ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸਰਗਰਮੀਆਂ

 

ਕਾਨਫਰੰਸ ਪਰਚੇ

ਪੰਜਾਬੀ ਭਾਸ਼ਾ ਅਤੇ ਇਸ ਦੇ ਭਵਿੱਖ ਬਾਰੇ ਪਹਿਲਾ ਅੰਤਰਰਾਸ਼ਟਰੀ ਸੰਮੇਲਨ ਅਤੇ ਵਿਚਾਰ ਗੋਸ਼ਟੀ
ਆਧੁਨਿਕ ਵਿਗਿਆਨਕ ਯੁਗ ਵਿਚ ਪੰਜਾਬੀ ਭਾਸ਼ਾ ਦਾ ਸਥਾਨ
ਰਾਇਲ ਲਮਿੰਗਟਨ ਸਪਾ, ਯੂ: ਕੇ: ਵਿਖੇ, 10 -11 ਅਗਸਤ, 2013


ਅਜੋਕੇ ਸਮਿਆਂ ਵਿੱਚ ਪੰਜਾਬੀ ਭਾਸ਼ਾ ਲਈ ਚੁਣੌਤੀਆਂ
ਸੁਖਿੰਦਰ, ਟਰਾਂਟੋ, ਕਨੇਡਾ

ਵਿਸ਼ਵ ਦੇ ਅਨੇਕਾਂ ਹਿੱਸਿਆਂ ਵਿੱਚ ਪੰਜਾਬੀਆਂ ਵੱਲੋਂ ਪਰਵਾਸ ਕਰ ਜਾਣ ਕਾਰਨ ਪੰਜਾਬੀ ਭਾਸ਼ਾ ਨੂੰ ਨਿੱਤ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ; ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਇਨ੍ਹਾਂ ਚੁਣੌਤੀਆਂ ਤੋਂ ਡਰ ਕੇ ਪੰਜਾਬੀ ਭਾਸ਼ਾ ਵਿੱਚ ਕੋਈ ਖੜੋਤ ਵਾਲੀ ਸਥਿਤੀ ਪੈਦਾ ਹੋ ਗਈ ਹੋਵੇ।

ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਵਾਲੇ ਬਹੁਗਿਣਤੀ ਲੋਕਾਂ ਦਾ ਘਰ ਪੰਜਾਬ ਹੁਣ ਵਿਸ਼ਵ ਦੇ ਇੱਕ ਜਾਂ ਦੋ ਖਿੱਤਿਆਂ ਵਿੱਚ ਹੀ ਸਥਿਤ ਨਹੀਂ; ਬਲਕਿ, ਹੁਣ ਤਾਂ ਵਿਸ਼ਵ ਵਿੱਚ ਅਜਿਹੇ ਘੱਟ ਤੋਂ ਘੱਟ ਸੱਤ ਪੰਜਾਬ ਹੋਂਦ ਵਿੱਚ ਆ ਚੁੱਕੇ ਹਨ. ਇਹ ਪੰਜਾਬ ਇੰਡੀਆ, ਪਾਕਿਸਤਾਨ, ਕੈਨੇਡਾ, ਅਮਰੀਕਾ, ਇੰਗਲੈਂਡ, ਅਫਰੀਕਾ ਅਤੇ ਯੋਰਪ ਵਿੱਚ ਸਥਿਤ ਹਨ। ਇਹ ਪੰਜਾਬ ਧਰਤੀ ਦੇ ਵੱਖੋ ਵੱਖ ਹਿੱਸਿਆਂ ਉੱਤੇ ਸਥਿਤ ਹੋਣ ਕਾਰਨ, ਇਨ੍ਹਾਂ ਵਿੱਚ ਪਰਵਾਸ ਕਰ ਗਏ ਪੰਜਾਬੀਆਂ ਵੱਲੋਂ ਬੋਲੀ ਜਾਂਦੀ ਪੰਜਾਬੀ ਉੱਤੇ ਵੀ ਇਨ੍ਹਾਂ ਦੇਸ਼ਾਂ ਵਿੱਚ ਬੋਲੀਆਂ ਜਾਂਦੀਆਂ ਬੋਲੀਆਂ ਅਤੇ ਸਭਿਆਚਾਰਾਂ ਦਾ ਸਿੱਧਾ ਜਾਂ ਅਸਿੱਧਾ ਅਸਰ ਹੋ ਰਿਹਾ ਹੈ.

ਚੁਣੌਤੀਆਂ :

ਧਰਮ :

ਅਜੋਕੇ ਸਮਿਆਂ ਵਿੱਚ ਪੰਜਾਬੀ ਭਾਸ਼ਾ ਲਈ ਸਭ ਤੋਂ ਵੱਡੀ ਚੁਣੌਤੀ ਹੈ ਇਸ ਨੂੰ ਧਰਮ ਦੀ ਚਾਰ ਦੀਵਾਰੀ ਦੀ ਕੈਦ ਤੋਂ ਬਚਾ ਕੇ ਰੱਖਣਾ. ਕੁਝ ਖੁਦਗਰਜ਼ ਅਤੇ ਮਤਲਬਪ੍ਰਸਤ ਲੋਕ ਪੰਜਾਬੀ ਨੂੰ ਧਰਮ ਦੀ ਕੈਦ ਵਿੱਚ ਜਕੜਨ ਲਈ ਤਰਲੋਮੱਛੀ ਹੋ ਰਹੇ ਹਨ। ਬ੍ਰਾਹਮਣਵਾਦ ਦੇ ਅਸਰ ਹੇਠ ਉੱਤਮ ਵਿਚਾਰਾਂ ਅਤੇ ਜ਼ਿੰਦਗੀ ਦੀ ਸੇਧ ਦੇਣ ਵਾਲੀਆਂ ਪੁਸਤਕਾਂ ਨੂੰ ‘ਪਵਿੱਤਰ’ ਕਰਾਰ ਦੇ ਕੇ ਆਮ ਲੋਕਾਂ ਦੀ ਜ਼ਿੰਦਗੀ ਤੋਂ ਦੂਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਪਵਿੱਤਰ ਬਣੀਆਂ ਕਿਤਾਬਾਂ ਦੇ ਨਾਮ ਉੱਤੇ ਹੀ ਧਾਰਮਿਕ ਕੱਟੜਪੰਥੀ ਪਹਿਲਾਂ ਇਨ੍ਹਾਂ ਵੱਖੋ ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦੇ ਮਨਾਂ ਵਿੱਚ ਇੱਕ ਦੂਜੇ ਦੇ ਧਰਮ ਖਿਲਾਫ਼ ਘੋਰ ਨਫ਼ਰਤ ਫੈਲਾਉਂਦੇ ਹਨ ਅਤੇ ਫਿਰ ਉਨ੍ਹਾਂ ਧਰਮਾਂ ਮੰਨਣ ਵਾਲੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਇੱਕ ਦੂਜੇ ਦੇ ਖ਼ੂਨ ਦੀਆਂ ਨਦੀਆਂ ਵਹਾਉਂਦੇ ਹਨ। ਭਾਰਤੀ ਖਿੱਤੇ ਵਿੱਚ ਇਸ ਦੀ ਸਭ ਤੋਂ ਵੱਡੀ ਮਿਸਾਲ 1947 ਵਿੱਚ ਹੋਈ ਹਿੰਦੁਸਤਾਨ-ਪਾਕਿਸਤਾਨ ਦੀ ਵੰਡ ਵੇਲੇ 1 ਮਿਲੀਅਨ ਤੋਂ ਵੀ ਵੱਧ ਪੰਜਾਬੀਆਂ ਦਾ ਧਰਮ ਦੇ ਨਾਮ ਉੱਤੇ ਇੱਕ ਦੂਜੇ ਦਾ ਕਤਲ ਕਰਨਾ ਸੀ। ਅਜਿਹੇ ਵਿਚਾਰਾਂ ਦੀ ਹੀ ਪੁਸ਼ਟੀ ਮੇਰੀ ਇੱਕ ਨਜ਼ਮ ‘ਸ਼ਬਦਾਂ ਨੂੰ ਪਵਿੱਤਰ ਨ ਬਨਣ ਦਿਓ’ ਦੀਆਂ ਹੇਠ ਲਿਖੀਆਂ ਸਤਰਾਂ ਵੀ ਕਰਦੀਆਂ ਹਨ :

ਅਤੇ ਫਿਰ, ਪਵਿੱਤਰ ਬਣੀਆਂ
ਇਨ੍ਹਾਂ ਕਿਤਾਬਾਂ ‘ਚੋਂ ਨਿਕਲੇ
ਪਵਿੱਤਰ ਸ਼ਬਦੀ ਜਨੂੰਨ ਨੇ
ਸੁਨਹਿਰੀ ਗੁੰਬਦਾਂ, ਮੀਨਾਰਾਂ, ਦਰਵਾਜਿ਼ਆਂ ‘ਚੋਂ
ਬਾਂਗਾਂ ਬਣ ਬਣ ਅਤੇ
ਜੈਕਾਰਿਆਂ ਦੇ ਸ਼ੋਰ ਵਿੱਚ
ਰੱਬੀ ਤਲਵਾਰਾਂ, ਨੇਜਿ਼ਆਂ, ਬੰਬਾਂ, ਬੰਦੂਕਾਂ ‘ਚ ਵਟ ਕੇ
ਮਨੁੱਖੀ ਖ਼ੂਨ ਦੀਆਂ ਨਦੀਆਂ ਵਹਾਈਆਂ

ਲੱਚਰ ਗੀਤਕਾਰੀ / ਗਾਇਕੀ :

ਗਲੋਬਲ ਕਲਚਰ ਦਾ ਹਰ ਪਾਸੇ ਦਬਦਬਾ ਵੱਧ ਜਾਣ ਕਾਰਨ ਪੰਜਾਬੀ ਗੀਤਕਾਰੀ / ਗਾਇਕੀ ਵਿੱਚ ਲੱਚਰਤਾ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਗਲੋਬਲ ਕਲਚਰ ਦਾ ਨਾਹਰਾ ਹੈ ‘ਖਾਓ, ਪੀਓ, ਕਰੋ ਆਨੰਦ’. ਇਹ ਨਾਹਰਾ ਸੈਕਸ, ਸ਼ਰਾਬ ਅਤੇ ਡਰੱਗਜ਼ ਨਾਲ ਜੁੜਿਆ ਹੋਇਆ ਹੈ. ਅਜਿਹੇ ਪਦਾਰਥਾਂ ਦੀ ਵਰਤੋਂ ਸਦਕਾ ਮਨੁੱਖ ਅੰਦਰ ਕਾਮੁਕ / ਹਿੰਸਾਤਮਕ / ਅਤ੍ਰਿਪਤ ਭਾਵਨਾਵਾਂ ਦਾ ਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਹੈ। ਵਸਤ ਸਭਿਆਚਾਰ ਦੀ ਹਨ੍ਹੇਰੀ ਅੱਗੇ ਕੱਖਾਂ-ਕਾਨਿਆਂ ਵਾਂਗ ਉੱਡੇ ਫਿਰਦੇ ਸਾਡੇ ਪੰਜਾਬੀ ਗੀਤਕਾਰ / ਗਾਇਕ ਅਜਿਹੇ ਘਟੀਆ ਮਿਆਰ ਦੇ ਗੀਤ ਲਿਖ / ਗਾ ਰਹੇ ਹਨ ਕਿ ਲੋਕ ਅਜਿਹੇ ਗੀਤਾਂ / ਗਾਇਕਾਂ ਨੂੰ ਆਪਣੇ ਪਰਵਾਰ ਵਿੱਚ ਬੈਠਕੇ ਸੁਨਣ ਤੋਂ ਬਹੁਤ ਝਿਜਕਦੇ ਹਨ। ਅਜਿਹੇ ਪੰਜਾਬੀ ਗੀਤਕਾਰਾਂ / ਗਾਇਕਾਂ ਦਾ ਉਦੇਸ਼, ਮਹਿਜ਼, ਆਪਣੇ ਬੈਂਕ ਬੈ਼ਲੈਂਸ ਵਧਾਉਣਾ ਹੀ ਹੁੰਦਾ ਹੈ, ਆਮ ਲੋਕਾਂ ਦੀਆਂ ਸਮੱਸਿਆਵਾਂ / ਸਰੋਕਾਰਾਂ / ਜਾਂ ਪੰਜਾਬੀ ਵਿਰਸੇ ਦੀਆਂ ਉੱਤਮ ਕਦਰਾਂ-ਕੀਮਤਾਂ ਦਾ ਪਾਸਾਰ ਕਰਨਾ ਨਹੀਂ. ਇਨ੍ਹਾਂ ਪੰਜਾਬੀ ਗੀਤਕਾਰਾਂ / ਗਾਇਕਾਂ ਨੂੰ ਇਸ ਗੱਲ ਨਾਲ ਵੀ ਕੋਈ ਵਾਸਤਾ ਨਹੀਂ ਹੁੰਦਾ ਕਿ ਸਾਡੇ ਸਮਾਜ ਵਿੱਚ ਫੈਲ ਰਹੇ ਜ਼ਾਤ-ਪਾਤ ਦੇ ਕੋਹੜ, ਊਚ-ਨੀਚ ਦੇ ਵੱਖਰੇਂਵੇਂ, ਔਰਤਾਂ ਜਾਂ ਬੱਚਿਆਂ ਉੱਤੇ ਹੋ ਰਹੇ ਹਿੰਸਾਤਮਕ ਅਤਿਆਚਾਰਾਂ, ਬਾਰੇ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਉਨ੍ਹਾਂ ਦੀ ਗੀਤਕਾਰੀ / ਗਾਇਕੀ ਜਨ-ਸਾਧਾਰਨ ਦੀ ਕਿਵੇਂ ਮੱਦਦ ਕਰ ਸਕਦੀ ਹੈ? ਪੰਜਾਬੀ ਗੀਤਕਾਰੀ / ਗਾਇਕੀ ਨਾਲ ਸਬੰਧਤ ਪੰਜਾਬੀ ਭਾਸ਼ਾ ਸਾਹਮਣੇ ਪੇਸ਼ ਆ ਰਹੀਆਂ ਚੁਣੌਤੀਆਂ ਨੂੰ ਮੈਂ ਆਪਣੀ ਹੀ ਇੱਕ ਨਜ਼ਮ ‘ਗਲੋਬਲੀਕਰਨ-28’ ਵਿੱਚ ਕੁਝ ਇਸ ਅੰਦਾਜ਼ ਨਾਲ ਪੇਸ਼ ਕੀਤਾ ਹੈ:

ਪੰਜਾਬੀ ਸਭਿਆਚਾਰਕ ਸਮਾਰੋਹਾਂ ਵਿੱਚ ਜਾਓ
ਉੱਥੇ, ਅਕਸਰ, ਢੋਲ ਢਮੱਕੇ ਦੇ
ਕੰਨ ਪਾੜਵੇਂ ਸ਼ੋਰ ਵਿੱਚ ਗੂੰਜ ਰਹੇ ਬੋਲ
ਤੁਹਾਡਾ ਸੁਆਗਤ ਕਰਨਗੇ :
‘ਕਿਹੜਾ ਜੰਮ ਪਿਆ ਸੂਰਮਾ
ਜਿਹੜਾ ਜੱਟ ਦੀ ਬੜਕ ਨੂੰ ਰੋਕੇ’

ਪਰ ਇਨ੍ਹਾਂ ਸਮਾਰੋਹਾਂ ਵਿੱਚ
ਤੁਸੀਂ, ਕਦੀ ਨਹੀਂ ਸੁਣੋਗੇ:
ਸਦੀਆਂ ਬੀਤ ਜਾਣ ਬਾਹਦ ਵੀ
ਜੱਟ, ਭਾਪੇ, ਤਖਾਣ, ਚੂਹੜੇ ਦੇ
ਊਚ-ਨੀਚ, ਜ਼ਾਤ-ਪਾਤ, ਮਜ਼ਬੀ
ਮਨੂੰਵਾਦ ਦੇ ਕੋਹੜ ਦੀ ਜਕੜ ਤੋਂ ਪੰਜਾਬ
ਮੁਕਤੀ ਪ੍ਰਾਪਤ ਨਹੀਂ ਕਰ ਸਕਿਆ
ਧਾਰਮਿਕ ਮੱਠਾਂ, ਡੇਰਿਆਂ, ਭੋਰਿਆਂ ‘ਚ
ਸੰਤਾਂ, ਮਹੰਤਾਂ, ਬਾਬਿਆਂ ਦੇ ਨਾਮ ਹੇਠ
ਸੱਪਾਂ, ਬਘਿਆੜਾਂ, ਮਗਰਮੱਛਾਂ ਵਾਂਗੂੰ ਲੁਕੇ ਬੈਠੇ
ਬਲਾਤਕਾਰ, ਕਾਤਲ, ਠੱਗ, ਸਮੱਗਲਰ
ਆਪਣੀ ਨਜਾਇਜ਼ ਤਾਕਤ ਦਾ
ਸ਼ਰੇਆਮ ਮੁਜਾਹਰਾ ਕਰਕੇ
ਪੰਜਾਬ ਦੇ ਚੱਪੇ ਚੱਪੇ ਵਿੱਚ
ਦਹਿਸ਼ਤ ਫੈਲਾ ਰਹੇ ਹਨ

ਪੰਜਾਬੀ ਗੀਤ / ਸੰਗੀਤ ਦੇ ਨਿਰਮਲ ਪਾਣੀਆਂ ਵਿੱਚ ਬੇਸਮਝ / ਲਾਲਚੀ ਪੰਜਾਬੀ ਗੀਤਕਾਰਾਂ / ਗਾਇਕਾਂ ਨੇ ਇੰਨਾਂ ਕੂੜਾ-ਕਰਕਟ ਭਰ ਦਿੱਤਾ ਹੈ ਕਿ ਸਾਡੀਆਂ ਹੀ ਧੀਆਂ / ਭੈਣਾਂ / ਮਾਵਾਂ ਅਜਿਹਾ ਗੀਤ / ਸੰਗੀਤ ਸੁਨਣ ਤੋਂ ਨਾ ਸਿਰਫ ਇਨਕਾਰੀ ਹੀ ਹੋ ਰਹੀਆਂ ਹਨ; ਬਲਕਿ ਉਹ ਸਾਡੀ ਅਜਿਹੀ ਸ਼ਰਮਿੰਦਗੀ ਭਰੀ ਕਾਰਗੁਜ਼ਾਰੀ ਲਈ ਸਾਨੂੰ ਸ਼ਰਮਸਾਰ ਵੀ ਕਰ ਰਹੀਆਂ ਹਨ. ਮੇਰੀ ਹੀ ਇੱਕ ਨਜ਼ਮ ‘ਗਲੋਬਲੀਕਰਨ-2’ ਦੀਆਂ ਹੇਠ ਲਿਖੀਆਂ ਸਤਰਾਂ ਅਜਿਹੇ ਵਿਚਾਰਾਂ ਦੀ ਹੀ ਪੇਸ਼ਕਾਰੀ ਕਰਦੀਆਂ ਹਨ :

ਸੱਜਰੀ ਸਵੇਰ ਵਰਗੀ ਗਾਇਕੀ ਦੇ ਮੰਚ ਤੋਂ ਵੀ
ਹੁਣ ਜਦੋਂ, ਕੋਈ ਗਾਇਕ
ਕਿਸੇ ਪਾਂ ਪਏ ਕੁੱਤੇ ਵਾਂਗ
ਆਪਣੀ ਪੂਛ ਹਿਲਾਉਂਦਾ, ਲੱਚਰਤਾ ਦੀ ਸਿਖਰ
ਤੱਕ ਪਹੁੰਚਣ ਦਾ ਯਤਨ ਕਰਦਾ ਹੈ
ਤਾਂ, ਸਰੋਤਿਆਂ ਵਿੱਚ ਬੈਠੀ
ਇੱਕ ਜੁਆਨ ਹੋ ਰਹੀ ਧੀ
ਆਪਣੇ ਨਾਲ ਆਏ ਪਿਤਾ ਨੂੰ
ਸ਼ਰਮਸਾਰ ਹੋਇਆ ਵੇਖ
ਬੋਲ ਉੱਠਦੀ ਹੈ :
‘ਮੈਂ ਨਹੀਂ ਸੁਨਣੇ ਇਹ ਗੰਦੇ ਗੀਤ
ਪਾਪਾ ! ਮੈਨੂੰ ਨਹੀਂ ਚਾਹੀਦਾ
ਤੁਹਾਡਾ, ਇਹ ਗੰਧਲਾ ਸਭਿਆਚਾਰ !’

ਪੰਜਾਬੀ ਵਿੱਚ ਲੱਚਰ ਗਾਇਕੀ ਬਾਰੇ ਚਰਚਾ 1980 ਵਿੱਚ ਹੀ ਹੋਣਾ ਸ਼ੁਰੂ ਹੋ ਗਿਆ ਸੀ। ਇਸ ਸਮੇਂ ਦੌਰਾਨ ਅਮਰ ਚਮਕੀਲਾ ਅਤੇ ਉਸਦੀ ਸਾਥਣ ਅਮਰਜੋਤ ਨੇ ਲੱਚਰ ਗੀਤ ਗਾਣੇ ਸ਼ੁਰੂ ਕਰ ਦਿੱਤੇ ਸਨ। ਇਹ ਦੋਨੋਂ ਪੰਜਾਬੀ ਗਾਇਕ ਅਜਿਹੀ ਲੱਚਰ ਪੰਜਾਬੀ ਗਾਇਕੀ ਕਾਰਨ ਹੀ ਉਸ ਸਮੇਂ ਪੰਜਾਬ ਵਿੱਚ ਚੱਲ ਰਹੀ ਖਾਲਿਸਤਾਨੀ ਲਹਿਰ ਨਾਲ ਸਬੰਧਤ ਦਹਿਸ਼ਤਗਰਦਾਂ ਹੱਥੋਂ ਮਾਰੇ ਗਏ ਸਨ। ਅਜੋਕੇ ਸਮਿਆਂ ਵਿੱਚ ਹਨੀ ਸਿੰਘ, ਜੈਜ਼ੀ ਬੀ., ਅਸ਼ੋਕ ਮਸਤੀ, ਗੀਤਾ ਜ਼ੈਲਦਾਰ, ਦਲਜੀਤ ਦੋਸਾਂਝ, ਗਿੱਪੀ ਗਰੇਵਾਲ, ਮਿਸ ਪੂਜਾ ਅਤੇ ਦੀਪ ਮਨੀ ਵਰਗੇ ਪੰਜਾਬੀ ਗਾਇਕਾਂ ਦੇ ਨਾਮ ਲੱਚਰ ਗਾਇਕਾਂ ਵਿੱਚ ਲਏ ਜਾ ਰਹੇ ਹਨ। ਇੱਥੋਂ ਤੱਕ ਕਿ ਬੱਬੂ ਮਾਨ ਅਤੇ ਸੁਰਿੰਦਰ ਕੌਰ ਵਰਗੇ ਚਰਚਿਤ ਪੰਜਾਬੀ ਗਾਇਕ ਵੀ ਇਸ ਦੋਸ਼ ਤੋਂ ਬਚ ਨਹੀਂ ਸਕੇ। ਲੱਚਰ ਪੰਜਾਬੀ ਗਾਇਕੀ ਵਿਰੁੱਧ ਦੇਸ/ਬਦੇਸ ਵਿੱਚ ਲੋਕ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਤਾਂ ਔਰਤਾਂ ਨੇ ਦਲਜੀਤ ਦੋਸਾਂਝ ਦੀ ਲੱਚਰ ਗਾਇਕੀ ਵਿਰੁੱਧ ਮੁਜਾਹਰੇ ਵੀ ਕੀਤੇ ਹਨ ਅਤੇ ਹਨੀ ਸਿੰਘ ਉੱਤੇ ਲੱਚਰ ਗੀਤ ਗਾਣ ਕਰਕੇ ਅਦਾਲਤ ਵਿੱਚ ਮੁਕੱਦਮਾ ਵੀ ਚੱਲ ਰਿਹਾ ਹੈ।

ਲੱਚਰ ਪੰਜਾਬੀ ਗਾਇਕੀ ਹਰ ਦੌਰ ਵਿੱਚ ਹੀ ਰਹੀ ਹੈ ਅਤੇ ਰਹੇਗੀ। ਜੇਕਰ ਸਰੋਤੇ ਲੱਚਰ ਪੰਜਾਬੀ ਗਾਇਕੀ ਨੂੰ ਉਤਸਾਹਤ ਨਹੀਂ ਕਰਨਗੇ ਤਾਂ ਸਮਾਜ ਵਿੱਚ ਇਸ ਦਾ ਪ੍ਰਭਾਵ ਆਪਣੇ ਆਪ ਹੀ ਘੱਟ ਜਾਵੇਗਾ - ਭਾਵੇਂ ਕਿ ਇਹ ਪੂਰੀ ਤਰ੍ਹਾਂ ਕਦੀ ਵੀ ਖਤਮ ਨਹੀਂ ਹੋ ਸਕਦੀ। ਚੰਗੀ ਅਤੇ ਸਾਫ਼ ਸੁਥਰੀ ਗਾਇਕੀ/ਗੀਤਕਾਰੀ ਦੇ ਸਰੋਤਿਆਂ ਦੇ ਨਾਲ ਨਾਲ ਘਟੀਆ ਗੀਤਕਾਰੀ / ਗਾਇਕੀ ਦੇ ਸਰੋਤੇ ਵੀ ਹਮੇਸ਼ਾ ਹੀ ਰਹਿਣਗੇ। ਰਾਤੋ ਰਾਤ ਵਿੱਚ ਅਮੀਰ ਬਨਣ ਦੀ ਇਛਾ ਰੱਖਣ ਵਾਲੇ ਗੀਤਕਾਰ / ਗਾਇਕ ਵੀ ਹਮੇਸ਼ਾ ਹੀ ਰਹਿਣਗੇ - ਜੋ ਗਾਇਕੀ/ਗੀਤਕਾਰੀ ਦੇ ਉੱਚੇ ਮਿਆਰਾਂ ਨੂੰ ਆਪਣੇ ਪੈਰਾਂ ਹੇਠ ਰੋਂਦ ਕੇ ਅੱਗੇ ਵੱਧਣ ਦੀ ਦੌੜ ਵਿੱਚ ਲੀਨ ਰਹਿਣਗੇ. ਜਿਹੜੇ ਗਾਇਕ ਅਜਿਹੇ ਲੱਚਰ ਗੀਤ ਗਾਂਦੇ ਹੀ ਰਹਿਣਗੇ:

ਨਾਲਾ ਟੰਗ ਲੈ ਘੁੰਗਰੂਆਂ ਵਾਲਾ
ਟੋਲੀ ਆਉਂਦੀ ਛੜਿਆਂ ਦੀ

ਵਿਰਸਾ :
ਮਨੁੱਖ ਦੀ ਮਾਨਸਿਕਤਾ ਦੇ ਵਿਕਾਸ ਵਿੱਚ ਭਾਸ਼ਾ ਬਹੁਤ ਹੀ ਮਹੱਤਵ-ਪੂਰਨ ਭੂਮਿਕਾ ਨਿਭਾਉਂਦੀ ਹੈ। ਭਾਸ਼ਾ ਨਾਲ ਹੀ ਜੁੜੇ ਹੁੰਦੇ ਹਨ ਮਨੁੱਖੀ ਵਿਚਾਰ। ਮਨੁੱਖੀ ਮਾਨਸਿਕਤਾ ਵਿੱਚ ਜਿਸ ਕਿਸਮ ਦੇ ਵਿਚਾਰਾਂ ਦੀ ਭਰਮਾਰ ਹੋਵੇਗੀ, ਮਨੁੱਖ ਉਸ ਕਿਸਮ ਦਾ ਹੀ ਬਣੇਗਾ। ਜਿਹੜੇ ਪ੍ਰਵਾਰਾਂ ਵਿੱਚ ਕਾਤਲ, ਬਲਾਤਕਾਰੀ, ਹਿੰਸਾਤਮਕ, ਅਲਕੋਹਲਕ, ਡਰੱਗ ਸਮੱਗਲਰ, ਸੈਕਸ ਟਰੇਡਰ ਜਾਂ ਧਾਰਮਿਕ ਕੱਟੜਵਾਦੀ ਲੋਕਾਂ ਦਾ ਬੋਲਬਾਲਾ ਹੋਵੇਗਾ, ਉਸ ਪ੍ਰਵਾਰ ਦੇ ਬੱਚੇ ਵੀ ਉਹੋ ਜਿਹੀ ਮਾਨਸਿਕਤਾ ਵਾਲੇ ਹੋਣਗੇ। ਪੰਜਾਬੀ ਵਿਰਸਾ ਆਪਸੀ ਮਿਲਵਰਤਣ, ਬਰਾਬਰੀ, ਸਾਂਝੀਵਾਲਤਾ ਅਤੇ ਦੱਬੇ-ਕੁਚਲੇ ਲੋਕਾਂ ਦੇ ਹੱਕ ਵਿੱਚ ਖੜ੍ਹੇ ਹੋਣ ਦਾ ਪੈਗ਼ਾਮ ਦਿੰਦਾ ਹੈ। ਪੰਜਾਬੀ ਵਿਰਸਾ ਜ਼ੁਲਮ ਅਤੇ ਅਤਿਆਚਾਰੀ ਸ਼ਕਤੀਆਂ ਵਿਰੁੱਧ ਖੜ੍ਹੇ ਹੋਣ ਦੀ ਵੀ ਚੇਤਨਾ ਜਗਾਉਂਦਾ ਹੈ। ਪਰ ਅਜੋਕੇ ਸਮਿਆਂ ਵਿੱਚ ਵਸਤ ਸਭਿਆਚਾਰ ਦਾ ਹਰ ਤਰਫ਼ ਬੋਲਬਾਲਾ ਹੋ ਜਾਣ ਕਾਰਨ ਤਰੱਕੀ-ਪਸੰਦ ਕਦਰਾਂ-ਕੀਮਤਾਂ ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਲੋਕਾਂ ਦੀ ਮਾਨਸਿਕਤਾ ਉੱਤੇ ਵਧੇਰੇ ਅਸਰ ਨਹੀਂ ਹੁੰਦਾ। ਜਿਸ ਕਾਰਨ ਉਨ੍ਹਾਂ ਦੀ ਨਿਤ ਦੀ ਬੋਲਚਾਲ ਵਿੱਚ ਕਾਰ-ਵਿਹਾਰ ਦੀ ਪੰਜਾਬੀ ਭਾਸ਼ਾ ਵਿੱਚ ਵੀ ਜ਼ਿੰਦਗੀ ਨੂੰ ਸਹੀ ਸੇਧ ਦੇਣ ਵਾਲੇ ਪੰਜਾਬੀ ਵਿਰਸੇ ਦੇ ਪ੍ਰਭਾਵ ਦਾ ਕੋਈ ਝਲਕਾਰਾ ਨਹੀਂ ਮਿਲਦਾ। ਪੰਜਾਬੀ ਭਾਸ਼ਾ ਦੇ ਅਜਿਹੇ ਸੰਕਟ ਨੂੰ ਮੈਂ ਆਪਣੀ ਹੀ ਇੱਕ ਨਜ਼ਮ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤਾ ਹੈ;

ਪੰਜਾਬੀ ਸਭਿਆਚਾਰਕ ਸਮਾਰੋਹਾਂ ਵਿੱਚ ਜਾਓ
ਉੱਥੇ, ਅਕਸਰ, ਢੋਲ-ਢਮੱਕੇ ਦੇ
ਕੰਨ ਪਾੜਵੇਂ ਸ਼ੋਰ ਵਿੱਚ
ਗੂੰੰਜ ਰਹੇ ਬੋਲ
ਤੁਹਾਡਾ ਸੁਆਗਤ ਕਰਨਗੇ :
‘ਕਿਹੜਾ ਜੰਮ ਪਿਆ ਸੂਰਮਾ
ਜਿਹੜਾ ਜੱਟ ਦੀ ਬੜਕ ਨੂੰ ਰੋਕੇ’

ਪਰ ਇਨ੍ਹਾਂ ਸਮਾਰੋਹਾਂ ਵਿੱਚ
ਤੁਸੀਂ, ਕਦੀ ਨਹੀਂ ਸੁਣੋਗੇ :
ਪੰਜਾਬ ਦੇ ਲੋਕ
ਆਪਣੀਆਂ ਸਭਿਆਚਾਰਕ
ਕਦਰਾਂ-ਕੀਮਤਾਂ ਨੂੰ ਤਿਲਾਂਜਲੀ ਦੇ
ਆਪਣੇ ਧਾਰਮਿਕ ਗ੍ਰੰਥਾਂ ‘ਚ ਦਰਜ
ਔਰਤ ਦੀਆਂ ਸਿਫਤਾਂ ਕਰਨ ਵਾਲੀਆਂ
ਲਿਖਤਾਂ ਨੂੰ ਕੂੜੇ ਦਾ ਢੇਰ ਸਮਝ
ਅਣਜੰਮੀਆਂ ਧੀਆਂ ਨੂੰ
ਬੇਲੋੜੀਆਂ ਵਸਤਾਂ ਵਾਂਗ
ਮਾਵਾਂ ਦੀਆਂ ਕੁੱਖਾਂ ਵਿੱਚ ਹੀ
ਕਤਲ ਕਰਨ ਵਾਲਿਆਂ ਵਿੱਚ
ਸਭ ਤੋਂ ਮੁਹਰੀ
ਬਣਦੇ ਜਾ ਰਹੇ ਹਨ

ਰਾਜਨੀਤੀ :
ਪੰਜਾਬੀ ਭਾਸ਼ਾ ਲਈ ਇੱਕ ਚੁਣੌਤੀ ਰਾਜਨੀਤੀ ਵੀ ਹੈ। ਪੰਜਾਬੀ ਭਾਸ਼ਾ ਨੂੰ ਸਮੇਂ ਸਮੇਂ ਰਾਜਨੀਤੀ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਇਤਿਹਾਸਕ ਤੌਰ ਉੱਤੇ ਰਾਜਨੀਤੀ ਦੀ ਚੁਣੌਤੀ ਦਾ ਪਹਿਲੀ ਵਾਰੀ ਸਾਹਮਣਾ ਕਰਨ ਦਾ ਜ਼ਿਕਰ ਸਈਦ ਅਹਿਮਦ (ਫ਼ਾਰਾਨੀ) ਦੀ ਪੁਸਤਕ ‘ਪੰਜਾਬੀ ਜ਼ੁਬਾਨ ਨਹੀਂ ਮਰੇਗੀ’ ਦੀ ਭੂਮਿਕਾ ਲਿਖਦਿਆਂ ਡ: ਰਾਜਵੰਤ ਕੌਰ ‘ਪੰਜਾਬੀ’ ਕੁਝ ਇੰਝ ਕਰਦੀ ਹੈ :

“ਇਤਿਹਾਸ ਗਵਾਹ ਹੈ ਕਿ ਧੱਕੜ ਮੁਗਲ ਸ਼ਾਸਕ ਮਹਿਮੂਦ ਗਜ਼ਨਵੀ ਨੇ ਭਾਰਤ ‘ਤੇ ਹਮਲਾ ਕਰਨ ਉਪਰੰਤ 1003 ਈ: ਵਿੱਚ ਇਹ ਹੁਕਮ ਦਿੱਤਾ ਸੀ ਕਿ ਪੰਜਾਬ ਦੀ ਰਾਜ-ਭਾਸ਼ਾ ਫ਼ਾਰਸੀ ਹੋਵੇਗੀ। ਇਹ ਉਹੀ ਵੇਲਾ ਸੀ ਜਦੋਂ ਪੰਜਾਬ ਫ਼ਾਰਸੀ ਦੇ ਦਬਾਅ ਹੇਠ ਆ ਗਿਆ ਸੀ। ਵਿਦੇਸ਼ੀ ਬੋਲੀ ਫਾਰਸੀ ਦੇ ਰਾਜ ਸਿੰਘਾਸਣ ‘ਤੇ ਬੈਠਣ ਨਾਲ ਪੰਜਾਬੀਆਂ ਦੀ ਆਵਾਜ਼ ਨੂੰ ਧੱਕਾ ਲੱਗਾ ਤੇ ਉਹ ਆਪਣੇ ਸਵੈਮਾਣ ਦੀ ਬਹਾਲੀ ਖਾਤਰ ਧੱਕੜ ਲੋਕਾਂ ਨਾਲ ਲਗਭਗ ਹਜ਼ਾਰ ਵਰ੍ਹੇ ਦੋ-ਚਾਰ ਹੁੰਦੇ ਰਹੇ।“

ਪੰਜਾਬ ਦੇ ਵਸਨੀਕ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਨੂੰ ਬੜੇ ਮੋਹ ਨਾਲ ਯਾਦ ਕਰਦੇ ਹਨ। ਪਰ ਰਣਜੀਤ ਸਿੰਘ ਦੇ ਰਾਜਕਾਲ ਵਿੱਚ ਵੀ ਪੰਜਾਬੀ ਨੂੰ ਨਹੀਂ ਫ਼ਾਰਸੀ ਨੂੰ ਹੀ ਰਾਜ ਭਾਸ਼ਾ ਵਜੋਂ ਮਹੱਤਵ ਦਿੱਤਾ ਗਿਆ ਸੀ। ਅਜਿਹੀ ਸੋਚ ਪਿਛੇ ਕੰਮ ਕਰ ਰਿਹਾ ਤਰਕ ਇਹ ਦੱਸਿਆ ਗਿਆ ਕਿ ਬਾਹਰਲੀਆਂ ਵਿਰੋਧੀ ਸ਼ਕਤੀਆਂ ਦਾ ਸਾਹਮਣਾ ਕਰਨ ਲਈ ਰਾਜ ਅੰਦਰ ਰਹਿ ਰਹੇ ਹਿੰਦੂ, ਸਿੱਖ, ਮੁਸਲਮਾਨ, ਈਸਾਈਆਂ ਦਰਮਿਆਨ ਸਾਂਝ ਬਣਾਈ ਰੱਖਣੀ ਜ਼ਰੂਰੀ ਸੀ ਅਤੇ ਇਹ ਸਾਂਝ ਸਾਰੇ ਧਰਮਾਂ ਵੱਲੋਂ ਰਾਜ ਭਾਸ਼ਾ ਵਜੋਂ ਫ਼ਾਰਸੀ ਭਾਸ਼ਾ ਦੀ ਵਰਤੋਂ ਕਰਕੇ ਹੀ ਬਣਾਈ ਜਾ ਸਕਤੀ ਸੀ। ਰਣਜੀਤ ਸਿੰਘ ਵੱਲੋਂ ਫ਼ਾਰਸੀ ਨੂੰ ਰਾਜ ਭਾਸ਼ਾ ਬਨਾਉਣ ਦੇ ਫੈਸਲੇ ਪਿਛੇ ਕੰਮ ਕਰ ਰਹੀ ਤਰਕਵਾਦੀ ਸੋਚ ਨੂੰ ਸਈਦ ਅਹਿਮਦ (ਫ਼ਾਰਾਨੀ) ਆਪਣੀ ਪੁਸਤਕ ‘ਪੰਜਾਬੀ ਜ਼ੁਬਾਨ ਨਹੀਂ ਮਰੇਗੀ’ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਕਈ ਲੋਕ ਇਤਰਾਜ਼ ਕਰਦੇ ਹਨ ਕਿ ਪੰਜਾਬ ਦਾ ਹੀਰੋ ਰਣਜੀਤ ਸਿੰਘ ਆਪਣੇ ਰਾਜ ਕਾਲ ਸਮੇਂ ਪੰਜਾਬੀ ਨੂੰ ਸਰਕਾਰੀ ਭਾਸ਼ਾ ਕਿਉਂ ਨਾ ਬਣਾ ਸਕਿਆ ? ਇਸ ਦਾ ਜਵਾਬ ਇਹ ਹੈ ਕਿ ਰਣਜੀਤ ਸਿੰਘ ਪੰਜਾਬੀ ਨੂੰ ਦਫ਼ਤਰੀ ਭਾਸ਼ਾ ਬਣਾਉਣਾ ਚਾਹੁੰਦਾ ਸੀ ਪਰ ਉਸ ਦੇ ਚਾਰੇ ਪਾਸੇ ਉਸ ਦੇ ਦੁਸ਼ਮਣ ਉਸ ਨੂੰ ਕਮਜ਼ੋਰ ਕਰਕੇ ਉਸ ਨੂੰ ਹਰਾਉਣ ਦੀ ਘਾਤ ਲਗਾਈ ਬੈਠੇ ਸਨ। ਜਦੋਂ ਰਣਜੀਤ ਸਿੰਘ ਨੇ ਪੰਜਾਬੀ ਨੂੰ ਪੰਜਾਬ ਦੀ ਭਾਸ਼ਾ ਬਣਾਉਣ ਦੀ ਗੱਲ ਕੀਤੀ ਤਾਂ ਮੁਸਲਮਾਨ ਚਾਹੁੰਦੇ ਸਨ ਕਿ ਪੰਜਾਬੀ ਦੀ ਲਿੱਪੀ ਫ਼ਾਰਸੀ ਹੋਵੇ ਜਦੋਂ ਕਿ ਸਿੱਖ ਚਾਹੁੰਦੇ ਸਨ ਕਿ ਲਿੱਪੀ ਗੁਰਮੁਖੀ ਹੋਵੇ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪ੍ਰਧਾਨ ਮੰਤਰੀ ਫ਼ਕੀਰ ਅਜ਼ੀਜ਼ੂਦੀਨ ਨਾਲ ਇਸ ਬਾਰੇ ਸਲਾਹ ਮਸ਼ਵਰਾ ਕੀਤਾ। ਉਸ ਨੇ ਮਸ਼ਵਰਾ ਦਿੱਤਾ ਕਿ ਫ਼ਾਰਸੀ ਭਾਸ਼ਾ ਨੂੰ ਹੀ ਸਰਕਾਰੀ ਭਾਸ਼ਾ ਰਹਿਣ ਦਿੱਤਾ ਜਾਵੇ ਤਾਂ ਕਿ ਬਾਹਰੀ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਅੰਦਰੂਨੀ ਤੌਰ ‘ਤੇ ਕਿਸੇ ਕਿਸਮ ਦੇ ਲੜਾਈ-ਝਗੜੇ ਤੋਂ ਬਚਿਆ ਜਾ ਸਕੇ।

ਰਾਜਨੀਤੀ ਦੀ ਵਰਤੋਂ, ਅਕਸਰ, ਆਪਣੇ ਸੌੜੇ ਹਿਤਾਂ ਦੀ ਪੂਰਤੀ ਲਈ ਵੀ ਕੀਤੀ ਜਾਂਦੀ ਹੈ। ਪੰਜਾਬ ਉੱਤੇ ਕਬਜ਼ਾ ਕਰਦਿਆਂ ਹੀ ਅੰਗਰੇਜ਼ਾਂ ਨੇ ਪੰਜਾਬ ਵਿੱਚ ਪੰਜਾਬੀ ਲੋਕਾਂ ਦੀ ਆਪਸੀ ਏਕਤਾ ਨੂੰ ਖੇਰੂੰ ਖੇਰੂੰ ਕਰਨ ਲਈ ਪੰਜਾਬ ਦੇ ਦਫ਼ਤਰੀ ਕੰਮਾਂ ਵਿੱਚ ਅਤੇ ਵਿੱਦਿਅਕ ਅਦਾਰਿਆਂ ਵਿੱਚ ਵਿੱਦਿਆ ਦੇ ਮਾਧਿਅਮ ਵਜੋਂ ਉਰਦੂ ਭਾਸ਼ਾ ਨੂੰ ਲਾਗੂ ਕਰ ਦਿੱਤਾ।

ਇੰਜ ਅੰਗਰੇਜ਼ੀ ਰਾਜ ਸਮੇਂ ਪੰਜਾਬੀ ਭਾਸ਼ਾ ਨੇ ਇੱਕ ਵਾਰੀ ਫਿਰ ਰਾਜਨੀਤੀ ਦਾ ਸਾਹਮਣਾ ਕੀਤਾ। ਅੰਗਰੇਜ਼ਾਂ ਲਈ ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਰਸੇ ਵੱਲੋਂ ਚੇਤੰਨ ਪੰਜਾਬੀ ਗੰਭੀਰ ਖਤਰਾ ਬਣ ਸਕਦੇ ਸਨ। ਇਸ ਤੱਥ ਨੂੰ ਸਈਦ ਅਹਿਮਦ (ਫ਼ਾਰਾਨੀ) ਆਪਣੀ ਪੁਸਤਕ : ‘ਪੰਜਾਬੀ ਜ਼ੁਬਾਨ ਨਹੀਂ ਮਰੇਗੀ’ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਮਸ਼ਹੂਰ ਖੋਜੀ ਸੱਯਦ ਅਲੀ ਅੱਬਾਸ ਜਲਾਲਪੁਰੀ ਆਪਣੀ ਪੰਜਾਬੀ ਰਚਨਾ “ਵਹਿਦਤ-ਉਲ-ਵਜੂਦ ਤੇ ਪੰਜਾਬੀ ਸ਼ਾਇਰੀ” ਦੇ ਪੰਨਾ ਨੰਬਰ 70 ‘ਤੇ ਇਸ ਤਰ੍ਹਾਂ ਲਿਖਦੇ ਹਨ :

1849 ਈਸਵੀ ਵਿੱਚ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕੀਤਾ। ਕੰਪਨੀ ਬਹਾਦਰ ਦੀ ਜਿਹੜੀ ਫ਼ੌਜ ਪੰਜਾਬ ਉੱਤੇ ਹਮਲਾਵਰ ਹੋਈ ਸੀ, ਉਸ ਵਿੱਚ ਗੰਗਾ ਜਮਨਾ ਵਾਦੀ ਦੇ ਉਰਦੂ ਵਾਲੇ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਅੰਗਰੇਜ਼ ਪੰਜਾਬੀਆਂ ਉਤੇ ਭਰੋਸਾ ਨਹੀਂ ਸਨ ਕਰਦੇ। ਇਸ ਲਈ ਉਹਨਾਂ ਨੇ ਪ੍ਰਬੰਧਕੀ ਅਹੁਦੇ ਉਰਦੂ ਵਾਲਿਆਂ ਨੂੰ ਸੌਂਪ ਦਿੱਤੇ ਤੇ ਉਹਨਾਂ ਦੇ ਕਹਿਣ ‘ਤੇ ਪੰਜਾਬੀ ਦੀ ਥਾਂ ਉਰਦੂ ਜ਼ੁਬਾਨ ਨੂੰ ਪੰਜਾਬ ਦੇ ਸਕੂਲਾਂ ਵਿੱਚ ਪ੍ਰਚਲਿਤ ਕੀਤਾ, ਜਿਸ ਨਾਲ ਪੰਜਾਬੀ ਜ਼ੁਬਾਨ ਤੇ ਅਦਬ ਨੂੰ ਅਜਿਹਾ ਧੱਕਾ ਲੱਗਾ ਕਿ ਉਹ ਅੱਜ ਤੱਕ ਆਪਣੇ ਪੈਰਾਂ ਉੱਤੇ ਨਹੀਂ ਖਲੋ ਸਕੇ। ਇਹ ਪੱਖਪਾਤ ਕਿ ਪੰਜਾਬੀ ਉਜੱਡ ਤੇ ਡੰਗਰਾਂ ਦੀ ਜ਼ੁਬਾਨ ਐ, ਉਹਨਾਂ ਦਿਨਾਂ ਤੋਂ ਚੱਲਿਆ ਆ ਰਿਹਾ ਐ। ਫਰੰਗੀਆਂ ਨੇ ਯੂਪੈਨ ਸੀਪੈਨ ਦੇ ਕਹਿਣ ‘ਤੇ ਹੀ ਪੰਜਾਬ ਵਿੱਚ ਪੰਜਾਬੀ ਦੀ ਬਜਾਏ ਉਰਦੂ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ।

1947 ਵਿੱਚ ਅੰਗਰੇਜ਼ ਸੰਯੁਕਤ ਹਿੰਦੁਸਤਾਨ ਨੂੰ ਛੱਡ ਕੇ ਚਲੇ ਗਏ। ਪਰ ਜਾਂਦੇ ਹੋਏ ਉਹ ਇਸ ਖਿੱਤੇ ਨੂੰ ਦੋ ਦੇਸ਼ਾਂ ਵਿੱਚ ਵੰਡ ਗਏ। ਜਿਹੜੇ ਕਿ ਹੁਣ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਨਾਵਾਂ ਨਾਲ ਜਾਣੇ ਜਾਂਦੇ ਹਨ।

ਆਜ਼ਾਦੀ ਪ੍ਰਾਪਤ ਕਰਨ ਤੋਂ ਬਾਹਦ ਭਾਵੇਂ ਕਿ ਦੋਨੋਂ ਹੀ ਦੇਸਾਂ ਵਿੱਚ ਦੇਸੀ ਲੋਕਾਂ ਦੀਆਂ ਹੀ ਸਰਕਾਰਾਂ ਨੇ ਵਾਗਡੋਰ ਸੰਭਾਲੀ; ਪਰ ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਦੇਸੀ ਹਕੂਮਤਾਂ ਨੇ ਵੀ ਪੰਜਾਬੀ ਭਾਸ਼ਾ ਵੱਲ ਵਿਤਕਰੇ ਭਰਿਆ ਵਤੀਰਾ ਹੀ ਅਪਣਾਈ ਰੱਖਿਆ।

ਪੂਰਬੀ ਪੰਜਾਬ ਵਿੱਚ ਭਾਵੇਂ ਕਿ 1968 ਵਿੱਚ ਪੰਜਾਬੀ ਨੂੰ ਰਾਜਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ, ਪਰ ਅੱਜ 2013 ਹੋ ਜਾਣ ਤੱਕ ਵੀ ਪੰਜਾਬੀ ਭਾਸ਼ਾ ਨਾ ਤਾਂ ਪੂਰਬੀ ਪੰਜਾਬ ਦੇ ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ ਵਿੱਚ ਵਿੱਦਿਆ ਦਾ ਪੂਰੀ ਤਰ੍ਹਾਂ ਮਾਧਿਅਮ ਹੀ ਬਣ ਸਕੀ ਹੈ ਅਤੇ ਨਾ ਹੀ ਦਫ਼ਤਰੀ ਕੰਮਾਂ ਵਿੱਚ ਹੀ ਪੂਰੀ ਤਰ੍ਹਾਂ ਵਰਤੀ ਜਾਣ ਲੱਗੀ ਹੈ।

ਇੰਡੀਆ ਤੋਂ ਆ ਰਹੀਆਂ ਖਬਰਾਂ ਅਨੁਸਾਰ ਇੰਡੀਆ ਦੀ ਪ੍ਰਸਿੱਧ ਯੂਨੀਵਰਸਿਟੀ ‘ਦਿੱਲੀ ਯੂਨੀਵਰਸਿਟੀ’ ਵਿੱਚੋਂ ਵੀ ਪੰਜਾਬੀ ਜ਼ੁਬਾਨ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਪੱਛਮੀ ਪੰਜਾਬ ਵਿੱਚ ਤਾਂ ਪੰਜਾਬੀ ਭਾਸ਼ਾ ਦੀ ਸਥਿਤੀ ਹੋਰ ਵੀ ਵੱਧ ਨਿਰਾਸ਼ਾ ਵਾਲੀ ਹੈ। ਲਾਹੌਰ ਸ਼ਹਿਰ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਪੰਜਾਬੀ ਬੋਲਣ ਵਾਲਿਆਂ ਦਾ ਸ਼ਹਿਰ ਹੈ। ਪੱਛਮੀ ਪੰਜਾਬ ਵਿੱਚ 8 ਕਰੋੜ ਦੇ ਕਰੀਬ ਪੰਜਾਬੀ ਮੁਸਲਮਾਨ ਵਸਦੇ ਹਨ। ਪਰ ਉਸਦੇ ਬਾਵਜ਼ੂਦ ਪੱਛਮੀ ਪੰਜਾਬ ਦੇ ਨਾ ਤਾਂ ਦਫ਼ਤਰਾਂ ਵਿੱਚ ਹੀ ਪੰਜਾਬੀ ਭਾਸ਼ਾ ਵਿੱਚ ਕੰਮ ਹੁੰਦਾ ਹੈ ਅਤੇ ਨਾ ਹੀ ਵਿੱਦਿਅਕ ਅਦਾਰਿਆਂ ਵਿੱਚ ਹੀ ਵਿੱਦਿਆ ਦਾ ਮਾਧਿਅਮ ਪੰਜਾਬੀ ਭਾਸ਼ਾ ਬਣ ਸਕੀ ਹੈ। ਪਾਕਿਸਤਾਨ ਵਿੱਚ ਭਾਸ਼ਾ ਦੇ ਮਸਲੇ ਨੂੰ ਧਰਮ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਪੰਜਾਬੀ ਨੂੰ ਸਿੱਖਾਂ ਦੀ ਜ਼ੁਬਾਨ ਕਿਹਾ ਜਾਂਦਾ ਹੈ ਅਤੇ ਉਰਦੂ ਨੂੰ ਮੁਸਲਮਾਨਾਂ ਦੀ। ਇਸ ਤੱਥ ਨੂੰ ਸਈਦ ਅਹਿਮਦ (ਫ਼ਾਰਾਨੀ) ਆਪਣੀ ਪੁਸਤਕ ‘ਪੰਜਾਬੀ ਜ਼ੁਬਾਨ ਨਹੀਂ ਮਰੇਗੀ’ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਪੰਜਾਬ ਦੇ ਪੰਜਾਬੀ ਮੁਸਲਮਾਨਾਂ ਅੰਦਰ ਪੰਜਾਬੀ ਭਾਸ਼ਾ ਪ੍ਰਤੀ ਨਫ਼ਰਤ ਭਰਨ ਦੇ ਲਈ ਕਈ ਵਾਰੀ ਪੰਜਾਬੀ ਦੇ ਦੁਸ਼ਮਣ ਇਹ ਦਲੀਲ ਦਿੰਦੇ ਹਨ, “ਬਈ ਪੰਜਾਬੀ ਤਾਂ ਸਿੱਖਾਂ ਦੀ ਭਾਸ਼ਾ ਹੈ। ਤੁਸੀਂ ਤਾਂ ਮੁਸਲਮਾਨ ਹੋ, ਇਸ ਲਈ ਤੁਸੀਂ ਉਰਦੂ ਪੜ੍ਹੋ, ਉਰਦੂ ਲਿਖੋ, ਉਰਦੂ ਬੋਲੋ।” ਉਰਦੂ ਦੇ ਬਾਬਾ ਮੌਲਵੀ ਅਬਦੁਲ ਹੱਕ ਨੇ ਕਈ ਵਾਰ ਇਹ ਕਿਹਾ ਹੈ ਕਿ ਉਰਦੂ ਤੋਂ ਇਲਾਵਾ ਹਿੰਦ ਅਤੇ ਪਾਕਿ ਦੀਆਂ ਹੋਰ ਭਾਸ਼ਾਵਾਂ ਨਾਸਤਿਕਾਂ ਦੀਆਂ ਹਨ। ਮੌਲਵੀ ਅਬਦੁੱਲ ਹੱਕ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਖੁਦਗਰਜ਼ੀ ਦੀ ਇਹ ਹੱਦ ਸੀ ਕਿ ਉਨ੍ਹਾਂ ਨੇ ਆਪਣੀ ਉਰਦੂ ਭਾਸ਼ਾ ਦਾ ਰਾਹ ਪੱਧਰਾ ਕਰਨ ਲਈ ਹਰ ਪੱਤਾ ਵਰਤਿਆ ਅਤੇ ਉਰਦੂ ਨੂੰ ਇਸਲਾਮ ਦੀ ਭਾਸ਼ਾ ਕਹਿ ਕੇ ਸਾਦਾ ਦਿਲ ਪੰਜਾਬੀਆਂ ਨੂੰ ਬਲੈਕਮੇਲ ਕਰਦੇ ਰਹੇ ਅਤੇ ਇਹ ਬਲੈਕਮੇਲਿੰਗ ਅੱਜ ਤੱਕ ਜਾਰੀ ਹੈ। ਹੱਦ ਤਾਂ ਇਹ ਹੈ ਕਿ ਜਦੋਂ ਪੰਜਾਬ ਦੇ ਰਹਿਣ ਵਾਲੇ ਪੰਜਾਬੀ ਵੀ ਇਹ ਤੁਹਮਤ ਦੁਹਰਾਉਂਦੇ ਹਨ ਕਿ ਪੰਜਾਬੀ ਸਿੱਖਾਂ ਦੀ ਭਾਸ਼ਾ ਹੈ ਤਾਂ ਦਿਲ ਖ਼ੂਨ ਦੇ ਹੰਝੂ ਵਹਾਉਂਦਾ ਹੈ ਕਿਉਂਕਿ ਇਹ ਭੋਲੇ ਪੰਜਾਬੀ ਅਗਿਆਨਤਾਵਸ ਸਭ ਕੁਝ ਕਹਿ ਜਾਂਦੇ ਹਨ।

ਹੁਣ ਤੱਕ ਚਰਚਾ ਅਧੀਨ ਲਿਆਂਦੇ ਗਏ ਖੇਤਰਾਂ ਤੋਂ ਇਲਾਵਾ ਵਿੱਦਿਆ, ਸਭਿਆਚਾਰ, ਸਾਹਿਤ, ਸਮਾਜ, ਆਲੋਚਨਾ ਅਤੇ ਤਕਨਾਲੋਜੀ ਆਦਿ ਖੇਤਰਾਂ ਨਾਲ ਸਬੰਧਤ ਚੁਣੌਤੀਆਂ ਵੀ ਪੰਜਾਬੀ ਭਾਸ਼ਾ ਦੀ ਹੋਂਦ ਅਤੇ ਵਰਤੋਂ ਦੇ ਰਾਹ ਵਿੱਚ ਰੋੜਾ ਬਣਦੀਆਂ ਰਹਿੰਦੀਆਂ ਹਨ। ਨਿਬੰਧ ਦੇ ਬਾਕੀ ਹਿੱਸੇ ਵਿੱਚ ਅਜਿਹੀਆਂ ਚੁਣੌਤੀਆਂ ਦਾ ਜ਼ਿਕਰ ਕਰਨ ਦੇ ਨਾਲ ਨਾਲ ਉਹਨਾਂ ਗੱਲਾਂ ਦਾ ਵੀ ਚਰਚਾ ਕੀਤਾ ਜਾਵੇਗਾ ਜਿਨ੍ਹਾਂ ਦੇ ਕਰਨ ਦੇ ਨਾਲ ਪੰਜਾਬੀ ਭਾਸ਼ਾ ਦਾ ਪਾਸਾਰ ਹੋਰ ਵੀ ਵਧੇਰੇ ਅਤੇ ਤੇਜ਼ੀ ਨਾਲ ਹੋ ਸਕੇਗਾ।

ਸਮਾਜਿਕ / ਸਭਿਆਚਾਰਕ ਸਰੋਕਾਰ :

ਪੰਜਾਬੀ ਭਾਸ਼ਾ ਦਾ ਇੱਕ ਇਹ ਵੀ ਸੰਕਟ ਹੈ ਕਿ ਸਾਡੀ ਰੋਜ਼ਾਨਾ ਜਿ਼ੰਦਗੀ ਨਾਲ ਜੁੜੇ ਅਨੇਕਾਂ ਸਮਾਜਿਕ / ਸਭਿਆਚਾਰਕ ਸਰੋਕਾਰ ਸਾਡੀਆਂ ਸਾਹਿਤਕ ਕਿਰਤਾਂ ਦਾ ਉਸ ਹੱਦ ਤੱਕ ਹਿੱਸਾ ਨਹੀਂ ਬਣ ਰਹੇ, ਜਿੰਨਾ ਕਿ ਉਨ੍ਹਾਂ ਨੂੰ ਬਨਣਾ ਚਾਹੀਦਾ ਹੈ। ‘ਖਾਓ, ਪੀਓ, ਕਰੋ ਆਨੰਦ’ ਵਾਲੀ ਗਲੋਬਲ ਵਿਚਾਰਧਾਰਾ ਦਾ ਪ੍ਰਭਾਵ ਹਰ ਪਾਸੇ ਵੱਧ ਜਾਣ ਕਾਰਨ ਪੰਜਾਬੀ ਮਾਨਸਿਕਤਾ ਵੀ ਐਸ਼-ਪ੍ਰਸਤੀ ਵਾਲੀ ਬਣ ਰਹੀ ਹੈ, ਨਾ ਕਿ ਸਮਾਜਿਕ/ਸਭਿਆਚਾਰਕ ਸਰੋਕਾਰਾਂ ਦੀ ਚੇਤਨਤਾ ਵਾਲੀ। ਸਾਡੇ ਸਮਾਜ ਵਿੱਚ ਔਰਤ ਦਾ ਬਲਾਤਕਾਰ / ਸਮੂਹਕ ਬਲਾਤਕਾਰ ਇੱਕ ਆਮ ਜਿਹੀ ਗੱਲ ਸਮਝੀ ਜਾਂਦੀ ਹੈ। ਧੀਆਂ ਦਾ ਮਾਂ ਦੀ ਕੁੱਖ ਵਿੱਚ ਹੀ ਕਤਲ ਕੀਤਾ ਜਾਣਾ ਇੱਕ ਰੁਝਾਨ ਬਣ ਗਿਆ ਹੈ। ਸ਼ਰਾਬ ਵਿੱਚ ਧੁੱਤ ਹੋ ਕੇ ਪਤਨੀਆਂ ਦੀ ਵਹਿਸ਼ੀਆਨਾ ਕੁੱਟ-ਮਾਰ ਕਰਨਾ ਅਨੇਕਾਂ ਪੰਜਾਬੀ ਪਤੀਆਂ ਲਈ ਮਨੋਰੰਜਨ ਦਾ ਇੱਕ ਸਾਧਨ ਬਣ ਗਿਆ ਹੈ। ਭੰਗ, ਅਫੀਮ, ਚਰਸ, ਕਰੈਕ, ਕੁਕੇਨ, ਸਪੀਡ ਵਰਗੇ ਨਸ਼ੇ ਨੌਜੁਆਨ ਪੰਜਾਬੀ ਮਰਦ/ਔਰਤਾਂ ਦੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕੇ ਹਨ। ਧਾਰਮਿਕ ਅੱਤਵਾਦ ਦਾ ਸਹਿਮ ਲੋਕਾਂ ਦੇ ਮਨਾਂ ਵਿੱਚ, ਹਰ ਪਲ, ਨੰਗੀ ਤਲਵਾਰ ਵਾਂਗ ਲਟਕਦਾ ਰਹਿੰਦਾ ਹੈ। ਪੋਰਨੋਗਰਾਫਕ ਵੈੱਬ-ਸਾਈਟਾਂ, ਸੈਕਸ ਵੀਡੀਓ ਅਤੇ ਬਲੂ ਮੂਵੀਆਂ ਦੇਖਣ ਅਤੇ ਬਨਾਉਣ ਦਾ ਹਰ ਪਾਸੇ ਬੋਲ ਬਾਲਾ ਵੱਧ ਰਿਹਾ ਹੈ। ਸ਼ਾਮ ਹੁੰਦਿਆਂ ਹੀ ਪੰਜਾਬੀ ਸ਼ਰਾਬ ਦੇ ਭਰੇ ਗਿਲਾਸ ਛਣਕਾਨ ਲੱਗ ਜਾਂਦੇ ਹਨ। ਕਰਜ਼ਿਆਂ ਦੇ ਭਾਰ ਥੱਲੇ ਦੱਬਿਆ ਸਾਧਾਰਨ ਕਿਸਾਨ ਖੁਦਕਸ਼ੀਆਂ ਕਰਨ ਦੇ ਰਾਹ ਤੁਰ ਪਿਆ ਹੈ। ਜ਼ਾਤ-ਪਾਤ ਦਾ ਕੋਹੜ ਅਜੇ ਵੀ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਚੰਬੜਿਆ ਹੋਇਆ ਹੈ। ਧੀਆਂ/ਪਤਨੀਆਂ ਦੇ ਕਤਲ ਕਰ ਦੇਣੇ ਸਾਡੇ ਲਈ ਇੱਕ ਸੁਭਾਵਕ ਜਿਹੀ ਗੱਲ ਬਣ ਚੁੱਕੀ ਹੈ। ਧਾਰਮਿਕ ਅਸਥਾਨ ਲੜਾਈ-ਝਗੜੇ ਦੇ ਅੱਡੇ ਬਣ ਚੁੱਕੇ ਹਨ। ਧਾਰਮਿਕ ਰਹਿਨੁਮਾ ਆਮ ਲੋਕਾਂ ਦੇ ਮਨਾਂ ਵਿੱਚ ਨਵੇਂ ਗਿਆਨ-ਵਿਗਿਆਨ ਦਾ ਚਾਨਣ ਕਰਨ ਦੀ ਥਾਂ, ਉਨ੍ਹਾਂ ਦੀ ਸੋਚ ਨੂੰ ਵਹਿਮਾਂ-ਭਰਮਾਂ, ਅਗਿਆਨਤਾ ਅਤੇ ਅੰਧ ਵਿਸ਼ਵਾਸਾਂ ਦੀ ਜਕੜ ਵਿੱਚ ਜਕੜ ਰਹੇ ਹਨ। ਰਾਜਨੀਤਕ ਪਾਰਟੀਆਂ/ਸਰਕਾਰਾਂ ਆਮ ਲੋਕਾਂ ਨੂੰ ਧਾਰਮਿਕ ਜਨੂੰਨ ਦਾ ਨਸ਼ਾ ਪਿਲਾ ਕੇ ਇੱਕ ਦੂਜੇ ਦਾ ਕਤਲ ਕਰਨ ਲਈ ਉਕਸਾਣਾ ਹੀ ਆਪਣਾ ਕਰਤੱਵ ਸਮਝਦੀਆਂ ਹਨ। ਇਹ ਸਭ ਗੱਲਾਂ ਪੰਜਾਬੀ ਸਾਹਿਤਕ ਕਿਰਤਾਂ ਵਿੱਚ ਉਸ ਸ਼ਿੱਦਤ ਨਾਲ ਪੇਸ਼ ਨਹੀਂ ਕੀਤੀਆਂ ਜਾ ਰਹੀਆਂ; ਜਿਸ ਸ਼ਿੱਦਤ ਨਾਲ ਅੱਜ ਉਨ੍ਹਾਂ ਨੂੰ ਪੇਸ਼ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬੀ ਸਮਾਜ/ਸਭਿਆਚਾਰ ਅਜੇ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਬਾਰੇ ਖਿੜੇ ਮੱਥੇ ਨਾਲ ਚਰਚਾ ਕਰਨ ਦੀ ਇਜਾਜ਼ਤ ਹੀ ਨਹੀਂ ਦਿੰਦਾ। ਹਿੰਦੁਸਤਾਨ ਜਾਂ ਪਾਕਿਸਤਾਨ ਵਿੱਚ ਵਸਦੇ ਪੰਜਾਬੀ ਹੀ ਅਜਿਹੀ ਤੰਗ ਸੋਚ ਵਾਲੇ ਨਹੀਂ; ਬਲਕਿ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਵਿਕਸਤ ਦੇਸਾਂ ਵਿੱਚ ਰਹਿਣ ਵਾਲੇ ਅਨੇਕਾਂ ਪੰਜਾਬੀ ਵੀ ਖੂਹ ਦੇ ਡੱਡੂ ਹੀ ਬਣੇ ਹੋਏ ਹਨ।

ਪੁਸਤਕ ਸਭਿਆਚਾਰ :

ਪੰਜਾਬੀ ਭਾਸ਼ਾ ਲਈ ਇੱਕ ਵੱਡੀ ਚੁਣੌਤੀ ਹੈ ਪੰਜਾਬੀ ਪੁਸਤਕ ਸਭਿਆਚਾਰ ਦਾ ਵਿਕਸਤ ਨਾ ਹੋ ਸਕਣਾ; ਭਾਵੇਂ ਕਿ ਇਸ ਦਿਸ਼ਾ ਵੱਲ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਕੁਝ ਪ੍ਰਕਾਸ਼ਨ ਘਰਾਂ ਵੱਲੋਂ ਅਨੇਕਾਂ ਸ਼ਹਿਰਾਂ ਵਿੱਚ ਪੁਸਤਕ ਮੇਲੇ ਵੀ ਲਗਾਏ ਜਾ ਰਹੇ ਹਨ। ਕੁਝ ਸ਼ਹਿਰਾਂ ਵਿੱਚ ਲਗਾਏ ਗਏ ਅਜਿਹੇ ਪੁਸਤਕ ਮੇਲਿਆਂ ਵਿੱਚ ਪੰਜਾਬੀ ਪਾਠਕਾਂ ਵੱਲੋਂ 5-7 ਲੱਖ ਰੁਪਏ ਦੀਆਂ ਪੰਜਾਬੀ ਭਾਸ਼ਾ ਦੀਆਂ ਪੁਸਤਕਾਂ ਖਰੀਦਣ ਦੀਆਂ ਖਬਰਾਂ ਵੀ ਪੰਜਾਬੀ ਅਖਬਾਰਾਂ ਵਿੱਚ ਪੜ੍ਹਣ ਨੂੰ ਮਿਲੀਆਂ ਹਨ, ਪਰ ਇਸ ਸਭ ਕੁਝ ਦੇ ਬਾਵਜ਼ੂਦ ਵੀ ਸਥਿਤੀ ਇੰਨੀ ਸੰਤੁਸ਼ਟੀ ਦੇਣ ਵਾਲੀ ਨਹੀਂ। ਇਹ ਸੰਕਟ ਪੰਜਾਬੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਨਾਲ ਜੁੜਿਆ ਹੋਇਆ ਹੈ। ਪੰਜਾਬੀ ਮੂਲ ਦੇ ਲੋਕ ਸ਼ਰਾਬ ਦੀ ਚਾਲੀ ਔਂਸ ਦੀ ਬੋਤਲ ਉੱਤੇ ਤਾਂ 40 ਡਾਲਰ ਖਰਚਣ ਲਈ ਹੱਸ ਕੇ ਤਿਆਰ ਹੋ ਜਾਣਗੇ ਭਾਵੇਂ ਉਹ ਪੂਰੀ ਬੋਤਲ ਪੀ ਕੇ ਗੰਦੇ ਨਾਲੇ ਵਿੱਚ ਹੀ ਜਾ ਡਿੱਗਣ ਜਾਂ ਸ਼ਰਾਬ ਪੀ ਕੇ ਕਾਰ ਚਲਾਉਂਦੇ ਹੋਏ ਪੁਲਿਸ ਵੱਲੋਂ ਫੜੇ ਜਾਣ ਕਾਰਨ ਜੇਹਲ ਦੀ ਹਵਾ ਹੀ ਖਾਹ ਰਹੇ ਹੋਣ; ਪਰ ਉਹ ਪੰਜਾਬੀ ਭਾਸ਼ਾ ਵਿੱਚ ਛਪੀ ਪੁਸਤਕ ਖਰੀਦਣ ਲਈ 20 ਡਾਲਰ ਖਰਚਣ ਲਈ ਵੀ ਤਿਆਰ ਨਹੀਂ ਹੋਣਗੇ। ਚੰਗੇ ਖਾਂਦੇ-ਪੀਂਦੇ ਪੰਜਾਬੀ ਘਰਾਂ ਵਿੱਚ ਚਲੇ ਜਾਓ, ਉਨ੍ਹਾਂ ਨੇ ਆਪਣੇ ਡਰਾਇੰਗ ਰੂਮਾਂ ਵਿੱਚ ਦਿਖਾਵੇ ਲਈ ਅੰਗਰੇਜ਼ੀ ਭਾਸ਼ਾ ਦੀਆਂ ਕੁਝ ਪੁਸਤਕਾਂ ਤਾਂ ਜ਼ਰੂਰ ਸਜਾ ਕੇ ਰੱਖੀਆਂ ਹੋਣਗੀਆਂ; ਪਰ ਤੁਹਾਨੂੰ ਪੰਜਾਬੀ ਭਾਸ਼ਾ ਦੀਆਂ ਪੁਸਤਕਾਂ ਉੱਥੇ ਸ਼ਾਇਦ ਹੀ ਮਿਲਣ।

ਪੰਜਾਬੀ ਭਾਸ਼ਾ ਦੇ ਅਜਿਹੇ ਸੰਕਟ ਲਈ ਮੈਂ ਪੰਜਾਬੀ ਭਾਸ਼ਾ ਦੀਆਂ ਪੁਸਤਕਾਂ ਦੀ ਪ੍ਰਕਾਸ਼ਨਾ ਕਰਨ ਵਾਲੇ ਪ੍ਰਕਾਸ਼ਕ ਘਰਾਂ ਨੂੰ ਵੀ ਜ਼ਿੰਮੇਵਾਰ ਠਹਿਰਾਉਂਦਾ ਹਾਂ। ਉਨ੍ਹਾਂ ਨੇ ਪੰਜਾਬੀ ਪੁਸਤਕਾਂ ਦੀਆਂ ਕੀਮਤਾਂ ਹੀ ਇੰਨੀਆਂ ਜ਼ਿਆਦਾ ਵਧਾ ਦਿੱਤੀਆਂ ਹਨ ਕਿ ਆਮ ਪੰਜਾਬੀ ਪਾਠਕ ਚੰਗੀਆਂ ਪੁਸਤਕਾਂ ਖਰੀਦਣ ਦੀ ਰੁਚੀ ਰੱਖਦਾ ਹੋਇਆ ਵੀ, ਪ੍ਰਵਾਰਕ ਜ਼ਿੰਦਗੀ ਦੀਆਂ ਹੋਰ ਮਹੱਤਵ-ਪੂਰਨ ਲੋੜਾਂ ਨੂੰ ਪਹਿਲ ਦਿੰਦਿਆਂ ਹੋਇਆਂ, ਆਪਣੀ ਸੀਮਤ ਆਮਦਨ ਵਿੱਚੋਂ ਪੰਜਾਬੀ ਪੁਸਤਕਾਂ ਦੀ ਖਰੀਦ ਲਈ ਬਹੁਤੇ ਪੈਸੇ ਰਾਖਵੇਂ ਨਹੀਂ ਰੱਖ ਸਕਦਾ। ਕਿਸੀ ਸਮੇਂ ਪੰਜਾਬ ਵਿੱਚ ਪ੍ਰਸਿੱਧ ਪੰਜਾਬੀ ਨਾਟਕਕਾਰ ਅਤੇ ਰੰਗਕਰਮੀ ਗੁਰਸ਼ਰਨ ਭਾਅ ਜੀ ਨੇ ‘ਬਲਰਾਜ ਸਾਹਣੀ ਯਾਦਗਾਰ ਪ੍ਰਕਾਸ਼ਨ’ ਦੇ ਨਾਮ ਹੇਠ ਪੰਜਾਬੀ ਸਾਹਿਤ ਦੀਆਂ ਵਧੀਆ ਪੁਸਤਕਾਂ ਛਾਪ ਕੇ ਅਤੇ ਬਹੁਤ ਹੀ ਘੱਟ ਕੀਮਤਾਂ ਰੱਖ ਕੇ ਪੰਜਾਬ ਦੇ ਪਿੰਡ, ਪਿੰਡ, ਸ਼ਹਿਰ, ਸ਼ਹਿਰ ਵਿੱਚ ਆਮ ਪਾਠਕ ਤੱਕ ਪੰਜਾਬੀ ਪੁਸਤਕਾਂ ਪਹੁੰਚਾਉਣ ਦਾ ਯਤਨ ਕਰਕੇ ਪੰਜਾਬ ਵਿੱਚ ਪੰਜਾਬੀ ਪੁਸਤਕ ਸਭਿਆਚਾਰ ਵਿਕਸਤ ਕਰਨ ਦਾ ਯਤਨ ਕੀਤਾ ਸੀ; ਪਰ ਉਹ ਪੁਸਤਕ ਸਭਿਆਚਾਰ ਗੁਰਸ਼ਰਨ ਭਾਅ ਜੀ ਦੇ ਤੁਰ ਜਾਣ ਬਾਹਦ ਉਸ ਉਤਸਾਹ ਨਾਲ ਅੱਗੇ ਨਹੀਂ ਵਧ ਰਿਹਾ, ਜਿਸ ਉਤਸਾਹ ਨਾਲ ਪੰਜਾਬੀ ਪੁਸਤਕ ਸਭਿਆਚਾਰ ਦੇ ਅੱਗੇ ਵਧਣ ਦੀ ਲੋੜ ਹੈ। ਭਾਵੇਂ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਪੁਸਤਕਾਂ ਦੇ ਕੁਝ ਪ੍ਰਕਾਸ਼ਕ ਵੀ ਪੰਜਾਬੀ ਪੁਸਤਕ ਸਭਿਆਚਾਰ ਨੂੰ ਵਿਕਸਤ ਕਰਨ ਹਿਤ ਅਤੇ ਆਮ ਪਾਠਕ ਤੱਕ ਪੁਸਤਕਾਂ ਪਹੁੰਚਾਉਣ ਲਈ ਉੱਠੀ ਇਸ ਲਹਿਰ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਆਲੋਚਨਾ / ਸਮੀਖਿਆ :

ਪੰਜਾਬੀ ਭਾਸ਼ਾ ਲਈ ਚੁਣੌਤੀਆਂ ਵਿੱਚੋਂ ਇੱਕ ਚੁਣੌਤੀ ਸਾਹਿਤ ਦੀ ਸਮੀਖਿਆ/ ਆਲੋਚਨਾ ਲਈ ਵਰਤੀ ਜਾ ਰਹੀ ਆਲੋਚਨਾਤਮਕ ਸ਼ਬਦਾਵਲੀ ਹੈ।

ਅੱਜ ਤੋਂ 45 ਕੁ ਸਾਲ ਪਹਿਲਾਂ ਪੰਜਾਬੀ ਸਾਹਿਤ ਦੀ ਆਲੋਚਨਾ / ਸਮੀਖਿਆ ਵਿੱਚ ਇੱਕ ਐਸਾ ਰੁਝਾਨ ਪੈਦਾ ਹੋਇਆ ਸੀ। ਸੰਤ ਸਿੰਘ ਸੇਖੋਂ ਅਤੇ ਕੁਝ ਹੋਰ ਨਾਮਵਰ ਪੰਜਾਬੀ ਆਲੋਚਕਾਂ ਨੇ ਆਪਣੇ ਆਲੋਚਨਾਤਮਕ ਨਿਬੰਧਾਂ ਵਿੱਚ ਸੰਸਕ੍ਰਿਤ ਦੇ ਸ਼ਬਦਾਂ ਦੀ ਇੰਨੀ ਜ਼ਿਆਦਾ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਉਸ ਆਲੋਚਨਾਤਮਕ ਨਿਬੰਧ ਨੂੰ ਪੜ੍ਹ / ਸੁਣਕੇ ਇੱਕ ਆਮ ਸਰੋਤੇ / ਪਾਠਕ ਨੂੰ ਕੁਝ ਵੀ ਸਮਝ ਨਹੀਂ ਸੀ ਆਉਂਦੀ। ਸਾਹਿਤਕ ਸਮਾਰੋਹਾਂ ਵਿੱਚ ਅਕਸਰ ਅਜਿਹਾ ਹੁੰਦਾ ਸੀ ਕਿ ਕਿਸੀ ਪੁਸਤਕ ਬਾਰੇ ਕਿਸੇ ਆਲੋਚਕ / ਸਮੀਖਿਆਕਾਰ ਵੱਲੋਂ ਆਪਣਾ ਨਿਬੰਧ ਪੇਸ਼ ਕਰਨ ਤੋਂ ਬਾਹਦ ਇੱਕ ਹੋਰ ਬੁਲਾਰੇ ਨੂੰ ਮੰਚ ਉੱਤੇ ਆ ਕੇ ਬੜੀ ਹੀ ਸੌਖੀ ਪੰਜਾਬੀ ਵਿੱਚ ਦੱਸਣਾ ਪੈਂਦਾ ਸੀ ਕਿ ਪੰਜਾਬੀ ਆਲੋਚਕ / ਸਮੀਖਿਆਕਾਰ ਨੇ ਆਪਣੇ ਨਿਬੰਧ ਵਿੱਚ ਕੀ ਕਿਹਾ ਸੀ।

ਭਾਵੇਂ ਕਿ ਪੰਜਾਬੀ ਆਲੋਚਨਾਤਮਕ ਨਿਬੰਧਾਂ ਵਿੱਚ ਬੇਲੋੜੀ ਅਤੇ ਔਖੀ ਸੰਸਕ੍ਰਿਤ / ਹਿੰਦੀ ਸ਼ਬਦਾਵਲੀ ਵਰਤੇ ਜਾਣ ਦਾ ਹੁਣ ਰੁਝਾਨ ਕੁਝ ਘੱਟ ਗਿਆ ਹੈ ਪਰ ਅਜੇ ਵੀ ਅਕਾਦਮਿਕ ਹਲਕਿਆਂ ਨਾਲ ਸਬੰਧਤ ਅਨੇਕਾਂ ਆਲੋਚਕ / ਸਮੀਖਿਆਕਾਰ ਆਪਣੇ ਆਲੋਚਨਾਤਮਕ ਨਿਬੰਧਾਂ / ਸਮੀਖਿਆ ਨਿਬੰਧਾਂ ਨੂੰ ਇੰਨੇ ਔਖੇ ਬਣਾ ਦਿੰਦੇ ਹਨ ਕਿ ਆਮ ਪਾਠਕ ਲਈ ਗੱਲ ਸਮਝਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਜਦੋਂ ਕਿ ਉਸੀ ਨਿਬੰਧ ਨੂੰ, ਉਸ ਨਿਬੰਧ ਵਿੱਚ ਪੇਸ਼ ਕੀਤੇ ਗਏ ਵਿਚਾਰਾਂ ਨੂੰ, ਇੰਨੀ ਸੌਖੀ ਪੰਜਾਬੀ ਭਾਸ਼ਾ ਵਿੱਚ ਪ੍ਰਗਟ ਕੀਤਾ ਜਾ ਸਕਦਾ ਹੁੰਦਾ ਹੈ ਕਿ ਉਹ ਵੱਧ ਤੋਂ ਵੱਧ ਲੋਕਾਂ ਦੀ ਸਮਝ ਆ ਸਕੇ।

ਇਸ ਮਾਮਲੇ ਵਿੱਚ ਮੈਂ ਆਪਣੇ ਨਿੱਜੀ ਕੰਮ ਦੀ ਉਦਾਹਰਣ ਦੇ ਸਕਦਾ ਹਾਂ। ਮੈਂ ਹੁਣ ਤੱਕ ਕੈਨੇਡਾ ਦੇ 105 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਬਾਰੇ ਆਲੋਚਨਾਤਮਕ ਨਿਬੰਧ ਲਿਖੇ ਹਨ ਅਤੇ ਇਹ ਨਿਬੰਧ 3 ਆਲੋਚਨਾਤਮਕ ਪੁਸਤਕਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕਰ ਚੁੱਕਾ ਹਾਂ। ਆਲੋਚਨਾਤਮਕ ਨਿਬੰਧ ਲਿਖਣ ਵੇਲੇ ਮੇਰਾ ਬਹੁਤ ਹੀ ਸਪੱਸ਼ਟ ਉਦੇਸ਼ ਹੁੰਦਾ ਹੈ ਕਿ ਵੱਧ ਤੋਂ ਵੱਧ ਸੌਖੀ ਪੰਜਾਬੀ ਵਿੱਚ ਆਲੋਚਨਾਤਮਕ ਨਿਬੰਧ ਲਿਖਾਂ ਤਾਂ ਕਿ ਵੱਧ ਤੋਂ ਵੱਧ ਪੰਜਾਬੀ ਪਾਠਕਾਂ ਨੂੰ ਮੇਰੀ ਗੱਲ ਸਮਝ ਆ ਸਕੇ। ਮੇਰੀਆਂ ਤਿੰਨ ਆਲੋਚਨਾਤਮਕ ਪੁਸਤਕਾਂ ‘ਕੈਨੇਡੀਅਨ ਪੰਜਾਬੀ ਸਾਹਿਤ’ (ਸਮੀਖਿਆ), ‘ਕੈਨੇਡੀਅਨ ਪੰਜਾਬੀ ਸਾਹਿਤ’ (ਸਮੀਖਿਆ) (ਭਾਗ ਦੂਜਾ) ਅਤੇ ‘ਕੈਨੇਡੀਅਨ ਪੰਜਾਬੀ ਸਾਹਿਤ’ (ਸਮੀਖਿਆ) (ਭਾਗ ਤੀਜਾ) ਦੀ ਪ੍ਰਕਾਸ਼ਨਾ ਮੇਰੇ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਕਰਦੀਆਂ ਹਨ। ਮੇਰੀਆਂ ਇਨ੍ਹਾਂ ਆਲੋਚਨਾਤਮਕ ਪੁਸਤਕਾਂ ਬਾਰੇ ਚਰਚਾ ਕਰਦਿਆਂ ਡਾ: ਵਰਿਆਮ ਸਿੰਘ ਸੰਧੂ, ਡਾ: ਅਮਰਜੀਤ ਕੌਂਕੇ, ਜਤਿੰਦਰ ਔਲਖ ਅਤੇ ਪ੍ਰਮਿੰਦਰਜੀਤ ਨੇ ਮੇਰੇ ਵਿਚਾਰਾਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਹਿਮਾਇਤ ਕੀਤੀ ਹੈ। ਸਾਡੇ ਆਲੋਚਕਾਂ / ਸਮੀਖਿਆਕਾਰਾਂ ਵੱਲੋਂ, ਵਿਸ਼ੇਸ਼ ਕਰਕੇ, ਪੰਜਾਬੀ ਪੁਸਤਕਾਂ ਬਾਰੇ ਲਿਖੇ ਗਏ ਨਿਬੰਧਾਂ ਵਿੱਚ ਬੇਲੋੜੀ ਔਖੀ ਸ਼ਬਦਾਵਲੀ ਵਰਤਣ ਸਦਕਾ ਪੰਜਾਬੀ ਸਾਹਿਤ ਦਾ ਆਮ ਪਾਠਕ ਪੰਜਾਬੀ ਸਾਹਿਤ ਦੀਆਂ ਪੁਸਤਕਾਂ ਦੇ ਨੇੜੇ ਆਉਣ ਦੀ ਥਾਂ ਉਨ੍ਹਾਂ ਤੋਂ ਦੂਰ ਭੱਜਦਾ ਹੈ। ਕਿਉਂਕਿ ਅਸੀਂ ਆਪਣੀ ਅਖੌਤੀ ਵਿਦਵਤਾ ਅਤੇ ਪੰਡਤਾਊਪੁਣਾ ਦਿਖਾਣ ਦੀ ਲਾਲਚ ਅਧੀਨ ਆਪਣੀ ਗੱਲ ਨੂੰ ਇੰਨਾ ਗੁੰਝਲਦਾਰ ਬਣਾ ਦਿੰਦੇ ਹਾਂ ਕਿ ਅਸੀਂ ਪੰਜਾਬੀ ਸਾਹਿਤ ਦੇ ਪਾਠਕ ਬਨਾਉਣ ਦੀ ਥਾਂ ਸਾਹਿਤ ਨਾਲੋਂ ਪਾਠਕਾਂ ਨੂੰ ਤੋੜਨ ਵਾਲੇ ਵਿਅਕਤੀਆਂ ਦੀ ਭੂਮਿਕਾ ਨਿਭਾਹ ਜਾਂਦੇ ਹਾਂ।

ਪੰਜਾਬੀ ਬੋਲੀ ਵਿੱਦਿਆ ਦਾ ਮਾਧਿਅਮ ਅਤੇ ਰੁਜ਼ਗਾਰ :

ਵਿੱਦਿਆ ਨੂੰ ਜੇਕਰ ਰੁਜ਼ਗਾਰ ਨਾਲ ਜੋੜ ਕੇ ਨਹੀਂ ਵੇਖਿਆ ਜਾਂਦਾ ਤਾਂ ਇਸ ਦੇ ਫਲਸਰੂਪ ਸਾਨੂੰ ਕਈ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰਨਾ ਪਵੇਗਾ। ਵਿਦਿਆਰਥੀ ਆਪਣੀ ਮਾਂ-ਬੋਲੀ ਪੰਜਾਬੀ ਪੜ੍ਹਣ ਦੀ ਜ਼ਰੂਰਤ ਨਹੀਂ ਸਮਝਣਗੇ। ਮਾਂ-ਬੋਲੀ ਬੇਲੋੜੀ ਬਣ ਜਾਣ ਦੀ ਹਾਲਤ ਵਿੱਚ ਮਾਂ-ਬੋਲੀ ਨਾਲ ਜੁੜਿਆ ਸਾਹਿਤ / ਗੀਤ-ਸੰਗੀਤ / ਸਭਿਆਚਾਰ / ਵਿਰਸਾ / ਕਲਾ ਸਭ ਕੁਝ ਹੀ ਬੇਅਰਥਾ ਹੋ ਜਾਵੇਗਾ। ਜ਼ਾਹਿਰ ਹੈ ਕਿ ਪੰਜਾਬੀ ਬੋਲੀ ਨੂੰ ਵਿੱਦਿਆ ਦਾ ਮਾਧਿਅਮ ਨਾ ਬਨਾਉਣ ਅਤੇ ਇਸ ਨੂੰ ਰੋਜ਼ਗਾਰ ਨਾਲ ਨਾ ਜੋੜਨ ਦੇ ਯਤਨ ਕਰਨ ਵਾਲੇ ਇਸ ਗੱਲ ਤੋਂ ਬੇਖਬਰ ਹੋ ਰਹੇ ਹਨ - ਜੋ ਬੋਲੀ ਵਿੱਦਿਆ ਦਾ ਮਾਧਿਅਮ ਬਣੇਗੀ ਅਤੇ ਜਿਸ ਬੋਲੀ ਨਾਲ ਰੁਜ਼ਗਾਰ ਜੁੜੇਗਾ, ਉਸ ਬੋਲੀ ਅਤੇ ਉਸ ਸਭਿਆਚਾਰ ਨਾਲ ਜੁੜੀਆਂ ਕਦਰਾਂ-ਕੀਮਤਾਂ ਹੀ ਲੋਕਾਂ ਉੱਤੇ ਭਾਰੂ ਹੋਣਗੀਆਂ।

ਇੰਟਰਨੈੱਟ ਅਤੇ ਨਵੀਂ ਤਕਨਾਲੋਜੀ :

ਪਿਛਲੇ ਦੋ ਦਹਾਕੇ ਦੇ ਸਮੇਂ ਵਿੱਚ ਇੰਟਰਨੈੱਟ ਦੇ ਆਉਣ ਨਾਲ ਅਤੇ ਨਵੀਂ ਤਕਨਾਲੋਜੀ ਆਉਣ ਨਾਲ ਜ਼ਿੰਦਗੀ ਦੇ ਹਰ ਖੇਤਰ ਵਿੱਚ ਹੀ ਇਨਕਲਾਬੀ ਤਬਦੀਲੀਆਂ ਵਾਪਰੀਆਂ ਹਨ। ਵਿਸ਼ੇਸ਼ ਕਰਕੇ ਸੰਚਾਰ ਦੇ ਮਾਧਿਆਮਾਂ ਵਿੱਚ ਜੋ ਤਬਦੀਲੀਆਂ ਵਾਪਰੀਆਂ ਹਨ, ਉਨ੍ਹਾਂ ਸਦਕਾ ਮਨੁੱਖ ਦਾ ਜ਼ਿੰਦਗੀ ਅਤੇ ਆਪਣੇ ਚੌਗਿਰਦੇ ਬਾਰੇ ਨਾ ਸਿਰਫ ਸੋਚਣ ਦਾ ਹੀ ਢੰਗ ਬਦਲ ਗਿਆ ਹੈ; ਬਲਕਿ ਜ਼ਿੰਦਗੀ ਜਿਉਣ ਦਾ ਢੰਗ ਵੀ ਬਦਲ ਗਿਆ ਹੈ।

ਇੰਟਰਨੈੱਟ, ਸੈਟੇਲਾਈਟ, ਈਮੇਲ, ਵੈੱਬ ਸਾਈਟ, ਬਲਾਗ, ਫੇਸਬੁੱਕ, ਟਵੀਟ, ਵੀਡੀਓ, ਔਨ ਲਾਈਨ ਵੀਡੀਓ, ਵਾਇਰਲੈੱਸ ਸੈੱਲ ਫੋਨ, ਵਾਇਰਲੈੱਸ ਟੀ. ਵੀ. , ਵਰਚੂਅਲ ਸੈਕਸ, ਵਰਗੇ ਸ਼ਬਦ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਹਨ। ਬਲਕਿ ਉਨ੍ਹਾਂ ਨੇ ਜ਼ਿੰਦਗੀ ਦੇ ਅਰਥ ਹੀ ਬਦਲ ਦਿੱਤੇ ਹਨ। ਹੁਣ ਹਰ ਚੀਜ਼ ਚਾਨਣ ਦੇ ਵੇਗ ਨਾਲ ਚੱਲ ਰਹੀ ਹੈ ਅਤੇ ਜ਼ਿੰਦਗੀ ਵਿੱਚ ਪਰਿਵਰਤਨ ਵੀ ਚਾਨਣ ਦੇ ਵੇਗ ਨਾਲ ਆ ਰਹੇ ਹਨ। ਹੁਣ ਸਾਰੀ ਦੁਨੀਆਂ ਇੱਕ ਪਿੰਡ ਬਣ ਚੁੱਕੀ ਹੈ। ਹੁਣ ਦੁਨੀਆਂ ਦੀ ਹਰ ਚੀਜ਼ ਅਤੇ ਹਰ ਵਿਅਕਤੀ ਨ ਸਿਰਫ ਇੱਕ ਦੂਜੇ ਨਾਲ ਜੁੜੇ ਹੋਏ ਹਨ, ਬਲਕਿ ਉਹ ਇੱਕ ਦੂਜੇ ਤੋਂ ਪ੍ਰਭਾਵਤ ਹੋ ਰਹੇ ਹਨ ਅਤੇ ਇੱਕ ਦੂਜੇ ਨੂੰ ਪ੍ਰਭਾਵਤ ਕਰ ਰਹੇ ਹਨ।

ਇੰਟਰਨੈੱਟ ਅਤੇ ਨਵੀਂ ਤਕਨਾਲੋਜੀ ਸਾਡੀ ਜ਼ਿੰਦਗੀ ਉੱਤੇ ਦੋਹਰਾ ਪ੍ਰਭਾਵ ਪਾ ਰਹੀ ਹੈ। ਇਹ ਪ੍ਰਭਾਵ ਜ਼ਿੰਦਗੀ ਦੀ ਉਸਾਰੀ ਕਰਨ ਵਾਲੇ ਵੀ ਹਨ ਅਤੇ ਜ਼ਿੰਦਗੀ ਦੀ ਤਬਾਹੀ ਕਰਨ ਵਾਲੇ ਵੀ ਅੱਜ ਅਸੀਂ ਈਮੇਲ ਰਾਹੀਂ ਸਕਿੰਟਾਂ ਵਿੱਚ ਹੀ ਕਿਸੇ ਨੁੰ ਆਪਣਾ ਖ਼ਤ ਭੇਜ ਵੀ ਸਕਦੇ ਹਾਂ ਅਤੇ ਉਸਦਾ ਜੁਆਬ ਵੀ ਪ੍ਰਾਪਤ ਕਰ ਸਕਦੇ ਹਾਂ। ਸਿਰਫ ਏਨਾਂ ਹੀ ਨਹੀਂ, ਅਸੀਂ ਇੱਕ ਦੂਜੇ ਨੂੰ ਖ਼ਤ ਲਿਖਦੇ ਹੋਏ ਵੇਖ ਵੀ ਸਕਦੇ ਹਾਂ ਜਾਂ ਉਸ ਨਾਲ ਗੱਲਾਂ ਵੀ ਕਰ ਸਕਦੇ ਹਾਂ। ਅੱਜ ਅਸੀਂ ਕਿਤੇ ਵੀ ਵਾਪਰ ਰਹੀ ਕਿਸੀ ਘਟਨਾ ਦੀ ਔਨ ਲਾਈਨ ਵੀਡੀਓ ਵੀ ਦੇਖ ਸਕਦੇ ਹਾਂ / ਦਿਖਾ ਸਕਦੇ ਹਾਂ। ਅੱਜ ਅਸੀਂ ਇੰਟਰਨੈੱਟ ਰਾਹੀਂ ਕਿਤਾਬਾਂ/ਮੈਗਜ਼ੀਨ/ਅਖਬਾਰਾਂ ਪੜ੍ਹ ਸਕਦੇ ਹਾਂ। ਇੰਟਰਨੈੱਟ ਅਤੇ ਸੈਟੇਲਾਈਟ ਦੀ ਮੱਦਦ ਨਾਲ ਅਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਵਾਪਰ ਚੁੱਕੀ/ਵਾਪਰ ਰਹੀ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।

ਤਕਨਾਲੋਜੀ ਅਤੇ ਸੰਚਾਰ ਮਾਧਿਆਮਾਂ ਵਿੱਚ ਆਈਆਂ ਇਹ ਇਨਕਲਾਬੀ ਤਬਦੀਲੀਆਂ ਸਾਡੀ ਬੋਲੀ, ਸਾਹਿਤ, ਕਲਾ, ਸੰਗੀਤ, ਸਭਿਆਚਾਰ, ਵਿੱਦਿਆ ਨੂੰ ਜਿੱਥੇ ਕਿ ਕਈ ਪੱਖਾਂ ਤੋਂ ਉਸਾਰੂ ਦਿਸ਼ਾ ਪ੍ਰਦਾਨ ਕਰ ਰਹੀਆਂ ਹਨ - ਉੱਥੇ ਹੀ ਇਹ ਤਬਦੀਲੀਆਂ ਕਈ ਪੱਖਾਂ ਤੋਂ ਸਾਡੇ ਸਭਿਆਚਾਰ ਅਤੇ ਵਿਰਸੇ ਨੂੰ ਨਿਘਾਰ ਵੱਲ ਵੀ ਲਿਜਾ ਰਹੀਆਂ ਹਨ।
ਅੱਜ ਅਸੀਂ ਮੰਡੀ ਸਭਿਆਚਾਰ ਦੇ ਸਮਿਆਂ ਵਿੱਚ ਜੀ ਰਹੇ ਹਾਂ। ਵੱਡੇ ਪੂੰਜੀਵਾਦੀਆਂ ਦੇ ਹੱਥਾਂ ਵਿੱਚ ਰਾਜਸੀ, ਸਭਿਆਚਾਰਕ, ਸਮਾਜਿਕ, ਆਰਥਿਕ ਤਾਕਤ ਹੈ। ਉਨ੍ਹਾਂ ਦੇ ਹੱਥਾਂ ਵਿੱਚ ਹੀ ਵੱਡੇ ਸੰਚਾਰ ਮਾਧਿਆਮ ਹਨ। ਉਹ ਕਿਸੇ ਵੀ ਬੋਲੀ ਅਤੇ ਉਸ ਨਾਲ ਸਬੰਧਤ ਸਭਿਆਚਾਰ ਨੂੰ ਤਹਿਸ-ਨਹਿਸ ਕਰਨ ਦੀ ਸ਼ਕਤੀ ਰੱਖਦੇ ਹਨ। ਜੋ ਵੀ ਸਭਿਆਚਾਰ ਉਨ੍ਹਾਂ ਦੀ ਗੁਲਾਮੀ ਨਹੀਂ ਮੰਨਦਾ, ਪੂੰਜੀਵਾਦੀ ਸ਼ਕਤੀਆਂ ਉਸ ਸਭਿਆਚਾਰ ਨੂੰ ਗੰਧਲਾ ਕਰਕੇ ਉਸਦੀ ਸ਼ਕਤੀ ਕਮਜ਼ੋਰ ਕਰ ਦਿੰਦੀਆਂ ਹਨ।

ਪਿਛਲੇ ਕੁਝ ਸਮੇਂ ਤੋਂ ਪੰਜਾਬੀ ਸਮਾਜ ਵਿੱਚ ਹਰ ਤਰ੍ਹਾਂ ਦੇ ਨਸ਼ਿਆਂ ਦਾ ਹੜ੍ਹ ਆਇਆ ਹੋਇਆ ਹੈ। ਨੌਜੁਆਨ ਪੰਜਾਬੀ ਮਰਦ/ਔਰਤਾਂ ਸ਼ਰਾਬ, ਕਰੈਕ, ਕੁਕੇਨ, ਚਰਸ, ਭੰਗ, ਸਪੀਡ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਨਸ਼ਿਆਂ ਨਾਲ ਦਿਨ ਰਾਤ ਟੱਲੀ ਹੋਏ ਰਹਿੰਦੇ ਹਨ। ਇਹੀ ਸਮਾਜਿਕ ਕਦਰਾਂ-ਕੀਮਤਾਂ ਅੱਜ ਕੱਲ੍ਹ ਆਪਣੇ ਗੀਤਾਂ / ਗਾਇਕੀ ਵਿੱਚ ਸਾਡੇ ਪੰਜਾਬੀ ਗੀਤਕਾਰ/ਗਾਇਕ ਪੇਸ਼ ਕਰ ਰਹੇ ਹਨ। ਜਿਸ ਕਾਰਨ ਪੰਜਾਬੀ ਗਾਇਕੀ ਵਿੱਚ ਲੱਚਰ ਗਾਇਕੀ ਦਾ ਹੜ੍ਹ ਆਇਆ ਹੋਇਆ। ਇੰਟਰਨੈੱਟ ਅਤੇ ਯੂ-ਟਿਊਬ ਵਰਗੇ ਸੰਚਾਰ ਮਾਧਿਆਮਾਂ ਕਾਰਨ ਅਜਿਹੀ ਨਿਘਾਰ ਵਾਲੀ ਗੀਤਕਾਰੀ/ਗਾਇਕੀ ਰਾਤੋ-ਰਾਤ ਦੁਨੀਆਂ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚ ਜਾਂਦੀ ਹੈ। ਅੱਜ ਮੁਕਾਬਲੇ ਦਾ ਯੁੱਗ ਹੈ। ਮਹਿਜ਼, ਨਿਘਾਰ ਵਾਲੀ ਗੀਤਕਾਰੀ/ਗਾਇਕੀ ਦੀ ਆਲੋਚਨਾ ਕਰਨ ਦੀ ਥਾਂ ਇਸੇ ਮਾਧਿਅਮ ਨੂੰ ਹੀ ਵਰਤਕੇ ਉਸਾਰੂ ਕਦਰਾਂ-ਕੀਮਤਾਂ ਦਾ ਪਾਸਾਰ ਕਰਨ ਵਾਲੀ ਗੀਤਕਾਰੀ/ਗਾਇਕੀ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ। ਇੰਟਰਨੈੱਟ/ਨਵੀਂ ਤਕਨਾਲੋਜੀ ਦੀ ਵਰਤੋਂ ਕਰਕੇ ਪੰਜਾਬੀ ਭਾਸ਼ਾ ਨੂੰ ਦੂਰ-ਦੁਰਾਡੇ ਇਲਾਕਿਆਂ ਤੱਕ ਵੀ ਪਹੁੰਚਾਇਆ ਜਾ ਸਕਦਾ ਹੈ।

ਪੰਜਾਬੀ ਭਾਸ਼ਾ ਦੀ ਤਰੱਕੀ ਅਤੇ ਪਾਸਾਰ ਲਈ ਇਹ ਵੀ ਜ਼ਰੂਰੀ ਹੈ ਕਿ ਇੰਟਰਨੈੱਟ ਅਤੇ ਨਵੀਂ ਤਕਨਾਲੋਜੀ ਵਾਲੇ ਸੰਚਾਰ ਮਾਧਿਆਮਾਂ ਵਿੱਚ ਪੰਜਾਬੀ ਬੋਲਣ/ਲਿਖਣ/ਪੜ੍ਹਣ ਵਾਲੇ ਲੋਕਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕੀਤੇ ਜਾਣ - ਅਜਿਹੇ ਰੁਜ਼ਗਾਰ ਜਿਨ੍ਹਾਂ ਵਿੱਚ ਪੰਜਾਬੀ ਬੋਲਣ/ਲਿਖਣ/ਪੜ੍ਹਣ ਦੀ ਵੱਧ ਤੋਂ ਵੱਧ ਜ਼ਰੂਰਤ ਪਵੇ। ਇਹ ਰੁਜ਼ਗਾਰ ਸਰਕਾਰੀ/ਗ਼ੈਰਸਰਕਾਰੀ/ਨੀਮ ਸਰਕਾਰੀ ਪੱਧਰ ਉੱਤੇ ਪੈਦਾ ਕੀਤੇ ਜਾਣ। ਇੰਟਰਨੈੱਟ ਨੂੰ ਸੰਚਾਰ ਦੇ ਨਵੇਂ ਮਾਧਿਆਮਾਂ ਨੂੰ ਪੰਜਾਬੀ ਭਾਸ਼ਾ ਨੂੰ ਮਾਧਿਆਮ ਬਣਾ ਕੇ ਜ਼ਿੰਦਗੀ ਨਾਲ ਸਬੰਧਤ ਹਰ ਤਰ੍ਹਾਂ ਦੇ ਗਿਆਨ-ਵਿਗਿਆਨ ਦੇ ਪਾਸਾਰ ਲਈ ਵਰਤਿਆ ਜਾਣਾ ਚਾਹੀਦਾ ਹੈ। ਕਾਫੀ ਖੇਤਰਾਂ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਣੀ ਸ਼ੁਰੂ ਵੀ ਹੋ ਚੁੱਕੀ ਹੈ।

ਸਾਰ-ਅੰਸ਼ :

ਵਿਸ਼ਵ ਦੇ ਅਨੇਕਾਂ ਹਿੱਸਿਆਂ ਵਿੱਚ ਪੰਜਾਬੀਆਂ ਵੱਲੋਂ ਪਰਵਾਸ ਕਰ ਜਾਣ ਕਾਰਨ ਪੰਜਾਬੀ ਭਾਸ਼ਾ ਨੂੰ ਨਿੱਤ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ; ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਇਨ੍ਹਾਂ ਚੁਣੌਤੀਆਂ ਤੋਂ ਡਰ ਕੇ ਪੰਜਾਬੀ ਭਾਸ਼ਾ ਵਿੱਚ ਕੋਈ ਖੜੋਤ ਵਾਲੀ ਸਥਿਤੀ ਪੈਦਾ ਹੋ ਗਈ ਹੋਵੇ। ਪੰਜਾਬੀ ਭਾਸ਼ਾ ਲਈ ਚੁਣੌਤੀਆਂ ਧਰਮ, ਲੱਚਰ ਗੀਤਕਾਰੀ, ਲੱਚਰ ਗਾਇਕੀ, ਵਿਰਸਾ, ਰਾਜਨੀਤੀ, ਸਮਾਜਿਕ ਸਰੋਕਾਰ, ਸਭਿਆਚਾਰਕ ਸਰੋਕਾਰ, ਪੁਸਤਕ ਸਭਿਆਚਾਰ, ਆਲੋਚਨਾ, ਰੁਜ਼ਗਾਰ, ਇੰਟਰਨੈੱਟ ਅਤੇ ਤਕਨਾਲੋਜੀ ਦੇ ਖੇਤਰ ਨਾਲ ਸਬੰਧ ਰੱਖਦੀਆਂ ਹਨ।

Sukhinder
Editor: SANVAD
Toronto Canada
Tel. (416) 858-7077
poet_sukhinder@hotmail.com

 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2013, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)