ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਸਰਗਰਮੀਆਂ

 

ਕਾਨਫਰੰਸ ਪਰਚੇ

ਪੰਜਾਬੀ ਭਾਸ਼ਾ ਅਤੇ ਇਸ ਦੇ ਭਵਿੱਖ ਬਾਰੇ ਪਹਿਲਾ ਅੰਤਰਰਾਸ਼ਟਰੀ ਸੰਮੇਲਨ ਅਤੇ ਵਿਚਾਰ ਗੋਸ਼ਟੀ
ਆਧੁਨਿਕ ਵਿਗਿਆਨਕ ਯੁਗ ਵਿਚ ਪੰਜਾਬੀ ਭਾਸ਼ਾ ਦਾ ਸਥਾਨ
ਰਾਇਲ ਲਮਿੰਗਟਨ ਸਪਾ, ਯੂ: ਕੇ: ਵਿਖੇ, 10 -11 ਅਗਸਤ, 2013


ਬਰਤਾਨਵੀ ਸਕੂਲਾਂ, ਲਾਇਬਰੇਰੀਆਂ ਅਤੇ ਪ੍ਰਸਾਰਣ ਮਾਧਿਅਮ
ਵਿਚ ਪੰਜਾਬੀ ਭਾਸ਼ਾ ਦਾ ਭਵਿੱਖ਼
ਡਾ.ਸਾਥੀ ਲੁਧਿਆਣਵੀ ਲੰਡਨ

ਕੁਝ ਲੋਕ ਕਹਿ ਦਿੰਦੇ ਹਨ ਕਿ ਬਰਤਾਨੀਆਂ ਵਿਚ ਪੰਜਾਬੀ ਭਾਸ਼ਾ ਦਾ ਭਵਿੱਖ ਖ਼ਤਰੇ ਵਿਚ ਹੈ। ਇਹ ਓਸ ਵੇਲੇ ਕਿਹਾ ਜਾ ਰਿਹਾ ਹੈ ਜਦੋਂ ਕਿ ਹਰ ਕੋਈ ਸੋਚਦਾ ਹੈ ਕਿ ਪੰਜਾਬੀ ਭਾਸ਼ਾ ਦਾ ਕੁਝ ਲੋਕਲ ਕੌਂਸਲਾਂ ਵਿਚ ਯਥਾਯੋਗ ਬੋਲਬਾਲਾ ਹੈ । ਕਈਆਂ ਕੌਂਸਲਾਂ ਦੇ ਸਕੂਲਾਂ ਵਿਚ ਪੰਜਾਬੀ ਜ਼ਬਾਨ ਪੜ੍ਹਾਈ ਵੀ ਜਾਣ ਲੱਗ ਪਈ ਹੈ। ਕਈਆਂ ਕੌਂਸਲਾਂ ਵਿਚ ਸਾਡੇ ਪੰਜਾਬੀ ਭਾਈਚਾਰੇ ਚੋਂ ਪੰਜਾਬੀ ਕੌਂਸਲਰ ਵੀ ਚੁਣੇ ਗਏ ਹੋਏ ਹਨ। ਪਰੰਤੂ ਨਿਰਾਸਤਾ ਦਿਖ਼ਾਉਣ ਵਾਲ਼ੇ ਲੋਕ ਕਹਿੰਦੇ ਹਨ ਕਿ ਇਸ ਦੇ ਭਵਿੱਖ਼ ਨੂੰ ਖ਼ਤਰੇ ਵਿਚ ਪਾਉਣ ਵਾਲਿਆਂ ਵਿਚ ਅੰਗਰੇਜ਼ਾਂ ਦਾ ਨਹੀਂ ਬਲਕਿ ਸਾਡੇ ਹੀ ਲੋਕਾਂ ਦਾ ਹੱਥ ਹੁੰਦਾ ਹੈ। ਬਰਤਾਨੀਆਂ ਵਿਚ ਪੰਜਾਬੀ ਜ਼ਬਾਨ ਦੀ ਪ੍ਰਗਤੀ ਲਈ ਸੁਹਿਰਦ, ਨਿਰਲੇਪ ਅਤੇ ਇੰਡੀਅਨ ਸਟਾਈਲ ਪੌਲਿਟਕਿਸ ਤੋਂ ਮੁਕਤ ਲੋਕਾਂ ਨੂੰ ਯਤਨਸ਼ੀਲ ਹੋਣ ਦੀ ਜ਼ਰੂਰਤ ਹੈ। ਸੋ ਆਓ ਵਿਦਿਅਕ ਆਦਾਰਿਆਂ, ਪ੍ਰਸਾਰਣ ਮਾਧਿਅਮ, ਵੈਬ ਸਾਈਟਸ, ਫ਼ੇਸਬੁੱਕ, ਇੰਟਰਨੈਟ, ਰੇਡੀਓ, ਟੀ ਵੀ, ਪੰਜਾਬੀ ਵਿਚ ਗਾਏ ਜਾ ਰਹੇ ਅਜੋਕੇ ਗਾਣਿਆਂ ਅਤੇ ਫ਼ਿਲਮਾਂ ਆਦਿ ਉੱਤੇ ਨਜ਼ਰ ਮਾਰੀਏ।

ਬਰਤਾਨਵੀ ਸਰਕਾਰ ਇਸ ਗੱਲ ਵਾਸਤੇ ਬਚਨਬੱਧ ਹੈ ਕਿ ਉਹ ਪਰਵਾਸੀਆਂ ਦੀਆਂ ਜ਼ਬਾਨਾਂ ਦਾ ਸਤਿਕਾਰ ਕਰੇ। ਇਹ ਮਲਟੀਕਲਚਰਲ ਸੋਸਾਇਟੀ ਦਾ ਇਕ ਹਿੱਸਾ ਹੈ। ਇਸ ਕੰਮ ਵਾਸਤੇ ਉਹ ਲਾਇਬਰੇਰੀਆਂ ਵਿਚ ਹੋਰਨਾਂ ਭਾਸ਼ਾਵਾਂ ਦੇ ਨਾਲ਼ ਨਾਲ਼ ਪੰਜਾਬੀ ਦੀਆਂ ਕਿਤਾਬਾਂ ਰੱਖ਼ਣ ਲਈ ਵੀ ਫ਼ੰਡ ਦਿੰਦੀ ਹੈ। ਸਕੂਲਾਂ ਵਿਚ ਪੰਜਾਬੀ ਪੜ੍ਹਾਈ ਜਾ ਸਕਦੀ ਹੈ ਬਿਸ਼ਰਤਾ ਕਿ ਵਿਦਿਆਰਥੀਆਂ ਦੀ ਗਿਣਤੀ ਇਸ ਕੰਮ ਵਾਸਤੇ ਖ਼ਰਚੇ ਜਾਂਦੇ ਪੈਸਿਆਂ ਨੂੰ ਜਸਟੀਫ਼ਾਈ ਕਰਦੀ ਹੋਵੇ। ਅਗਰ ਕਿਸੇ ਭਾਸ਼ਾ ਨੂੰ ਪੜ੍ਹਨ ਲਈ ਕਾਫ਼ੀ ਵਿਦਿਆਰਥੀ ਹੀ ਨਾ ਹੋਣ ਤਾਂ ਟੈਕਸ ਪੇਅਰਜ਼ ਭਾਵ ਟੈਸ ਅਦਾਅ ਕਰਨ ਵਾਲ਼ੇ ਲੋਕ ਕਿਉਂ ਖ਼ਾਹ ਮਖ਼ਾਹ ਦਾ ਖ਼ਰਚਾ ਝੱਲਣ? ਬਹੁਤ ਸਾਰੀਆਂ ਕੌਂਸਲਾਂ ਨੇ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰਵਾਈਆਂ ਵੀ ਪਰ ਉਹ ਉਦੋਂ ਬੰਦ ਕਰਵਾ ਦਿੱਤੀਆਂ ਗਈਆਂ ਜਦੋਂ ਵਿਦਿਆਰਥੀਆਂ ਦੀ ਗਿਣਤੀ ਏਸ ਹੱਦ ਤੀਕ ਘਟ ਗਈ ਕਿ ਪੰਜਾਬੀ ਪੜ੍ਹਾਉਣ ਵਾਲ਼ੇ ਅਧਿਆਪਕਾਂ ਦੀਆਂ ਤਨਖ਼ਾਹਾਂ ਵੀ ਜਸਟੀਫ਼ਾਈ ਨਹੀਂ ਸੀ ਹੋ ਰਹੀਆਂ। ਪੰਜਾਬੀ ਪੜ੍ਹਦੇ ਪੜ੍ਹਦੇ ਇਨ੍ਹਾਂ ਕਲਾਸਾਂ ਨੂੰ ਅਟੈਂਡ ਕਰਨੋਂ ਇਨਕਾਰੀ ਹੋ ਗਏ ਵਿਦਿਆਰਥੀਆਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਖ਼ਿਆ ਕਿ ਸਾਨੂੰ ਇਹ ਸਭ ਕੁਝ ਬੋਰਿੰਗ ਲਗਦਾ ਹੈ ਤੇ ਕਈ ਵੇਰ ਸਾਨੂੰ ਅਧਿਆਪਕ ਦੀਆਂ ਗੱਲਾਂ ਵੀ ਸਮਝ ਨਹੀਂ ਆਉਂਦੀਆਂ ਤੇ ਕਿਤਾਬਾਂ ਵਿਚ ਲਿਖ਼ੇ ਹੋਏ ਸ਼ਬਦਾਂ ਦੇ ਅਰਥ ਵੀ ਸਮਝ ਨਹੀਂ ਆਉਂਦੇ। ਕਈਆਂ ਕਿਤਾਬਾਂ ਵਿਚ ਬਿਆਨ ਕੀਤੀਆਂ ਗਈਆਂ ਕਹਾਣੀਆਂ ਵਾਰੇ ਵੇ ਸਾਨੂੰ ਬਹੁਤਾ ਕੁਝ ਸਮਝ ਨਹੀਂ ਆਉਂਦਾ। ਆਮ ਤੌਰ 'ਤੇ ਪੰਜਾਬੀ ਦੇ ਅਧਿਆਪਕ ਇੰਡੀਆ ਤੋਂ ਕੁਆਲੀਫ਼ਾਈ ਹੋਏ ਹੋਏ ਹੁੰਦੇ ਹਨ। ਉਨ੍ਹਾ ਨੂੰ ਇੱਥੋਂ ਦੇ ਬੱਚਿਆਂ ਦੀ ਸਾਈਕੀ ਦੀ ਸਮਝ ਨਹੀਂ ਹੁੰਦੀ।ਕਈ ਵੇਰ ਇਹ ਵੀ ਹੁੰਦਾ ਹੈ ਕਿ ਉਹ ਪੰਜਾਬੀ ਦੀ ਕਿਸੇ ਗੱਲ ਨੂੰ ਅੰਗਰੇਜ਼ੀ ਵਿਚ ਨਹੀਂ ਸਮਝਾ ਸਾਕਦੇ ਹੁੰਦੇ ਕਿਉਂਕਿ ਉਹ ਇਸ ਭਾਸ਼ਾ ਵਿਚ ਬੋਲਣ ਦੀ ਮੁਹਾਰਤ ਨਹੀਂ ਰਖ਼ਦੇ ਹੁੰਦੇ।

ਸਭ ਤੋਂ ਬੜੀ ਸਮੱਸਿਆ ਇਹ ਹੈ ਕਿ ਪਾਠ ਪੁਸਤਕਾਂ ਦੀ ਚੋਣ ਅਕਸਰ ਹੀ ਠੀਕ ਨਹੀਂ ਹੁੰਦੀ। ਕਈ ਕਿਤਾਬਾਂ ਪੰਜਾਬ ਵਿਚ ਜੰਮੇ ਪਲ਼ੇ ਤੇ ਪਰਵਾਨ ਚੜ੍ਹੇ ਲੇਖ਼ਕਾਂ ਨੇ ਲਿਖ਼ੀਆਂ ਹੋਈਆਂ ਹੁੰਦੀਆਂ ਹਨ। ਇਹ ਨਾ ਸਿਰਫ਼ ਇੰਗਲੈਂਡ ਵਿਚ ਜੰਮੇ ਬੱਚਿਆਂ ਵਾਰੇ ਹੀ ਕੁਝ ਨਹੀਂ ਜਾਣਦੇ ਹੁੰਦੇ ਸਗੋਂ ਉਹ ਕਦੇ ਇਸ ਦੇਸ ਵਿਚ ਆਏ ਵੀ ਨਹੀਂ ਹੁੰਦੇ ਤਾਂ ਜੁ ਉਹ ਇਥੋਂ ਦੀ ਜ਼ਿੰਦਗ਼ੀ ਵਾਰੇ ਜਾਣ ਸਕਦੇ ਹੁੰਦੇ। ਯੂ ਕੇ ਦੇ ਐਗ਼ਜ਼ਾਮਨਿੰਗ ਬੋਰਡ ਵਿਚ ਬੈਠੇ ਲੋਕਾਂ ਨੂੰ ਏਸ ਪਾਸੇ ਧਿਆਨ ਦੇਣ ਦੀ ਲੋੜ ਹੈ। ਕੁਝ ਪਾਠ ਪੁਸਤਕਾਂ ਇੱਥੇ ਵਸਦੇ ਲੋਕਾਂ ਨੇ ਵੀ ਲਿਖ਼ੀਆਂ ਹਨ। ਉਨ੍ਹਾ ਨੂੰ ਕਰੈਡਿਟ ਦੇਣਾ ਬਣਦਾ ਹੈ ਪਰ ਇਹ ਕਾਫ਼ੀ ਨਹੀਂ ਹੈ। ਇਹ ਲੇਖ਼ਕ ਵੀ ਪੰਜਾਬ ਦੇ ਐਜੂਕੇਸ਼ਨ ਤੋਂ ਵਧੇਰੇ ਪ੍ਰਭਾਵਤ ਹੁੰਦੇ ਹਨ। ਇਨ੍ਹਾਂ ਚੋਂ ਕੁਝ ਆਪਣੀ ਪੁਸਤਕ ਦਾ ਬੇਸ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੇ ਅਧਾਰ 'ਤੇ ਰੱਖ਼ ਰਹੇ ਹੁੰਦੇ ਹਨ। ਭੂਗੋਲਕ ਤੌਰ ਤੇ ਪੰਜਾਬ ਤੋਂ ਦੂਰ ਰਹਿਣਾ ਹੀ ਕਾਫ਼ੀ ਨਹੀਂ ਹੈ ਸਗੋਂ ਇਥੋਂ ਦੇ ਬੱਚਿਆਂ ਦੀ ਮਾਨਸਿਕਤਾ ਸਮਝਣੀ ਵੀ ਆਵਸ਼ਕ ਹੈ। ਇਹੋ ਹੀ ਕਾਫ਼ੀ ਨਹੀਂ ਹੈ ਕਿ ਨਾਨਕ ਸਿੰਘ, ਗ਼ੁਲਜ਼ਾਰੀ ਲਾਲ ਨੰਦਾ, ਭਾਈ ਵੀਰ ਸਿੰਘ ਅਤੇ ਗੁਰਬਖ਼ਸ਼ ਸਿੰਘ ਆਦਿ ਵਧੀਆ ਲਿਖ਼ਾਰੀ ਸਨ, ਇਸ ਲਈ ਉਨ੍ਹਾਂ ਦੀਆਂ ਲਿਖ਼ੀਆਂ ਹੋਈਆਂ ਕਿਤਾਬਾਂ ਲਾਉਣੀਆਂ ਜ਼ਰੂਰੀ ਹਨ।ਇਹ ਸਮਝਣ ਦੀ ਵੀ ਲੋੜ ਹੈ ਕਿ ਇਨ੍ਹਾਂ ਨੂੰ ਇੰਗਲੈਂਡ ਜਾਂ ਬਿਦੇਸ਼ਾਂ ਵਿਚ ਜੰਮੇ ਪਲ਼ੇ ਵਿਦਿਆਰਥੀ ਸਮਝ ਵੀ ਸਕਣਗੇ ਜਾਂ ਨਹੀਂ? ਇਥੇ ਇਹ ਗੱਲ ਦਸਣੀ ਵਾਜਬ ਹੈ ਕਿ ਇਥੋਂ ਦੇ ਪੰਜਾਬੀ ਦੇ ਸਲੇਬਸ ਵਿਚ ਇਥੋਂ ਦੇ ਲੇਖ਼ਕਾਂ ਦੀਆਂ ਪੁਸਤਕਾਂ ਵੀ ਲਗਾਈਆ ਜਾਂਦੀਆਂ ਹਨ।ਮੇਰੀ ਆਪਣੀ ਕਿਤਾਬ "ਸੁਮੁੰਦਰੋਂ ਪਾਰ" ਵੀ ਏ ਲੈਵਲ ਵਿਚ ਲੱਗੀ ਰਹੀ ਹੈ। ਮੈਂ ਇਸ ਦੇਸ ਵਾਰੇ ਹੀ ਹਮੇਸ਼ਾ ਲਿਖ਼ਿਆ ਹੈ। ਇਸ ਲਈ ਸ਼ਾਇਦ ਇਥੋਂ ਦੇ ਪੰਜਾਬੀ ਵਿਦਿਆਰਥੀ ਇਨ੍ਹਾਂ ਲੇਖਾਂ, ਕਹਾਣੀਆਂ ਤੇ ਕਵਿਤਾਵਾ ਨਾਲ਼ ਆਪਣੇ ਆਪ ਨੂੰ ਐਸੋਸੀਏਟ ਕਰ ਸਕਦੇ ਹੋਣਗੇ।

ਕਈ ਸਾਲ ਹੋਏ ਮੇਰੀ ਇਕ ਕਹਾਣੀ "ਆਤਸ਼ਬਾਜ਼ੀ" ਇਕ ਸੰਪਾਦਤ ਪੁਸਤਕ "ਦੋ ਕਿਨਾਰੇ" ਵਿਚ ਸ਼ਾਮਲ ਕੀਤੀ ਗਈ ਸੀ। ਇਸ ਕਹਾਣੀ ਵਿਚ ਸੈਕਸ ਦਾ ਵੀ ਜ਼ਿਕਰ ਹੈ ਤੇ ਇਹ ਮੇਰੀਆਂ ਦੋ ਕਿਤਾਬਾਂ ਵਿਚ ਵੀ ਸ਼ਾਮਲ ਹੈ ਤੇ "ਪ੍ਰੀਤ ਲੜੀ" ਤੇ "ਦੇਸ ਪਰਦੇਸ" ਅਦਿ ਪੱਤਰਾਂ ਵਿਚ ਵੀ ਛਪ ਚੁੱਕੀ ਹੈ। ਇਸ ਕਹਾਣੀ ਨੂੰ ਅਸ਼ਲੀਲ ਨਹੀਂ ਕਿਹਾ ਗਿਆ। ਪਰੰਤੂ ਜਦੋਂ ਪੁਸਤਕ "ਦੋ ਕਿਨਾਰੇ" ਏ ਲੈਵਲ ਵਿਚ ਲੱਗੀ ਤਾਂ ਕੁਝ ਮਾਪਿਆਂ ਨੇ ਇਸ ਦੀ ਸ਼ਮੂਲੀਅਤ 'ਤੇ ਇਤਰਾਜ਼ ਕੀਤਾ। ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਲੇਖ਼ਕ ਨੁੰ ਇਸ ਦਾ ਗਿਆਨ ਵੀ ਨਹੀਂ ਸੀ ਕਿ ਇਹ ਕਹਾਣੀ ਏ ਲੈਵਲ ਵਿਚ ਪੜ੍ਹਾਈ ਜਾ ਰਹੀ ਹੈ। ਪਰ ਇਹ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਕਿ ਸੈਕਸ ਦਾ ਵਿਸ਼ਾ ਇਥੇ 'ਸੇਕਰਡ ਕਾਓ' ਨਹੀਂ ਹੈ। ਇਥੇ ਸਕੂਲਾਂ ਵਿਚ ਸੈਕਸ ਐਜੂਕੇਸ਼ਨ ਵੀ ਦਿੱਤੀ ਜਾਂਦੀ ਹੈ। ਟੈਲੀਵੀਯਨ, ਵਿਗਿਆਪਨਾਂ, ਅਖ਼ਬਾਰਾਂ ਅਤੇ ਹੋਰ ਹਰ ਥਾ ਸੈਕਸ ਜਾਂ ਸੈਕਸੂਅਲ ਗੱਲਾਂ ਦਾ ਜ਼ਿਕਰ ਆਮ ਹੀ ਹੁੰਦਾ ਹੈ ਭਾਵੇਂ ਕਿ ਇਹ ਗੱਲ ਵੀ ਮੰਨਣੀ ਚਾਹੀਦੀ ਹੈ ਕਿ ਕੁਝ ਲੋਕ ਸੋਸਾਇਟੀ ਦੀ ਇਸ ਸੈਕਸੂਐਲਾਈਜ਼ੇਸ਼ਨ ਉੱਤੇ ਇਤਰਾਜ਼ ਵੀ ਕਰਦੇ ਹਨ। ਲੇਕਿਨ ਇੰਗਲੈਂਡ ਵਸਦੇ ਸਾਡੇ ਅਨੇਕਾਂ ਲੋਕ ਇਸ ਗੱਲ ਤੋਂ ਇਨਕਾਰੀ ਹਨ ਕਿ ਉਨ੍ਹਾਂ ਦੇ ਬੱਚਿਆ ਨੂ ਸੈਕਸ ਵਾਰੇ ਕੁਝ ਵੀ ਪਤਾ ਹੈ। ਖ਼ੈਰ ਮੇਰੀ ਉਹ ਕਹਾਣੀ "ਆਤਸ਼ਬਾਜ਼ੀ" ਛੇਕੜ ਨੂੰ ਉਸ ਕਿਤਾਬ ਵਿੱਚੋਂ ਪੜ੍ਹਾਈ ਨਾ ਜਾਣ ਲੱਗੀ ਜਾਂ ਕੱਢ ਦਿੱਤੀ ਗਈ ਪਰ ਸਮੁੱਚੀ ਕਿਤਾਬ ਨਾ ਹਟਾਈ ਗਈ। ਜਿਸ ਦਾ ਮਤਲਬ ਇਹ ਹੋਇਆ ਕਿ ਇਸ ਕਹਾਣੀ ਦੀ ਮੰਗ ਹੋਰ ਵੀ ਵਧ ਗਈ। ਹੋਰ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲਿਆ ਕਿ ਬੋਰਡ ਉੱਤੇ ਬੈਠੇ ਕੁਝ ਬੰਦੇ ਕੋਰਸਾਂ ਵਿਚ ਲਗਾਈਆਂ ਗਈਆਂ ਕਿਤਾਬਾਂ ਨੂੰ ਪੜ੍ਹਦੇ ਹੀ ਨਹੀਂ। ਉਹ ਹੋਰਨਾਂ ਲੋਕਾਂ ਦੇ ਪੜ੍ਹੇ ਉੱਤੇ ਭਰੋਸਾ ਕਰ ਲੈਂਦੇ ਹਨ। ਘੱਟੋ ਘੱਟ ਇਸ ਘਟਨਾ ਤੋਂ ਤਾਂ ਇਹੋ ਹੀ ਪਤਾ ਚਲਦਾ ਹੈ। ਇਹ ਘਟਨਾ ਪੁਰਾਣੀ ਹੈ ਤੇ ਹੋ ਸਕਦਾ ਹੈ ਕਿ ਹੁਣ ਹਾਲਾਤ ਬਦਲ ਗਏ ਹੋਣ ਪਰ ਇਕ ਗੱਲ ਯਕੀਨੀ ਹੈ ਕਿ ਇੱਥੋਂ ਦੇ ਵਿਦਿਆਰਥੀਆਂ ਦੀ ਸੋਚ ਦੇ ਹਾਣ ਦੀਆਂ ਪਾਠ ਪੁਸਤਕਾਂ ਦੀ ਕਮੀ ਹੈ। ਇਸ ਤਹਿਕੀਕਾਤ ਦੌਰਾਨ ਮੈਨੂੰ ਇਹ ਵੀ ਪਤਾ ਚੱਲਿਆ ਕਿ ਕੋਰਸਾਂ ਵਿਚ ਪੁਸਤਕਾਂ ਲਾਉਣ ਵਾਲ਼ੇ ਬੋਰਡ ਵਿਚ ਬੈਠੇ ਲੋਕਾਂ ਨੂੰ ਕੋਰਸਾਂ ਵਿਚ ਲਗਾਈਆਂ ਜਾਂਦੀਆਂ ਇਨ੍ਹਾਂ ਪੁਸਤਕਾਂ ਨੂੰ ਪੜ੍ਹਨ ਦੇ ਪੈਸੇ ਨਹੀਂ ਮਿਲ਼ਦੇ ਤੇ ਉਹ ਇਸੇ ਲਈ ਇਹ ਪੁਸਤਕਾਂ ਨਹੀਂ ਪੜ੍ਹਦੇ। ਪਰ ਮੇਰਾ ਸਵਾਲ ਇਹ ਹੈ ਕਿ ਇਹ ਲੋਕ ਅਗਰ ਪੈਸੇ ਲੈਕੇ ਕੰਮ ਕਰਨ ਦਾ ਇਰਾਦਾ ਰਖ਼ਦੇ ਹਨ ਤਾਂ ਇਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਹੋ ਜਿਹੇ ਅਦਾਰੇ ਲਈ ਕੰਮ ਨਾ ਕਰਨ। ਕੇਵਲ ਉਹੀ ਲੋਕ ਇਹ ਕੰਮ ਕਰਨ ਜਿਹੜੇ ਪੰਜਾਬੀ ਭਾਸਾ ਦੀ ਪ੍ਰਗਤੀ ਲਈ ਹੀ ਕੰਮ ਕਰਨਾ ਚਾਹੁੰਦੇ ਹੋਣ ਤੇ ਪੈਸੇ ਦੇ ਲਾਲਚੀ ਨਾ ਹੋਣ। ਹੁਣ ਇਹ ਸੁਆਲ ਪੈਦਾ ਹੁੰਦਾ ਹੈ ਕਿ ਇਹ ਐਗ਼ਜ਼ਾਮਿਨਿੰਗ ਬੋਰਡ 'ਤੇ ਬੈਠੇ ਬੰਦੇ ਇਥੇ ਚਾਲ਼ੀ ਚਾਲ਼ੀ ਪੰਜਾਹ ਪੰਜਾਹ ਸਾਲਾਂ ਤੋਂ ਲਿਖਣ ਵਾਲਿਆਂ ਬਾਰੇ ਕਿਉਂ ਨਹੀਂ ਜਾਣਦੇ? ਬੋਰਡ ਉੱਤੇ ਬੈਠੇ ਬੰਦੇ ਇਸ ਅਹੁਦੇ ਦੇ ਹੱਕਦਾਰ ਕਿਵੇਂ ਹਨ? ਇਸ ਦਾ ਫੈਸਲਾ ਇਹ ਕਿਵੇਂ ਹੁੰਦਾ ਹੈ? ਇਨ੍ਹਾਂ ਗੱਲਾਂ ਦੀ ਤਹਿ ਤੀਕ ਜਾਣ ਦੀ ਲੋੜ ਹੈ।ਸਾਨੂੰ ਲੋੜ ਹੈ ਇਹ ਜਾਨਣ ਦੀ ਕਿ ਕੋਰਸਾਂ ਵਿਚ ਪੰਜਾਬੀ ਦੀਆਂ ਕਿਤਾਬਾਂ ਲਾਉਣ ਤੇ ਹਟਾਉਣ ਵਾਲੇ ਇਹ ਬੰਦੇ ਕੌਣ ਹਨ? ਇਹਨਾਂ ਨੂੰ ਕੌਣ ਐਪੁਆਇੰਟ ਕਰਦਾ ਹੈ ਤੇ ਇਨ੍ਹਾਂ ਦੀ ਲਿਆਕਤ ਦਾ ਮੁਲੰਕਣ ਕੌਣ ਕਰਦਾ ਹੈ? ਸਿਲੇਬਸ ਵਿਚ ਲਗਾਈ ਜਾਣ ਵਾਲ਼ੀ ਕਿਤਾਬ ਵਿਚਲੀ ਸਮੱਗਰੀ ਨੂੰ ਕੌਣ ਪਰਖ਼ਦਾ ਹੈ ਅਤੇ ਇੰਡੀਆ ਤੋਂ ਕਿਤਾਬਾਂ ਮੰਗਵਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ ਤੇ ਲੇਖ਼ਕ ਨੂੰ ਇਸ ਚੋਂ ਕੀ ਮਿਲਦਾ ਹੈ ਜਾਂ ਕੀ ਮਿਲਣਾ ਚਾਹੀਦਾ ਹੈ? ਇੰਗਲੈਂਡ ਦੀਆਂ ਸਕੂਲੀ ਅਤੇ ਪਬਲਿਕ ਲਾਇਬਰੇਰੀਆਂ ਵਿਚ ਲਗਾਈਆਂ ਜਾਂਦੀਆਂ ਪੰਜਾਬੀ ਪੁਸਤਕਾਂ ਦੀ ਖ਼ੱਟੀ ਕਿਸ ਨੂੰ ਜਾਂਦੀ ਹੈ?

ਸਾਨੂੰ ਅੰਗਰੇਜ਼ੀ ਸਿਆਸਤ ਦੀ ਪੈਟਰੋਨਾਈਜ਼ਿੰਗ ਦੀ ਚੁਸਤੀ ਵਾਲ਼ੀ ਗੱਲ ਨਹੀਂ ਭੁੱਲਣੀ ਚਾਹੀਦੀ । ਕਈ ਵੇਰ ਇਹ ਇਹੋ ਜਿਹੀ ਪਾਲਸੀ ਵੀ ਵਰਤਦੇ ਹਨ ਕਿ ਜੀ ਇਹ ਜੋ ਮੰਗਦੇ ਹਨ ਦੇਈ ਜਾਓ ਤਾਂ ਕਿ ਇਹ ਆਪੋ ਵਿਚ ਮਸ਼ਰੂਫ਼ ਰਹਿਣ ਤੇ ਮੁੱਖ ਧਾਰਾ ਦੀ ਸਿਆਸਤ ਸਾਡੇ ਹੱਥ ਵਿਚ ਹੀ ਰਹੇ। ਸਾਊਥਾਲ, ਬਰੈਡਫ਼ੋਰਡ, ਬਰਮਿੰਘਮ, ਡਰਬੀ ਤੇ ਕਵੈਂਟਰੀ ਆਦਿ ਦੇ ਇਲਾਕਿਆਂ ਦਾ ਹੁਣ ਇਹ ਹਾਲ ਹੈ ਕਿ ਕਈਆਂ ਸਕੂਲਾਂ ਵਿਚ ਸੌ ਫੀਸਦੀ ਸਾਡੇ ਹੀ ਬੱਚੇ ਹਨ। ਚਿੱਟੇ ਅਧਿਆਪਕ ਇਨ੍ਹੀਂ ਸਕੂਲੀਂ ਟਿਕਦੇ ਵੀ ਨਹੀਂ ਤੇ ਕਈਆਂ ਨੂੰ ਸਾਡੇ ਸਿਆਸੀ ਲੰਬੜਦਾਰਾਂ ਨੇ ਟਿਕਣ ਵੀ ਨਹੀਂ ਦਿੱਤਾ। ਸਰਕਾਰ ਵੱਲੋਂ ਸਾਰੇ ਸਕੂਲਾਂ ਦੇ ਗਵਰਨਰਾਂ ਨੂੰ ਏਨੀਆਂ ਪਾਵਰਜ਼ ਦੇ ਦਿੱਤੀਆਂ ਗਈਆਂ ਹਨ ਕਿ ਅਧਿਆਪਕਾਂ ਤੇ ਮੁੱਖ ਅਧਿਆਪਕ ਦੀ ਕੋਈ ਪੁੱਛ ਪ੍ਰਤੀਤ ਹੀ ਨਹੀਂ ਰਹਿ ਗਈ। ਕਈ ਵੇਰ ਇੰਝ ਵੀ ਹੁੰਦਾ ਹੈ ਕਿ ਮੁੱਖ ਅਧਿਆਪਕ ਸਕੂਲ ਦਾ ਵਿਦਿਅਕ ਕੰਮ ਕਰਨ ਨਾਲੋਂ ਏਸ ਚਿੰਤਾ ’ਚ ਗੜੁੱਚ ਰਹਿੰਦਾ ਹੈ ਕਿ ਸਕੂਲ ਦੇ ਗਵਰਨਰਜ਼ ਨੂੰ ਕਿਵੇਂ ਰਾਜ਼ੀ ਰੱਖਣਾ ਹੈ। ਇਕ ਮਲਟੀ ਕਲਚਰਲ ਸੋਸਾਇਟੀ ਲਈ ਇਹ ਵੀ ਜ਼ਰੂਰੀ ਹੈ ਕਿ ਸਾਰੇ ਦੇਸ ਦੇ ਬੱਚੇ ਦੁਜੀਆਂ ਕੌਮਾਂ ਦੇ ਬੱਚਿਆ ਦੀ ਪ੍ਰਸ਼ਿਠਭੂਮੀ ਨੂੰ ਸਮਝ ਸਕਦੇ ਹੋਣ। ਪਰ ਇਹ ਬਹੁਤ ਵੱਡੀ ਸਮੱਸਿਆ ਹੈ ਜਿਸ ਵੱਲ ਸਾਡੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ।ਇਕ ਵੇਰ ਏਸ਼ੀਅਨ ਬੱਚਿਆ ਨੂੰ ਬੱਸਾਂ ਰਾਹੀ ਦੁਜਿਆਂ ਸਕੂਲਾਂ ਵਿਚ ਲਿਜਾਣ ਦੀ ਸਕੀਮ ਵੀ ਤਜਵੀਜ਼ ਕੀਤੀ ਗਈ ਸੀ ਪਰ ਉਹ ਵੀ ਸਿਰੇ ਨਹੀਂ ਸੀ ਚੜ੍ਹੀ।

ਇਕ ਪ੍ਰਗਤੀਵਾਦੀ ਅਤੇ ਸੁਹਿਰਦ ਲੇਖਕ ਵਜੋਂ ਮੈਂ ਕਹਿਣਾ ਚਾਹਾਂਗਾ ਕਿ ਪੰਜਾਬੀ ਨੂੰ ਬੜ੍ਹਾਵਾ ਮਿਲਣਾ ਚਾਹੀਦਾ ਹੈ ਤੇ ਸਾਡੇ ਕਲਚਰ ਨੂੰ ਹੱਲਾਸ਼ੇਰੀ ਨਹੀਂ ਮਿਲਣੀ ਚਾਹੀਦੀ ਹੈ। ਪਰ ਹਰ ਚੀਜ਼ ਦੀ ਪ੍ਰਫੁੱਲਤਾ ਲਈ ਇਕ ਅਨੁਸ਼ਾਸਨ, ਇਕ ਫਾਰਮੂਲੇ ਨੂੰ ਅਪਣਾਉਣਾ ਪੈਂਦਾ ਹੈ। ਇੰਝ ਕਰਨ ਵਾਸਤੇ ਤੁਹਾਨੂੰ ਉਹ ਲੋਕ ਮੂਹਰੇ ਕਰਨੇ ਪੈਣਗੇ ਜਿਹੜੇ ਕੁਰਸੀ ਦੇ ਭੁੱਖੇ ਨਾ ਹੋਣ ਸਗੋਂ ਸੁਹਿਰਦ ਕਿਸਮ ਦੇ ਪੜ੍ਹੇ ਲਿਖੇ ਵਿਅਕਤੀ ਹੋਣ ਤੇ ਉਨ੍ਹਾ ਨੂੰ ਸਾਹਿਤਕ ਸੂਝ ਵੀ ਹੋਵੇ। ਇਹ ਠੀਕ ਹੈ ਕਿ ਗੁਰਦੁਆਰੇ ਪੰਜਾਬੀ ਸਿਖ਼ਾਉਣ ਵੱਲ ਪੂਰੀ ਤਰ੍ਹਾਂ ਰੁਚਿੱਤ ਹਨ ਪਰ ਉਨ੍ਹਾਂ ਦੀ ਵੀ ਆਪਣੀ ਸੀਮਾ ਹੈ।ਅਕਸਰ ਹੀ ਇਨ੍ਹੀਂ ਥਾਵੀਂ ਮੁਫ਼ਤ ਵਿਚ ਸੇਵਾ ਕੀਤੀ ਜਾਂਦੀ ਹੈ।ਇਕ ਕੁਆਲੀਫ਼ਾਈਡ ਅਧਿਆਪਕ ਮੁਫ਼ਤ ਦੀ ਸੇਵਾ ਕਿੰਨੀ ਕੁ ਦੇਰ ਕਰ ਸਕਦਾ ਹੈ?

ਪੰਜਾਬੀ ਪ੍ਰੇਮੀਆਂ ਨੂੰ ਚਾਹੀਦਾ ਹੈ ਕਿ ਏਸ ਗੱਲ ਬਾਰੇ ਵੀ ਸੋਚਣ ਕਿ ਪੰਜਾਬੀ ਪੜ੍ਹਾਉਣ ਲਈ ਲਾਏ ਜਾਂਦੇ ਅਧਿਆਪਕਾਂ ਦੀ ਕਾਬਲੀਅਤ ਕੀ ਹੋਵੇ ਤੇ ਉਨ੍ਹਾਂ ਨੂੰ ਕਿੰਝ ਪਰਖਿਆ ਜਾਵੇ? ਲੋਕਲ ਕੌਂਸਲਾਂ ਵਿਚ ਪੰਜਾਬੀ ਦੇ ਨਾਂ ਉੱਤੇ ਸਿਰਜੀਆਂ ਗਈਆਂ ਨੌਕਰੀਆਂ ਦਾ ਮੁਲਾਂਕਣ ਕੀ ਹੈ? ਜੀ.ਸੀ.ਐਸ.ਈ. ਤੇ ਏ ਲੈਵਲ ਆਦਿ ਵਿਚ ਲੱਗਾਈਆਂ ਜਾ ਰਹੀਆਂ ਪੁਸਤਕਾਂ ਦਾ ਵਿਸ਼ਾ ਵਸਤੂ ਇਹ ਲੋਕ ਐਨਾਲਾਈਜ਼ ਕਿੰਝ ਕਰਦੇ ਹਨ? ਇਹ ਵੀ ਪਤਾ ਲੱਗਾ ਹੈ ਕਿ ਸਕੂਲਾਂ ਦੀ ਕੈਪੀਟੇਸ਼ਨ ਨੂੰ ਵੀ ਕਥਿਤ ਤੌਰ 'ਤੇ ਆਪਣੀਆਂ ਹੀ ਕੰਪਨੀਆਂ ਬਣਾ ਕੇ ਆਪ ਹੀ ਆਰਡਰ ਲਏ ਜਾਂਦੇ ਰਹੇ ਹਨ। ਇਹ ਗੱਲ ਏਸ਼ੀਅਨ ਕਿਤਾਬੀ ਅਤੇ ਮਿਉਜ਼ਿਕ ਲਾਇਬਰੇਰੀਆਂ ਤੇ ਹੋਰ ਵਿਦਿਅਕ ਮਹਿਕਮਿਆਂ 'ਤੇ ਵੀ ਢੁੱਕਦੀ ਹੋ ਸਕਦੀ ਹੈ। ਜਦੋਂ ਸਰਕਾਰੀ ਅਦਾਰਿਆਂ ਲਈ ਇੰਡੀਆ ਤੋਂ ਕਿਤਾਬਾਂ ਮੰਗਵਾਈਆਂ ਜਾਂਦੀਆਂ ਹਨ ਤਾਂ ਕਰੰਸੀ ਰੇਟ ਵਿਚ ਕੀ ਕੋਈ ਹੇਰਾਫ਼ੇਰੀ ਤਾਂ ਨਹੀਂ ਹੁੰਦੀ?

ਇਕ ਵੇਰ ਇਕ ਲਾਇਬਰੇਰੀਅਨ ਬੀਬੀ ਦਾ ਫ਼ੋਨ ਆਇਆ ਕਿ ਜੀ ਤੁਸੀਂ ਸਾਡੇ ਸ਼ਹਿਰ ਆਓ ਤੇ ਆਪਣੇ ਪੰਜਾਬੀ ਲੋਕਾਂ ਨੂੰ ਆਖੋ ਕਿ ਉਹ ਲਾਇਬਰੇਰੀ ਆਇਆ ਕਰਨ ਤੇ ਕਿਤਾਬਾਂ ਇਸ਼ੂ ਕਰਵਾਇਆ ਕਰਨ। ਅਗਰ ਉਹ ਇੰਝ ਨਹੀਂ ਕਰਨਗੇ ਤਾਂ ਕੌਂਸਲ ਵਲੋਂ ਮਿਲ਼ਦੇ ਫ਼ੰਡ ਬੰਦ ਹੋ ਜਾਣਗੇ। ਉਸ ਬੀਬੀ ਦੀ ਸੁਹਿਰਦਤਾ ਮੈਨੂੰ ਬਹੁਤ ਚੰਗੀ ਲੱਗੀ। ਉਸ ਨੇ ਬੜੀ ਕੋਸ਼ਸ਼ ਨਾਲ਼ ਆਪਣੀ ਕਮਿਉਨਿਟੀ ਦੇ ਕਈ ਬੰਦੇ ਇਕੱਠੇ ਕੀਤੇ। ਮੈਂ ਪੁਰਜ਼ੋਰ ਸ਼ਬਦਾਂ ਵਿਚ ਪੰਜਾਬੀਆਂ ਨੂੰ ਬੇਨਤੀ ਕੀਤੀ ਕਿ ਇੰਗਲੈਂਡ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਚਿਰੰਜੀਵ ਰੱਖ਼ਣ ਲਈ ਕਿਤਾਬਾਂ ਦੀ ਖ਼ਰੀਦੋ ਫ਼ਰੋਖ਼ਤ ਵੀ ਜ਼ਰੂਰੀ ਹੈ ਤੇ ਲਾਇਬਰੇਰੀਆਂ ਚੋਂ ਵੀ ਇਨ੍ਹਾਂ ਨੂੰ ਇਸ਼ੂ ਕਰਵਾਉਣਾ ਜ਼ਰੂਰੀ ਹੈ ਕਿਉਂਕਿ ਫ਼ੰਡ ਮੈਨੇਜਰਜ਼ ਨੂੰ ਕਨਵਿੰਸ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਦੱਸਿਆ ਜਾਵੇ ਕਿ ਪੰਜਾਬੀ ਪੜ੍ਹਨ ਵਾਲਿਆਂ ਦੀ ਇੱਥੇ ਕੋਈ ਕਮੀ ਨਹੀਂ ਹੈ। ਮੈਂ ਬਹੁਤ ਸਾਰੇ ਸਕੂਲਾਂ ਦੀ ਵੀ ਉਦਾਹਰਣ ਦਿੱਤੀ ਕਿ ਕਿੰਝ ਮਾਪਿਆ ਅਤੇ ਬੱਚਿਆਂ ਦੀ ਗ਼ੈਰਦਿਲਚਸਪੀ ਕਾਰਨ ਕੌਂਸਲਾਂ ਨੇ ਬੜੀਆਂ ਸੁਹਣੀਆਂ ਪੰਜਾਬੀ ਦੀਆਂ ਲਗਦੀਆਂ ਕਲਾਸਾਂ ਬੰਦ ਕਰ ਦਿੱਤੀਆਂ ਹਨ।ਇਹੋ ਹਾਲ ਲਾਇਬਰੇਰੀਆਂ ਦਾ ਹੋਣਾ ਹੈ ਅਗ਼ਰ ਅਸੀਂ ਸੁਚੇਤ ਨਾ ਹੋਏ ਤਾਂ। ਦੂਸਰੇ ਦਿਨ ਮੈਂ ਆਪਣੇ ਰੇਡੀਓ ਪ੍ਰੋਗਰਾਮ ਵਿਚ ਵੀ ਬਹੁਤ ਰੌਲ਼ਾ ਪਾਇਆ। ਪਰ ਮੈਨੂੰ ਨਹੀਂ ਲਗਦਾ ਕਿ ਕਿਸੇ ਨੇ ਗੰਭੀਰਤਾ ਨਾਲ਼ ਮੇਰੀ ਜਾਂ ਮੇਰੇ ਜਿਹੇ ਹੋਰ ਦੋਸਤਾਂ ਦੀ ਗੱਲ ਦਾ ਨੋਟਿਸ ਲਿਆ ਹੋਵੇ।

ਅਜਕਲ ਪੰਜਾਬੀ ਭਾਸ਼ਾ ਕੰਪਿਊਟਰ ਦੇ ਦੌਰ ਵਿਚ ਭਰਪੂਰ ਤਰੀਕੇ ਨਾਲ਼ ਪ੍ਰਵੇਸ਼ ਕਰ ਚੁੱਕੀ ਹੈ। ਸਾਡੇ ਵਰਗੇ ਕੰਪਿਊਟਰ ਟੈਕਨੌਲੋਜੀ ਤੋਂ ਲਗਭਗ ਕੋਰੇ ਬੰਦੇ ਵੀ ਮਜਬੂਰ ਹੋ ਗਏ ਹਨ ਕਿ ਇਸ ਟੈਕਨੋਲੋਜੀ ਨੂੰ ਜ਼ਰੂਰ ਸਿੱਖਿਆ ਜਾਵੇ ਕਿਉਂਕਿ ਇਸ ਬਿਨਾਂ ਗ਼ੁਜ਼ਾਰਾ ਨਹੀਂ ਹੈ। ਫ਼ੇਸਬੁੱਕ, ਈ ਮੇਲ, ਟਵਿੱਟਰਜ਼ ਤੇ ਬਲੌਗ਼ਜ਼ ਸਭ ਕੁਝ ਹੀ ਪੰਜਾਬੀ ਵਿਚ ਉਪਲੱਭਦ ਹੈ। ਮੈਨੂੰ ਇਹ ਕਹਿਣ ਵਿਚ ਵੀ ਖ਼ੁਸ਼ੀ ਹੁੰਦੀ ਹੈ ਕਿ ਜਿਹੜੇ ਵੀ ਪੰਜਾਬੀ ਪਿਆਰੇ ਕੰਪਿਊਟਰ ਟੈਕਨੌਲੋਜੀ ਤੋਂ ਵਾਕਫ਼ ਹਨ ਉਹ ਖ਼ਿੜੇ ਮੱਥੇ ਹੋਰਨਾਂ ਨੂੰ ਸਿਖ਼ਾਉਂਦੇ ਹਨ। ਇੰਝ ਕਰਨ ਨਾਲ਼ ਗਲੋਬਲ ਤੌਰ 'ਤੇ ਇਕ ਭਾਈਚਾਰਾ ਕਾਇਮ ਹੋ ਗਿਆ ਹੈ। ਫ਼ੇਸਬੁੱਕ ਉੱਤੇ ਕਈ ਗਰੁੱਪ ਕਾਇਮ ਹੋ ਗਏ ਹਨ। ਭਾਵੇਂ ਕਈ ਲੋਕ ਇਸ ਮਾਧਿਅਮ ਨੂੰ ਆਪਣੇ ਬੱਚਿਆਂ ਦੀਆਂ ਫ਼ੋਟੋਆਂ ਛਾਪਣ ਤੋਂ ਵੱਧ ਮਹੱਤਤਾ ਨਹੀਂ ਦਿੰਦੇ ਪਰ ਵਧੇਰੇ ਬੁੱਧੀਜੀਵੀ ਇਸ ਦੀ ਸਯੋਗ਼ ਵਰਤੋਂ ਕਰਦੇ ਹਨ।ਜਿਹੜੇ ਲੋਕ ਆਈ ਟਿਊਨ, ਆਈ ਪੌਡ ਤੇ ਆਈ ਪੈਡ ਖ਼ਰੀਦਣ ਦੀ ਸਮਰੱਥਾ ਰਖ਼ਦੇ ਹਨ, ਉਹ ਭਲੀ ਭਾਂਤ ਜਾਣਦੇ ਹਨ ਕਿ ਇਹੋ ਜਿਹੀ ਟੈਕਨੌਲੋਜੀ ਨੇ ਜਾਣਕਾਰੀ ਤੇ ਗਿਆਨ ਦੇ ਕਿੰਨੇ ਬੂਹੇ ਖ਼ੋਲ੍ਹ ਦਿੱਤੇ ਹਨ।

ਉਹ ਵਕਤ ਵੀ ਗ਼ੁਜ਼ਰ ਚੁੱਕਾ ਹੈ ਜਦੋਂ ਪਰੂਫ਼ ਰੀਡੰਗ ਦੀ ਬਹੁਤ ਬੜੀ ਸਮੱਸਿਆ ਸੀ। ਮੈਂ ਇਹ ਨਹੀਂ ਕਹਿ ਰਿਹਾ ਕਿ ਵਰਤਮਾਨ ਵਿਚ ਇਹ ਬਿੱਲਕੁੱਲ ਨਹੀਂ ਹੈ ਕਿਉਕਿ ਸਾਡੇ ਕੁਝ ਪਬਲਿਸ਼ਰ ਟਾਈਪ ਕੀਤੀ ਹੋਈ ਕਿਰਤ ਨੂੰ ਵੀ ਧਿਆਨ ਨਾਲ਼ ਨਹੀਂ ਪੜ੍ਹਦੇ।ਲੇਖ਼ਕ ਮਿੱਤਰਾਂ ਨੂੰ ਚਾਹੀਦਾ ਹੈ ਕਿ ਉਹ ਭਾਵੇਂ ਹੌਲੀ ਹੌਲ਼ੀ ਹੀ ਸਹੀ ਪਰ ਆਪਣੀ ਰਚਨਾ ਨੂੰ ਟਾਈਪ ਕਰਕੇ ਹੀ ਪ੍ਰਕਾਸ਼ਕਾਂ ਨੂੰ ਭੇਜਿਆ ਕਰਨ। ਅਗ਼ਰ ਹੋ ਸਕੇ ਤਾਂ ਪੀ ਡੀ ਐਫ਼ ਵਿਚ ਭੇਜਿਆ ਕਰਨ। ਇੰਝ ਕਰਨ ਨਾਲ਼ ਪ੍ਰਕਾਸ਼ਕ ਤੁਹਾਡੀ ਰਚਨਾਂ ਨਾਲ਼ ਛੇੜ ਛਾੜ ਨਹੀਂ ਕਰ ਸਕੇਗਾ। ਇਹ ਵੀ ਮੰਗ ਕੀਤੀ ਜਾਵੇ ਕਿ ਜਿਹੜੀ ਟਾਈਪ ਕਰਨ ਦੀ ਮਿਹਨਤ ਲੇਖ਼ਕ ਨੇ ਕੀਤੀ ਹੈ ਉਸ ਦੇ ਇਵਜ਼ ਵਿਚ ਪ੍ਰਕਾਸ਼ਕ ਲੇਖ਼ਕ ਤੋਂ ਲਏ ਜਾਂਦੇ ਪੈਸਿਆਂ ਦੀ ਰਕਮ ਵਿਚ ਵੀ ਕਮੀ ਕਰੇ ਕਿਉਂਕਿ ਟਾਈਪ ਕੀਤੀ ਹੋਈ ਤੇ ਪੀ ਡੀ ਐਫ਼ ਵਾਲ਼ੀ ਰਚਨਾ ਦੀ ਪਰੂਫ਼ ਰੀਡਿੰਗ ਦੀ ਵੀ ਜ਼ਰੂਰਤ ਨਹੀਂ ਹੁੰਦੀ। ਕੋਈ ਵੇਲਾ ਸੀ ਜਦੋਂ ਪ੍ਰਕਾਸ਼ਕ ਸਾਨੂੰ ਰੌਇਲਟੀ ਦਿਆ ਕਰਦੇ ਸਨ। ਹੁਣ ਅਸੀਂ ਪੱਲਿਓਂ ਪੈਸੇ ਦੇ ਕੇ ਛਪਵਾਂਦੇ ਹਾਂ। ਮੇਰੀ ਪੁਸਤਕ "ਸਮੁੰਦਰੋਂ ਪਾਰ" ਪ੍ਰੀਤ ਲੜੀ ਪ੍ਰਕਾਸ਼ਨ ਸਮੂਹ ਨੇ ਛਾਪੀ ਸੀ। ਉੱਡਦੀਆਂ ਤਿੱਤਲੀਆਂ ਮਗਰ, ਮੌਸਮ ਖ਼ਰਾਬ ਹੈ ਤੇ ਅੱਗ ਖ਼ਾਣ ਪਿੱਛੋਂ ਨਵਯੁਗ ਪਬਲਿਸ਼ਰਜ਼ ਨੇ ਛਾਪੀਆਂ ਸਨ। ਦੋਹਾਂ ਆਦਾਰਿਆਂ ਨੇ ਰੌਇਲਟੀ ਦਿੱਤੀ ਤੇ ਮਾਣ ਰੱਖਿਆ।ਉਧਰ ਅਜਕਲ ਹਾਲ ਇਹ ਹੈ ਕਿ "ਸਮੁੰਦਰੋਂ ਪਾਰ" ਦੇ ਕਈ ਐਡੀਸ਼ਨ ਛਪ ਚੁੱਕੇ ਹਨ ਜਿਹੜੇ ਕਿ ਮੇਰੇ ਗਿਆਨ ਤੋਂ ਬਿਨਾਂ ਹੀ ਕਈਆਂ ਪਬਲਿਸ਼ਰਾਂ ਨੇ ਛਾਪ ਲਏ ਹਨ।ਇਹ ਮੇਰੇ ਨਾਲ਼ ਹੀ ਨਹੀਂ ਸਭ ਨਾਲ਼ ਹੀ ਹੁੰਦੀ ਹੋਵੇਗੀ।ਜਾਨੀ ਕਿ ਕੁਰੱਪਟ ਪ੍ਰੈਕਟਸਸ ਦਾ ਹਰ ਪਾਸੇ ਹੀ ਬੋਲ ਬਾਲਾ ਹੈ।

ਸਾਡੀਆਂ ਕਿਤਾਬਾਂ ਤਾਂ ਪਹਿਲਾਂ ਹੀ ਕੋਈ ਖ਼ਰੀਦ ਕੇ ਰਾਜ਼ੀ ਨਹੀਂ ਹੈ।ਹੁਣ ਤਾਂ ਸੱਗੋਂ ਹੋਰ ਵੀ ਮੁਸ਼ਕਲ ਆ ਜਾਵੇਗੀ ਕਿਉਂਕਿ ਈ ਬੁੱਕਸ ਦਾ ਜ਼ਮਾਨਾ ਜੁ ਆ ਗਿਆ ਹੈ। ਅੰਗਰੇਜ਼ੀ ਵਿਚ ਈ ਪੈਡ, ਕਿੰਡਲ ਫ਼ਾਇਰ, ਈ ਫ਼ੋਨ ਅਤੇ ਲੈਪ ਟੌਪ ਉੱਤੇ ਘਰਾਂ, ਬੱਸਾਂ, ਗੱਡੀਆਂ ਅਤੇ ਹਵਾਈ ਜਹਾਜ਼ਾਂ ਵਿਚ ਕਿਤਾਬਾਂ ਪੜ੍ਹੀਆਂ ਜਾਂਦੀਆਂ ਹਨ। ਅਖ਼ਬਾਰਾਂ ਦਾ ਵੀ ਇਹੋ ਹਾਲ ਹੋ ਗਿਆ ਹੈ । ਪਰ ਅੰਗਰੇਜ਼ੀ ਵਿਚ ਇਨ੍ਹਾਂ ਗੱਲਾਂ ਉੱਤੇ ਕਾਫ਼ੀ ਕੰਟਰੋਲ ਹੈ। ਈ ਬੁੱਕ ਨੂੰ ਡਾਊਨਲੋਡ ਕਰਨ ਦੀ ਕੀਮਤ ਵਸੂਲ ਕੀਤੀ ਜਾਂਦੀ ਹੈ।ਅਖ਼ਬਾਰਾਂ ਵਾਲ਼ੇ ਇੰਟਰਨੈਟ ਦੀ ਸਹੂਲਤ ਵਾਸਤੇ ਚੰਦੇ ਲੈਂਦੇ ਹਨ।ਪਰ ਸਾਡੀ ਗੰਗਾ ਉਲਟੀ ਹੈ। ਲੇਖ਼ਕ ਤੇ ਉਸ ਦੀ ਕਿਰਤ ਦਾ ਮੁੱਲ ਪਾਉਣ ਦੀ ਲੋੜ ਹੈ। ਉਸ ਦੀ ਕਦਰ ਕਰਨ ਦੀ ਜ਼ਰੂਰਤ ਹੈ।ਅਸੀਂ ਹੋਰ ਬਥੇਰੇ ਕੰਮਾਂ ਉੱਤੇ ਫ਼ਜ਼ੂਲ ਖ਼ਰਚੀਆਂ ਕਰਦੇ ਹਾਂ। ਧਾਰਮਕ ਅਤੇ ਹੋਰ ਸਮਾਜਕ ਭਾਵ ਵਿਆਹਾਂ ਸ਼ਾਦੀਆਂ ਵਾਲ਼ੇ ਕੰਮਾਂ 'ਤੇ ਬੇਹੱਦ ਮਾਇਆ ਖ਼ਰਚੀ ਜਾਂਦੀ ਹੈ।ਅਸੀਂ ਸਭ ਜਾਣਦੇ ਹਾਂ ਕਿ ਲੇਖ਼ਕ ਲੋਕ ਆਪਣੀ ਕੌਮ ਦੀ ਭਲਾਈ ਲਈ ਹੀ ਕੰਮ ਕਰ ਰਹੇ ਹੁੰਦੇ ਹਨ।ਫ਼ਿਰ ਉਨ੍ਹਾਂ ਦਾ ਵੀ ਕਿਉਂ ਨਾ ਮੁੱਲ ਪਾਇਆ ਜਾਵੇ?

ਇੰਟਰਨੈਟ ਦੇ ਯੁਗ ਵਿਚ ਪੰਜਾਬੀ ਦੇ ਇੰਟਰਨੈਟ ਰੇਡੀਓ ਅਤੇ ਟੈਲੀਵੀਯਨ ਵੈਬਸਾਈਟਾਂ ਦੀ ਗਿਣਤੀ ਵਿਚ ਵੀ ਢੇਰ ਸਾਰਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਵੈਬਸਾਈਟਸ 'ਤੇ ਨਿਕਲਦੀਆਂ ਅਖ਼ਬਾਰਾਂ ਦੀ ਵੀ ਬਹੁਤ ਵੱਡੀ ਗਿਣਤੀ ਹੈ। ਪੰਜਾਬੀ ਵਿਚ ਅਨੇਕਾਂ ਇੰਨਟਰਨੈਟ ਮੈਗ਼ਜ਼ੀਨ ਵੀ ਨਿਕਲਦੇ ਹਨ। ਆਮ ਪੱਛਮੀ ਜ਼ਿੰਦਗ਼ੀ ਵਿਚ ਪੇਪਰ ਦੀ ਵਰਤੋਂ ਘਟ ਰਹੀ ਹੈ ਤੇ ਔਨ ਲਾਈਨ ਦੀਆਂ ਸੰਵਿਧਾਵਾਂ ਵਿਚ ਵਾਧਾ ਹੋ ਰਿਹਾ ਹੈ। ਇੱਥੋਂ ਤੀਕ ਕਿ ਬਹੁਤ ਸਾਰੇ ਬੈਂਕ ਇਨਸਿਸਟ ਕਰਦੇ ਹਨ ਕਿ ਗਾਹਕ ਔਨ ਲਾਈਨ ਹੀ ਆਪਣਾ ਬੈਂਕ ਬੈਲੈਂਸ ਦੇਖ਼ ਲਿਆ ਕਰੇ ਤੇ ਉਹ ਅਗਰ ਚਾਹੇ ਤਾਂ ਆਪੇ ਹੀ ਪੇਪਰ ਸਟੇਟਮੈਂਟ ਵੀ ਪ੍ਰਿੰਟ ਕਰ ਲਿਆ ਕਰੇ। ਖ਼ੈਰ ਆਪਾਂ ਗੱਲ ਪੰਜਾਬੀ ਦੀ ਕਰ ਰਹੇ ਸਾਂ। ਬੇਸ਼ੁਮਾਰ ਇੰਟਰਨੈਟ ਅਖ਼ਬਾਰਾਂ ਅਤੇ ਮੈਗ਼ਜ਼ੀਨਾਂ ਦੇ ਨਿਕਲਣ ਕਾਰਨ ਜ਼ਾਹਰਾ ਤੌਰ 'ਤੇ ਪੰਜਾਬੀ ਦੀ ਲੋਕ ਪ੍ਰੀਅਤਾ ਵਿਚ ਵਾਧਾ ਹੋਇਆ ਹੈ। ਬਦਕਿਸਮਤੀ ਨਾਲ਼ ਇਨ੍ਹਾਂ ਅਖ਼ਬਾਰਾਂ ਵਿਚਲੇ ਮੈਟੀਰੀਅਲ ਕਈ ਵੇਰ ਉੱਚੀ ਪੱਧਰ ਦੇ ਨਹੀਂ ਹੁੰਦੇ।ਅਜੇ ਵੀ ਬਹੁਤੇ ਪੰਜਾਬੀ ਲੋਕ ਪੇਪਰ ਉੱਤੇ ਪਰਿੰਟ ਕੀਤੀ ਹੋਈ ਚੀਜ਼ ਪੜ੍ਹਕੇ ਹੀ ਖ਼ੁਸ਼ ਹੁੰਦੇ ਹਨ। ਵੈਸੇ ਵੀ ਕਿਉਂਕਿ ਇੰਟਰਨੈਟ ਅਖ਼ਬਾਰਾਂ ਅਤੇ ਮੈਗ਼ਜ਼ੀਨ ਚਲਾਉਣ ਵਾਲ਼ੇ ਲੋਕ ਕਿਸੇ ਕਿਸਮ ਦੇ ਚੰਦੇ ਦੀ ਆਸ ਨਹੀਂ ਰਖ਼ਦੇ ਹੁੰਦੇ, ਇਸ ਲਈ ਮੁਫ਼ਤੋ ਮੁਫ਼ਤੀ ਵਿਚ ਆਪਣਾ ਕੀਮਤੀ ਸਮਾਂ ਲਗਉਣ ਦੀ ਵੀ ਇਕ ਹੱਦ ਨਿਸਚਤ ਹੋ ਜਾਂਦੀ ਹੈ। ਕਈਆਂ ਦੋਸਤਾਂ ਨੇ ਕੋਸ਼ਸ਼ ਵੀ ਕੀਤੀ ਕਿ ਕੁਝ ਨਿਗੂਣਾ ਜਿਹਾ ਚੰਦਾ ਰੱਖ਼ਿਆ ਜਾਵੇ ਪਰ ਮੁਫ਼ਤੋ ਮੁਫ਼ਤੀ ਮੈਗ਼ਜ਼ੀਨ ਛਾਪਣ ਦੇ ਸ਼ੌਕੀਨ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੰਦੇ। ਦੂਸਰੇ ਪਾਸੇ ਪੰਜਾਬੀ ਦੇ ਅਜਿਹੇ ਅਦਾਰਿਆਂ ਨੂੰ ਇਸ਼ਤਿਹਾਰ ਵੀ ਬੜੀ ਮੁਸ਼ਕਲ ਨਾਲ ਹੀ ਮਿਲ਼ਦੇ ਹਨ। ਮੀਡੀਅਮ ਵੇਵ, ਡੈਬ ਅਤੇ ਐਫ਼ ਐਮ ਉੱਤੇ ਚਲਦੇ ਰੇਡੀਓ ਸਟੇਸ਼ਨਾਂ ਉਤੇ ਵੀ ਖ਼ਰਚਿਆਂ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ। ਬਿਰਿਟਨ ਵਿਚ ਏਸ਼ੀਅਨ ਮਾਰਕੀਟ ਵਿਚ ਸੈਚੂਰੇਸ਼ਨ ਆ ਚੁੱਕੀ ਹੈ। ਕੁਝ ਧਾਰਮਕ ਪ੍ਰਸਾਰਣ ਅਦਾਰੇ ਹਰ ਤਰ੍ਹਾਂ ਨਾਲ਼ ਪੈਸੇ ਇਕੱਠੇ ਕਰਨ ਵਲ ਰੁਚਿੱਤ ਹਨ। ਇੰਗਲੈਂਡ ਵਿਚ ਮਾਇਆ ਇਕੱਠੀ ਕਰਨ ਦਾ ਵਧੀਆ ਸਾਧਨ ਗੁਰਬਾਣੀ ਅਤੇ ਅਰਦਾਸਾਂ ਹਨ। ਰੇਡੀਓ ਤੇ ਟੀ ਵੀ ਚਲਾਉਣ ਵਾਲ਼ੇ ਵੀ ਕੀ ਕਰਨ?ਇਨ੍ਹਾਂ ਨੂੰ ਚਲਾਉਣ ਲਈ ਬੜੀ ਤਕੜੀ ਮਾਇਆ ਦੀ ਲੋੜ ਹੈ ਤੇ ਇਸੇ ਲਈ ਇਨ੍ਹਾਂ ਨੂੰ ਹਰ ਵੇਲੇ ਹੀ ਮਾਇਆ ਇਕੱਤਰ ਕਰਨ ਵੱਲ ਲੱਗੇ ਰਹਿਣਾ ਪੈਂਦਾ ਹੈ। ਇੰਝ ਕਰਨ ਨਾਲ਼ ਇਨ੍ਹਾਂ ਅਦਾਰਿਆ ਨੂੰ ਇਕ ਖ਼ਾਸ ਕਿਸਮ ਦੇ ਪ੍ਰੋਗ਼ਰਾਮ ਹੀ ਦੇਣੇ ਪੈਂਦੇ ਹਨ। ਇਸੇ ਲਈ ਇਨ੍ਹਾਂ ਉੱਤੇ ਸਾਹਿਤਕ ਕਿਸਮ ਦੇ ਪ੍ਰੋਗਰਾਮ ਅਤੇ ਪੰਜਾਬੀ ਭਾਸ਼ਾ ਨੂੰ ਬੜ੍ਹਾਵਾ ਦੇਣ ਵਾਲ਼ੇ ਪ੍ਰੋਗਰਾਮਾਂ ਦੀ ਘਾਟ ਹੁੰਦੀ ਹੈ। ਧਾਰਮਕ ਕਿਸਮ ਦੀਆਂ ਚੈਨਲਾਂ ਜਾਂ ਪ੍ਰੋਗਰਾਮਾਂ ਵਿਚ ਵੀ ਪੰਜਾਬੀ ਬੋਲੀ ਦੀ ਤਰੱਕੀ ਲਈ ਕੁਝ ਨਹੀਂ ਕੀਤਾ ਜਾਂਦਾ। ਉਨ੍ਹਾਂ ਦਾ ਮੁੱਦਾ ਧਾਰਮਕ ਸ਼ਿਖ਼ਸ਼ਾ ਜਾਂ ਗੁਰਬਾਣੀ ਪੜ੍ਹਨੀ ਸਿੱਖਣ ਤੱਕ ਹੀ ਮਹਿਦੂਦ ਰਹਿ ਜਾਂਦਾ ਹੈ। ਪੰਜਾਬੀ ਰੇਡੀਓ ਅਤੇ ਟੀ ਵੀ ਦੇ ਕਈਆਂ ਪੇਸ਼ਕਾਰਾਂ ਦਾ ਪੰਜਾਬੀ ਦਾ ਉਚਾਰਣ ਬਿਲਕੁਲ ਹੀ ਚੰਗਾ ਨਹੀਂ ਹੁੰਦਾ। ਗ਼ਜ਼ਲ ਨੂੰ ਗਜਲ, ਮਜਬੂਰ ਨੂੰ ਮਜ਼ਬੂਰ ਤੇ ਇਜਾਜ਼ਤ ਨੂੰ ਇਜਾਜਤ ਤਾਂ ਆਮ ਜਿਹੀ ਹੀ ਗੱਲ ਹੁੰਦੀ ਹੈ।ਕਿਉਂਕਿ ਇਨ੍ਹਾਂ ਪੇਸ਼ਕਾਰਾਂ ਦਾ ਤਲੱਫ਼ਜ਼ ਠੀਕ ਨਹੀਂ ਹੁੰਦਾ, ਇਸ ਲਈ ਗੁਰਬਾਣੀ ਦੇ ਉਚਾਰਨ ਵਿਚ ਵੀ ਗ਼ਲਤੀਆਂ ਹੁੰਦੀਆਂ ਹਨ। ਇਹੋ ਹਾਲ ਅਜਕਲ ਦੇ ਢੇਰ ਸਾਰੇ ਗਾਣਿਆਂ ਵਿਚ ਵੀ ਹੈ।ਚੰਗੀ ਮੰਦੀ ਪੋਇਟਰੀ ਦੀ ਪਛਾਣ ਨਹੀਂ ਹੈ। ਬੀਟ ਦੇ ਆਧਾਰ 'ਤੇ ਡਾਂਸ ਤਾਂ ਹੋ ਸਕਦੇ ਹਨ ਪਰ ਪੰਜਾਬੀ ਦੇ ਬੜ੍ਹਾਵੇ ਲਈ ਕੁਝ ਨਹੀਂ ਹੋ ਰਿਹਾ।ਕਈ ਲੋਕ ਕਹਿ ਦਿੰਦੇ ਹਨ ਕਿ ਜੀ ਕੋਈ ਗੱਲ ਸਮਝ ਆਵੇ ਜਾਂ ਨਾ ਆਵੇ ਤਾਂ ਵੀ ਵਿਦੇਸ਼ਾਂ 'ਚ ਵਸਦੀ ਨਵੀਂ ਪੀੜ੍ਹੀ ਪੰਜਾਬੀ ਕਲਚਰ ਨਾਲ਼ ਜੁੜੀ ਤਾਂ ਰਹਿ ਹੀ ਸਕਦੀ ਹੈ। ਇਹ ਗੱਲ ਇਸ ਲਈ ਹਲਕੀ ਲਗਦੀ ਹੈ ਕਿ ਭੰਗੜਾ ਬੀਟ ਨਾਲ਼ ਝੂੰਮ ਲੈਣਾ ਹੀ ਆਪਣੇ ਕਲਚਰ ਨਾਲ਼ ਜੁੜੇ ਰਹਿਣਾ ਨਹੀਂ ਹੈ। ਕਿਸੇ ਵੀ ਕਲਚਰ ਦੀ ਹਿਸਟਰੀ, ਬੋਲੀ ਤੇ ਕਈਆਂ ਹਾਲਤਾਂ ਵਿਚ ਧਰਮ ਨੂੰ ਸਮਝਣਾ ਅਤੇ ਜਾਨਣਾ ਵੀ ਆਵੱਸ਼ਕ ਹੁੰਦਾ ਹੈ।ਇਹ ਗੱਲਾਂ ਜ਼ਬਾਨ ਆਉਣ ਨਾਲ਼ ਹੀ ਸਮਝੀਆਂ ਜਾ ਸਕਦੀਆਂ ਹਨ।

ਇਸ ਸੈਟੇਲਾਈਟ ਅਤੇ ਇੰਟਰਨੈਟ ਦੇ ਯੁਗ ਵਿਚ ਬ੍ਰੌਡਕਾਸਟਿੰਗ ਇਕ ਨਵੇਂ, ਅਣਕਿਆਸੇ ਅਤੇ ਨਵੇਕਲ਼ੇ ਦੌਰ ਵਿਚ ਦਾਖ਼ਲ ਹੋ ਚੁੱਕਿਆ ਹੈ। ਰੇਡੀਓ, ਟੀ ਵੀ ਅਤੇ ਇਲੈਟਰੌਨਿਕ ਮੀਡੀਆ ਏਨਾ ਤੇਜ਼ ਤਰਾਰ ਹੋ ਚੁੱਕਿਆ ਹੈ ਕਿ ਕਈ ਖ਼ਬਰਾਂ ਐਵੇਂ ਕੁਝ ਘੰਟਿਆ ਵਿਚ ਹੀ ਪੁਰਾਣੀਆਂ ਹੋ ਜਾਂਦੀਆਂ ਹਨ। ਸਾਰੀ ਦੁਨੀਆਂ ਸੁੰਗੜ ਕੇ ਇਕ ਗਲੋਬਲ ਵਿੱਲੇਜ ਬਣ ਗਈ ਹੈ। ਇੰਟਰਨੈਟ ਨੇ ਗੋਲਬਲੀ ਇੰਟਰਐਕਸ਼ਨ ਦਾ ਦੌਰ ਆਰੰਭ ਕਰ ਦਿੱਤਾ ਹੈ। ਸੈਟੇਲਾਈਟ ਰਾਹੀਂ ਕਈਆਂ ਚੈਨਲਾਂ ਉੱਤੇ ਅਨੇਕਾਂ ਦੇਸਾਂ ਵਿਚ ਬੈਠੇ ਲੋਕਾਂ ਨਾਲ਼ ਇੱਕੋ ਵੇਲੇ ਇੰਟਰਐਕਟ ਹੋਇਆ ਜਾ ਸਕਦਾ ਹੈ ਤੇ ਅੰਤਰਰਾਸ਼ਟਰੀਆ ਵਿਸ਼ਿਆਂ ਉੱਤੇ ਭਰਪੂਰ ਡਿਸਕਸ਼ਨ ਕੀਤੀ ਜਾ ਸਕਦੀ ਹੈ। ਮੈਂ ਪਿਛਲੇ ਪੰਝੀ ਸਾਲਾਂ ਤੋਂ ਮਲਟੀ ਲਿੰਗੁਅਲ ਸੋਸ਼ੀਓ ਪੁਲੀਟੀਕਲ ਡਿਸਕਸ਼ਨ ਪ੍ਰੋਗਰਾਮ ਕਰ ਰਿਹਾ ਹਾਂ। ਇਹ ਪੇਸ਼ਕਾਰ ਦੇ ਹੱਥ ਵਿਚ ਹੀ ਹੁੰਦਾ ਹੈ ਕਿ ਉਸ ਨੇ ਕਿੰਝ ਆਪਣੇ ਔਡੀਐਂਸ ਨੂੰ ਚੰਗੇ ਡੀਬੇਟਰ ਬਣਾਉਣਾ ਹੈ। ਮੈਨੂੰ ਖ਼ੁਸ਼ੀ ਹੈ ਕਿ ਕਈਆਂ ਸਾਲਾਂ ਦੀ ਮਿਹਨਤ ਤੋਂ ਬਾਅਦ ਮੈਂ ਏਸ ਪਾਸੇ ਵਰਨਣਯੋਗ਼ ਪ੍ਰਗਤੀ ਕਰ ਸਕਿਆ ਹਾਂ। ਪਰ ਬਦਕਿਸਮਤੀ ਨਾਲ਼ ਸਾਡੇ ਬਹੁਤ ਸਾਰੇ ਪੇਸ਼ਕਾਰ ਇੰਟਰਐਕਟ ਜਾਂ ਡੀਬੇਟ ਪ੍ਰੋਗਰਾਮਾਂ ਵਾਸਤੇ ਵਧੀਆ ਤਿਆਰੀ ਨਹੀਂ ਕਰਦੇ ਜਾਂ ਉਹ ਇਸ ਦੇ ਕਾਬਲ ਹੀ ਨਹੀਂ ਹੁੰਦੇ। ਉਹ ਲਗਾਤਾਰ ਤੇ ਕਈ ਵੇਰ ਵਿਸ਼ੇ ਤੋਂ ਹਟ ਕੇ ਬੋਲ ਰਹੇ ਕਾਲਰ ਨੂੰ ਟੋਕਦੇ ਨਹੀਂ ਤੇ ਕਾਊਂਟਰ ਕੁਐਸਚਨ ਵੀ ਨਹੀਂ ਕਰਦੇ। ਪੰਜਾਬੀ ਵਿਚ ਬਹਿਸ ਕਰਨ ਦਾ ਰਿਵਾਜ ਨਹੀਂ ਹੈ।ਬਹੁਤੇ ਲੋਕ ਲੜਨ ਵਰਗੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਇੰਟਰਐਕਟ ਕਰਨਾ ਭਾਵ ਤਬਾਦਲਾ-ਏ-ਖ਼ਿਆਲਾਤ ਕਰਨਾ ਲੜਨਾ ਨਹੀਂ ਹੁੰਦਾ। ਕਈ ਲੋਕ ਜਦੋਂ ਪੰਜਾਬੀ ਜ਼ਬਾਨ ਦੀ ਤਰੱਕੀ ਵਾਰੇ ਜਾਂ ਕਿਸੇ ਸਮਾਜਕ ਜਾਂ ਰਾਜਨੀਤਕ ਸਮੱਸਿਆ ਵਾਰੇ ਬਹਿਸ 'ਚ ਹਿੱਸਾ ਲੈਂਦੇ ਹਨ ਤਾਂ ਖ਼ਾਹ ਮਖ਼ਾਹ ਹੀ ਸਾਰੀ ਬਹਿਸ ਨੂੰ ਧਰਮ ਵੱਲ ਲੈ ਜਾਂਦੇ ਹਨ ਜਾਂ ਗੁੱਸੇ ਵਿਚ ਆਕੇ ਕੁਸੈਲ਼ੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਆਪਣੇ ਜਜ਼ਬਾਤ ਉੱਤੇ ਉਹ ਕਾਬੂ ਨਹੀਂ ਪਾ ਸਕਦ ਹੁੰਦੇ।ਕਈ ਵੇਰ ਪੇਸ਼ਕਾਰ ਵੀ ੳਜਿਹੇ ਕਾਲਰਾਂ ਤੋਂ ਡਰ ਜਾਂਦੇ ਹਨ।

ਇੰਗਲੈਂਡ ਅਤੇ ਹੋਰ ਦੇਸ਼ਾਂ ਵਿਚ ਸਾਡੇ ਬੇਸ਼ੁਮਾਰ ਪ੍ਰਸਾਰਣ ਅਦਾਰੇ ਖ਼ੁੱਲ੍ਹ ਰਹੇ ਹਨ। ਬੇਸ਼ੱਕ ਵਧੇਰੇ ਟੀ ਵੀ ਸਟੇਸ਼ਨ ਬਹੁਤਾ ਕਰਕੇ ਪਿਛਾਂਹ ਰਹਿ ਗਏ ਦੇਸ ਦੀਆਂ ਗੱਲਾਂ ਵਿਚ ਹੀ ਗ਼ਲਤਾਨ ਰਹਿੰਦੇ ਹਨ ਤੇ ਆਪਣੇ ਅਪਣਾਏ ਹੋਏ ਦੇਸ ਵਾਰੇ ਉੱਕਾ ਹੀ ਚੁੱਪ ਰਹਿੰਦੇ ਹਨ ਪਰ ਫ਼ਿਰ ਵੀ ਘੱਟੋ ਘੱਟ ਇਹ ਚੈਨਲਾਂ ਪੰਜਾਬੀ ਵਿਚ ਤਾਂ ਗੱਲ ਕਰਦੀਆਂ ਹਨ। ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਵਿਚ ਢੇਰ ਸਾਰੀ ਗਿਣਤੀ ਵਿਚ ਮੁਫ਼ਤ ਦੀਆਂ ਅਖ਼ਬਾਰਾਂ ਛਪਦੀਆਂ ਹਨ। ਵਧੇਰੇ ਕਰਕੇ ਇਹ ਇੱਕੋ ਕਿਸਮ ਦੀਆਂ ਖ਼ਬਰਾਂ ਛਾਪਦੇ ਹਨ ਕਿਉਂਕਿ ਇਨ੍ਹਾਂ ਕੋਲ਼ ਇਨਵੈਸਟੀਗੇਟਿੰਗ ਜਰਨਾਲਿਜ਼ਮ ਦੇ ਸਾਧਨ ਨਹੀਂ ਹੁੰਦੇ। ਫ਼ਿਰ ਵੀ ਇਨ੍ਹਾਂ ਦੀ ਆਪਣੀ ਹੀ ਦੇਣ ਹੈ ਜਿਸ ਨੂੰ ਅੱਖ਼ੋਂ ਪਰੋਖ਼ੇ ਨਹੀਂ ਕੀਤਾ ਜਾ ਸਕਦਾ। ਸਾਡੀਆਂ ਬਹੁਤ ਸਾਰੀਆਂ ਪੰਜਾਬੀ ਚੈਨਲਾਂ ਉੱਤੇ ਅਕਸਰ ਹੀ ਕੇਵਲ ਪੰਜਾਬੀ ਫ਼ਿਲਮਾਂ ਅਤੇ ਜ਼ਿਆਦਾ ਤਰ ਪੰਜਾਬ ਨਾਲ਼ ਸੰਬੰਧਤ ਖ਼ਬਰਾਂ ਹੀ ਹੁੰਦੀਆਂ ਹਨ। ਇੰਗਲੈਂਡ ਦੀ ਸੋਸ਼ਲ ਲਾਈਫ਼, ਪੌਲਿਟਿਕਸ, ਕਾਇਦੇ-ਕਨੂੰਨ, ਇਥੋਂ ਦੀਆਂ ਸੋਸ਼ਲ ਕਦਰਾਂ ਕੀਮਤਾਂ ਵਾਰੇ ਬੜੀ ਘੱਟ ਜਾਣਕਾਰੀ ਹੁੰਦੀ ਹੈ। ਇਨ੍ਹਾਂ ਕੰਮਾਂ ਵਾਸਤੇ ਮਾਹਰ ਪੱਤਰਕਾਰ ਤੇ ਪੇਸ਼ਕਾਰ ਲੋੜੀਂਦੇ ਹੁੰਦੇ ਹਨ ਜਿਨ੍ਹਾਂ ਦੇ ਵੇਤਨ ਇਹ ਏਸ਼ੀਅਨ ਚੈਨਲਾਂ ਦੇ ਨਹੀਂ ਸਕਦੀਆਂ ਹੁੰਦੀਆਂ। ਕੁਝ ਲੋਕ ਅਕਸਰ ਹੀ ਸ਼ਿਕਾਇਤ ਕਰਦੇ ਰਹਿੰਦੇ ਹਨ ਕਿ ਪੰਜਾਬੀ ਤੇ ਏਸ਼ੀਅਨ ਚੈਨਲਾਂ ਉੱਤੇ ਪੇਸ਼ ਕੀਤੇ ਜਾਂਦੇ ਗੀਤਾਂ ਨਾਲ਼ ਸੰਬੰਧਤ ਵੀਡੀਓ ਅਤੀ ਅਸਲੀਲ ਹੁੰਦੇ ਹਨ ਤੇ ਉਨ੍ਹਾਂ ਵਿਚ ਪੰਜਾਬ ਦੀਆਂ ਸਦਾਚਾਰਕ ਅਤੇ ਕਲਚਰਲ ਕੀਮਤਾਂ ਦੀ ਘਾਟ ਹੁੰਦੀ ਹੈ।

ਇਹ ਗੱਲ ਖ਼ੇਦ ਨਾਲ਼ ਕਹਿਣੀ ਪੈਂਦੀ ਹੈ ਕਿ ਬਰਤਾਨੀਆਂ ਵਿਚ ਵਸਦੇ ਪਾਕਿਸਤਾਨੀ ਪੰਜਾਬੀ ਬੇਸ਼ੱਕ ਬੜੀ ਵਧੀਆ ਪੰਜਾਬੀ ਬੋਲਦੇ ਹਨ ਤੇ ਕਈ ਬੜੀ ਖ਼ੂਬਸੂਰਤ ਤੇ ਭਾਵਪੂਰਤ ਸ਼ਾਇਰੀ ਵੀ ਕਰਦੇ ਹਨ ਪਰ ਕਿਉਂਕਿ ਪਾਕਿਸਤਾਨ ਵਿਚ ਪੰਜਾਬੀ ਸਾਹਿਤ ਰਚਣ ਵੱਲ ਏਨਾ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਲਈ ਕੁਦਰਤੀ ਹੈ ਕਿ ਇਹ ਰਵੱਈਆਂ ਇਥੇ ਵਸਦੇ ਪਾਕਿਸਤਾਨੀ ਪੰਜਾਬੀ ਵੀ ਨਾਲ਼ ਹੀ ਲੈ ਕੇ ਆਏ ਹਨ। ਅਗ਼ਰ ਕੁਝ ਕੁ ਉਂਗਲਾਂ ਤੇ ਗ਼ਿਣਨ ਜੋਗੇ ਪਾਕਿਸਤਾਨੀ ਪੰਜਾਬੀ ਲੇਖ਼ਕ ਹੈਨ ਵੀ ਤਾਂ ਕਈ ਅਲੋਚਕ ਉਨ੍ਹਾਂ ਨੂੰ ਲੋੜ ਤੋਂ ਵੱਧ ਮਹੱਤਤਾ ਦੇ ਰਹੇ ਹਨ। ਹਾਲਾਂਕਿ ਪੰਜਾਬੀ ਵਿਚ ਲਿਖ਼ਣ ਦਾ ਫ਼ਰਜ਼ ਉਨ੍ਹਾ ਦਾ ਵੀ ਓਨਾ ਹੀ ਬਣਦਾ ਹੈ ਜਿੰਨਾ ਕਿ ਸਾਡਾ ਹੈ। ਲਿੱਪੀ ਦੀ ਸਾਂਝ ਦਾ ਨਾ ਹੋਣਾ ਇਕ ਬਹੁਤ ਵੱਡੀ ਸਮੱਸਿਆ ਹੈ। ਦੋਹਾਂ ਪੰਜਾਬਾਂ ਦੇ ਵਧੀਆ ਤਾਲ ਮੇਲ ਵਾਸਤੇ ਸਾਂਝੀ ਲਿੱਪੀ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਨੂੰ ਇਹ ਵੀ ਦੱਸਿਆਂ ਜਾਵੇ ਕਿ ਗੁਰਮੁਖ਼ੀ ਇਕ ਮੁਕੰਮਲ ਲਿੱਪੀ ਹੈ ਕਿਉਂਕਿ ਇਸ ਵਿਚ ਸਾਰੀਆਂ ਧੁਨਾਂ ਹਨ।ਇਹ ਵੀ ਦੱਸਿਆ ਜਾਵੇ ਕਿ ਗੁਰਮੁਖ਼ੀ ਲਿੱਪੀ ਕਿਸੇ ਧਰਮ ਨਾਲ਼ ਨਹੀਂ ਬੱਝੀ ਹੋਈ। ਸਿੱਖ ਗੁਰੂਆਂ ਨੇ ਇਸ ਲਿੱਪੀ ਨੂੰ ਅਪਣਾਇਆ ਕਿਉਂਕਿ ਇਹ ਉਨ੍ਹਾਂ ਦੀਆਂ ਗੱਲਾਂ ਦੀ ਠੀਕ ਤਰਜਮਾਨੀ ਕਰ ਸਕਦੀ ਸੀ। ਪੰਜਾਬੀ ਨੂੰ ਅਪਣਾਇਆ ਕਿਉਂਕਿ ਇਹ ਉਸ ਵੇਲੇ ਆਮ ਲੋਕਾਂ ਦੀ ਬੋਲੀ ਸੀ। ਪਾਕਿਸਤਾਨ ਵਿਚ ਉਰਦੂ ਦਾ ਬੋਲ ਬਾਲਾ ਹੈ। ਪੰਜਾਬੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਪੰਜਾਬੀ ਸਿੱਖ਼ਣ ਤੋਂ ਬਿਨਾਂ ਵੀ ਗ਼ੁਜ਼ਾਰਾ ਹੋ ਸਕਦਾ ਹੈ। ਉੱਥੇ ਕੋਈ ਖ਼ਾਸ ਅਜਿਹੀ ਲਹਿਰ ਵੀ ਨਹੀਂ ਹੈ ਜਿਹੜੀ ਲੋਕਾਂ ਨੂੰ ਦੱਸੇ ਕਿ ਪੰਜਾਬੀ ਸਿੱਖਣੀ ਕਿੰਨੀ ਜ਼ਰੂਰੀ ਹੈ ਤੇ ਵਿਰਸੇ ਦੀ ਸਾਂਭ ਸੰਭਾਲ ਇਸ ਬਾਝੋਂ ਸੰਭਵ ਨਹੀਂ ਹੈ। ਸਾਡੇ ਵੱਲ ਦੇ ਪੰਜਾਬ ਦੀ ਸਰਕਾਰ ਉੱਤੇ ਜ਼ੋਰ ਪਾਇਆ ਜਾਵੇ ਕਿ ਉਹ ਇਸ ਨੂੰ ਕਰੜਾਈ ਨਾਲ਼ ਸਰਕਾਰੀ ਦਫ਼ਤਰਾਂ ਵਿਚ ਲਾਗੂ ਕਰੇ। ਪੰਜਾਬੀਆਂ ਦੀ ਮਾਨਸਿਕਤਾ ਨੂੰ ਬਦਲਿਆ ਜਾਵੇ ਤੇ ਕਿਹਾ ਜਾਵੇ ਕਿ ਬੇਸ਼ੱਕ ਉਹ ਅੰਗਰੇਜ਼ੀ ਅਤੇ ਹਿੰਦੀ ਆਪਣੇ ਬੱਚਿਆਂ ਨੂੰ ਸਿਖ਼ਾਉਣ ਪਰ ਪੰਜਾਬੀ ਦੀ ਕੀਮਤ ਉੱਤੇ ਨਹੀਂ। ਇਸੇ ਤਰ੍ਹਾਂ ਪਾਕਿਸਤਾਨੀਆਂ ਨੂੰ ਵੀ ਕਿਹਾ ਜਾਵੇ ਕਿ ਉਹ ਆਪਣੇ ਬੱਚਿਆਂ ਨੂੰ ਉਰਦੂ ਵੀ ਸਿਖ਼ਾਉਣ ਅਤੇ ਅੰਗਰੇਜ਼ੀ ਵੀ ਪਰ ਪੰਜਾਬੀ ਨੂੰ ਬਲ਼ੀ ਦਾ ਬੱਕਰਾ ਨਾ ਬਣਾਇਆ ਜਾਵੇ।

ਬਰਤਾਨੀਆਂ ਵਿਚ ਅਤੇ ਹੋਰ ਪੱਛਮੀ ਦੇਸਾਂ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸੁਰੱਖਿਆ ਇੱਮੀਗਰੇਸ਼ਨ ਉੱਤੇ ਬਹੁਤ ਮੁਨੱਸਰ ਕਰਦੀ ਹੈ। ਅਗਰ ਹੋਰ ਹੋਰ ਪੰਜਾਬੀ ਇੱਮੀਗਰੈਂਟਸ ਇੱਥੇ ਆਉਂਦੇ ਰਹਿਣਗੇ ਤਾਂ ਪੰਜਾਬੀ ਕੁਝ ਸਮਾਂ ਹੋਰ ਚਲਦੀ ਰਹੇਗੀ ਵਰਨਾ ਅਸੀਂ ਸਭ ਜਾਣਦੇ ਹਾਂ ਕਿ ਸਾਡੇ ਬੱਚਿਆਂ ਦੀ ਇਸ ਵੱਲ ਕੋਈ ਖ਼ਾਸ ਰੁਚੀ ਅਤੇ ਦਿਲਚਸਪੀ ਨਹੀਂ ਹੈ। ਇੰਗਲੈਂਡ ਵਿਚ ਰਹਿੰਦੇ ਪੁਰਾਣੇ ਲੋਕਾਂ ਨੇ ਬੜੀ ਕੋਸ਼ਸ਼ ਕਰਕੇ ਵੇਖ਼ ਲਈ ਹੈ ਪਰ ਉਨ੍ਹਾਂ ਦੀ ਕੋਈ ਪੇਸ਼ ਨਹੀਂ ਗਈ।ਦਰਅਸਲ ਸਾਡੇ ਬੱਚੇ ਕੇਵਲ ਉਹੀ ਜ਼ਬਾਨ ਸਿੱਖ਼ਣਾ ਚਾਹੁੰਦੇ ਹਨ ਜਿਸ ਨਾਲ਼ ਉਨ੍ਹਾਂ ਦੇ ਕਰੀਅਰ ਵਿਚ ਵਾਧਾ ਹੁੰਦਾ ਹੋਵੇ ਤੇ ਨਵੀਂ ਜ਼ਬਾਨ ਸਿੱਖ਼ਣ ਨਾਲ਼ ਉਨ੍ਹਾ ਦੇ ਜੌਬ ਪਰੌਸਪੈਕਟਸ ਵਧਦੇ ਹੋਣ। ਫ਼ਰੈਂਚ, ਜਰਮਨ, ਰਸ਼ੀਅਨ, ਸਪੈਨਿਸ਼, ਚਾਈਨੀਜ਼, ਇਟਾਲੀਅਨ ਆਦਿ ਅਜਿਹੀਆਂ ਜ਼ਬਾਨਾਂ ਹਨ ਜਿਨ੍ਹਾਂ ਦੇ ਆਉਣ ਨਾਲ਼ ਨਵੀਂ ਪਨੀਰੀ ਦਾ ਭਵਿੱਖ਼ ਆਸਾਵਾਦੀ ਹੋ ਜਾਂਦਾ ਹੈ। ਯੂਰਪ ਦੇ ਹੋਰ ਦੇਸਾਂ ਵਿਚ ਪੁਲੀਟੀਕਲ ਅਤੇ ਹੋਰ ਢੰਗ ਨਾਲ਼ ਆਕੇ ਵਸੇ ਬਹੁਤੇ ਪੰਜਾਬੀ ਜਦੋਂ ਉੱਥੋਂ ਦੀ ਨਾਗਰਿਕਤਾ ਲੈ ਲੈਂਦੇ ਹਨ ਤਾ ਈ ਈ ਸੀ ਦੇ ਕਨੂੰਨਾਂ ਤਹਿਤ ਉਹ ਇੰਗਲੈਂਡ ਵਿਚ ਵਸਣ ਦੇ ਹੱਕਦਾਰ ਹੋ ਜਾਂਦੇ ਹਨ ਤੇ ਇਨ੍ਹਾਂ ਚੋਂ ਬਹੁਤੇ ਇੱਥੇ ਹੀ ਆ ਵਸਦੇ ਹਨ। ਕਿਉਂਕਿ ਇਹ ਲੋਕ ਵੱਧ ਤੋਂ ਵੱਧ ਦੋ ਕੁ ਦਹਾਕਿਆ ਤੋਂ ਵੀ ਘੱਟ ਤੋਂ ਪੰਜਾਬ ਤੋਂ ਬਾਹਰ ਰਹਿ ਰਹੇ ਹੁੰਦੇ ਹਨ ਇਸ ਲਈ ਉਨ੍ਹਾਂ ਦੀ ਪ੍ਰਮੁੱਖ਼ ਭਾਸ਼ਾ ਪੰਜਾਬੀ ਹੀ ਹੁੰਦੀ ਹੈ ਤੇ ਉਹ ਪੰਜਾਬ ਨਾਲ਼ ਵਧੇਰੇ ਜੁੜੇ ਹੋਏ ਹੁੰਦੇ ਹਨ। ਅਗਰ ਇੰਗਲੈਂਡ ਭਵਿੱਖ ਵਿਚ ਵੀ ਈ ਈ ਸੀ ਦਾ ਮੈਂਬਰ ਬਣਿਆਂ ਰਿਹਾ ਤਾਂ ਇਸ ਕਿਸਮ ਦੀ ਇੱਮੀਗਰੇਸ਼ਨ ਚਾਲੂ ਰਹੇਗੀ।ਯਾਦ ਰਹੇ ਕਿ ਇੰਗਲੈਂਡ ਦੇ ਬਹੁਤੇ ਲੋਕ ਯੁਰਪ ਦੀ ਸਾਂਝੀ ਮੰਡੀ ਚੋਂ ਬਾਹਰ ਨਿਕਲਣਾ ਚਾਹੁੰਦੇ ਹਨ ਤੇ ਇਸ਼ ਪ੍ਰੈਸ਼ਰ ਕਾਰਨ ਮੌਜੂਦਾ ਸਰਕਾਰ 2015 ਦੀਆਂ ਇਲੈਕਸ਼ਨਾਂ ਤੋਂ ਬਾਅਦ ਇਸ ਸਵਾਲ ਸੰਬੰਧੀ ਰੀਫ਼ਰੈਂਡਮ ਕਰਾਉਣ ਲਈ ਸਹਿਮਤ ਹੋ ਗਈ ਹੈ। ਗ਼ੈਰ-ਯੂਰਪੀਅਨ ਦੇਸਾਂ ਤੋਂ ਆਉਣ ਵਾਲ਼ੇ ਲੋਕਾਂ ਉੱਤੇ ਦਿਨ ਬਦਿਨ ਪਾਬੰਦੀਆਂ ਲੱਗ ਰਹੀਆਂ ਹਨ। ਅਗਰ ਇਥੇ ਰਹਿ ਰਹੇ ਇੱਲੀਗਲ ਪੰਜਾਬੀਆਂ ਨੂੰ ਜਿਨ੍ਹਾਂ ਦੀ ਗਿਣਤੀ ਲੱਖਾਂ ਵਿਚ ਹੈ, ਆਮ ਮੁਅਫ਼ੀਨਾਮਾਂ ਮਿਲ਼ ਗਿਆ ਤਾਂ ਤਦ ਵੀ ਪੰਜਾਬੀ ਦੇ ਭਵਿੱਖ਼ ਵਿਚ ਪੌਜ਼ੇਟਿਵਿਟੀ ਆ ਸਕਦੀ ਹੈ ਭਾਵੇਂ ਕਿ ਇਸ ਮੁਆਫ਼ੀਨਾਮੇ ਦੀ ਬਹੁਤੀ ਆਸ ਨਹੀਂ ਹੈ। ਅਗਰ ਹੋਰ ਪੰਜਾਬੀਆਂ ਦੀ ਇੱਮੀਗਰੇਸ਼ਨ ਨਾ ਹੋਈ ਤਾਂ ਸਾਨੂੰ ਹੁਣ ਨਾਲੋਂ ਕਿਤੇ ਵੱਧ ਕੋਸ਼ਸ਼ ਕਰਨੀ ਪਵੇਗੀ ਪੰਜਾਬੀ ਭਾਸ਼ਾ ਨੂੰ ਇੰਗਲਿਸਤਾਨ ਵਿਚ ਜਿਉਂਦਿਆ ਰੱਖ਼ਣ ਵਾਸਤੇ। ਇਹ ਪੰਜਾਬੀਆਂ ਦਾ ਸਮੂਹਕ ਕੰਮ ਹੈ। ਇਸ ਯਤਨ ਵਿਚ ਹਰ ਵਰਗ ਦੇ ਲੋਕ ਸ਼ਾਮਲ ਹੋਣੇ ਚਾਹੀਦੇ ਹਨ।-ਅਗਸਤ 2013

WWW.drsathiludhianvi.blogspot.co.uk
drsathi41@gmail.com

 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2013, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)