1 ਭੂਮਿਕਾ ਭਾਰਤੀ ਸੰਘੀ ਪ੍ਰਸ਼ਾਸਨੀ ਸੇਵਾਵਾਂ
ਵਿੱਚ ਅੰਗੇਰਜ਼ੀ ਭਾਸ਼ਾ ਨੂੰ ਪਹਿਲਾਂ ਤੋਂ ਵੀ ਵਧੇਰੇ ਮਹੱਤਵ ਦਿੱਤੇ ਜਾਣ ਅਤੇ
ਭਾਰਤੀ ਭਾਸ਼ਾਵਾਂ ਦਾ ਦਰਜਾ ਹੋਰ ਵੀ ਘੱਟ ਕਰਨ ਦੇ ਕੇਂਦਰ ਸਰਕਾਰ ਦੇ ਐਲਾਨ ਨੇ
ਭਾਸ਼ਾ ਬਾਰੇ ਬਹਿਸ ਨੂੰ ਫਿਰ ਤਿੱਖਿਆਂ ਕਰ ਦਿੱਤਾ ਹੈ। ਇਹ ਪਰਚਾ ਸਰਕਾਰ ਦੇ ਇਸ
ਫੈਸਲੇ ਦੇ ਪ੍ਰਤੀਕਰਮ ਵੱਜੋਂ ਲਿਖਿਆ ਗਿਆ ਸੀ। ਕੇਂਦਰ ਸਰਕਾਰ ਨੇ ਭਾਵੇਂ ਆਪਣਾ
ਪ੍ਰਸਤਾਵ ਤਾਂ 15 ਮਾਰਚ 2013 ਨੂੰ ਵਾਪਸ ਲੈ ਲਿਆ ਹੈ, ਪਰ ਭਾਰਤ ਵਿੱਚ ਭਾਰਤੀ
ਭਾਸ਼ਾਵਾਂ ਦੀ ਹਾਲਤ ਬੜੀ ਦਰਦਨਾਕ ਹੀ ਬਣੀ ਹੋਈ ਹੈ ਅਤੇ ਭਾਸ਼ਾ ਦੇ ਸਵਾਲ ਨਾਲ
ਸਿੱਖਿਆ, ਗਿਆਨ, ਵਿਗਿਆਨ, ਸਭਿਆਚਾਰ, ਵਿਰਸਾ, ਅਤੇ ਵਿਦੇਸ਼ੀ ਭਾਸ਼ਾ ਜਿਹੇ ਸਵਾਲ
ਬੜੀ ਡੂੰਘੀ ਤਰ੍ਹਾਂ ਜੁੜੇ ਹੋਏ ਹਨ। ਇਸ ਲਈ ਇਹ ਕਿਤਾਬਚਾ ਛਾਪਿਆ ਜਾ ਰਿਹਾ ਹੈ।
ਉਂਜ ਤਾਂ ਅਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਵੀ ਭਾਰਤੀ ਭਾਸ਼ਾਵਾਂ ਨੂੰ ਉਹ ਥਾਂ
ਨਹੀਂ ਮਿਲੀ ਜੋ ਹਰ ਕਾਰਣ ਨਾਲ ਉਹਨਾਂ ਨੂੰ ਮਿਲਣੀ ਚਾਹੀਦੀ ਸੀ, ਪਰ ਪਿਛਲੇ ਕੋਈ
ਤੀਹ ਸਾਲਾਂ ਤੋਂ ਭਾਰਤੀ ਭਾਸ਼ਾਵਾਂ ਦੀ ਦੁਰਗਤੀ ਦੀ ਗਤੀ ਹੋਰ ਵੀ ਤਿੱਖੀ ਹੋ ਗਈ
ਹੈ ਤੇ ਅੰਗਰੇਜ਼ੀ ਭਾਸ਼ਾ ਭਾਰਤੀ ਭਾਸ਼ਾਵਾਂ ਨੂੰ ਬਾਹਰ ਕੱਢੀ ਜਾ ਰਹੀ ਹੈ, ਖਾਸ
ਤੌਰ 'ਤੇ ਸਿੱਖਿਆ ਦੇ ਮਾਧਿਅਮ ਦੇ ਰੂਪ ਵਿੱਚ। ਇਹਦਾ ਮੂਲ ਕਾਰਣ ਤਾਂ ਉਪਰਲੇ
ਵਰਗ ਦੇ ਸਵਾਰਥ ਹਨ ਪਰ ਇਸ ਨੀਤੀ ਦੇ ਪੱਖ ਵਿੱਚ ਜੋ ਦਲੀਲਾਂ ਦਿੱਤੀਆਂ ਜਾਂਦੀਆਂ
ਹਨ ਉਹ ਹੇਠ ਤਰ੍ਹਾਂ ਦੀਆਂ ਹਨ:
1. ਅੰਗਰੇਜ਼ੀ ਗਿਆਨ-ਵਿਗਿਆਨ ਦੀ ਭਾਸ਼ਾ ਹੈ ਅਤੇ ਗਿਆਨ-ਵਿਗਿਆਨ ਵਿੱਚ ਤਰੱਕੀ
ਲਈ ਅੰਗਰੇਜ਼ੀ ਦੀ ਮੁਹਾਰਤ ਹੋਣੀ ਜ਼ਰੂਰੀ ਹੈ;
2. ਅੰਗਰੇਜ਼ੀ ਭਾਸ਼ਾ ਇੱਕੋ-ਇੱਕ ਅੰਤਰਰਾਸ਼ਟਰੀ ਭਾਸ਼ਾ ਹੈ ਅਤੇ ਇਹਦੇ ਬਿਨਾਂ
ਅੰਤਰਰਾਸ਼ਟਰੀ ਕਾਰ-ਵਿਹਾਰ ਸੰਭਵ ਨਹੀਂ ਹੈ।
ਉਪਰਲੀ ਤਰ੍ਹਾਂ ਦੀਆਂ ਦਲੀਲਾਂ ਗਿਆਨ, ਵਿਗਿਆਨ, ਸਿੱਖਿਆ, ਭਾਸ਼ਾ ਅਤੇ
ਅੰਤਰਰਾਸ਼ਟਰੀ ਸਥਿਤੀ ਬਾਰੇ ਸੌ ਫੀਸਦੀ ਅਗਿਆਨਤਾ ਦਾ ਸਬੂਤ ਹਨ। ਇਸ ਲੇਖ ਦਾ
ਉਦੇਸ਼ ਇਸ ਅਗਿਆਨਤਾ ਨੂੰ ਬੇਨਕਾਬ ਕਰਨਾ ਹੈ।
2 ਸਿੱਖਿਆ ਅਤੇ ਮਾਤ ਭਾਸ਼ਾ
ਸਭ ਤੋਂ ਪਹਿਲਾਂ ਅੱਜ ਦੇ ਸਮੇਂ ਦੇ ਸਭ ਤੋਂ ਮਹੱਤਵਪੂਰਨ ਖੇਤਰ
ਗਿਆਨ-ਵਿਗਿਆਨ ਅਤੇ ਭਾਸ਼ਾ ਦੇ ਸਬੰਧਾਂ ਬਾਰੇ ਅੰਤਰਰਾਸ਼ਟਰੀ ਗਿਆਨ ਅਤੇ ਤਜ਼ਰਬੇ
'ਤੇ ਨਜ਼ਰ ਮਾਰਨਾ ਠੀਕ ਹੋਵੇਗਾ। ਹੇਠਲੀ ਟੂਕ ਸੰਜੁਗਤ ਰਾਸ਼ਟਰ ਸੰਘ ਦੀ ਸਿੱਖਿਆ,
ਵਿਗਿਆਨ ਅਤੇ ਸਭਿਆਚਾਰ ਬਾਰੇ ਸੰਸਥਾ (ਯੂਨੈਸਕੋ) ਵੱਲੋਂ ਛਾਪੀ ਪੁਸਤਕ 'ਸਿੱਖਿਆ
ਵਿੱਚ ਸਥਾਨਕ ਭਾਸ਼ਾਵਾਂ ਦੀ ਵਰਤੋਂ' ਵਿਚੋਂ ਲਈ ਗਈ ਹੈ, ਜੋ ਇਹਨਾਂ ਮੁੱਦਿਆਂ
'ਤੇ ਅੰਤਰਰਾਸ਼ਟਰੀ ਸਮਝ ਅਤੇ ਖੋਜ ਦਾ ਨਿਚੋੜ ਪੇਸ਼ ਕਰਦੀ ਹੈ:
''ਇਹ ਆਪੂੰ-ਸਿੱਧ ਹੈ ਕਿ ਬੱਚੇ ਲਈ ਸਿੱਖਿਆ ਦਾ ਸਭ ਤੋਂ ਵਧੀਆ ਮਾਧਿਅਮ ਉਸ
ਦੀ ਮਾਤ ਭਾਸ਼ਾ ਹੈ। ਮਨੋਵਿਗਿਆਨਕ ਤੌਰ 'ਤੇ ਇਹ ਸਾਰਥਕੀ ਚਿੰਨ੍ਹਾਂ ਦੀ ਅਜਿਹੀ
ਪ੍ਰਣਾਲੀ ਹੁੰਦੀ ਹੈ ਜੋ ਪ੍ਰਗਟਾਅ ਅਤੇ ਸਮਝ ਲਈ ਉਸਦੇ ਦਿਮਾਗ ਵਿੱਚ ਆਪੂੰ-ਚਾਲੀ
ਰੂਪ ਵਿੱਚ ਕੰਮ ਕਰਦੀ ਹੈ, ਸਮਾਜੀ ਤੌਰ 'ਤੇ ਜਿਸ ਜਨ-ਸਮੂਹ ਦੇ ਮੈਂਬਰਾਂ ਨਾਲ
ਉਸ ਦਾ ਸਬੰਧ ਹੁੰਦਾ ਹੈ, ਉਸ ਨਾਲ ਇੱਕਮਿਕ ਹੋਣ ਦਾ ਸਾਧਨ ਹੈ, ਸਿੱਖਿਆਵੀ ਤੌਰ
'ਤੇ ਉਹ ਮਾਤ ਭਾਸ਼ਾ ਰਾਹੀਂ ਇੱਕ ਅਣਜਾਣੇ ਭਾਸ਼ਾਈ ਮਾਧਿਅਮ ਨਾਲੋਂ ਤੇਜ਼ੀ ਨਾਲ
ਸਿੱਖਦਾ ਹੈ।" [Unesco, 1953:11].
ਯੂਨੈਸਕੋ ਦੀ ਇਹ ਰਾਇ ਬੜੇ ਲੰਮੇ ਚੌੜੇ ਅਧਿਐਨਾਂ ਦਾ ਨਤੀਜਾ ਸੀ। ਇਸੇ
ਤਰ੍ਹਾਂ ਯੂਨੈਸਕੋ ਨੇ 1968 ਵਿੱਚ ਫਿਰ ਦੁਹਰਾਇਆ,
''ਮਾਤ ਭਾਸ਼ਾ ਦੀ ਸਿੱਖਿਆ ਲਈ ਵਰਤੋਂ ਜਿੰਨੀ ਦੂਰ ਤੱਕ ਸੰਭਵ ਹੋ ਸਕੇ ਓਨੀ ਦੂਰ
ਤੱਕ ਕੀਤੀ ਜਾਵੇ।" [Unesco, 1968:691].
ਯੂਨੈਸਕੋ ਦੀ 2004 ਦੀ ਵਿਕਾਸ ਰਿਪੋਰਟ ਵਿੱਚ ਇਹ ਦਰਜ ਹੈ:
''ਫਿਲੀਪੀਨ ਵਿੱਚ ਦੋ-ਭਾਸ਼ਾਈ ਸਿੱਖਿਆ ਨੀਤੀ ਦੀਆਂ ਦੋ ਭਾਸ਼ਾਵਾਂ (ਟਾਗਾਲੋਗ
ਅਤੇ ਅੰਗਰੇਜ਼ੀ) ਵਿੱਚ ਮੁਹਾਰਤ ਰੱਖਣ ਵਾਲੇ ਵਿਦਿਆਰਥੀ ਉਹਨਾਂ ਵਿਦਿਆਰਥੀਆਂ ਨੂੰ
ਪਿੱਛੇ ਛੱਡ ਜਾਂਦੇ ਸਨ ਜੋ ਘਰ ਵਿੱਚ ਟਾਗਾਲੋਗ ਨਹੀਂ ਸਨ ਬੋਲਦੇ॥" [UNDP
Report 2004:61]
ਹੇਠਲੀ ਟੂਕ ਤਾਂ ਪ੍ਰਧਾਨ ਰੂਪ ਵਿੱਚ ਅੰਗਰੇਜ਼ੀ ਭਾਸ਼ੀ ਦੇਸ਼ ਅਮਰੀਕਾ ਦੇ ਬਾਰੇ
ਹੈ:
''ਅਮਰੀਕਾ ਵਿੱਚ ਜਿਨ੍ਹਾਂ ਨਵਾਯੋ ਬੱਚਿਆਂ ਨੂੰ ਪ੍ਰਾਇਮਰੀ ਪੱਧਰ 'ਤੇ
ਪਹਿਲੀ ਭਾਸ਼ਾ (ਨਵਾਯੋ) ਅਤੇ ਦੂਜੀ ਭਾਸ਼ਾ (ਅੰਗਰੇਜ਼ੀ) ਦੋਹਾਂ ਵਿੱਚ ਪੜ੍ਹਾਇਆ
ਗਿਆ ਉਹਨਾਂ ਬੱਚਿਆਂ ਨੇ ਨਵਾਯੋ ਭਾਸ਼ੀ ਉਹਨਾਂ ਬੱਚਿਆਂ ਨੂੰ ਪਿੱਛੇ ਛੱਡ ਦਿੱਤਾ
ਜਿਨ੍ਹਾਂ ਨੂੰ ਕੇਵਲ ਅੰਗਰੇਜ਼ੀ ਵਿੱਚ ਪੜ੍ਹਾਇਆ ਗਿਆ।" [UNDP Report
2004:61]
ਭਾਰਤੀ ਅੰਗਰੇਜ਼ੀ-ਨਛੇੜੀਆਂ ਨੂੰ ਬੇਨਤੀ ਹੈ ਕਿ ਉਹ ਇਹ ਜਾਣਨ ਦੀ ਖੇਚਲ ਕਰਨ
ਕਿ ਅਮਰੀਕਾ, ਕਨੇਡਾ, ਨਿਊਜ਼ੀਲੈਂਡ ਅਤੇ ਆਸਟਰੇਲੀਆ ਜਿਹੇ ਮੁੱਖ ਤੌਰ 'ਤੇ
ਅੰਗਰੇਜ਼ੀ ਭਾਸ਼ੀ ਦੇਸ਼ਾਂ ਵਿੱਚ ਵੀ ਕਿੰਨੀ ਵੱਡੀ ਗਿਣਤੀ ਵਿੱਚ ਸਕੂਲਾਂ ਵਿੱਚ
ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਨਹੀਂ ਹੈ।
ਹੇਠਾਂ ਦਿੱਤੀਆਂ ਜਾ ਰਹੀਆਂ ਟੂਕਾਂ ਇਸ ਮਾਮਲੇ 'ਤੇ ਦੁਨੀਆਂ ਭਰ ਵਿੱਚ
ਵੱਖ-ਵੱਖ ਥਾਵਾਂ ਤੇ ਹੋਏ ਅਧਿਐਨਾਂ ਵਿਚੋਂ ਹਨ:
''ਇੰਜ ਮੋਦਿਆਨੇ [1968, 1973] ਦੀ ਮੈਕਸੀਕੋ ਵਿੱਚਲੀ ਖੋਜ,
ਸਕੁਨਤਨਾਬ-ਕਾਂਗਸ ਦੀ ਫਿਨਲੈਂਡ ਵਿੱਚਲੀ ਖੋਜ ਅਤੇ ਉਹਨਾਂ ਲਾਤੀਨੀ ਅਮਰੀਕੀ
ਅਧਿਐਨਾਂ ਦੇ ਨਤੀਜੇ ਜਿਨ੍ਹਾਂ ਦਾ ਸਾਰ ਗੁਦਸ਼ਿੰਸਕੀ (1975) ਵਿੱਚ ਦਿੱਤਾ ਗਿਆ
ਹੈ, ਮੈਨੂੰ ਇੱਕਸਾਰ ਲੱਗਦੇ ਹਨ। ਇਹਨਾਂ ਅਧਿਐਨਾਂ ਵਿੱਚ ਵਿਖਾਇਆ ਗਿਆ ਹੈ ਕਿ
ਉਹਨਾਂ ਬੱਚਿਆਂ ਦਾ ਵੱਡਾ ਅਨੁਪਾਤ ਜੋ ਪਹਿਲਾਂ ਆਪਣੀ ਪੜ੍ਹਾਈ ਸਥਾਨਕ ਭਾਸ਼ਾ
ਵਿੱਚ ਆਰੰਭ ਕਰਦਾ ਹੈ, ਆਪਣੀ ਮਾਤ ਭਾਸ਼ਾ ਵਿੱਚ ਸਾਖਰਤਾ ਦਾ ਵਿਕਾਸ ਕਰ ਲੈਂਦਾ
ਹੈ ਅਤੇ ਵਿਸ਼ੇ ਅਤੇ ਦੂਜੀ ਭਾਸ਼ਾ 'ਤੇ ਉਹਨਾਂ ਬੱਚਿਆਂ ਨਾਲੋਂ ਬਿਹਤਰ ਮੁਹਾਰਤ
ਹਾਸਲ ਕਰ ਲੈਂਦਾ ਹੈ ਜਿਨ੍ਹਾਂ ਨੂੰ ਕੇਵਲ ਦੂਜੀ ਭਾਸ਼ਾ ਵਿੱਚ ਪੜ੍ਹਾਇਆ ਜਾਂਦਾ
ਹੈ।" [Tucker, 1977:3].
ਹੇਠਲੀ ਟੂਕ ਫਿਨਲੈਂਡ ਤੋਂ ਸਵੀਡਨ ਵਿੱਚ ਪਰਵਾਸ ਕਰਨ ਵਾਲੇ ਬੱਚਿਆਂ ਤੇ ਹੋਏ
ਅਧਿਐਨ ਵਿਚੋਂ ਹੈ:
''ਨਿਰੀਖਣ ਦੇ ਨਤੀਜਿਆ ਤੋਂ ਜਾਣੀ ਜਾਂਦੀ ਫਿਨੀਸ਼ੀ ਭਾਸ਼ਾ ਦੀ ਮੁਹਾਰਤ ਦਾ
ਗਣਿਤ ਵਿੱਚ ਪ੍ਰਾਪਤ ਅੰਕਾਂ ਨਾਲ ਕਾਫੀ ਨੇੜਲਾ ਸਬੰਧ ਹੈ। ਸਵੀਡੀ ਨਾਲੋਂ
ਫਿਨੀਸ਼ੀ ਗਣਿਤ ਵਿੱਚ ਪ੍ਰਾਪਤੀ ਲਈ ਵਧੇਰੇ ਮਹੱਤਵਪੂਰਨ ਲਗਦੀ ਹੈ, ਭਾਵੇਂ ਕਿ
ਗਣਿਤ ਸਵੀਡੀ ਵਿੱਚ ਪੜ੍ਹਾਇਆ ਜਾਂਦਾ ਹੈ। ਨਤੀਜੇ ਇਸ ਦ੍ਰਿਸ਼ਟੀਕੋਣ ਦਾ ਸਮਰਥਨ
ਕਰਦੇ ਹਨ ਕਿ ਗਣਿਤ ਵਿੱਚਲੀਆਂ ਸੰਕਲਪੀ ਪਰਕਿਰਿਆਵਾਂ ਲਈ ਮਾਤ ਭਾਸ਼ਾ ਦਾ
ਅਮੂਰਤੀਕਰਨ ਪੱਧਰ ਮਹੱਤਵਪੂਰਨ ਹੈ। ਜੀਵ ਵਿਗਿਆਨ, ਰਸਾਇਣ ਵਿਗਿਆਨ ਅਤੇ ਭੌਤਿਕ
ਵਿਗਿਆਨ ਵਿੱਚ ਵੀ ਸੰਕਲਪਾਵੀ ਸੋਚ ਦੀ ਲੋੜ ਹੁੰਦੀ ਹੈ ਅਤੇ ਇਹਨਾਂ ਵਿਸ਼ਿਆਂ
ਵਿੱਚ ਆਪਣੀ ਮਾਤ ਭਾਸ਼ਾ'ਤੇ ਚੰਗੀ ਮੁਹਾਰਤ ਵਾਲੇ ਪਰਵਾਸੀ ਬੱਚੇ ਉਹਨਾਂ ਬੱਚਿਆਂ
ਨਾਲੋਂ ਕਿਧਰੇ ਬਿਹਤਰ ਸਫਲਤਾ ਹਾਸਲ ਕਰਦੇ ਹਨ ਜਿਨ੍ਹਾਂ ਦੀ ਮਾਤ ਭਾਸ਼ਾ 'ਤੇ
ਮੁਹਾਰਤ ਮਾੜੀ ਸੀ। [Skutnabb-Kangas and Toukomaa, 1976)." (quoted
in Paulston, 1977:94]
ਅਮਰੀਕਾ ਬਾਰੇ ਇੱਕ ਹੋਰ ਕਥਨ ਵੇਖੋ:
''ਇਵੇਂ ਹੀ ਅਮਰੀਕਾ ਵਿੱਚ ਵੀ ਹੌਲੀ-ਹੌਲੀ ਇਹ ਸਮਝ ਪੈਦਾ ਹੋ ਗਈ ਹੈ ਕਿ
ਗੈਰ-ਅੰਗਰੇਜ਼ੀ ਭਾਸ਼ਾਈ ਨਾਗਰਿਕਾਂ ਨੂੰ ਅੰਗਰੇਜ਼ੀ ਭਾਸ਼ਾਈ ਸਿੱਖਿਆ ਪ੍ਰਣਾਲੀ ਵਿੱਚ
ਪਾਉਣ ਅਤੇ ਉਹਨਾਂ ਦੀ ਮਾਤ ਭਾਸ਼ਾ ਦੇ ਵਿਕਾਸ ਵੱਲ ਧਿਆਨ ਨਾ ਦੇਣ ਦੇ ਨਤੀਜੇ
ਚੰਗੇ ਨਹੀਂ ਨਿਕਲਦੇ।" [Tucker, 1977:3].
ਘਾਨਾ ਵਿੱਚ ਹੋਈ ਇੱਕ ਖੋਜ ਬਾਰੇ ''ਬੋਕਾਮਲਾ ਅਤੇ ਤਲੂ [1977:45] ਦੱਸਦੇ
ਹਨ ਕਿ ਘਾਨਾ ਵਿੱਚ ਕੇਵਲ 5 ਫੀਸਦੀ ਬੱਚੇ ਸੈਕੰਡਰੀ ਸਕੂਲ ਵਿੱਚ ਅਤੇ ਜ਼ਾਇਰ
ਵਿੱਚ ਕੇਵਲ 30 ਫੀਸਦੀ ਬੱਚੇ ਪਹਿਲੀਆਂ ਚਾਰ ਜਮਾਤਾਂ ਪੂਰੀਆਂ ਕਰਦੇ ਹਨ। ਲੇਖਕ
ਇਸ ਦਾ ਕਾਰਣ ਸਿੱਖਿਆ ਦੀ ਭਾਸ਼ਾ 'ਤੇ ਮੁਹਾਰਤ ਨਾ ਕਰ ਪਾਉਣਾ ਦੱਸਦਾ ਹੈ।"
[Tucker, 1977:3].
''ਇਹ ਧਾਰਣਾ ਵੀ ਗਲਤ ਹੈ ਕਿ ਜੇ ਵਿਦਿਆਰਥੀ ਨੂੰ ਅੰਗਰੇਜ਼ੀ ਨਹੀਂ ਆਉਂਦੀ
ਤਾਂ ਉਹ ਵਿਗਿਆਨ ਅਤੇ ਗਣਿਤ ਦੇ ਵਿਸ਼ੇ ਨਹੀਂ ਸਿੱਖ ਸਕੇਗਾ, ਕਿਉਂਕਿ ਵਿਗਿਆਨ ਦੇ
ਸੰਕਲਪ ਕਿਸੇ ਇੱਕ ਭਾਸ਼ਾ ਜਾਂ ਸਭਿਆਚਾਰ ਨਾਲ ਬੱਝੇ ਹੋਏ ਨਹੀਂ ਹਨ। ਰੂਸੀ, ਜਰਮਨ
ਅਤੇ ਫਰਾਂਸੀਸੀ ਲੋਕ ਆਪਣੀਆਂ ਉੱਚੀਆਂ ਵਿਗਿਆਨਕ ਖੋਜਾਂ 'ਤੇ ਮਾਣ ਕਰਦੇ ਹਨ ਅਤੇ
ਉਹਨਾਂ ਨੇ ਇਹ ਖੋਜਾਂ ਅੰਗਰੇਜ਼ੀ ਭਾਸ਼ਾ ਤੋਂ ਬਗੈਰ ਕੀਤੀਆਂ ਹਨ। 2003 ਵਿੱਚ
ਗਣਿਤ ਅਤੇ ਵਿਗਿਆਨਕ ਅਧਿਐਨਾਂ ਦੇ ਰੁਝਾਨਾਂ ਵਿੱਚ ਚੋਟੀ 'ਤੇ ਰਹਿਣ ਵਾਲੇ ਪੰਜ
ਦੇਸ (ਸਿੰਗਾਪੁਰ, ਕੋਰੀਆ ਗਣਤੰਤਰ, ਹਾਂਗਕਾਂਗ, ਚੀਨੀ ਤਾਈਪੇਈ ਅਤੇ ਜਪਾਨ) ਉਹ
ਸਨ ਜਿੱਥੇ ਅੰਗਰੇਜ਼ੀ ਪਹਿਲੀ ਭਾਸ਼ਾ ਨਹੀਂ ਹੈ।'' [Ricardo Nolasco, 2009].
ਪੁਰਾਤਨ ਭਾਰਤ ਅਤੇ ਅਰਬ ਦੇਸ਼ਾਂ ਦੇ ਗਿਆਨ-ਵਿਗਿਆਨ ਵਿੱਚ ਝੰਡੇ ਝੂਲਦੇ ਸਨ।
ਅੰਗਰੇਜ਼ੀ ਉਦੋਂ ਹਾਲੇ ਜੰਮੀ ਵੀ ਨਹੀਂ ਸੀ।
ਇਵੇਂ ਹੀ ਨਾਰਵੇ ਦੀ ਗਲੋਬਲ ਮੋਨੀਟਰਿੰਗ ਰਿਪੋਰਟ [Benson, 2005] ਵਿੱਚ
ਬਿਆਨ ਕੀਤਾ ਗਿਆ ਹੈ:
''ਯੋਰੂਬਾ ਮਾਧਿਅਮ ਮੁੱਢਲੀ ਸਿੱਖਿਆ ਪ੍ਰਾਜੈਕਟ [Fofunwa, et. al,
1975, Akinnaso, 1993 ਅਤੇ ਹੋਰ ਹਵਾਲਿਆਂ ਲਈ Adegpiya 2003 ਵੇਖੋ] ਤੋਂ
ਪੂਰੀ ਤਰ੍ਹਾਂ ਸਾਬਤ ਹੋ ਗਿਆ ਕਿ ਮਾਤ ਭਾਸ਼ਾ ਮਾਧਿਅਮ ਵਿੱਚ ਪੂਰੇ ਛੇ ਸਾਲਾਂ ਦੀ
ਪੜ੍ਹਾਈ ਅਤੇ ਵਿਦੇਸ਼ੀ ਭਾਸ਼ਾ ਅੰਗਰੇਜ਼ੀ ਨੂੰ ਇੱਕ ਵਿਸ਼ੇ ਦੇ ਰੂਪ ਵਿੱਚ ਪੜ੍ਹਾਉਣਾ
ਕੇਵਲ ਮੁਮਕਿਨ ਹੀ ਨਹੀਂ ਸੀ ਬਲਕਿ ਇਸ ਨਾਲ ਪੂਰੀ ਪੜ੍ਹਾਈ ਅੰਗਰੇਜ਼ੀ ਮਾਧਿਅਮ
ਰਾਹੀਂ ਕਰਾਉਣ ਨਾਲੋਂ ਬਿਹਤਰ ਨਤੀਜੇ ਸਾਹਮਣੇ ਆਏ।''
''ਹੁਣੇ-ਹੁਣੇ ਦੀਆਂ ਖੋਜਾਂ ਵੀ ਇਹ ਸਾਬਤ ਕਰਦੀਆਂ ਹਨ ਅਤੇ ਮਾਤ ਭਾਸ਼ਾ
ਅਧਾਰਤ ਦੋ ਭਾਸ਼ਾਈ ਸਿੱਖਿਆ ਦੇ ਹਾਂ-ਪੱਖੀ ਪਹਿਲੂਆਂ ਨੂੰ ਸਾਹਮਣੇ ਲਿਆਉਣ ਵਿੱਚ
ਹੋਰ ਵੀ ਅੱਗੇ ਜਾਂਦੀਆਂ ਹਨ।'' [Benson, 2004]। (ਮਾਤ ਭਾਸ਼ਾ ਅਧਾਰਤ ਦੋ
ਭਾਸ਼ਾਈ ਸਿੱਖਿਆ ਦਾ ਅਰਥ ਹੈ ਕਿ ਮਾਤ ਭਾਸ਼ਾ ਮਾਧਿਅਮ ਵਿੱਚ ਸਿੱਖਿਆ ਹੋਵੇ ਅਤੇ
ਵਿਦੇਸ਼ੀ/ਦੂਜੀ ਭਾਸ਼ਾ ਇੱਕ ਵਿਸ਼ੇ ਦੇ ਰੂਪ ਵਿੱਚ ਪੜ੍ਹਾਈ ਜਾਵੇ)।
ਇੰਜ, ਅਸੀਂ ਵੇਖਦੇ ਹਾਂ ਕਿ ਪੂਰੀ ਦੁਨੀਆਂ ਵਿੱਚ ਇਹ ਬਾਰ-ਬਾਰ ਸਾਬਤ ਹੋ
ਚੁੱਕਾ ਹੈ ਕਿ ਸਿੱਖਿਆ ਵਿੱਚ ਜਿੰਨੀ ਸਫ਼ਲਤਾ ਮਾਤ ਭਾਸ਼ਾ ਮਾਧਿਅਮ ਨਾਲ ਹਾਸਲ ਹੋ
ਸਕਦੀ ਹੈ, ਓਨੀ ਸਫ਼ਲਤਾ ਵਿਦੇਸ਼ੀ ਭਾਸ਼ਾ ਮਾਧਿਅਮ ਰਾਹੀਂ ਨਹੀਂ ਹੋ ਸਕਦੀ। ਇਹ
ਕਹਿਣਾ ਗਲਤ ਨਹੀਂ ਹੈ ਕਿ ਸਿੱਖਿਆ ਦੀ ਸਫ਼ਲਤਾ ਸਿਰਫ ਤੇ ਸਿਰਫ ਮਾਤ ਭਾਸ਼ਾ
ਮਾਧਿਅਮ ਨਾਲ ਹੀ ਸੰਭਵ ਹੈ। ਹੇਠਲਾ ਕਥਨ ਇਹਦੇ ਕੁਝ ਕਾਰਣਾਂ ਨੂੰ ਸਾਹਮਣੇ
ਲਿਆਉਂਦਾ ਹੈ:
''ਬੱਚਾ ਆਪਣੀ ਗੱਲ ਆਪਣੀ ਮਾਤ ਭਾਸ਼ਾ ਵਿੱਚ ਅਸਾਨੀ ਨਾਲ ਕਹਿ ਸਕਦਾ ਹੈ,
ਕਿਉਂਕਿ ਇੰਜ ਉਸਨੂੰ ਗਲਤੀਆਂ ਕਰਨ ਦਾ ਡਰ ਨਹੀਂ ਹੁੰਦਾ। ਮਾਤ ਭਾਸ਼ਾ ਅਧਾਰਤ
ਸਿੱਖਿਆ ਵਿੱਚ ਵਿਦਿਆਰਥੀ ਸਰਗਰਮੀ ਨਾਲ ਹਿੱਸਾ ਲੈਂਦੇ ਹਨ ਕਿਉਂਕਿ ਜੋ ਉਹਨਾਂ
ਨੂੰ ਦੱਸਿਆ ਜਾ ਰਿਹਾ ਹੁੰਦਾ ਹੈ ਜਾਂ ਜੋ ਉਹਨਾਂ ਤੋਂ ਪੁੱਛਿਆ ਜਾ ਰਿਹਾ ਹੁੰਦਾ
ਹੈ ਉਸਨੂੰ ਉਹ ਸਮਝ ਰਹੇ ਹੁੰਦੇ ਹਨ। ਵਿਚਾਰਾਂ ਦੇ ਸਿਰਜਣ ਅਤੇ ਯਥਾਰਥ ਦੇ
ਵੇਰਵੇ ਲਈ, ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ, ਅਤੇ ਜੋ ਵਿਚਾਰ ਉਹਨਾਂ ਦੇ
ਦਿਮਾਗ ਦਾ ਹਿੱਸਾ ਹਨ ਉਹਨਾਂ ਵਿੱਚ ਨਵੇਂ ਵਿਚਾਰ ਸ਼ਾਮਲ ਕਰਨ ਲਈ ਉਹ ਮਾਤ ਭਾਸ਼ਾ
ਦੀ ਤੁਰੰਤ ਵਰਤੋਂ ਕਰ ਸਕਦੇ ਹਨ। ਮਾਤ ਭਾਸ਼ਾ ਅਧਾਰਤ ਸਿੱਖਿਆ ਅਧਿਆਪਕਾਂ ਦਾ
ਸ਼ਕਤੀਕਰਣ ਵੀ ਕਰਦੀ ਹੈ, ਖਾਸ ਤੌਰ 'ਤੇ ਜਦੋਂ ਉਹ ਸਥਾਨਕ ਭਾਸ਼ਾ ਵਿੱਚ
ਵਿਦੇਸ਼ੀ/ਦੂਜੀ ਭਾਸ਼ਾ ਨਾਲੋਂ ਵੱਧ ਮੁਹਾਰਤ ਰੱਖਦੇ ਹੋਣ, ਕਿਉਂਕਿ ਇੰਜ ਵਿਦਿਆਰਥੀ
ਆਪਣੇ ਆਪ ਨੂੰ ਬਿਹਤਰ ਪਰਗਟ ਕਰ ਸਕਦੇ ਹਨ ਅਤੇ ਅਧਿਆਪਕ ਵਧੇਰੇ ਠੀਕ ਢੰਗ ਨਾਲ
ਜਾਣ ਸਕਦੇ ਹਨ ਕਿ ਵਿਦਿਆਰਥੀ ਕੀ ਸਿੱਖ ਚੁੱਕੇ ਹਨ ਅਤੇ ਕਿਹੜੇ ਅਜਿਹੇ ਖੇਤਰ ਹਨ
ਜਿੱਥੇ ਵਿਦਿਆਰਥੀਆਂ ਨੂੰ ਵਧੇਰੇ ਸਹਾਇਤਾ ਦੀ ਲੋੜ ਹੈ। ਮਾਤ ਭਾਸ਼ਾ ਅਧਾਰਤ
ਸਿੱਖਿਆ ਲੋਕਾਂ ਦੇ ਸਾਂਝੇ ਗਿਆਨ ਨੂੰ ਸਕੂਲ ਪਰਣਾਲੀ ਨਾਲ ਜੋੜਨ ਲਈ ਅਧਾਰ ਤਿਆਰ
ਕਰਦੀ ਹੈ। ਮਾਤ ਭਾਸ਼ਾ ਅਧਾਰਤ ਸਿੱਖਿਆ ਵਿੱਚ ਇਹ ਵੀ ਸੰਭਵ ਹੁੰਦਾ ਹੈ ਕਿ ਕੋਈ
ਸਮੂਹ ਸਥਾਨਕ ਰਚਨਾਕਾਰਾਂ, ਸਭਿਆਚਾਰਕ ਜਥੇਬੰਦੀਆਂ ਅਤੇ ਦੂਜੇ ਸਬੰਧਤ ਲੋਕਾਂ
ਨਾਲ ਮਿਲ ਕੇ ਅਰਥ ਭਰਪੂਰ ਸਿੱਖਿਆ ਸਮੱਗਰੀ ਤਿਆਰ ਕਰ ਸਕਣ। ਮਾਤ ਭਾਸ਼ਾ ਅਧਾਰਤ
ਸਿੱਖਿਆ ਮਾਪਿਆਂ ਦਾ ਵੀ ਸ਼ਕਤੀਕਰਣ ਕਰਦੀ ਹੈ ਕਿਉਂਕਿ ਇੰਜ ਉਹ ਆਪਣੇ ਬੱਚੇ ਦੀ
ਸਿੱਖਿਆ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਦੇ ਹਨ, ਕਿਉਂਕਿ ਇੰਜ ਸਕੂਲ ਦੀ ਭਾਸ਼ਾ
ਅਤੇ ਸਮੂਹ ਦੀ ਭਾਸ਼ਾ ਇੱਕ ਹੀ ਹੁੰਦੀ ਹੈ। [Ricardo and Nolasco, 2009]
ਭਾਸ਼ਾ ਵਿਦਵਾਨਾਂ ਅਤੇ ਸਿੱਖਿਆ ਵਿਦਵਾਨਾਂ ਅਨੁਸਾਰ ਜੇ ਮਾਤ ਭਾਸ਼ਾ ਵਿੱਚ
ਸਿੱਖਿਆ ਨਹੀਂ ਹੁੰਦੀ ਤਾਂ ਬੱਚਾ ਆਪਣੇ ਕਈ ਸਾਲ ਭਾਸ਼ਾ ਸਿੱਖਣ ਵਿੱਚ ਹੀ ਬਰਬਾਦ
ਕਰ ਲੈਂਦਾ ਹੈ, ਕਿਉਂਕਿ ਇੰਜ ''ਵਿਦਿਆਰਥੀ ਅਤੇ ਅਧਿਆਪਕ ਦਾ ਧਿਆਨ ਭਾਸ਼ਾ ਤੇ ਹੀ
ਕੇਂਦਰਤ ਹੋਵੇਗਾ ਅਤੇ ਵਿਗਿਆਨ, ਗਣਿਤ ਅਤੇ ਸਾਖਰਤਾ ਤੇ ਨਹੀਂ ਜਾਏਗਾ।''
[Ricardo and Nolasco, 2009:11]
ਉੱਤੇ ਅਸੀਂ ਵੇਖਿਆ ਹੈ ਕਿ ਦੁਨੀਆਂ ਭਰ ਦੀ ਖੋਜ ਅਤੇ ਮਾਹਰ ਇਸ ਗੱਲ ਦਾ
ਪੱਕਾ ਸਬੂਤ ਪੇਸ਼ ਕਰਦੇ ਹਨ ਕਿ ਸਿੱਖਿਆ ਦੀ ਸਫ਼ਲਤਾ ਕੇਵਲ ਮਾਤ ਭਾਸ਼ਾ ਰਾਹੀਂ ਹੀ
ਸੰਭਵ ਹੈ। ਪਰ ਸਾਡੇ ਭਾਰਤ ਵਿੱਚ ਭਾਸ਼ਾ ਅਤੇ ਸਿੱਖਿਆ ਨੀਤੀਆਂ ਨੂੰ ਚਲਾਉਣ ਵਾਲੇ
ਅੱਖਾਂ ਤੇ ਅਗਿਆਨਤਾ ਦੀਆਂ ਪੱਟੀਆਂ ਬੰਨ੍ਹੀ ਅਤੇ ਕੰਨਾਂ ਵਿੱਚ ਅੰਗਰੇਜ਼ੀ ਰੂੰ
ਦੇ ਵੱਡੇ-ਵੱਡੇ ਗੋਲੇ ਫਸਾਈ ਅੰਗਰੇਜ਼ੀ-ਅੰਗਰੇਜ਼ੀ ਚੀਕਦੇ ਜਾ ਰਹੇ ਹਨ ਅਤੇ ਦੇਸ਼
ਦੀ ਸਿੱਖਿਆ, ਭਾਸ਼ਾਵਾਂ ਅਤੇ ਸਭਿਆਚਾਰ ਨੂੰ ਬਰਬਾਦੀ ਦੀ ਪਟੜੀ 'ਤੇ ਭਜਾਈ ਜਾ
ਰਹੇ ਹਨ। ਇਸ ਲੇਖ ਦਾ ਮਕਸਦ ਇਸ ਅਗਿਆਨਤਾ ਨੂੰ ਚੀਰਨਾ ਅਤੇ ਇਹਨਾਂ ਰੂੰ ਦਿਆਂ
ਗੋਲਿਆਂ ਨੂੰ ਕੱਢਣਾ ਹੀ ਹੈ।
ਅੰਤਰਰਾਸ਼ਟਰੀ ਖੋਜ ਅਤੇ ਮਾਹਿਰਾਂ ਦੇ ਜੋ ਸਿੱਟੇ ਹੇਠਾਂ ਦਿੱਤੇ ਜਾ ਰਹੇ ਹਨ
ਉਹ ਇਸ ਅਗਿਆਨਤਾ ਨੂੰ ਦੂਰ ਕਰਨ ਵਿੱਚ ਹੋਰ ਵੀ ਸਹਾਇੱਕ ਹੋਣਗੇ, ਅਜਿਹੀ ਮੈਨੂੰ
ਉਮੀਦ ਹੈ। ਇਹ ਸਿੱਟੇ ਦਰਸਾਉਂਦੇ ਹਨ ਕਿ ਮਾਤ ਭਾਸ਼ਾ ਮਾਧਿਅਮ ਕੇਵਲ ਸਿੱਖਿਆ
ਵਿੱਚ ਸਫ਼ਲਤਾ ਲਈ ਹੀ ਜ਼ਰੂਰੀ ਨਹੀਂ ਹੈ, ਬਲਕਿ ਵਿਦੇਸ਼ੀ ਭਾਸ਼ਾ ਸਿੱਖਣ ਲਈ ਵੀ ਮਾਤ
ਭਾਸ਼ਾ ਮਾਧਿਅਮ ਰਾਹੀਂ ਸਿੱਖਿਆ ਵਿਦੇਸ਼ੀ ਭਾਸ਼ਾ ਮਾਧਿਅਮ ਰਾਹੀਂ ਸਿੱਖਿਆ ਨਾਲੋਂ
ਵਧੇਰੇ ਸਹਾਇੱਕ ਹੁੰਦੀ ਹੈ।
3 ਵਿਦੇਸ਼ੀ ਭਾਸ਼ਾ ਦੀ ਪੜ੍ਹਾਈ ਅਤੇ ਮਾਤ ਭਾਸ਼ਾ ਮਾਧਿਅਮ
ਬਨਾਮ ਵਿਦੇਸ਼ੀ ਭਾਸ਼ਾ ਮਾਧਿਅਮ
ਯੂਨੈਸਕੋ ਦੀ ਟੂਕ ਨਾਲ ਸ਼ੁਰੂ ਕਰਨਾ ਹੀ ਠੀਕ ਹੋਵੇਗਾ।
3.1 ਵਿਦੇਸ਼ੀ ਭਾਸ਼ਾ ਸਿੱਖਣ ਬਾਰੇ ਤਿੰਨ ਵੱਡੇ
ਅੰਧਵਿਸ਼ਵਾਸ
''ਸਾਡੇ ਰਾਹ ਵਿੱਚ ਵੱਡੀ ਰੁਕਾਵਟ ਭਾਸ਼ਾ ਤੇ ਸਿੱਖਿਆ ਬਾਰੇ ਕੁਝ ਅੰਧਵਿਸ਼ਵਾਸ
ਹਨ ਅਤੇ ਲੋਕਾਂ ਦੀਆਂ ਅੱਖਾਂ ਖੋਲ੍ਹਣ ਲਈ ਇਹਨਾਂ ਅੰਧਵਿਸ਼ਵਾਸ ਦਾ ਭਾਂਡਾ ਭੰਨਣਾ
ਚਾਹੀਦਾ ਹੈ। ਅਜਿਹਾ ਹੀ ਇੱਕ ਅੰਧਵਿਸ਼ਵਾਸ ਇਹ ਹੈ ਕਿ ਦੂਜੀ (ਵਿਦੇਸ਼ੀ) ਭਾਸ਼ਾ
ਸਿੱਖਣ ਦਾ ਵਧੀਆ ਤਰੀਕਾ ਇਸ ਦੀ ਪੜ੍ਹਾਈ ਦੇ ਮਾਧਿਅਮ ਵੱਜੋਂ ਵਰਤੋਂ ਹੈ। (ਅਸਲ
ਵਿੱਚ, ਹੋਰ ਭਾਸ਼ਾ ਨੂੰ ਇੱਕ ਵਿਸ਼ੇ ਵੱਜੋਂ ਪੜ੍ਹਨਾ ਵਧੇਰੇ ਕਾਰਗਰ ਹੁੰਦਾ ਹੈ)।
ਦੂਜਾ ਅੰਧਵਿਸ਼ਵਾਸ ਇਹ ਹੈ ਕਿ, ਦੂਜੀ ਭਾਸ਼ਾ ਸਿੱਖਣ ਲਈ ਜਿੰਨਾ ਛੇਤੀ ਸ਼ੁਰੂ ਕੀਤਾ
ਜਾਏ ਓਨਾ ਚੰਗਾ ਹੈ। (ਛੇਤੀ ਸ਼ੁਰੂ ਕਰਨ ਨਾਲ ਲਹਿਜਾ ਤਾਂ ਬਿਹਤਰ ਹੋ ਸਕਦਾ ਹੈ
ਪਰ ਲਾਭ ਦੀ ਸਥਿਤੀ ਵਿੱਚ ਉਹ ਸਿੱਖਣ ਵਾਲਾ ਹੁੰਦਾ ਹੈ ਜੋ ਪਹਿਲੀ ਭਾਸ਼ਾ 'ਤੇ
ਚੰਗੀ ਮੁਹਾਰਤ ਹਾਸਲ ਕਰ ਚੁੱਕਿਆ ਹੋਵੇ)। ਤੀਜਾ ਅੰਧਵਿਸ਼ਵਾਸ ਇਹ ਹੈ ਕਿ ਮਾਤ
ਭਾਸ਼ਾ ਵਿਦੇਸ਼ੀ ਭਾਸ਼ਾ ਸਿੱਖਣ ਦੇ ਰਾਹ ਵਿੱਚ ਰੁਕਾਵਟ ਹੈ। (ਮਾਤ ਭਾਸ਼ਾ ਵਿੱਚ
ਮਜ਼ਬੂਤ ਨੀਂਹ ਨਾਲ ਵਿਦੇਸ਼ੀ ਭਾਸ਼ਾ ਬਿਹਤਰ ਸਿੱਖੀ ਜਾਂਦੀ ਹੈ)। ਸਪਸ਼ਟ ਹੈ ਕਿ ਇਹ
ਅੰਧਵਿਸ਼ਵਾਸ ਹਨ ਅਸਲੀਅਤ ਨਹੀਂ ਪਰ ਫਿਰ ਵੀ ਇਹ ਨੀਤੀਘਾੜਿਆਂ ਦੀ ਇਸ ਸੁਆਲ 'ਤੇ
ਅਗਵਾਈ ਕਰਦੇ ਹਨ ਕਿ ਭਾਰੂ ਭਾਸ਼ਾ ਕਿਵੇਂ ਸਿੱਖੀ ਜਾਵੇ।'' [UNESCO, 2008:12,
The Improvement in the Quality of Mother Tongue - Based Literacy
and Learning'. This study was funded by the World Bank and is
based on investigations from twelve countries from all of the
continents. The study includes India too). (ਸਾਡੇ ਪਰਸੰਗ ਵਿੱਚ ਭਾਰੂ
ਭਾਸ਼ਾ ਅੰਗਰੇਜ਼ੀ ਅਤੇ ਕਿਸੇ ਹੱਦ ਤੱਕ ਹਿੰਦੀ ਹੈ)]
ਜਿਸ ਅਧਿਐਨ ਵਿਚੋਂ ਉਤਲੀ ਟੂਕ ਲਈ ਗਈ ਹੈ ਉਹ ਸਾਰੇ ਮਹਾਂਦੀਪਾਂ 'ਚੋਂ ਲਏ
ਗਏ ਬਾਰਾਂ ਦੇਸ਼ਾਂ ਦੇ ਅਧਿਐਨ 'ਤੇ ਅਧਾਰਤ ਹੈ। ਇਹਨਾਂ ਦੇਸ਼ਾਂ ਵਿੱਚ ਭਾਰਤ ਵੀ
ਸ਼ਾਮਲ ਹੈ।
ਅਜਿਹਾ ਹੀ ਇੱਕ ਅਧਿਐਨ ਫਿਨਲੈਂਡ ਤੋਂ ਸਵੀਡਨ ਵਿੱਚ ਪਰਵਾਸ ਕਰਨ ਵਾਲੇ
ਬੱਚਿਆਂ 'ਤੇ ਅਧਾਰਤ ਹੈ। ਇਸ ਅਧਿਐਨ ਵਿੱਚ ਸਾਹਮਣੇ ਆਇਆ ਕਿ,
''ਕਈ ਸਾਲ ਫਿਨਲੈਂਡ ਵਿੱਚ ਸਕੂਲ ਜਾਣ ਕਰਕੇ ਲਗਭਗ ਸਮੁੱਚੇ ਰੂਪ ਵਿੱਚ
ਜਿੰਨੀ ਕਿਸੇ ਵਿਦਿਆਰਥੀ ਨੂੰ ਜ਼ਿਆਦਾ ਫਿਨੀਸ਼ੀ ਆਉਂਦੀ ਸੀ ਉਨੀ ਹੀ ਉਹ ਬਿਹਤਰ
ਸਵੀਡੀ ਸਿੱਖਦਾ ਸੀ। ਇੱਕੋ ਮਾਪਿਆਂ ਦੇ ਬੱਚਿਆਂ ਦੀ ਭਾਸ਼ਾਈ ਮੁਹਾਰਤ ਦੇ ਨਿਰੀਖਣ
ਤੋਂ ਪਤਾ ਲੱਗਾ ਕਿ ਜੋ ਬੱਚੇ 10 ਸਾਲ ਦੀ ਔਸਤ ਉਮਰ 'ਤੇ ਫਿਨਲੈਂਡ ਵਿੱਚੋਂ ਆਏ,
ਉਹਨਾਂ ਨੇ ਫਿਨੀਸ਼ੀ ਦਾ ਆਮ ਪੱਧਰ ਵੀ ਨਹੀਂ ਗੁਆਇਆ ਅਤੇ ਉਹਨਾਂ ਸਵੀਡੀ ਵਿੱਚ ਵੀ
ਸਵੀਡੀ ਬੱਚਿਆਂ ਦੇ ਬਰਾਬਰ ਦਾ ਭਾਸ਼ਾਈ ਪੱਧਰ ਹਾਸਲ ਕੀਤਾ। ਜੋ ਬੱਚੇ 6 ਸਾਲ ਤੋਂ
ਘੱਟ ਉਮਰ ਵਿੱਚ ਆਏ ਜਾਂ ਜੋ ਸਵੀਡਨ ਵਿੱਚ ਹੀ ਪੈਦਾ ਹੋਏ ਸਨ, ਉਹਨਾਂ ਦੇ ਨਤੀਜੇ
ਚੰਗੇ ਨਹੀਂ ਹਨ। ਉਹਨਾਂ ਦਾ ਸਵੀਡੀ ਭਾਸ਼ਾ ਵਿੱਚ ਵਿਕਾਸ ਲਗਭਗ 12 ਸਾਲ ਦੀ ਉਮਰ
'ਤੇ ਰੁਕ ਜਾਂਦਾ ਹੈ, ਕਿਉਂਕਿ ਸਪੱਸ਼ਟ ਹੈ ਕਿ ਉਹਨਾਂ ਦੀ ਮਾਤ ਭਾਸ਼ਾ ਵਿੱਚ ਨੀਂਹ
ਪੱਕੀ ਨਹੀਂ ਹੁੰਦੀ।" [Paulston, 1977:92-3].
ਸੋ, ਸਪਸ਼ਟ ਹੈ ਕਿ ਵਿਦੇਸ਼ੀ ਭਾਸ਼ਾ ਵੀ ਵਿਦੇਸ਼ੀ ਭਾਸ਼ਾ ਰਾਹੀਂ ਪੜ੍ਹਾਈ ਕਰਨ
ਨਾਲੋਂ ਮਾਤ ਭਾਸ਼ਾ ਮਾਧਿਅਮ ਰਾਹੀਂ ਪੜ੍ਹਾਈ ਕਰਨ ਨਾਲ ਬਿਹਤਰ ਆਉਂਦੀ ਹੈ। ਅਜਿਹਾ
ਕਿਉਂ ਹੁੰਦਾ ਹੈ, ਇਹ ਹੇਠਲੀ ਟੂਕ ਤੋਂ ਸਾਫ ਹੋ ਜਾਵੇਗਾ:
''ਬੁਜ਼ਕਮ (Butzkamm) ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਵਿਦੇਸ਼ੀ ਭਾਸ਼ਾ
ਸਿੱਖਣ ਅਤੇ ਸਿਖਾਉਣ ਵਿੱਚ ਮਾਤ ਭਾਸ਼ਾ ਦੇ ਸਰੋਤ ਦੇ ਰੂਪ ਵਿੱਚ ਪਾਏ ਜਾਣ ਵਾਲੇ
ਯੋਗਦਾਨ ਨੂੰ ਮੁੜ ਪਰਭਾਸ਼ਤ ਕਰਨ ਦੀ ਲੋੜ ਹੈ। ਬੱਚੇ ਜਿਵੇਂ-ਜਿਵੇਂ ਵੱਡੇ ਹੁੰਦੇ
ਹਨ,
1) ਉਹ ਯਥਾਰਥ ਨੂੰ ਸੰਕਲਪਣਾ ਸਿੱਖ ਚੁੱਕੇ ਹੁੰਦੇ ਹਨ;
2) ਉਹ ਵਿਚਾਰਾਂ ਦਾ ਅਦਾਨ-ਪਰਦਾਨ ਕਰਨਾ ਸਿੱਖ ਚੁੱਕੇ ਹਨ;
3) ਉਹ ਆਪਣੀ ਮਾਤ ਭਾਸ਼ਾ ਵਿੱਚ ਬੋਲਣਾ ਅਤੇ ਉਸਦੀ ਵਰਤੋਂ ਕਰਨਾ ਸਿੱਖ ਚੁੱਕੇ
ਹੁੰਦੇ ਹਨ;
4) ਉਹ ਵਿਆਕਰਣ ਦੀ ਸਮਝ ਸਹਿਜ ਰੂਪ ਵਿੱਚ ਹਾਸਲ ਕਰ ਚੁੱਕੇ ਹੁੰਦੇ ਹਨ ਅਤੇ
ਭਾਸ਼ਾ ਦੇ ਕਈ ਸੂਖਮ ਪੱਖਾਂ ਬਾਰੇ ਚੇਤੰਨ ਹੋ ਚੁੱਕੇ ਹੁੰਦੇ ਹਨ;
5) ਉਹ ਪੜ੍ਹਨ ਅਤੇ ਲਿਖਣ ਦੇ ਹੁਨਰ ਪ੍ਰਾਪਤ ਕਰ ਚੁੱਕੇ ਹਨ : ਮਾਤ ਭਾਸ਼ਾ ਏਸੇ
ਕਰਕੇ ਵਿਦੇਸ਼ੀ ਭਾਸ਼ਾ ਸਿੱਖਣ ਲਈ ਵੱਡੀ ਪੂੰਜੀ ਹੁੰਦੀ ਹੈ। ਇਸ ਨਾਲ ਭਾਸ਼ਾ
ਗ੍ਰਹਿਣ ਕਰਨ ਦੀ ਸਹਾਇੱਕ ਪਰਣਾਲੀ ਹਾਸਲ ਹੁੰਦੀ ਹੈ ਅਤੇ ਸਭ ਤੋਂ ਵੱਡੀ ਗੱਲ ਕਿ
ਇਸ ਨਾਲ ਪੜ੍ਹਾਈ ਸੰਭਵ ਹੁੰਦੀ ਹੈ।''
''ਸਫਲ ਸਿਖਿਆਰਥੀ ਮਾਤ ਭਾਸ਼ਾ ਦੇ ਰਾਹੀਂ ਹਾਸਲ ਭਾਸ਼ਾਈ ਹੁਨਰ ਅਤੇ ਯਥਾਰਥ
ਗਿਆਨ ਦੇ ਵੱਡੇ ਖਜ਼ਾਨੇ ਨੂੰ ਅਧਾਰ ਬਣਾਉਂਦੇ ਹਨ। ਵਿਸ਼ੇਸ਼ ਤੌਰ 'ਤੇ ਉਹਨਾਂ ਨੂੰ
ਯਥਾਰਥ ਨੂੰ ਨਵੀਂ ਭਾਸ਼ਾ ਵਿੱਚ ਨਵੇਂ ਸਿਰਿਓਂ ਸੰਕਲਪਣ ਦੀ ਲੋੜ ਨਹੀਂ ਹੁੰਦੀ।
ਉਹ ਪਹਿਲੀ ਭਾਸ਼ਾ ਗ੍ਰਹਿਣ ਕਰ ਚੁੱਕੇ ਹਨ ਅਤੇ ਇਹਦੇ ਨਾਲ ਹੀ ਗੱਲ-ਬਾਤ ਦੇ ਹੁਨਰ
ਅਤੇ ਵਿਹਾਰਕ ਗਿਆਨ ਹਾਸਲ ਕਰ ਚੁੱਕੇ ਹਨ। ਮਿਸਾਲ ਲਈ, ਬੇਨਤੀ, ਇੱਛਾ ਜਾਂ
ਚੇਤਾਵਨੀ ਦੇ ਭਾਵ ਆਮ ਤੌਰ 'ਤੇ ਸਧਾਰਣ ਕਿਸਮ ਦੇ ਵਾਕਾਂ ਰਾਹੀਂ ਪਰਗਟ ਨਹੀਂ
ਕੀਤੇ ਜਾਂਦੇ ਪਰ ਫਿਰ ਵੀ ਇਹ ਭਾਵ ਕਿਸੇ ਸਧਾਰਣ ਵਾਕ ਵਿੱਚ ਵੀ ਲੁੱਕੇ ਹੋ ਸਕਦੇ
ਹਨ ਅਤੇ ਪਹਿਲੀ ਭਾਸ਼ਾ ਦੀ ਰਾਹ ਰੋਸ਼ਨ ਕਰਨ ਦੀ ਸ਼ਕਤੀ ਇਸ ਗੱਲ ਤੇ ਨਿਰਭਰ ਨਹੀਂ
ਹੁੰਦੀ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਆਕਰਣਾਂ ਇਕੋ ਜਿਹੜੀਆਂ ਹੋਣ। ਇਹ ਇਸ ਗੱਲ
ਲਈ ਹੈ ਕਿ ਸਾਰੀਆਂ ਭਾਸ਼ਾਵਾਂ ਅਧਿਕਾਰ, ਗਿਣਤੀ, ਕਰਤਾ, ਸਾਧਨ, ਨਿਖੇਧ, ਕਾਰਣ,
ਸ਼ਰਤ, ਲੋੜ ਜਿਹੇ ਅਮੂਰਤ ਭਾਵਾਂ ਨੂੰ ਪਰਗਟ ਕਰਨ ਵਾਲੀਆਂ ਵਿਧੀਆਂ ਦਾ ਵਿਕਾਸ ਕਰ
ਚੁੱਕੀਆਂ ਹੁੰਦੀਆਂ ਹਨ, ਉਹ ਭਾਵੇਂ ਇਸ ਨੂੰ ਕਿਵੇਂ ਵੀ ਪੂਰਾ ਕਰਦੀਆਂ ਹੋਣ।
ਇੱਕ ਭਾਸ਼ਾ ਦੀ ਵਿਆਕਰਣ ਦੂਜੀ ਭਾਸ਼ਾ ਦੇ ਦਰਵਾਜੇ ਖੋਲ੍ਹਣ ਲਈ ਇਸ ਲਈ ਕਾਫ਼ੀ
ਹੁੰਦੀ ਹੈ ਕਿਉਂਕਿ ਸਾਰੀਆਂ ਭਾਸ਼ਾਵਾਂ ਦਾ ਸੰਕਲਪੀ ਅਧਾਰ ਇੱਕੋ ਜਿਹਾ ਹੈ।
ਡੂੰਘੇ ਅਰਥਾਂ ਵਿੱਚ ਅਸੀਂ ਭਾਸ਼ਾ ਇੱਕੋ ਵਾਰ ਹੀ ਸਿੱਖਦੇ ਹਾਂ''
[http://en.wikipedia.org/wiki/WolfgangButzkamm]।
ਉੱਤੇ ਹੁਣ ਤੱਕ ਬਿਆਨ ਕੀਤੇ ਤੱਥ ਭਾਰਤੀ ਨੀਤੀਕਾਰਾਂ ਦੀਆਂ ਅੱਖਾਂ ਤੋਂ
ਅੰਗਰੇਜ਼ੀ ਪੱਟੀਆਂ ਅਤੇ ਕੰਨਾਂ 'ਚੋਂ ਅੰਰਗੇਜ਼ੀ ਰੂੰ ਕੱਢਣ ਲਈ ਕਾਫ਼ੀ ਹੋਣੇ
ਚਾਹੀਦੇ ਹਨ, ਪਰ ਫਿਰ ਵੀ ਇੱਕ ਨਜ਼ਰ ਇਸ ਉੱਤੇ ਵੀ ਮਾਰ ਲੈਣੀ ਚਾਹੀਦੀ ਹੈ ਕਿ
ਬਾਕੀ ਦੁਨੀਆਂ ਵਿੱਚ ਕੀ ਵਿਹਾਰ ਹੋ ਰਿਹਾ ਹੈ।
ਅਸਲੀਅਤ ਇਹ ਹੈ ਕਿ ਜਿੱਥੇ ਕਿਤੇ ਵੀ ਅੰਗਰੇਜ਼ੀ ਵਿਦੇਸ਼ੀ ਭਾਸ਼ਾ ਹੈ ਅਤੇ ਇਸ
ਦੀ ਵਰਤੋਂ ਸਿੱਖਿਆ ਦੇ ਮਾਧਿਅਮ ਦੇ ਰੂਪ ਵਿੱਚ ਹੁੰਦੀ ਆਈ ਹੈ, ਉਥੇ ਵੀ ਜਾਂ
ਤਾਂ ਇਹ ਖਤਮ ਹੋ ਚੁੱਕੀ ਹੈ ਜਾਂ ਦਿਨੋ-ਦਿਨ ਘੱਟ ਹੁੰਦੀ ਜਾ ਰਹੀ ਹੈ। ਇਸਦੇ
ਸਬੂਤ ਵੱਜੋਂ ਕੁਝ ਕੁ ਮਿਸਾਲਾਂ ਹੀ ਕਾਫੀ ਹੋਣੀਆਂ ਚਾਹੀਦੀਆਂ ਹਨ।
ਯੂਗਾਂਡਾ ਨੇ 2007 ਵਿੱਚ ਤੈਅ ਕੀਤਾ ਸੀ ਕਿ ਮੁੱਢਲੀ ਸਿੱਖਿਆ ਦੇ ਪਹਿਲੇ
ਤਿੰਨ ਸਾਲ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਹੋਵੇ ਅਤੇ ਅੰਗਰੇਜ਼ੀ ਇੱਕ ਵਿਸ਼ੇ
ਵੱਜੋਂ ਪੜ੍ਹਾਈ ਜਾਵੇ। ਇਸ ਨਾਲ ਉਹਨਾਂ ਨੂੰ ਸਫ਼ਲਤਾ ਵੀ ਹਾਸਲ ਹੋਈ। 2008 ਵਿੱਚ
ਕੀਤੀ ਪੜਚੋਲ ਵਿੱਚ ਹੀ ਸਾਹਮਣੇ ਆ ਗਿਆ ਕਿ ਇਸ ਨਾਲ ਸਾਖਰਤਾ ਵਿੱਚ ਸੁਧਾਰ ਹੋਇਆ
ਹੈ।
ਇਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਯੂਗਾਂਡਾ ਵਿੱਚ 52 ਭਾਸ਼ਾ ਸਮੂਹ ਹਨ।
ਯੂਗਾਂਡਾ ਵਿੱਚਲੀ ਤਬਦੀਲੀ ਇਸ ਵਿਚਾਰ 'ਤੇ ਅਧਾਰਤ ਸੀ ਕਿ ਜੇ ਵਿਦਿਆਰਥੀ ਦੀ
ਮਾਤ ਭਾਸ਼ਾ ਵਿੱਚ ਨੀਂਹ ਰੱਖੀ ਜਾ ਚੁੱਕੀ ਹੋਵੇ ਤਾਂ ਉਹ ਵਿਦੇਸ਼ੀ ਭਾਸ਼ਾ ਅਸਾਨੀ
ਨਾਲ ਸਿੱਖਦਾ ਹੈ। ਨਵੀਂ ਨੀਤੀ ਤੋਂ ਪਹਿਲਾਂ ਯੂਗਾਂਡਾ ਵਿੱਚ ਸਕੂਲੀ ਸਿੱਖਿਆ
ਅਰੰਭ ਤੋਂ ਹੀ ਅੰਗਰੇਜ਼ੀ ਮਾਧਿਅਮ ਰਾਹੀਂ ਹੁੰਦੀ ਸੀ। [ਇਹਨਾਂ ਤੱਥਾਂ ਲਈ ਵੇਖੋ
Kavuma, 2009]
ਮਲੇਸ਼ੀਆ ਨੇ 2009 ਵਿੱਚ ਤੈਅ ਕੀਤਾ ਕਿ ਗਣਿਤ ਅਤੇ ਵਿਗਿਆਨ ਰਾਸ਼ਟਰੀ ਸਕੂਲਾਂ
ਵਿੱਚ ਭਾਸ਼ਾ ਮਲੇਸ਼ੀਆ ਵਿੱਚ ਅਤੇ ਸਥਾਨਕ ਸਕੂਲਾਂ ਵਿੱਚ ਚੀਨੀ ਅਤੇ ਤਮਿਲ ਵਿੱਚ
ਪੜ੍ਹਾਏ ਜਾਣ।
ਭਾਰਤ ਦੇ ਨੀਤੀਕਾਰਾਂ ਦੀ ਅਗਿਆਨਤਾ 'ਤੇ ਇਸ ਤੋਂ ਵੱਡੀ ਕੀ ਟਿੱਪਣੀ ਹੋ
ਸਕਦੀ ਹੈ ਕਿ ਮਲੇਸ਼ੀਆ ਤਾਂ ਤਮਿਲ ਭਾਸ਼ੀਆਂ ਨੂੰ ਵਿਗਿਆਨ ਤਮਿਲ ਵਿੱਚ ਪੜ੍ਹਾਉਣਾ
ਠੀਕ ਸਮਝਦਾ ਹੈ ਪਰ ਭਾਰਤ ਵਿੱਚ ਇਹ ਇੱਕ ਅਪਰਾਧ ਵਰਗਾ ਹੈ। ਇੱਕ ਅਖਾਣ ਹੈ
'ਅਕਲਾਂ ਬਾਝੋਂ ਖੂਹ ਖਾਲੀ'। ਖੂਹਾਂ ਦੀ ਗੱਲ ਤਾਂ ਇੱਕ ਪਾਸੇ, ਪਰ ਭਾਰਤੀ
ਅੰਗਰੇਜ਼ੀ ਰੋਗੀਆਂ ਦੇ ਦਿਮਾਗ ਜ਼ਰੂਰ ਖਾਲੀ ਹੋ ਚੁੱਕੇ ਹਨ। ਖੈਰ, ਕੁਝ ਮਿਸਾਲਾਂ
ਹੋਰ ਦੇਣੀਆਂ ਮਾੜੀ ਗੱਲ ਨਹੀਂ ਹੋਵੇਗੀ।
''ਪਿਛਲੇ ਕੁਝ ਸਾਲਾਂ ਤੋਂ ਇੰਗਲੈਂਡ ਅਤੇ ਨਿਊਜੀਲੈਂਡ ਆਪਣੀਆਂ ਮੂਲਵਾਸੀ
ਘੱਟ ਗਿਣਤੀਆਂ ਦੀਆਂ ਭਾਸ਼ਾਵਾਂ ਵੱਲ ਹੋਰ ਵੀ ਵਧੇਰੇ ਧਿਆਨ ਦੇ ਰਹੇ ਹਨ।
....ਮਾਓਰੀ ਭਾਸ਼ਾ ਅਤੇ ਸਭਿਆਚਾਰ ਦੇ ਬਾਰੇ ਨਿਊਜੀਲੈਂਡ ਦੇ ਨੇੜਲੇ ਭਵਿੱਖ ਨੂੰ
ਸ. ਮੇਅ ਨੇ ਆਸਵੰਦ ਨਜਰੀਏ ਨਾਲ ਪੇਸ਼ ਕੀਤਾ ਹੈ। ...ਨਵੇਂ ਮਾਓਰੀ ਮਾਧਿਅਮ
ਸਕੂਲਾਂ ਦਾ ਮੁਲਾਂਕਣ ਦਰਸਾਉਂਦਾ ਹੈ ਕਿ ਇਹਨਾਂ ਬੱਚਿਆਂ ਦਾ ਸਿੱਖਿਆਵੀ ਵਿਕਾਸ
ਮੁੱਖ ਧਾਰਾ ਵਾਲੇ ਬੱਚਿਆਂ ਦੇ ਬਰਾਬਰ ਹੈ, ਬਲਕਿ ਇਸ ਨਾਲ ਉਹਨਾਂ ਨੂੰ ਦੋਭਾਸ਼ੀ
ਹੋਣ ਦਾ ਲਾਭ ਵੀ ਹੈ। ਹਾਂਗਕਾਂਗ ਵਿੱਚ ਪੂੰਤੋਘੂਆਂ ਭਾਸ਼ਾ ਦੀ ਵਰਤੋਂ
ਦਿਨ-ਬ-ਦਿਨ ਵੱਧ ਰਹੀ ਹੈ। ...ਮਲੇਸ਼ੀਆ ਨੇ ਵੀ ਭਾਸ਼ਾ ਮਲੇਸ਼ੀਆ ਨੂੰ ਰਾਜ ਭਾਸ਼ਾ
ਸਕੂਲਾਂ ਅਤੇ ਵਿਸ਼ਵਵਿਦਿਆਲਿਆਂ ਵਿੱਚ ਸਿੱਖਿਆ ਦਾ ਮਾਧਿਅਮ ਬਣਾ ਦਿੱਤਾ ਹੈ
[S.Kaur Gill, pp.135-152)" (Ammon, 2009)]
ਇੰਜ ਸਾਫ ਹੈ ਕਿ ਅੰਗਰੇਜ਼ੀ ਰੋਗ ਨਾਲ ਪਹਿਲੇ ਸਾਰੇ ਗ੍ਰਸੇ ਰਾਸ਼ਟਰ ਇਹਨੂੰ
ਬਾਏ-ਬਾਏ ਕਹਿੰਦੇ ਜਾ ਰਹੇ ਹਨ। ਵਜ੍ਹਾ ਇਹ ਲੱਗਦੀ ਹੈ ਕਿ ਕੋਈ ਵੀ ਦੇਸ
ਭਾਰਤੀਆਂ ਵਾਂਗ ਅਗਿਆਨਤਾ-ਮਿੱਤਰ ਨਹੀਂ ਬਣਿਆ ਰਹਿਣਾ ਚਾਹੁੰਦਾ।
ਪਰ ਇਹ ਸੋਚਣ ਵਾਲੀ ਗੱਲ ਹੈ ਕਿ ਭਾਰਤ ਵਿੱਚ ਅਜਿਹਾ ਕਿਉਂ ਹੈ। ਇਸਦਾ ਅਸਲ
ਕਾਰਣ ਤਾਂ ਆਧੁਨਿਕ ਵਰਣ-ਪ੍ਰਥਾ ਹੈ ਜੋ ਅੰਗਰੇਜ਼ੀ ਨੂੰ ਹਥਿਆਰ ਬਣਾ ਕੇ ਸਾਰੇ
ਲਾਭ ਹਜਮ ਕਰਨਾ ਚਾਹੁੰਦੀ ਹੈ। ਪਰ ਓਹਨਾਂ ਵਿਚਾਰਕ ਅਧਾਰਾਂ ਨੂੰ ਮਲੀਆਮੇਟ ਕਰਨਾ
ਜ਼ਰੂਰੀ ਹੈ ਜਿਹਨਾਂ ਦਾ ਇਹ ਅੰਗਰੇਜ਼ੀ ਮਨੁਵਾਦ ਸਹਾਰਾ ਲੈਂਦਾ ਹੈ। ਇਹ ਅਧਾਰ ਕੁਝ
ਅੰਧਵਿਸ਼ਵਾਸ ਹਨ ਜਿਹਨਾਂ ਦਾ ਚੰਗਾ ਵਰਣਨ ਸਟਾੱਕਹੋਮ ਯੂਨੀਵਰਸਿਟੀ (ਸਵੀਡਨ) ਦੀ
2005 ਵਿੱਚ ਜਾਰੀ ਰਿਪੋਰਟ ਵਿੱਚ ਮਿਲਦਾ ਹੈ (ਵੇਖੋ Benson, 2005)। ਇਹਨਾਂ
ਵਿਚੋਂ ਕੁਝ ਅੰਧਵਿਸ਼ਵਾਸਾਂ ਦਾ ਬਿਓਰਾ ਹੇਠਾਂ ਦਿੱਤਾ ਜਾ ਰਿਹਾ ਹੈ।
3.2 ਭਾਸ਼ਾ ਸਬੰਧੀ ਕੁਝ ਹੋਰ ਅੰਧ ਵਿਸ਼ਵਾਸ
3.2.1 ਇੱਕ ਰਾਸ਼ਟਰ - ਇੱਕ ਭਾਸ਼ਾ ਅੰਧ-ਵਿਸ਼ਵਾਸ
''ਇੱਕ ਰਾਸ਼ਟਰ - ਇੱਕ ਭਾਸ਼ਾ ਅੰਧ-ਵਿਸ਼ਵਾਸ ਇਸ ਉਪਨਿਵੇਸ਼ੀ ਸੰਕਲਪ ਨੇ ਕਿ
ਕਿਸੇ ਰਾਸ਼ਟਰ-ਰਾਜ ਨੂੰ ਇੱਕ ਸਾਂਝੀ ਭਾਸ਼ਾ ਦੀ ਲੋੜ ਹੁੰਦੀ ਹੈ, ਦੁਨੀਆਂ ਦੇ ਕਈ
ਹਿੱਸਿਆਂ ਵਿੱਚ ਨੀਤੀ ਘਾੜਿਆਂ ਨੂੰ ਪ੍ਰਭਾਵਿਤ ਕੀਤਾ ਹੈ। ਪਰ ਨਾ ਤਾਂ ਇੱਕ
ਨਿਰਪੱਖ ਵਿਦੇਸ਼ੀ ਭਾਸ਼ਾ ਥੋਪਣ ਨਾਲ ਕਿਧਰੇ ਏਕਤਾ ਪੈਦਾ ਹੋਈ ਹੈ ਅਤੇ ਨਾ ਹੀ
ਸੋਮਾਲੀਆ, ਬਰੂੰਦੀ, ਰਵਾਂਡਾ ਜਿਹੇ ਮੁਕਾਬਲਤਨ ਇੱਕ ਭਾਸ਼ਾਈ ਦੇਸਾਂ ਵਿੱਚ
ਸਥਿਰਤਾ ਪੱਕੀ ਹੋਈ ਹੈ। ਅਸਲ ਵਿੱਚ, ਬੰਗਲਾਦੇਸ਼, ਪਾਕਿਸਤਾਨ, ਮਿਆਂਮਾਰ ਅਤੇ
ਸ੍ਰੀਲੰਕਾ ਜਿਹੇ ਦੇਸਾਂ ਵਿੱਚ ਨਸਲੀ-ਭਾਸ਼ਾਈ ਵਖਰੇਵੇਂ ਨੂੰ ਸਰਕਾਰ ਵੱਲੋਂ
ਸਵੀਕਾਰ ਕਰਨ ਦੀ ਅਸਫਲਤਾ ਹੀ ਅਸਥਿਰਤਾ ਦਾ ਵੱਡਾ ਕਾਰਣ ਬਣਿਆ ਹੈ।" [Ouane,
2003]
3.2.2 ਸਥਾਨਕ ਭਾਸ਼ਾਵਾਂ ਆਧੁਨਿਕ ਸੰਕਲਪਾਂ ਦੇ ਸੰਚਾਰ ਲਈ ਸਮਰੱਥ ਨਹੀਂ
“ਇਹ ਅੰਧ-ਵਿਸ਼ਵਾਸ ਕਿ ਸਥਾਨਕ ਭਾਸ਼ਾਵਾਂ ਆਧੁਨਿਕ ਸੰਕਲਪਾਂ ਦੇ ਸੰਚਾਰ ਲਈ
ਸਮਰੱਥ ਨਹੀਂ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਯੂਰਪੀ ਭਾਸ਼ਾਵਾਂ ਦੀ ਜਨਮਜਾਤ
ਸਮਰੱਥਾ ਇੱਕ ਦੂਜਾ ਉਪਨਿਵੇਸ਼ੀ ਸੰਕਲਪ ਹੈ। ਪਰ ਦੁਨੀਆਂ ਦੀ ਹਰ ਭਾਸ਼ਾ ਇਸ ਦੇ
ਬੁਲਾਰਿਆਂ ਦੇ ਵਿਚਾਰ ਪਰਗਟ ਕਰਨ ਦੇ ਸਮਰੱਥ ਹੈ ਅਤੇ ਲੋੜ ਪੈਣ 'ਤੇ ਨਵੀਂ
ਤਕਨੀਕੀ ਸ਼ਬਦਾਵਲੀ ਅਤੇ ਬਣਤਰਾਂ ਦਾ ਵਿਕਾਸ ਕਰਨ ਦੇ ਸਮਰੱਥ ਹੈ। ਇਸ ਗੱਲ ਦਾ
ਸਬੂਤ ਇੱਕ ਵਾਰ ਲੇਓਪੋਲਡ ਸੇਂਘਰ ਨੇ ਆਈਨਸਟਾਈਨ ਦੇ ਸਪੇਖਤਾ ਦੇ ਸਿਧਾਂਤ ਦਾ
ਸੇਨੇਗਲ ਦੀ ਭਾਸ਼ਾ ਵੋਲੋਫ ਵਿੱਚ ਅਨੁਵਾਦ ਕਰ ਕੇ ਦਿੱਤਾ। ਅਸਲ ਫ਼ਰਕ ਇਹ ਹੈ ਕਿ
ਲਿਖਤ ਅਤੇ ਪ੍ਰਕਾਸ਼ਨਾ ਰਾਹੀਂ ਬੌਧਿਕਤਾ ਅਤੇ ਵਿਕਾਸ ਵਾਸਤੇ ਇਤਿਹਾਸਕ ਤੌਰ 'ਤੇ
ਇੱਕ ਭਾਸ਼ਾ ਦੀ ਚੋਣ ਕੀਤੀ ਗਈ ਹੈ।" [Alexandu, 2003].
ਜਿਵੇਂ ਕਿ ਉਤਲੇ ਕਥਨ ਤੋਂ ਸਾਫ ਹੁੰਦਾ ਹੈ, ਹਰ ਭਾਸ਼ਾ ਵਿੱਚ ਕਿਸੇ ਵੀ
ਸੰਕਲਪ ਨੂੰ ਪਰਗਟਾਉਣ ਦੀ ਸਮਰੱਥਾ ਹੁੰਦੀ ਹੈ। ਪਰ ਇਸ ਮਾਮਲੇ ਬਾਰੇ ਅਗਿਆਨਤਾ
ਦਾ ਏਨਾ ਪਸਾਰ ਹੈ ਕਿ ਕੁਝ ਵਿਸਤਾਰ ਵਿੱਚ ਜਾਣਾ ਜ਼ਰੂਰੀ ਹੈ।
ਵਾਕ ਬਣਤਰ ਦੇ ਅਧਾਰ 'ਤੇ ਇਹ ਬਿਲਕੁਲ ਨਹੀਂ ਕਿਹਾ ਜਾ ਸਕਦਾ ਕਿ ਕੋਈ ਭਾਸ਼ਾ
ਵਧੇਰੇ ਸਮਰੱਥ ਹੈ ਅਤੇ ਕੋਈ ਘੱਟ। ਹਰ ਭਾਸ਼ਾ ਦੀ ਵਾਕ ਬਣਤਰ ਥੋੜੇ-ਬਹੁਤ ਬਣਤਰੀ
ਫਰਕਾਂ ਨਾਲ ਇੱਕੋ ਜਿਹੀ ਹੈ। ਕੋਈ ਦੋ ਭਾਸ਼ਾਵਾਂ ਦਾ ਵਿਆਕਰਣ ਲੈ ਕੇ ਕੁਝ ਕੁ
ਪੰਨੇ ਪੜ੍ਹਨ ਨਾਲ ਹੀ ਇਹ ਸਾਫ ਹੋ ਜਾਂਦਾ ਹੈ। ਜਿਹੜੀਆਂ ਭਾਸ਼ਾਵਾਂ ਦਾ ਕੋਈ
ਵਿਆਕਰਣ ਨਹੀਂ ਵੀ ਲਿਖਿਆ ਗਿਆ ਉਹਨਾਂ ਦੀ ਵਾਕ ਬਣਤਰ ਵੀ ਓਨੀ ਹੀ ਅਮੀਰ ਹੁੰਦੀ
ਹੈ ਜਿੰਨੀ ਲਿਖਤੀ ਵਿਆਕਰਣ ਵਾਲੀਆਂ ਭਾਸ਼ਾਵਾਂ ਦੀ। ਮੁਸੀਬਤ ਖੜੀ ਕਰਨ ਵਾਲੀ ਗੱਲ
ਸ਼ਬਦਾਵਲੀ ਹੈ।
ਅਕਸਰ ਸੁਣਿਆ ਜਾਂਦਾ ਹੈ ਕਿ ਸਾਡੀਆਂ ਭਾਸ਼ਾਵਾਂ ਕੋਲ ਵਿਗਿਆਨ ਅਤੇ ਤਕਨੀਕ ਜਿਹੇ
ਵਿਸ਼ਿਆਂ ਦੀ ਸਿੱਖਿਆ ਲਈ ਸ਼ਬਦ ਨਹੀਂ ਹਨ। ਪਰ ਇਹ ਸਮਝ ਸੌ ਫੀਸਦੀ ਅਗਿਆਨਤਾ 'ਤੇ
ਅਧਾਰਤ ਹੈ।
ਅਸਲ ਵਿੱਚ ਹਰ ਭਾਸ਼ਾ ਦੀ ਸ਼ਬਦ ਸਮਰੱਥਾ ਇਕੋ ਜਿਹੀ ਹੁੰਦੀ ਹੈ, ਕਿਉਂਕਿ ਕਿਸੇ
ਵੀ ਭਾਸ਼ਾ ਦੀ ਸਾਰੀ ਸ਼ਬਦਾਵਲੀ ਕੁਝ ਮੂਲ ਤੱਤਾਂ ਤੋਂ ਘੜੀ ਜਾਂਦੀ ਹੈ ਅਤੇ ਇਹਨਾਂ
ਮੂਲ ਤੱਤਾਂ ਦੇ ਪੱਖ ਤੋਂ ਭਾਸ਼ਾਵਾਂ ਵਿੱਚ ਕੋਈ ਅੰਤਰ ਨਹੀਂ ਹੈ। ਮਿਸਾਲ ਲਈ
ਹੇਠਲੇ ਅੰਗਰੇਜ਼ੀ ਸ਼ਬਦਾਂ ਨੂੰ ਵੇਖਿਆ ਜਾ ਸਕਦਾ ਹੈ:
|