗਾ। ਅਜਿਹੇ ਬਹੁਤੇ ਚੈਨਲਾਂ ’ਤੇ ਦਰਸ਼ਕਾਂ ਦੀਆਂ ਧਾਰਮਿਕ
ਭਾਵਨਾਵਾਂ ਨੂੰ ਕੈਸ਼ ਕੀਤਾ ਜਾਂਦਾ ਹੈ। ਇੱਥੇ ਧਾਰਮਿਕ ਸੰਕੀਰਨਤਾ, ਜ਼ਾਤੀਵਾਦ,
ਨਸਲਵਾਦ ਵਗ਼ੈਰਾ ਹਥਿਆਰ ਦੇ ਤੌਰ ’ਤੇ ਵਰਤੇ ਜਾਂਦੇ ਹਨ। ਇੱਕਾ-ਦੁੱਕਾ ਨੂੰ ਛੱਡ
ਕੇ ਬਾਕੀ ਚੈਨਲਾਂ ਦਾ ਕੰਮ ਭਾਸ਼ਾ, ਸੱਭਿਆਚਾਰ, ਸਮਾਜ ਤੇ ਵਿਰਸੇ ਆਦਿ ਦੀ
ਕਸੌਟੀ ’ਤੇ ਪੂਰਾ ਨਹੀਂ ਉੱਤਰਦਾ। ਬਹੁਤੇ ਪੰਜਾਬੀ ਰੇਡੀਓ ਸਟੇਸ਼ਨਾਂ ਤੇ ਬਹੁਤ
ਹੀ ਮਾੜੀ ਬੋਲ-ਬਾਣੀ ਵਾਲੇ ਪੇਸ਼ਕਾਰ ਬਿਠਾਏ ਜਾਂਦੇ ਹਨ, ਅਜਿਹਾ ਹੋਣ ਦਾ ਮੁੱਖ
ਕਾਰਨ ਇਹਨਾਂ ਪੇਸ਼ਕਾਰਾਂ ਤੋਂ ਮੁਫ਼ਤ ਕੰਮ ਲੈਣਾ ਹੈ। ਪ੍ਰੰਤੂ ਇਸ ਵਿੱਚ ਸੁਧਾਰ
ਕਰਨਾ ਤੇ ਇਸ ’ਚੋਂ ਨਵੀਂਆਂ ਸੰਭਾਵਨਾਵਾਂ ਖੋਜਣਾ ਕੋਈ ਔਖਾ ਕੰਮ ਨਹੀਂ।
ਸਾਹਿਤਕ ਸੰਸਥਾਵਾਂ
ਪੰਜਾਬੀ ਲੋਕਾਂ ਦੇ ਪ੍ਰਵਾਸ ਰਾਹੀਂ ਪੰਜਾਬੀ ਸਾਹਿਤ ਤੇ ਕਲਾ ਨੂੰ ਪਿਆਰ ਕਰਨ
ਵਾਲੇ ਬਹੁਤ ਲੋਕ ਪ੍ਰਵਾਸੀ ਬਣੇ ਜੋ ਮੂਲ ਰੂਪ ਵਿੱਚ ਆਪਣੀ ਮਾਂ ਬੋਲੀ ਵਿੱਚ ਹੀ
ਸਾਹਿਤ ਸਿਰਜਣਾ ਕਰਦੇ ਸਨ। ਉਨ੍ਹਾਂ ਨੇ ਰਲ਼-ਮਿਲ ਕੇ ਸਾਹਿਤ ਸਭਾਵਾਂ ਦਾ ਗਠਨ
ਕੀਤਾ। ਇਨ੍ਹਾਂ ਸਭਾਵਾਂ ਦਾ ਮੁੱਖ ਮੰਤਵ ਸੀ ਪੰਜਾਬੀ ਵਿੱਚ ਲਿਖੇ ਜਾ ਰਹੇ
ਸਾਹਿਤ ਨੂੰ ਪ੍ਰਫੁੱਲਿਤ ਕਰਨਾ, ਪੰਜਾਬੀ ਵਿੱਚ ਰਚੇ ਗਏ ਸਾਹਿਤ ਨੂੰ ਹੋਰ
ਭਾਸ਼ਾਵਾਂ ’ਚ ਉਲੱਥਣਾ ਤਾਂ ਜੋ ਉਸਦੀ ਵਿਸ਼ਵ-ਵਿਆਪੀ ਪਹੁੰਚ ਬਣਾਈ ਜਾ ਸਕੇ।
ਪ੍ਰੰਤੂ ਇਹ ਸੰਸਥਾਵਾਂ ਆਪਣੇ ਮਕਸਦ ਵਿੱਚ ਕਿੰਨੀਆਂ ਕੁ ਕਾਮਯਾਬ ਹਨ, ਇਹ ਅਸੀਂ
ਸਾਰੇ ਭਲੀ-ਭਾਂਤ ਜਾਣਦੇ ਹਾਂ। ਜੇ ਹੁਣ ਦੀ ਗੱਲ ਲੈ ਲਈਏ ਤਾਂ ਇਹ ਸੰਸਥਾਵਾਂ ਆਮ
ਲੋਕਾਂ ਨਾਲੋਂ ਕੋਹਾਂ ਦੂਰ ਹੋਈਆਂ ਬੈਠੀਆਂ ਹਨ। ਸਾਹਿਤ ਨੂੰ ਉਭਾਰਨ ਦੇ
ਨਾਲ-ਨਾਲ ਨਵੇਂ ਸਾਹਿਤਕਾਰ ਪੈਦਾ ਕਰਨੇ ਇਹਨਾਂ ਦਾ ਕਦੇ ਮੁੱਖ ਮਕਸਦ ਰਿਹਾ
ਹੋਵੇਗਾ ਪ੍ਰੰਤੂ ਅੱਜ ਸਾਹਿਤਕ ਸੰਸਥਾਵਾਂ ਅੰਦਰ ਚਲਦੀਆਂ ਬੇਨਿਯਮੀਆਂ ਅਤੇ
ਹੌਲ਼ੇ ਪੱਧਰ ਦੀ ਸਿਆਸਤ ਨੂੰ ਦੇਖਦਿਆਂ ਆਮ ਲੋਕੀਂ ਅਤੇ ਨਵੇਂ ਉੱਭਰਦੇ
ਸਾਹਿਤਕਾਰ ਇਨ੍ਹਾਂ ਨੂੰ ਦੂਰੋਂ ਸਲਾਮ ਕਰਨ ’ਚ ਆਪਣੀ ਭਲਾਈ ਸਮਝਦੇ ਹਨ । ਮੈਂ
ਸਾਰੀਆਂ ਸੰਸਥਾਵਾਂ ਨੂੰ ਇੱਕ-ਵਾਢਿਓਂ ਏਸ ਸ੍ਰੇਣੀ ਵਿੱਚ ਨਹੀਂ ਰੱਖਦਾ, ਪਰ
ਬਹੁ-ਗਿਣਤੀ ਸਭਾਵਾਂ ਅੰਦਰ ਸਮਾਗਮਾਂ ਦੌਰਾਨ ਸ਼ਰਾਬ ਵਰਤਾਉਣ ਦੇ ਚਲਨ ਨੇ
ਸਮਾਗਮਾਂ ਦੀ ਗੰਭੀਰਤਾ ਅਤੇ ਮਹੱਤਤਾ ਨੂੰ ਬਹੁਤ ਘਟਾ ਦਿੱਤਾ ਹੈ। ਇਨ੍ਹਾਂ
ਕਮਰਾ-ਬੰਦ ਸਮਾਗਮਾਂ ਵਿੱਚ ਕੇਵਲ ਤੇ ਕੇਵਲ ਲੇਖਕ ਹੀ ਹਿੱਸਾ ਲੈਂਦੇ ਹਨ, ਆਮ
ਲੋਕਾਂ ਲਈ ਇਨ੍ਹਾਂ ਦੀ ਕੋਈ ਮਹੱਤਤਾ ਨਹੀਂ ਦਿਸਦੀ। ਅਗਲੀ ਪੀੜ੍ਹੀ ਦਾ ਇਸ ਮੂਲ
ਨਾਲ ਜੁੜਨਾ ਤਾਂ ਬਹੁਤ ਦੂਰ ਦੀ ਗੱਲ ਹੈ। ਅੱਜ ਸਾਰੀਆਂ ਸਾਹਿਤਕ ਸੰਸਥਾਵਾਂ ਨੂੰ
ਜ਼ਰੂਰਤ ਮੁਤਾਬਕ ਇਹਨਾਂ ਸਭ ਉਪਰਾਲਿਆਂ ਦੀ ਨਜ਼ਰਸਾਨੀ ਕਰਨੀ ਬਣਦੀ ਹੈ। ਬੋਲੀ
ਦੇ ਉੱਥਾਨ ਵਾਸਤੇ ਇਹ ਬਹੁਤ ਹੀ ਕਾਰਗਾਰ ਯਤਨ ਕਰ ਸਕਦੀਆਂ ਹਨ ।
ਸਕੂਲ
ਜਿਵੇਂ-ਜਿਵੇਂ ਹੋਰਨਾਂ ਭਾਸ਼ਾਵਾਂ ਨਾਲ ਸਬੰਧਿਤ ਘੱਟ ਗਿਣਤੀਆਂ ਨੇ
ਰਾਜਨੀਤਕ, ਧਾਰਮਿਕ ਅਤੇ ਪ੍ਰਸਾਰ ਦੇ ਪੱਧਰ ’ਤੇ ਆਪੋ-ਆਪਣੀ ਮਾਂ-ਭਾਸ਼ਾ ਬਾਰੇ
ਜਾਗਰੂਕਤਾ ਦਿਖਾਈ, ਉਵੇਂ ਹੀ ਪੰਜਾਬੀ ਭਾਸ਼ਾ ਨਾਲ ਜੁੜੇ ਉਨ੍ਹਾਂ ਸਾਰੇ
ਵਿਸੇ਼ਸ਼ ਖੇਤਰਾਂ ਦੇ ਲੋਕਾਂ ਨੇ ਵੀ ਅਣਥੱਕ ਉਪਰਾਲੇ ਕੀਤੇ। ਇਹਨਾਂ ਉਪਰਾਲਿਆਂ
ਸਦਕਾ ਵਲੈਤ ਦੇ ਕਈ ਸਕੂਲਾਂ ਨੇ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਚੁਣ ਕੇ
ਕੋਰਸਾਂ ਵਿੱਚ ਪੜ੍ਹਾਏ ਜਾਣਾ ਸ਼ੁਰੂ ਕੀਤਾ। ਇੱਥੇ ਵੀ ਸਾਡੀ ਤ੍ਰਾਸਦੀ ਵੇਖੀ ਜਾ
ਸਕਦੀ ਹੈ ਕਿ ਬਹੁਤ ਸਾਰੇ ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਚੋਣਵੀਂ ਭਾਸ਼ਾ ਦੇ
ਤੌਰ ’ਤੇ ਪੰਜਾਬੀ ਦੀ ਥਾਂ ਕੋਈ ਹੋਰ ਭਾਸ਼ਾ (ਜਿਵੇਂ ਫ਼ਰੈਂਚ, ਸਪੇਨਿਸ਼ ਆਦਿ )
ਸਿਖਾਉਣ ਨੂੰ ਤਰਜੀਹ ਦਿੰਦੇ ਹਨ। ਇਸਦਾ ਕਾਰਨ ਸ਼ਾਇਦ ਇਹ ਪ੍ਰਭਾਵ ਹੋ ਸਕਦਾ ਹੈ
ਕਿ ਪੰਜਾਬੀ ਸਾਡੇ ਬੱਚਿਆਂ ਓਨੀ ਲਾਹੇਵੰਦ ਨਹੀਂ ਜਿੰਨੀਆਂ ਵਿਦੇਸ਼ੀ ਭਾਸ਼ਾਵਾਂ
ਹਨ। ਇਹ ਭੁਲੇਖਾ ਵੀ ਵਿਆਪਕ ਤੌਰ ਤੇ ਮੌਜੂਦ ਹੈ ਕਿ ਸਾਡੇ ਬੱਚੇ ਘਰ ਜਾਂ
ਗੁਰਦੁਆਰੇ ਵਿੱਚ ਇੱਕ ਹਫ਼ਤੇ ’ਚ ਇੱਕ ਘੰਟਾ ਪੜ੍ਹ ਕੇ ਲੋੜੀਂਦਾ ਭਾਸ਼ਾਈ ਗਿਆਨ
ਹਾਸਲ ਕਰ ਲੈਣਗੇ। ਅਜਿਹੇ ਹਾਲਾਤ ਵਿੱਚ ਜੇ ਬੱਚਾ ਕਿਸੇ ਅਖ਼ਬਾਰ ਦਾ ਨਾਮ ਜਾਂ
ਕੋਈ ਸੁਰਖ਼ੀ ਪੜ੍ਹਨ ਵਿੱਚ ਸਫਲ ਹੋ ਜਾਂਦਾ ਹੈ ਤਾਂ ਮਾਪੇ ਏਨੇ ਵਿੱਚ ਹੀ ਖੁਸ਼ੀ
ਤੇ ਸੰਤੁਸ਼ਟੀ ਜ਼ਾਹਿਰ ਕਰਦੇ ਹਨ। ਸੋ ਇਹ ਸਪੱਸ਼ਟ ਹੈ ਕਿ ਘਰ ਜਾਂ ਕਿਸੇ
ਚੈਰੀਟੇਬਲ ਸੰਸਥਾ ਦੁਆਰਾ ਦਿੱਤੀ ਗਈ ਭਾਸ਼ਾਈ ਸਿੱਖਿਆ ਸਕੂਲ ਵਿੱਚ ਦਿੱਤੀ ਗਈ
ਸਿੱਖਿਆ ਦਾ ਮੁਕਾਬਲਾ ਹਰਗਿਜ਼ ਨਹੀਂ ਕਰ ਸਕਦੀ।
ਯੂਨੀਵਰਸਿਟੀਆਂ
ਵਿਦੇਸ਼ਾਂ ਵਿੱਚ ਸਾਡਾ ਪ੍ਰਵਾਸ ਅੱਧੀ ਸਦੀ ਤੋਂ ਵੀ ਲੰਬਾ ਹੈ। ਭਾਸ਼ਾਵਾਂ
ਦੀ ਸੂਚੀ ਵਿੱਚ ਦੁਨੀਆ ਭਰ ’ਚ ਗਿਆਰਵੇਂ ਨੰਬਰ ’ਤੇ ਬੋਲੀ ਅਤੇ ਸਮਝੀ ਜਾਣ ਵਾਲੀ
ਸਾਡੀ ਭਾਸ਼ਾ ਜਿਸਨੂੰ ਵਿਸ਼ਵ ਦੇ ਗਿਆਰਾਂ ਕਰੋੜ ਲੋਕਾਂ ਵੱਲੋਂ ਬੋਲਿਆ ਤੇ
ਸਮਝਿਆ ਜਾਂਦਾ ਹੈ, ਦੇ ਸਮਰੱਥ ਉੱਦਮੀਆਂ ਵੱਲੋਂ ਇਕੱਠੇ ਹੋ ਕੇ ਸ਼ਇਦ ਉਹ
ਹੰਭਲ਼ੇ ਨਹੀਂ ਮਾਰੇ ਗਏ ਜਿਨ੍ਹਾਂ ਦੀ ਸਾਡੀ ਬੋਲੀ ਦੇ ਭਵਿੱਖ ਨੂੰ ਜ਼ਰੂਰਤ ਸੀ।
ਸਭ ਤੋਂ ਮਹੱਤਵਪੂਰਨ ਕੰਮ ਇਹ ਕਰਨੋ ਰਹਿ ਗਿਆ ਕਿ ਅਸੀਂ ਅੱਜ ਤੱਕ ਇੰਗਲੈਂਡ ਦੀ
ਕਿਸੇ ਵੀ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਚੇਅਰ ਸਥਾਪਿਤ ਨਹੀਂ ਕਰ ਸਕੇ। ਇੱਕ
ਸੂਚਨਾ ਮੁਤਾਬਕ ਅਜਿਹਾ ਕਰਨ ਲਈ ਮੁੱਢਲਾ ਖਰਚਾ ਵੀਹ ਤੋਂ ਪੱਚੀ ਹਜ਼ਾਰ ਪੌਂਡ ਹੈ
ਜੋ ਧਾਰਮਿਕ ਇਮਾਰਤਾਂ ਉੱਪਰ ਹੁੰਦੇ ਖਰਚੇ ਸਾਹਮਣੇ ਕੁਝ ਵੀ ਨਹੀਂ ਹੈ। ਇਸ ਨਾਲ
ਪੰਜਾਬੀ ਭਾਸ਼ਾ ਦੇ ਉੱਚ ਗਿਆਨ ਦੇ ਰਸਤੇ ਖੁੱਲ੍ਹ ਜਾਣਗੇ। ਪੰਜਾਬੀ ਦਾ ਉੱਚਤਮ
ਸਾਹਿਤ ਹੋਰ ਭਾਸ਼ਾਵਾਂ ਦੇ ਪਾਠਕਾਂ ਤੱਕ ਪੁੱਜ ਸਕੇਗਾ। ਅਜਿਹਾ ਹੋਣ ਨਾਲ ਇੱਥੇ
ਜਨਮੀ ਪੀੜ੍ਹੀ , ਜੋ ਇਸ ਗੱਲ ਦੀ ਧਾਰਨੀ ਹੈ ਕਿ ਪੰਜਾਬੀ ਭਾਸ਼ਾ ਉਨ੍ਹਾਂ ਦੇ
ਆਰਥਿਕ ਭਵਿੱਖ ਵਾਸਤੇ ਲਾਹੇਵੰਦ ਨਹੀਂ, ਦੀ ਇਸ ਧਾਰਨਾ ਨੂੰ ਨਿਸ਼ਚੈ ਹੀ ਬਦਲਿਆ
ਜਾ ਸਕਦਾ ਹੈ। ਪੰਜਾਬੀ ਸਾਹਿਤ, ਕਲਾ ਤੇ ਦਰਸ਼ਨ ਦਾ ਪਸਾਰ ਇਸ ਮੁਲਕ ਵਿੱਚ ਵੀ
ਉੱਚ ਪੱਧਰ ’ਤੇ ਸੰਭਵ ਹੋ ਸਕਦਾ ਹੈ। ਇਸਦੀ ਮਿਸਾਲ ਕਨੇਡਾ ਦੀ ਬ੍ਰਿਟਿਸ਼
ਕੋਲੰਬੀਆ ਯੂਨੀਵਰਸਿਟੀ ਤੋਂ ਲਈ ਜਾ ਸਕਦੀ ਹੈ ਜਿਸ ਵਿੱਚ ਪੰਜਾਬੀ ਵਿਭਾਗ ਅਤੇ
ਤੀਹ ਹਜ਼ਾਰ ਕਿਤਾਬਾਂ ਦੀ ਇੱਕ ਲਾਇਬਰੇਰੀ ਸਥਾਪਿਤ ਕੀਤੀ ਗਈ ।
ਉਪ੍ਰੋਕਤ ਪੰਜ ਕਿਸਮ ਦੇ ਸਾਧਨਾਂ ਤੋਂ ਬਿਨਾ ਹੋਰ ਬਹੁਤ ਸਾਰੇ ਵਿਅਕਤੀ
ਵਿਸ਼ੇਸ਼ ਅਤੇ ਸੰਸਥਾਵਾਂ ਹਨ ਜੋ ਆਪੋ-ਆਪਣੇ ਪੱਧਰ ’ਤੇ ਇਸ ਕਾਰਜ ਪ੍ਰਤੀ
ਚਿੰਤਾਤੁਰ ਵੀ ਹਨ ਅਤੇ ਸੁਧਾਰ ਲਈ ਕਾਰਜਸ਼ੀਲ ਵੀ। ਉਨ੍ਹਾਂ ਸਭ ਦੇ ਨਾਮ ਇੱਥੋਂ
ਲਏ ਜਾ ਸਕਣੇ ਸੰਭਵ ਤਾਂ ਨਹੀਂ ਪੰਤੂ ਉਨ੍ਹਾਂ ਦੀ ਨਿਸ਼ਠਾ ਨੂੰ ਨਜ਼ਰ-ਅੰਦਾਜ਼
ਨਹੀਂ ਕੀਤਾ ਜਾ ਸਕਦਾ।
ਓਪਰੀ ਨਜ਼ਰੇ ਪ੍ਰਵਾਸੀ ਪੰਜਾਬੀਆਂ ਵਿੱਚ ਮਾਂ ਬੋਲੀ ਦੀ ਸੀਮਾ ਮਹਿਜ਼ ਇੱਕ
ਪੀੜ੍ਹੀ ਹੀ ਨਜ਼ਰ ਆਉਂਦੀ ਹੈ, ਪਰ ਸਭ ਕੁਝ ਸਾਂਝੇ ਉਪਰਾਲਿਆਂ ’ਤੇ ਨਿਰਭਰ ਕਰਦਾ
ਹੈ। ਇਸ ਕਾਰਜ ਵਿੱਚ ਸੰਭਾਵਨਾਵਾਂ ਦੀ ਕੋਈ ਕਮੀ ਨਹੀਂ ਹੈ। ਸਾਡੇ ਲੋਕ ਜਿਵੇਂ
ਧਾਰਮਿਕ ਕਾਰਜਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਕਰਦੇ ਹਨ, ਉਵੇਂ ਹੀ ਇਹਨਾਂ ਦਾ
ਬੋਲੀ ਦੇ ਮਾਮਲੇ ’ਚ ਵੀ ਜੁੜ ਕੇ ਬਹਿਣਾ ਬਹੁਤ ਜ਼ਰੂਰੀ ਹੈ। ਉਪ੍ਰੋਕਤ ਚਰਚਾ
ਵਿੱਚ ਆਈਆਂ ਸਾਰੀਆਂ ਕਮੀਆਂ-ਪੇਸ਼ੀਆਂ ਨੂੰ ਦੂਰ ਕਰਨਾ ਕੋਈ ਮੁਸ਼ਕਿਲ ਕਾਰਜ
ਨਹੀਂ ਹੈ, ਕਿਉਂ ਕਿ ਜਿੰਨੀਆਂ ਕਮੀਆਂ ਨਜ਼ਰ ਆ ਰਹੀਆਂ ਹਨ, ਉਸਤੋਂ ਕਿਤੇ ਵੱਧ
ਸੰਭਾਵਨਾਵਾਂ ਦਿਖਾਈ ਦੇ ਰਹੀਆਂ ਹਨ। ਜੇ ਅਸੀਂ ਅੱਜ ਵੀ ਲਾਮਬੰਦ ਹੋ ਸਕੀਏ ਤਾਂ
ਹੋ ਸਕਦਾ ਹੈ ਆਉਣ ਵਾਲ਼ਾ ਸਮਾ ਇਸ ਉੱਦਮ ਨੂੰ ਇੱਕ ਇਤਿਹਾਸਕ ਕਰਮ ਵਜੋਂ
ਨਿਸ਼ਚਿਤ ਕਰੇ ਅਤੇ ਨਾ ਕੇਵਲ ਸਾਡੀ ‘ਅਗਲੀ ਪੀੜ੍ਹੀ’ ਸਗੋਂ ਆਉਣ ਵਾਲ਼ੀਆਂ ਕਈ
ਪੀੜ੍ਹੀਆਂ ਵਾਸਤੇ ਇਹ ਚਾਨਣ-ਮੁਨਾਰਾ ਬਣ ਜਾਵੇ ।
Onkar Manav, UK
email : onkar.hde@gmail.com
mobile : 07815868709 |