ਸਿੱਖੀ ਦੇ ਤਨ ਅੰਦਰ ਬ੍ਰਾਹਮਣਵਾਦ-ਇਕ ਵਡੀ ਬਿਮਾਰੀ
- ਸਰਦਾਰਾ ਸਿੰਘ ਮਾਹਿਲ

ਪ੍ਰਾਚੀਨ ਸਮਿਆਂ ਵਿਚ ਬ੍ਰਾਹਮਣਵਾਦ ਭਾਰਤੀ ਹਾਕਮਾਂ ਦੀ ਵਿਚਾਰਧਾਰਾ ਰਹੀ ਹੈ। ਅਜ ਵੀ ਹਾਕਮ ਜਮਾਤ ਦੀਆਂ ਪਾਰਟੀਆਂ ਬ੍ਰਾਹਮਣਵਾਦ ਦੀ ਵਰਤੋਂ ਆਪਣੇ ਰਾਜ ਭਾਗ ਦੀ ਪਕਿਆਈ ਲਈ ਕਰਦੀਆਂ ਹਨ। ਭਾਰਤੀ ਜਨਤਾ ਪਾਰਟੀ ਇਸ ਦੀ ਸ਼ਰੇਆਮ ਅਤੇ ਕਾਂਗਰਸ ਲੁਕਵੀਂ ਵਕੀਲ ਹੈ। ਬਾਕੀ ਪਾਰਟੀਆਂ ਵੀ ਇਸ ਦੀ ਵਰਤੋਂ ਕਰਦੀਆਂ ਹਨ। ਹੋਰ ਤਾਂ ਹੋਰ ਦਲਿਤਾਂ ਦੀ ਇਕਲੌਤੀ ਠੇਕੇਦਾਰੀ ਦਾ ਦਾਅਵਾ ਕਰਨ ਵਾਲੀ ਬਹੁਜਨ ਸਮਾਜ ਪਾਰਟੀ ਵੀ ਉਲਟੇ ਰੁਖ ਤੋਂ ਇਸ ਦੀ ਵਰਤੋਂ ਕਰਕੇ ਸੱਤਾ ਹਥਿਆਉਣ ਲਈ ਯਤਨਸ਼ੀਲ ਹੈ। ਭਾਰਤੀ ਸਮਾਜ ਵਿਚ ਬੁਨਿਆਦੀ ਤਬਦੀਲੀ ਲਈ ਯਤਨਸ਼ੀਲ ਸ਼ਕਤੀਆਂ ਨੂੰ ਬ੍ਰਾਹਮਣਵਾਦ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਇਸ ਦੀ ਪਿਛਾਂਹਖਿਚੂ ਸਮਰਥਾ ਦੀ ਹਾਥ ਪਾਉਣੀ ਚਾਹੀਦੀ ਹੈ।

ਬ੍ਰਾਹਮਣਵਾਦ ਦਰਅਸਲ ਹੈ ਕੀ? ਇਸ ਨੂੰ ਬ੍ਰਾਹਮਣ ਜਾਤ ਨਾਲ ਰਲਗਡ ਕਰਨਾ ਬਹੁਤ ਵੱਡੀ ਭੁਲ ਹੈ। ਬ੍ਰਾਹਮਣਵਾਦ ਇਕ ਵਿਚਾਰਧਾਰਾ ਹੈ। ਫਲਸਫੇ ਪੱਖੋਂ ਇਹ ਇਕ ਵਿਚਾਰਵਾਦੀ ਅਤੇ ਛਾਇਆਵਾਦੀ ਫਲਸਫਾ ਹੈ। ਇਹ ਕੁਦਰਤੀ ਸ਼ਕਤੀਆਂ ਨੂੰ ਪਰਾ ਭੌਤਿਕ ਸ਼ਕਤੀਆਂ ਵਜੋਂ ਹਾਸਲੀਕਰਣ ਕਰਵਾਕੇ ਸਾਰੀ ਕਾਇਨਾਤ ਅਤੇ ਇਸ ਦੀ ਗਤੀ ਨੂੰ ਇਨ੍ਹਾਂ ਪਰਾ ਭੌਤਿਕ ਹਸਤੀਆਂ ਦੀ ਲੀਲਾ ਵਜੋਂ ਪੇਸ਼ ਕਰਦਾ ਹੈ। ਇਹ ਲੀਲਾ ਅਪਰੰਪਾਰ ਹੈ, ਜਿਸ ਦੀ ਹਾਥ ਕੋਈ ਨਹੀਂ ਪਾ ਸਕਦਾ। ਇਸ ਤਰ੍ਹਾਂ ਸਭ ਛਾਇਆਵਾਦੀ ਦਰਸ਼ਨਾਂ ਦੀ ਤਰ੍ਹਾਂ ਇਹ ਵੀ ਅਗਿਆਨ ਦਾ ਦਰਸ਼ਨ ਹੈ। ਇਹ ਉਨ੍ਹਾਂ ਕੁਦਰਤੀ ਸ਼ਕਤੀਆਂ ਦੀ ਥਾਹ ਪਾਉਣ ਦੀ ਬਜਾਏ ਉਨ੍ਹਾਂ ਦੀ ਪੂਜਾ ਕਰਨ ਦਾ ਰਾਹ ਦਸਦਾ ਹੈ।

ਪਰ ਪੂਜਾ ਕਰਨ ਲਈ ਪ੍ਰਤੱਖ ਹੋਂਦ ਦੀ ਜ਼ਰੂਰਤ ਹੁੰਦੀ ਹੈ ।ਇਸ ਕਰਕੇ ਇਹ ਭੌਤਿਕ ਸ਼ਕਤੀਆਂ ਦੇ ਪ੍ਰਾਭੌਤਿਕ ਹਸਤੀਕਰਨ ਕਰਕੇ ਉਨ੍ਹਾਂ ਦੀ ਪ੍ਰਤਖ ਹੋਂਦ ਮੂਰਤੀਆਂ ਦੇ ਰੂਪ ਵਿਚ ਬਣਾ ਲੈਂਦਾ ਹੈ। ਇਸ ਕਰਕੇ ਬ੍ਰਾਹਮਣਵਾਦ ਕੁਦਰਤ ਦੀ ਪੂਜਾ ਵਲ ਲੈ ਗਿਆ। ਇਸ ਫਲਸਫੇ ਦਾ ਸਿਆਸੀ ਖੇਤਰ ਵਿਚ ਪ੍ਰਗਟਾਵਾ ਪੁਜਾਰੀ ਸ਼੍ਰੇਣੀ ਦੇ ਰਾਜਸ਼ਾਹੀ ਨਾਲ ਗੱਠਜੋੜ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ। ਆਰੰਭ ਵਿਚ ਇਹ ਪੁਜਾਰੀ ਨੂੰ ਰਾਜੇ ਤੋਂ ਸ਼੍ਰੇਸ਼ਟ ਦਾ ਦਰਜਾ ਦਿੰਦਾ ਸੀ ਪਰ ਹੌਲੀ ਹੌਲੀ ਸਿਆਸਤ ਨੇ ਰਸਮੀ ਤੌਰ ਤੇ ਪੁਜਾਰੀ ਦੀ ਸ਼੍ਰੇਸ਼ਟਤਾ ਨੂੰ ਰਖਦਿਆਂ, ਪੁਜਾਰੀਆਂ ਨੂੰ ਸਿਆਸੀ ਹਿਤਾਂ ਲਈ ਵਰਤਣਾ ਸ਼ੁਰੂ ਕਰ ਦਿਤਾ। ਬ੍ਰਾਹਮਣਵਾਦ ਦੀ ਬੜਬੋਲੀ ਵਕੀਲ ਭਾਜਪਾ ਅਜ ਵੀ ਧਾਰਮਿਕ ਮੁਦਿਆਂ ਦੇ ਰੱਥ 'ਤੇ ਸਵਾਰ ਹੋ ਕੇ ਸੱਤਾ ਦੇ ਗਲਿਆਰਿਆਂ ਵਿਚ ਪਹੁੰਚਦੀ ਹੈ ਅਤੇ ਲੁਕਵੀਂ ਮੁਦਈ ਕਾਂਗਰਸ ਧਰਮ ਨਿਰਪੱਖਤਾ ਦੇ ਬੁਰਕੇ ਇਹੀ ਕੁਝ ਕਰਨ ਦੇ ਯਤਨ ਕਰਦੀ ਹੈ। ਸਮਾਜਿਕ ਖੇਤਰ ਵਿਚ ਬ੍ਰਾਹਮਣਵਾਦ ਨੇ ਸ਼੍ਰੇਣੀ ਵੰਡ ਨੂੰ ਸਥਿਰ ਰਖਣ ਅਤੇ ਸ਼੍ਰੇਣੀ ਦਾਬਾ ਲੁੱਟ ਪੱਕੇ ਪੈਰੀਂ ਕਰਨ ਲਈ , ਇਸ ਨੂੰ ਜਨਮ ਨਾਲ ਜੋੜ ਕੇ ਜਾਤ ਪਾਤ ਵਿਚ ਸਮਾਜ ਨੂੰ ਸਥਾਈ ਤੌਰ ਤੇ ਵੰਡ ਦਿਤਾ।

ਇਸ ਨਾਲ ਸਮਾਜ ਵਿਚ ਗਤੀਸ਼ੀਲਤਾ ਬਹੁਤ ਘਟ ਗਈ ਅਤੇ ਸਮਾਜਿਕ ਪ੍ਰਗਤੀ ਦੇ ਪੈਰਾਂ ਵਿਚ ਖੜੋਤ ਦੀਆਂ ਬੇੜੀਆਂ ਪਾ ਦਿਤੀਆਂ। ਬ੍ਰਾਹਮਣਵਾਦ ਸਮਾਜਿਕ ਖੜੋਤ ਅਤੇ ਪਛੜੇਵੇਂ ਦਾ ਫਲਸਫਾ ਹੈ। ਇਹ ਫਲਸਫਾ ਸਮਾਜ ਦੇ ਲਹੂ ਵਿਚ ਘੁਲ ਕੇ ਨਾੜ ਨਾੜ ਅਤੇ ਰੋਮ ਰੋਮ ਵਿਚ ਰਚ ਚੁਕਿਆ ਹੈ। ਇਸੇ ਕਾਰਨ ਭਾਰਤੀ ਸਭਿਅਤਾ ਸਭ ਤੋਂ ਪੁਰਾਣੀ ਵਿਕਸਿਤ ਸਭਿਅਤਾ ਹੁੰਦੇ ਹੋਏ ਵੀ ਅਜ ਸੰਸਾਰ ਭਰ ਵਿਚ ਸਭ ਤੋਂ ਵਧੇਰੇ ਪਛੜੇਵੇਂ ਵਿਚ ਸ਼ੁਮਾਰ ਹੁੰਦੀ ਹੈ। ਅਜਿਹਾ ਇਸ ਕਰਕੇ ਇਥੇ ਦਹਾਕਿਆਂ ਦੀ ਪ੍ਰਗਤੀ ਸਦੀਆਂ ਵਿਚ ਹੋਈ ਹੈ। ਸਦੀਆਂ ਬੀਤਣ ਨਾਲ ਭਾਵੇਂ ਪ੍ਰਗਤੀ ਹੋਈ ਹੈ ਅਤੇ ਆਧੁਨਿਕ ਗਿਆਨ ਨੇ ਬ੍ਰਾਹਮਣਵਾਦ ਦੀਆਂ ਜੜ੍ਹਾਂ ਨੂੰ ਖੋਰਿਆ ਹੈ ਪਰ ਅਜੇ ਵੀ ਇਸ ਦੀ ਪਕੜ ਕਾਫੀ ਮਜ਼ਬੂਤ ਹੈ। ਅਜ ਦੀ ਸਿਆਸਤ ਇਸ ਦਾ ਪ੍ਰਤਖ ਪ੍ਰਮਾਣ ਹੈ।

ਅਜ ਬ੍ਰਾਹਮਣਵਾਦ ਦੀ ਗੁੱਲੀ ਰਾਸ਼ਟਰੀ ਸੋਇਮ ਸੇਵਕ ਸੰਘ ਇਕਾਈਆਂ ਵਿਰੁਧ ਹਮਲੇ ਕਰਨ, ਮੁਸਲਮਾਨਾਂ ਵਿਰੁਧ ਜ਼ਹਿਰੀਲਾ ਪ੍ਰਚਾਰ ਕਰਨ ਅਤੇ ਜੈਨ ਅਤੇ ਸਿਖਾਂ ਨੂੰ ਆਪਣੇ ਵਿਚ ਸਮੋਣ ਦੀ ਨੀਤੀ 'ਤੇ ਚਲ ਰਿਹਾ ਹੈ। ਇਸ ਨੇ ਰਾਸ਼ਟਰੀ ਸਿਖ ਸੰਗਤ ਨਾਂ ਦੀ ਜਥਬੰਦੀ ਖੜ੍ਹੀ ਕੀਤੀ ਹੈ ਜਿਸ ਵਲੋਂ ਮਣਾਂ ਮੂੰਹੀਂ ਸਾਹਿਤ ਛਾਪ ਕੇ ਵੰਡਿਆ ਜਾ ਰਿਹਾ ਹੈ, ਜਿਸ ਵਿਚ ਇਹ ਪ੍ਰਚਾਰਿਆ ਜਾਂਦਾ ਹੈ ਕਿ ਸਿਖਾਂ ਦੀ ਕੋਈ ਨਿਆਰੀ ਹੋਂਦ ਨਹੀਂ ਸਗੋਂ ਇਹ ਹਿੰਦੂ ਧਰਮ ਦਾ ਫੌਜੀ ਅਤੇ ਖਾੜਕੂ ਅੰਗ ਹਨ। ਇਸੇ ਵਿਰੁਧ ਸਿਖ ਮੂਲਵਾਦੀ ਅਨਸਰਾਂ ਅਤੇ ਮੌਕਾਪ੍ਰਸਤ ਸਿਆਸਤਦਾਨਾਂ ਨੇ ਹੋ ਹੱਲਾ ਮਚਾਇਆ। ਅਕਾਲ ਤਖਤ ਕੇ ਜਥੇਦਾਰ ਨੂੰ ਅਪੀਲਾਂ ਕੀਤੀਆਂ ਗਈਆਂ।

ਇਹ ਸਭ ਕੁਝ ਤਾਂ ਉਹ ਹੈ ਜੋ ਸਤਹ ਦੇ ਉਪਰ ਵਾਪਰ ਰਿਹਾ ਹੈ, ਜਿਸ ਬਾਰੇ ਸ਼ੋਰ ਸ਼ਰਾਬਾ ਮਚਾਇਆ ਜਾਂਦਾ ਹੈ, ਪਰ ਬ੍ਰਾਹਮਣਵਾਦ ਨੇ ਇਸ ਤਰ੍ਹਾਂ ਲਹੂ ਵਿਚ ਫੈਲੇ ਜ਼ਹਿਰ ਵਾਂਗੂ ਸਿਖੀ ਦੀ ਤਤ ਨੂੰ ਖਤਮ ਕਰਕੇ ਇਸ ਨੂੰ ਅੰਦਰੋਂ ਇਸ ਕਦਰ ਖੋਖਲਾ ਕਰ ਛਡਿਆ ਹੈ ਕਿ ਹੁਣ ਇਸ ਦਾ ਖੋਲ ਹੀ ਬਚਿਆ ਹੈ। ਬ੍ਰਾਹਮਣਵਾਦ ਦੀ ਗੁੱਲੀ ਨੂੰ ਸੰਘੀਆਂ ਨੇ ਭਾਂਪਦਿਆਂ ਇਸ ਤੇ ਬਾਹਰੋਂ ਸਿੱਧਾ ਹਮਲਾ ਬੋਲਣ ਦੀ ਜ਼ੁਅਰਤ ਕੀਤੀ ਹੈ। ਅਜ ਅਸੀਂ ਸਿਖੀ ਅੰਦਰ ਫੈਲੇ ਬ੍ਰਾਹਮਣਵਾਦ ਦੀ ਕੁਝ ਚਰਚਾ ਕਰਾਂਗੇ।

ਸਿਖ ਲਹਿਰ ਭਾਰਤੀ ਲਹਿਰ ਦੀ ਸਭ ਤੋਂ ਨਰੋਈ, ਵਿਗਿਆਨਕ ਅਤੇ ਅਗਾਂਹਵਧੂ ਟੁਕੜੀ ਸੀ। ਇਹੀ ਕਾਰਨ ਹੈ ਕਿ ਭਾਰਤੀ ਲਹਿਰ ਦੀਆਂ ਬਾਕੀ ਟੁਕੜੀਆਂ ਦੈ ਉਲਟ ਕੇਵਲ ਸਿਖੀ ਹੀ ਲਗਾਤਾਰ ਲਹਿਰ ਦਾ ਰੂਪ ਅਖਤਿਆਰ ਕਰ ਸਕੀ। ਸਿਖ ਲਹਿਰ ਦੇ ਬਾਨੀ ਬਾਬਾ ਨਾਨਕ ਜੀ ਨੇ ਹਿੰਦੂ ਧਰਮ ਅਤੇ ਇਸਲਾਮ ਦੇ ਖੋਖਲੇਪਣ ਨੂੰ ਉਜਾਗਰ ਕਰਦਿਆਂ ਇਨ੍ਹਾਂ ਦਾ ਅਲੋਚ ਪੇਸ਼ ਕਰਦਿਆਂ, ਸਿਖੀ ਦੀ ਵਿਚਾਰਧਾਰਕ ਨੀਂਹ ਰਖੀ। ਉਨ੍ਹਾਂ ਨੇ ਪਿਤਾ ਪੁਰਖੀ ਗੱਦੀ ਦੀ ਥਾਂ ਭਾਈ ਲਹਿਣਾ ਨੂੰ ਜਾਨਸ਼ੀਨ ਬਣਾ ਕੇ, ਇਸ ਨੂੰ ਪਰਿਵਾਰਕ ਬਣਾਉਣ ਦੀ ਬਜਾਏ ਇਕ ਸਮਾਜਿਕ ਸੰਸਥਾ ਦਾ ਰੂਪ ਦਿਤਾ।

ਭਾਈ ਲਹਿਣਾ, ਜੋ ਗੁਰੂ ਅੰਗਦ ਦੇਵ ਵਜੋਂ ਜਾਣੇ ਗਏ ਨੇ, ਲੋਕਾਂ ਦੀ ਕਰੀਬੀ ਲਿਪੀ ਦੇ ਸਿਰਜਣਾ ਕੀਤੀ। 'ਏਕ ਨੂਰ ਤੇ ਸਭ ਜਗ ਉਪਜਿਆ' ਕਹਿ ਕੇ ਨਾ ਕੇਵਲ ਸਮਤਾ ਦਾ ਸੰਦੇਸ਼ਾ ਦਿਤਾ ਗਿਆ ਸਗੋਂ ਲੰਗਰ ਅਤੇ ਪੰਗਤ ਰਾਹੀਂ ਇਸ ਨੂੰ ਅਮਲੀ ਰੂਪ ਦਿਤਾ ਗਿਆ।'ਕਿਰਤ ਕਰੋ ਵੰਡ ਛਕੋ' ਦੇ ਨਾਅਰੇ ਵਿਚ ਸਮਾਜਵਾਦ ਦਾ ਭਰੂਣ ਰੂਪ ਸੀ। ਪੰਜਵੇਂ ਗੁਰੂ ਨੇ ਸਮੁਚੀ ਭਗਤੀ ਲਹਿਰ ਦੀ ਬਾਣੀ ਨੂੰ ਸੰਗ੍ਰਹਿਤ ਕਰਕੇ ਜਿਥੇ ਸਮੁਚੀ ਭਗਤੀ ਲਹਿਰ ਦੀ ਵਿਰਾਸਤ ਨੂੰ ਲੈ ਕੇ ਤੁਰਨ ਦੀ ਗਲ ਕੀਤੀ ਉਥੇ ਵਿਚਾਰਧਾਰਕ ਸੋਮੇ ਨੂੰ ਰਲਾ ਖੋਟ ਤੋਂ ਬਚਾ ਕੇ ਇਸ ਦੀ ਨਿਰਮਲਤਾ ਬਚਾਈ ਰਖਣ ਦਾ ਯਤਨ ਕੀਤਾ ਗਿਆ। ਇਸ ਸਮੇਂ ਤੋਂ ਇਸ ਵਿਚਾਰਧਾਰਕ ਸਮਾਜਿਕ ਲਹਿਰ ਨੇ ਰਾਜਨੀਤਕ ਰੂਪ ਲੈਣਾ ਸ਼ੁਰੂ ਕੀਤਾ।

ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੇ ਰੂਪ ਲੋਕ-ਫੌਜ ਦੀ ਸਿਰਜਣਾ ਕਰਕੇ ਲਹਿਰ ਨੂੰ ਨਿਰਣਾਇਕ ਮੋੜ ਦਿਤਾ। ਬਾਬਾ ਬੰਦਾ ਬਹਾਦਰ ਸਮੇਂ ਜਗੀਰਦਾਰੀ ਦਾ ਖਾਤਮਾ ਕਰਦਿਆਂ ਸਿਖ ਲਹਿਰ ਸਿਖਰ ਤੇ ਪਹੁੰਚੀ ਪਰ ਦਮਨ ਸਾਹਮਣੇ ਵੰਡੀ ਜਾਣ ਕਰਕੇ ਮਿਸਲਾਂ ਦੇ ਰੂਪ ਵਿਚ ਇਸ ਦਾ ਨਿਘਾਰ ਸ਼ੁਰੂ ਹੋਇਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਿਖੀ ਦੇ ਬੁਰਕੇ ਹੇਠ ਬ੍ਰਾਹਮਣਵਾਦੀ ਸਾਮੰਤਸ਼ਾਹ-ਰਾਜਾਸ਼ਾਹੀ ਸੀ। ਇਹ ਬ੍ਰਾਹਮਣਵਾਦੀ ਖੋਟ ਨਵੇਂ ਮਹਾਰਾਜਾ ਰਣਜੀਤ ਸਿੰਘ (ਪ੍ਰਕਾਸ਼ ਸਿੰਘ ਬਾਦਲ) ਤਕ ਵਧਦਾ ਹੀ ਜਾ ਰਿਹਾ ਹੈ।

ਸਿਖ ਵਿਚਾਰਧਾਰਾ ਨੇ ਵਿਅਕਤੀ ਪੂਜਾ ਅਤੇ ਬੁਤ ਪੂਜਾ ਦੇ ਉਲਟ ਭਗਤੀ ਲਹਿਰ ਦੀ ਵਿਚਾਰਧਾਰਾ ਨੂੰ ਆਦਿ ਗ੍ਰੰਥ ਵਿਚ ਸੰਕਲਿਤ ਕਰਕੇ ਇਸ ਵਿਚਾਰਧਾਰਾ ਤੋਂ ਸੇਧ ਲੈਣ, ਇਸ ਨੂੰ ਗੁਰੂ ਅਤੇ ਰਾਹ ਦਰਸਾਵਾ ਮੰਨਣ ਲਈ ਕਿਹਾ। ਪਰ ਅਜ ਗੁਰੂ ਗ੍ਰੰਥ ਨੂੰ ਇਕ ਬੁਤ ਬਣਾ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਇਸ ਤੋਂ ਸੇਧ ਲੈਣ ਦੀ ਬਜਾਏ ਇਸ ਨੂੰ ਮੱਥਾ ਟੇਕਿਆ ਜਾਂਦਾ ਹੈ। ਜਿਵੇਂ ਮੂਰਤੀਆਂ ਨੂੰ ਪ੍ਰਸਾਦ ਦਾ ਭੋਗ ਲੁਆਇਆ ਜਾਂਦਾ ਸੀ ਅਜ ਗੁਰੂ ਗ੍ਰੰਥ ਸਾਹਿਬ ਲਈ ਪ੍ਰਸਾਦਿ ਕੱਢ ਕੇ ਰਖਿਆ ਜਾਂਦਾ ਹੈ। ਬਹੁਤ ਸਾਰੇ ਗੁਰਦੁਆਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਲਈ ਪਾਣੀ ਦੀ ਗੜਵੀ ਅਤੇ ਦਾਤਣ ਰਖੀ ਜਾਂਦੀ ਹੈ। ਗਰਮੀਆਂ ਨੂੰ ਗ੍ਰੰਥ ਸਾਹਿਬ 'ਤੇ ਪੱਖਾ ਛਡਿਆ ਜਾਂਦਾ ਹੈ ਅਤੇ ਸਰਦੀਆਂ ਵਿਚ ਰਜਾਈ ਦਿਤੀ ਜਾਂਦੀ ਹੈ। ਬ੍ਰਾਹਮਣਵਾਦ ਤਾਂ ਹਸਤੀਕਰਣ ਦਾ ਠੋਸ ਰੂਪ ਮੂਰਤੀ ਬਣਾ ਕੇ ਉਸ ਦੀ ਪੂਜਾ ਕਰਦਾ ਸੀ ਪਰ ਇਥੇ ਤਾਂ ਗ੍ਰੰਥ ਸਾਹਿਬ ਦਾ ਹਸਤੀਕਰਣ ਕਰਕੇ ਇਸ ਨੂੰ ਜਿਉਂਦਾ ਜਾਗਦਾ ਵਿਅਕਤੀ ਬਣਾ ਦਿਤਾ ਗਿਆ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਰਿਦੁਆਰ ਜਾ ਕੇ ਅਸਲੀ ਤਰਕ ਰਾਹੀਂ ਦਸਿਆ ਕਿ ਪਿਤਰਾਂ ਨੂੰ ਪਾਣੀ ਵਗੈਰਾ ਕੁਝ ਨਹੀਂ ਪਹੁੰਚਦਾ ਪਰ ਸਿਖ ਪ੍ਰੀਵਾਰਾਂ ਵਿਚ ਕਿਸੇ ਵਿਅਕਤੀ ਦੀ ਮੌਤ ਸਮੇਂ ਘਰ ਵਿਚ ਗ੍ਰੰਥ ਸਾਹਿਬ ਦਾ ਪਾਠ ਕਰਾਇਆ ਜਾਂਦਾ ਹੈ। ਘਰ ਵਾਲੇ ਕਪੜੇ, ਜੁਤੀ ਅਤੇ ਬਿਸਤਰਾ ਆਦਿ ਭੇਟ ਕਰਦੇ ਹਨ ਅਤੇ ਭਾਈ ਜੀ ਅਰਦਾਸ ਕਰਦੇ ਹਨ ਕਿ ਇਹ ਸਭ ਚੀਜ਼ਾਂ ਜਾਂ ਇਨ੍ਹਾਂ ਦਾ ਫਲ ਵਿਛੜੀ ਆਤਮਾ ਨੂੰ ਪਹੁੰਚਦਾ ਕਰਨਾ। ਬ੍ਰਾਹਮਣਵਾਦ ਨੇ ਸਿਖੀ ਦੇ ਅੰਦਰ ਘੁਸ ਕੇ ਇਸ 'ਤੇ ਕਬਜਾ ਕਰ ਲਿਆ ਹੈ।

ਗੁਰੂ ਸਾਹਿਬ ਨੇ ਤਾਂ ਗ੍ਰੰਥ ਨੂੰ ਗੁਰੂ ਇਸ ਕਰਕੇ ਕਿਹਾ ਸੀ ਕਿ ਇਸ ਦਾ ਗਹਿਰਾ ਅਧਿਐਨ ਕੀਤਾ ਜਾਵੇ ਅਤੇ ਇਸ ਨੂੰ ਜੀਵਨ ਦਾ ਮਾਰਗ ਦਰਸ਼ਨ ਬਣਾਇਆ ਜਾਵੇ। ਪਰ ਗ੍ਰੰਥ ਦੇ ਇਸ ਗੁਰੂ ਰੂਪੀ ਰੋਲ ਨੂੰ ਖਤਮ ਕਰਨ ਲਈ ਬ੍ਰਾਹਮਣਵਾਦੀ ਅਖੰਡ ਪਾਠ ਦੀ ਰੀਤ ਚਲਾਈ ਗਈ ਤਾਂ ਜੋ ਮਨ ਦੀ ਤਸੱਲੀ ਲਈ ਪਾਠ ਤਾਂ ਹੁੰਦਾ ਰਹੇ ਪਰ ਇਸ ਨੂੰ ਸੁਣੇ ਸਮਝੇ ਕੋਈ ਨਹੀਂ। ਹੁਣ ਤਾਂ ਗੱਲ ਇਸ ਤੋਂ ਵੀ ਅਗੇ ਚਲੀ ਗਈ ਹੈ ਕਿ ਗ੍ਰੰਥ ਸਾਹਿਬ ਨੂੰ ਘਰੇ ਲਿਆ ਕੇ ਪਾਠ ਕਰਾਉਣ ਦੀ ਜ਼ਰੂਰਤ ਨਹੀਂ। ਗੁਰਦੁਆਰੇ ਲਗਾਤਾਰ ਅਖੰਡ ਪਾਠ ਚਲਦਾ ਰਹਿੰਦਾ ਹੈ। ਸ਼ਰਧਾਲੂ ਭੇਂਟਾਂ ਦੇ ਕੇ ਕੀਤੇ ਕਰਾਏ ਅਖੰਡ-ਪਾਠ ਦੀ ਰਸੀਦ ਲੈ ਆਉਂਦੇ ਹਨ। ਇਹ ਚਲਣ ਸ੍ਰੀ ਹਰਿਮੰਦਰ ਸਾਹਿਬ ਅਮ੍ਰਿਤਸਰ ਵਿਚ ਵੀ ਚਲ ਰਿਹਾ ਹੈ।

ਗੁਰੂ ਨਾਨਕ ਦੇਵ ਜੀ ਨੇ ਮੱਕੇ ਜਾ ਕੇ ਅਮਲ ਰਾਹੀਂ, ਇਹ ਸਾਬਤ ਕੀਤਾ ਕਿ ਸਿਰਜਣਹਾਰ ਇਕ ਇਮਾਰਤ, ਜਿਸ ਨੂੰ ਮਸਜਿਦ ਕਿਹਾ ਜਾਂਦਾ ਹੈ, ਵਿਚ ਬੰਦ ਨਹੀਂ ਕੀਤਾ ਜਾ ਸਕਦਾ। ਪਰ ਸਿਖਾਂ ਨੇ ਆਪਣੇ ਇਸ਼ਟ ਨੂੰ ਇਕ ਇਮਾਰਤ, ਜਿਸ ਨੂੰ ਗੁਰਦੁਆਰਾ ਕਿਹਾ ਜਾਂਦਾ ਹੈ, ਵਿਚ ਕੈਦ ਕਰ ਦਿਤਾ ਹੈ। ਇਹ ਨਾਇਕ ਓਂਕਾਰ ਕਣ ਕਣ ਵਿਚ ਵਿਆਪਕ ਨਹੀਂ ਬਲਕਿ ਗੁਰਦੁਆਰੇ ਦੀ ਚਾਰ ਦੀਵਾਰੀ ਅੰਦਰ ਕੈਦ ਹੈ।

ਬ੍ਰਾਹਮਣਵਾਦੀ ਪੁਜਾਰੀ ਮੰਦਰਾਂ ਵਿਚ ਮੂਰਤੀਆਂ ਅਗੇ ਥਾਲ ਵਿਚ ਦੀਵੇ ਜਗਾ ਕੇ ਟੱਲ ਖੜਕਾ ਕੇ ਆਰਤੀ ਕਰਦੇ ਸਨ ਤਾਂ ਗੁਰੂ ਜੀ ਨੇ ਕਿਹਾ ਕਿ ਗਗਨ ਇਕ ਥਾਲ ਹੈ, ਜਿਸ ਵਿਚ ਸੂਰਜ, ਚੰਦ, ਤਾਰੇ ਦੀਵਿਆਂ ਦੀ ਤਰ੍ਹਾਂ ਹਨ, ਪੌਣ ਚੌਰ ਕਰ ਰਹੀ ਹੈ, ਜੜ੍ਹੀ-ਬੂਟੀਆਂ ਦੀ ਮਹਿਕ ਧੁਪ ਹੈ ਇਸ ਤਰ੍ਹਾਂ ਕੁਦਰਤ ਦੀ ਆਰਤੀ ਹੋ ਰਹੀ ਹੈ ਪਰ ਕਈ ਗੁਰਦੁਆਰਿਆਂ ਵਿਚ ਇਹ ਸ਼ਬਦ ਪੜ੍ਹਦਿਆਂ ਥਾਲ ਵਿਚ ਦੀਵੇ ਜਗਾ ਕੇ ਘੰਟੀ ਖੜਕਾ ਕੇ ਬ੍ਰਾਹਮਣੀ ਢੰਗ ਦੀ ਆਰਤੀ ਕੀਤੀ ਜਾਂਦੀ ਹੈ।

ਸਿਖ ਗੁਰੂ ਬ੍ਰਾਹਮਣੀ ਸਮਾਜਿਕ ਪ੍ਰਬੰਧ ਦੇ ਮੁਤਬਾਦਲ ਇਕ ਸਮਾਜਿਕ ਸਭਿਆਚਾਰਕ ਪ੍ਰਬੰਧ ਸਿਰਜਣਾ ਚਾਹੁੰਦੇ ਸਨ। ਇਸ ਕਰਕੇ ਬ੍ਰਾਹਮਣੀ ਵਿਆਹ ਤਰੀਕੇ ਦੇ ਬਦਲ ਵਿਚ ਆਨੰਦ ਕਾਰਜ ਦਾ ਰਿਵਾਜ ਚਲਾਇਆ ਪਰ ਬ੍ਰਾਹਮਣਵਾਦ ਇਥੇ ਵੀ ਹਾਵੀ ਆ ਹੋਇਆ ਕਿ ਉਥੇ ਅੱਗ ਦੁਆਲੇ ਫੇਰੇ ਲਏ ਜਾਂਦੇ ਹਨ ਤੇ ਇਥੇ ਫੇਰੇ ਗੁਰੂ ਗ੍ਰੰਥ ਦੇ ਦੁਆਲੇ ਲਏ ਜਾਂਦੇ ਹਨ। ਹਾਂ ਫੇਰਿਆਂ ਦੀ ਗਿਣਤੀ ਜ਼ਰੂਰ ਘੱਟ ਹੈ।

ਬ੍ਰਾਹਮਣਵਾਦ ਅਨੁਸਾਰ ਇਹ ਕਾਇਨਾਤ ਲੀਲਾ ਹੈ ਅਤੇ ਇਸ ਦਾ ਭੇਦ ਨਹੀਂ ਜਾਣਿਆ ਜਾ ਸਕਦਾ। ਇਸ ਕਰਕੇ ਇਸ ਵਿਚ ਖੋਜ, ਅਧਿਐਨ ਅਤੇ ਪ੍ਰਕਾਸ਼ ਦੀ ਕੋਈ ਜਗ੍ਹਾ ਨਹੀਂ। ਸਿਖੀ ਧਰਮ ਦੇ ਤੌਰ ਤੇ ਸਭ ਤੋਂ ਆਧੁਨਿਕ ਧਰਮ ਹੈ। ਪ੍ਰਾਚੀਨ ਧਰਮਾਂ ਦੇ ਮੁਕਾਬਲੇ ਇਸ ਦਾ ਖੁਰਾ ਖੋਜ, ਤੱਥ-ਪ੍ਰਮਾਣ ਮਿਲਣ ਦੀ ਵਧੇਰੇ ਸੰਭਾਵਨਾ ਹੈ। ਇਸ ਕਰਕੇ ਖੋਜ ਲਈ ਵਿਸ਼ਾਲ ਦਾਇਰਾ ਹੈ। ਪਰ ਬ੍ਰਾਹਮਣਵਾਦੀ ਪਹੁੰਚ ਕਾਰਨ ਸਿਖੀ ਵਿਚ ਖੋਜ ਕੀ ਗੁੰਜਾਇਸ਼ ਨਹੀਂ। ਪ੍ਰਚਲਤ ਮਾਨਤਾਵਾਂ ਦੇ ਉਲਟ ਜਾ ਸਕਣ ਵਾਲੇ ਸਿਟਿਆਂ ਵਾਲੀ ਖੋਜ ਦੀ ਤਾਂ ਬਿਲਕੁਲ ਨਹੀਂ। ਜੇਕਰ ਕੋਈ ਬੁਧੀਮਾਨ ਕੋਈ ਖੋਜ ਕਰਦਾ ਹੈ ਤਾਂ ਉਸ ਮਗਰ ਡਾਂਗਾਂ ਕੱਢ ਲਈਆਂ ਜਾਂਦੀਆਂ। ਖੋਜ ਬਾਰੇ ਫੈਸਲੇ ਫਤਵੇ ਅਨਪੜ੍ਹ ਗੰ੍ਰਥੀ ਸੁਣਾਉਂਦੇ ਹਨ। ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸਕਾਰ ਡਾ.ਫੌਜਾ ਸਿੰਘ ਨਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ.ਪਿਆਰ ਸਿੰਘ ਨਾਲ ਜੋ ਕੁਝ ਵਾਪਰਿਆ ਉਹ ਸਭ ਦੇ ਸਾਹਮਣੇ ਹੈ।

ਗੁਰੂ ਸਾਹਿਬ ਨੇ ਗੰ੍ਰਥ ਨੂੰ ਗੁਰੂ ਕਿਹਾ ਤਾਂ ਜੋ ਹਰ ਸਿਖ ਇਸ ਨੂੰ ਪੜ ਸਕੇ ਅਤੇ ਇਸ ਨੂੰ ਜ਼ਿੰਦਗੀ ਲਈ ਚਾਨਣ ਮੁਨਾਰਾ ਬਣਾ ਸਕੇ। ਪਰ ਆਮ ਸਿਖ ਹੁਣ ਇਸ ਨੂੰ ਨਹੀਂ ਪੜ੍ਹਦੇ। ਬ੍ਰਾਹਮਣੀ ਪ੍ਰਥਾ ਦੀ ਪੁਜਾਰੀ ਸ਼੍ਰੇਣੀ ਵਾਂਗ ਇਕ ਪੁਜਾਰੀ ਹੋਂਦ ਵਿਚ ਆ ਗਈ। ਜਿਵੇਂ ਪੁਜਾਰੀ ਰੱਬ ਤੇ ਮਾਨਵ ਵਿਚਕਾਰ ਵਿਚੋਲੇ ਦਾ ਕੰਮ ਕਰਦਾ ਸੀ ਹੁਣ ਗ੍ਰੰਥੀ ਕਰਦਾ ਹੈ। ਮੁਖੀ ਇਤਿਹਾਸਕ ਸਥਾਨਾਂ/ਗੁਰਦੁਆਰਿਆਂ, ਜਿਵੇਂ ਅਕਾਲ ਤਖਤ, ਹਰਿਮੰਦਰ ਸਾਹਿਬ, ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ ਆਦਿ ਦੇ ਗ੍ਰੰਥੀ ਹਨ। ਸਿਆਸੀ ਰੋਟੀਆਂ ਸੇਕਣ ਲਈ ਇਨ੍ਹਾਂ ਨੂੰ ਪੰਜ ਸਿੰਘ ਸਾਹਿਬਾਨ ਦਾ ਦਰਜਾ ਦੇ ਦਿਤਾ। ਪਹਿਲਾਂ ਇਨ੍ਹਾਂ ਪੰਜਾਂ ਵਿਚ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਗ੍ਰੰਥੀ ਵੀ ਹੁੰਦੇ ਸਨ। ਪਰ ਇਨ੍ਹਾਂ ਦੋਵਾਂ ਗੁਰਦੁਆਰਿਆਂ ਦੇ ਗ੍ਰੰਥੀ ਅਕਾਲੀਆਂ ਦੀ ਮੁਠੀ ਵਿਚ ਨਾ ਹੋਣ ਕਾਰਨ, ਇਨ੍ਹਾਂ ਨੂੰ ਪੰਜ ਸਿੰਘ ਸਹਿਬਾਨਾਂ ਵਿਚੋਂ ਕੱਢ ਦਿਤਾ ਗਿਆ ਅਤੇ ਪੰਜਾਬ ਵਿਚੋਂ ਹੀ ਗਿਣਤੀ ਪੂਰੀ ਕਰ ਲਈ ਗਈ।

ਜਿਵੇਂ ਬ੍ਰਾਹਮਣੀ ਪ੍ਰਬੰਧ ਵਿਚ 'ਪੁਜਾਰੀ' (ਬ੍ਰਾਹਮਣ) ਨੂੰ ਰਸਮੀ ਤੌਰ ਤੇ ਪ੍ਰਮੁਖ ਮੰਨਦਿਆਂ ਸਿਆਸਤ ਨੇ ਇਨ੍ਹਾਂ ਨੂੰ ਵਰਤਿਆ ਇਵੇਂ ਸਿਖੀ ਵਿਚ ਪੰਜ ਸਿੰਘ ਸਾਹਿਬਾਨ ਨੂੰ ਰਸਮੀ ਤੌਰ ਤੇ ਸਰਬਉਚ ਕਹਿ ਕੇ ਵੀ ਉਨ੍ਹਾਂ ਨੂੰ ਸਿਆਸੀ ਹਿਤਾਂ ਲਈ ਵਰਤਿਆ ਗਿਆ। ਜੇ ਕਿਤੇ ਸਮਸਿਆ ਆਈ ਤਾਂ 'ਸਿੰਘ ਸਾਹਿਬ' ਜਾਂ 'ਜਥੇਦਾਰ ਸਾਹਿਬ' ਨੂੰ ਸਰਕਾਰੀ ਚਪੜਾਸੀ ਤੇ ਵੀ ਘੱਟ ਸ਼੍ਰੋਮਣੀ ਕਮੇਟੀ ਦੇ ਐਡਹਾਕ ਕਰਮਚਾਰੀ ਵਾਂਗੂ ਵਰਤਾਓ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਜਾਰੀ ਸ਼੍ਰੇਣੀ ਤੇ ਸਿਆਸਤ ਦੇ ਗਠਜੋੜ ਦਾ ਕਾਨੂੰਂਨੀ ਜੁਗਾੜ ਹੈ। ਇਸ ਗ੍ਰੰਥੀ ਸ਼੍ਰੇਣੀ ਵਿਚੋਂ ਪਿੰਡਾਂ ਵਿਚ ਕੁਝ ਅਜਿਹੇ ਵੀ ਹਨ ਜਿਹੜੇ ਹਥੌਲਾ ਕਰਦੇ, ਪਸ਼ੂਆਂ ਦੀ ਬੀਮਾਰੀ ਲਈ ਸ਼ਬਦ ਉਚਾਰ ਕੇ ਪਾਣੀ ਦਿੰਦੇ ਹਨ। ਇਹ ਸਭ ਕੁਝ ਸਿਖੀ ਦੇ ਨਾਂ ਤੇ ਬ੍ਰਾਹਮਣਵਾਦੀ ਆਚਾਰ ਹੈ।

ਸਿਖ ਲਹਿਰ ਦਾ ਸਭ ਤੋਂ ਮਹਤਵਪੂਰਨ ਤੱਤ ਸੀ ਕਿ ਇਸ ਨੇ ਸਮਾਜ ਵਿਚ ਜਾਤ ਪਾਤੀ ਅਤੇ ਜਮਾਤੀ ਤੇ ਫਿਰਕੇਦਰਾਨਾ ਵੰਡੀਆਂ ਨੂੰ ਨਕਾਰ "ਏਕ ਨੂਰ ਤੋਂ ਸਭ ਜਭ ਉਪਜਿਆ", "ਮਾਨਸ ਕੀ ਜਾਤ ਸਭੈ ਏਕੋ ਪਹਿਮਾਨਬੋ", "ਸਭੇ ਸਾਂਝੀਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ" ਦਾ ਸਮਤਾਵਾਦੀ ਸੰਦੇਸ਼ ਦੇਣਾ ਸੀ ਪਰ ਇਸ ਨੂੰ ਪੂਰੀ ਤਰ੍ਹਾਂ ਭੁਲਾ ਦਿਤਾ ਗਿਆ। ਸਿਖੀ ਦੇ ਬੁਰਕੇ ਹੇਠ ਭਾਈ ਲਾਲੋ ਤੇ ਮਲਿਕ ਭਾਗੋ ਨੂੰ ਇਕ ਰਸੇ ਨਰੜਿਆਂ ਜਾ ਰਿਹਾ ਹੈ। ਦਬੀਆਂ ਕੁਚਲੀਆਂ ਜਾਤਾਂ, ਦਲਿਤਾਂ ਪ੍ਰਤੀ ਉਚ ਜਾਤੀ ਸਿਖਾਂ ਦਾ ਉਹੀ ਵਤੀਰਾ ਹੈ ਜੋ ਮਨੂਵਾਦੀ ਬ੍ਰਾਹਮਣਵਾਦੀਆਂ ਦਾ ਸੀ। ਸਿਖ ਬਣ ਕੇ ਚੂਹੜੇ ਮਜ਼ਬੀ ਸਿੰਘ, ਚਮਾਰ ਰਮਦਾਸੀਏ ਸਿਖ, ਤਰਖਾਣ ਲੁਹਾਰ ਰਾਮਗੜ੍ਹੀਏ ਸਿਖ ਹੋ ਗਏ ਤੇ ਬਾਕੀ ਜੱਟ ਸਿਖ ਕਹਾਉਂਦੇ ਹਨ। ਇਹੀ ਨਹੀਂ ਪਿੰਡਾਂ ਵਿਚ ਸਭ ਜਾਤਾਂ ਦੇ ਅਲਗ ਅਲਗ ਗੁਰਦੁਆਰੇ ਹਨ। ਕੋਈ ਸ਼੍ਰੋਮਣੀ ਕਮੇਟੀ, ਕੋਈ ਸਿੰਘ ਸਾਹਿਬਾਨ ਅਤੇ ਕੋਈ ਅਕਾਲ ਤਖਤ ਦਾ ਜਥੇਦਾਰ ਇਸ ਬਾਰੇ ਕੁਝ ਨਹੀਂ ਕਰਦਾ, ਕੋਈ ਹੁਕਮਨਾਮਾ ਜਾਰੀ ਨਹੀਂ ਹੁੰਦਾ।

ਖਾਲਿਸਤਾਨੀਆਂ ਨੇ ਕੁਝ ਖੇਤਰਾਂ ਵਿਚ ਗੁਰਦੁਆਰਾ ਇਕ ਕਰਨ ਦਾ ਹੁਕਮ ਚਾੜ੍ਹਿਆ ਸੀ। ਉਸ ਦਾ ਸਿਟਾ ਦਬੀਆਂ ਜਾਤਾਂ ਦੇ ਗੁਰਦੁਆਰਿਆਂ ਦੇ ਬੰਦ ਹੋਣ ਵਿਚ ਨਿਕਲਿਆ। ਜੇਕਰ ਕਿਸੇ ਨੇ ਅਜਿਹਾ ਕਰਨਾ ਹੋਵੇ ਤਾਂ ਇਸ ਦਾ ਇਕੋ ਇਕ ਤਰੀਕਾ ਹੈ ਕਿ ਉਚ ਜਾਤੀਆਂ ਦੇ ਗੁਰਦੁਆਰਿਆਂ ਨੂੰ ਬੰਦ ਕਰਵਾਇਆ ਜਾਵੇ ਅਤੇ ਪਿੰਡ ਵਿਚ ਇਕੋ ਗੁਰਦੁਆਰਾ ਹੋਵੇ ਅਤੇ ਉਹ ਵਿਹੜੇ ਵਾਲਿਆਂ ਦਾ ਗੁਰਦੁਆਰਾ ਹੋਵੇ। ਕਿਸੇ ਅਖੌਤੀ ਸਿਖ ਆਗੂ ਨੇ ਆਪਣੀ ਧੀ-ਭੈਣ ਦਾ ਰਿਸ਼ਤਾ ਕਿਸੇ ਛੋਟੀ ਜਾਤ ਵਾਲੇ ਦੇ ਘਰ ਨਹੀਂ ਕੀਤਾ। ਗੁਰਦੇਵ ਸਿੰਘ, ਪ੍ਰਕਾਸ਼ ਸਿੰਘ ਬਾਦਲ ਦਾ 'ਬਾਦਲ' ਤਾਂ ਆਪਣੇ ਨਾਂ ਨਾਲ ਲਾ ਸਕਦਾ ਹੈ ਪਰ ਪ੍ਰਕਾਸ਼ ਸ਼ਿੰਘ ਬਾਦਲ ਆਪਣੀ ਧੀ ਦਾ ਰਿਸ਼ਤਾ ਕੈਰੋਂ ਪਰਵਾਰ ਅਤੇ ਪੁਤ ਦਾ ਰਿਸ਼ਤਾ ਮਜੀਠੀਏ ਸਰਦਾਰਾਂ ਦੇ ਹੀ ਕਰੇਗਾ। ਕੋਈ ਸਿਖ ਆਗੂ ਬਾਂਹ ਕਢ ਕੇ ਸਾਨੂੰ ਇਸ ਮਾਮਲੇ ਵਿਚ ਗਲਤ ਸਾਬਤ ਕਰਨ ਦੀ ਜ਼ੁਰਅਤ ਕਰੇ?

ਲੁਧਿਆਣਾ ਜ਼ਿਲੇ ਵਿਚ ਸੋਢੀਵਾਲਾ ਪਿੰਡ ਵਿਚ ਇਕ ਦਲਿਤ ਔਰਤ ਦੀ ਮੌਤ ਹੋ ਗਈ। ਦਲਿਤਾਂ ਦਾ ਸ਼ਮਸ਼ਾਨ ਘਾਟ ਮਿਲਟਰੀ ਦੀ ਚਾਂਦਮਾਰੀ ਦੇ ਰੇਂਜ ਵਿਚ ਆਉਂਦਾ ਸੀ। ਮਜਬੂਰੀ ਵਸ ਦਲਿਤ ਮ੍ਰਿਤ ਔਰਤ ਨੂੰ ਉਚ ਜਾਤੀਆਂ ਦੇ ਸ਼ਮਸ਼ਾਨ ਘਾਟ ਵਿਚ ਲਿਜਾਣ ਲਗੇ ਤਾਂ ਉਚ ਜਾਤੀ ਵਾਲਿਆਂ ਨੇ ਆਪਣੇ ਸ਼ਮਸ਼ਾਨ ਘਾਟ ਵਿਚ ਦਲਿਤ ਔਰਤ ਦਾ ਸਸਕਾਰ ਕਰਨੋਂ ਰੋਕ ਦਿਤਾ। ਇਹ ਰੋਕਣ ਵਾਲੇ ਸਿਖ ਸਨ।

ਮੋਗਾ ਜ਼ਿਲੇ ਦੇ ਇਕ ਨਿਕੇ ਜਿਹੇ ਕਸਬੇ ਦੇ ਸੰਤ ਹਨ, ਜਿਨ੍ਹਾਂ ਦਾ ਪੇਸ਼ਾ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਉਣਾ ਹੈ। ਪਰ ਕੋਈ ਦਲਿਤ ਜਾਤੀ ਵਿਚੋਂ ਮਨੁਖ ਇਨ੍ਹਾਂ ਦਾ ਅੰਮ੍ਰਿਤ ਨਹੀਂ ਛਕ ਸਕਦਾ। ਪਿਛਲੇ ਦਿਨੀਂ ਇਹ ਲੁਧਿਆਣੇ ਜ਼ਿਲੇ ਦੇ ਚੱਕਰ ਪਿੰਡ ਵਿਚ ਕੀਰਤਨ ਕਰਨ ਗਏ। ਉਥੇ ਗੁਰਦੁਆਰੇ ਵਿਚ ਬਾਬਾ ਜੀਵਨ ਸਿੰਘ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ "ਰੰਘਰੇਟੇ ਗੁਰੂ ਕੇ ਬੇਟੇ" ਕਿਹਾ ਸੀ, ਦੀ ਤਸਵੀਰ ਲਗੀ ਸੀ। ਪਰ ਸੰਤ ਜੀ ਨੇ ਕਿਹਾ ਕਿ ਉਹ ਕੀਰਤਨ ਉਸੇ ਸੂਰਤ ਵਿਚ ਕਰਨਗੇ ਜੇਕਰ ਬਾਬਾ ਜੀਵਨ ਸਿੰਘ ਦੀ ਤਸਵੀਰ ਤੇ ਕਪੜਾ ਪਾ ਕੇ ਢਕ ਦਿਤਾ ਜਾਏ। ਪਿੰਡ ਵਾਲਿਆਂ ਦੇ ਇਨਕਾਰ ਕਰਨ ਤੇ ਉਨ੍ਹਾਂ ਉਸ ਗੁਰਦੁਆਰੇ ਵਿਚ ਕੀਰਤਨ ਨਹੀਂ ਕੀਤਾ।ਕਹਿੰਦੇ ਹਨ ਕਿ ਇਨ੍ਹਾਂ ਦੇ ਲੰਗਰ ਵਿਚ ਪਕਾਉਣ-ਵਰਤਾਉਣ ਦੀ ਸੇਵਾ ਛਕਣ ਲਈ ਅਲਗ ਬਰਤਨ ਰਖੇ ਗਏ ਹਨ।

ਇਹ ਸੰਤ ਨਹੀਂ ਸਗੋਂ ਸਿਖੀ ਦੇ ਪਰਦੇ ਹੇਠਾਂ ਇਕ ਪੂਰਸੂਰਾ ਸੰਤਡੰਮ ਸ਼ੁਰੂ ਹੋ ਚੁਕਿਆ ਹੈ। ਇਨ੍ਹਾਂ ਨੇ ਆਪਣੇ ਸ਼ਾਨਦਾਰ ਗੁਰਦੁਆਰੇ ਨੁਮਾ ਡੇਰੇ ਬਣਾ ਰਖੇ ਹਨ। ਇਨ੍ਹਾਂ ਦੇ ਚੜ੍ਹਾਵੇ ਅਤੇ ਵਿਰਾਸਤੀ ਵੰਡ ਵੰਡਾਈ ਲਈ ਇਨ੍ਹਾਂ ਦੀ ਗੁੱਟਾਂ ਵਿਚ ਲਾਠੀਆਂ ਕਿਰਪਾਨਾਂ ਹੀ ਨਹੀਂ ਬੰਦੂਕਾਂ ਵੀ ਚਲਦੀਆਂ ਹਨ। ਇਕ ਨਿਕ-ਉਮਰਾ ਸੰਤ ਹਾਥੀ 'ਤੇ ਸਵਾਰ ਹੋ ਕੇ ਪਿੰਡਾਂ ਵਿਚ ਸ਼ਰਧਾਲੂਆਂ ਸਮੇਤ ਮਾਰਚ ਕਰਦਿਆਂ ਸੈਂਕੜੇ ਰਾਉਂਡ ਗੋਲੀਆਂ ਚਲਾ ਕੇ ਦਹਿਸ਼ਤ ਪਾਉਂਦਾ ਹੈ। ਇਕ ਸ਼ਹਿਰ ਵਿਚ ਨੌਕਰੀਓਂ ਫਾਰਗ ਸਾਬਕਾ ਪੁਲਸੀਏ ਆਪਣੇ ਸੰਤਪੁਣੇ ਤਹਿਤ ਸ਼ਹਿਰੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕਰਕੇ ਪ੍ਰਾਪਰਟੀ ਦਾ ਧੰਦਾ ਚਲਾਉ੍ਹਦੇ ਹਨ। ਸਰਹਦੀ ਜ਼ਿਲੇ ਦੇ ਇਕ ਸੰਤ ਆਪਣੇ ਬੰਦੂਕਧਾਰੀਆਂ ਨਾਲ ਦਹਿਸ਼ਤ ਪਾ ਕੇ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਕਰਦੇ ਹਨ। ਲੁਧਿਆਣੇ ਜ਼ਿਲੇ ਵਿਚ ਇਕ ਸੰਤ ਅਤੇ ਪਿੰਡ ਵਾਲਿਆਂ ਵਿਚਕਾਰ ਟੱਕਰ ਅਖਬਾਰਾਂ ਵਿਚ ਸੁਰਖੀਆਂ ਦਾ ਵਿਸ਼ਾ ਰਹੀ ਹੈ। ਇਨ੍ਹਾਂ ਸੰਤਾਂ ਨੇ ਆਪਣੇ ਰਾਜਸੀ ਪੁਗਤ ਬਣਾਉਣ ਲਈ ਆਪਣੀਆਂ ਜਥੇਬੰਦੀਆਂ, ਅਡ ਅਡ ਸੰਤ ਸਮਾਜ ਬਣਾ ਰਖੇ ਹਨ। ਸਿਆਸਤਦਾਨ ਵੀ ਇਨ੍ਹਾਂ ਦੀ ਵੋਟ ਅਹਿਮੀਅਤ ਸਮਝਦੇ ਹਨ ਇਸ ਕਰਕੇ ਉਹ ਇਨ੍ਹਾਂ ਨੂੰ ਵਧਾਉਂਦੇ ਅਤੇ ਵਰਤਦੇ ਹਨ। ਇਸ ਸੰਤਡੰਮ ਦਾ ਸਿਖੀ ਨਾਲ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ, ਇਹ ਬ੍ਰਾਹਮਣਵਾਦੀ ਸੰਤਾਂ ਮਹੰਤਾਂ ਦਾ ਕਕਾਰੀ ਰੂਪ ਹਨ।

ਗੁਰੂ ਨਾਨਕ ਦੇਵ ਜੀ ਨੇ ਮੜ੍ਹੀਆਂ ਮਸਾਣਾਂ ਦੀ ਪੂਜਾ ਨੂੰ ਭਮਡਿਆ ਰੌਂਦਿਆ ਹੈ। ਪਰ ਇਥੇ ਕਈ ਮੜੀਆਂ 'ਤੇ ਗੁਰੂ ਗੰ੍ਰਥ ਸਾਹਿਬ ਦੇ ਅਖੰਡ ਪਾਠ ਕਰਾਏ ਜਾਂਦੇ ਹਨ, ਲੰਗਰ ਲਗਾਏ ਜਾਂਦੇ ਹਨ। ਸਿਖੀ ਦੀ ਵਹਿਮਾਂ ਭਰਮਾਂ ਨਾਲ ਦੁਸ਼ਮਣੀ ਸੀ, ਪਰ ਇਥੇ ਗੁਰਦੁਆਰਿਆਂ ਵਿਚ ਗੰ੍ਰਥ ਸਾਹਿਬ ਦੀ ਹਜੂਰੀ ਵਿਚ "ਡੋਲੀਆਂ ਖੇਡਦੀਆਂ" ਹਨ ਅਤੇ "ਪੁੱਛਾਂ" ਦਿਤੀਆਂ ਜਾਂਦੀਆਂ ਹਨ। ਪਰ ਸ਼੍ਰੋਮਣੀ ਕਮੇਟੀ, ਸਿੰਘ ਸਾਹਿਬਾਨ ਅਤੇ ਜਥੇਦਾਰ ਸਭ ਅੱਖਾਂ ਮੀਟੀ ਬੈਠੇ ਹਨ।

ਸਿਖੀ ਦੇ ਪਰਦੇ ਹੇਠ ਹੋ ਰਹੀਆਂ ਬ੍ਰਾਹਮਣਵਾਦੀ ਕਰਤੂਤਾਂ ਲਿਖਣੀਆਂ ਹੋਣ ਤਾਂ ਪੋਥੇ ਲਿਖੇ ਜਾ ਸਕਦੇ ਹਨ ਪਰ ਕਹਿੰਦੇ ਹਨ ਦਾਲ ਵਿਚੋਂ ਦਾਣਾ ਹੀ ਕਾਫੀ ਹੁੰਦਾ ਹੈ ਤੇ ਇਹ ਸਿਰਫ ਦਾਣਾ ਹੀ ਹੈ ਜੋ ਇਹ ਬ੍ਰਾਹਮਣਵਾਦੀ ਕੈਂਸਰ ਸਿਖੀ ਦੇ ਪੂਰੇ ਸਰੀਰ ਵਿਚ ਫੈਲ ਚੁਕਿਆ ਹੈ ਅਤੇ ਸਿਖੀ ਦਾ ਕੇਵਲ ਖੋਲ ਹੀ ਬਾਕੀ ਹੈ। ਅਜੇ ਜੋ ਸਿਖੀ ਦੀ ਰੂਹ ਨੂੰ ਬੁਲੰਦ ਕਰ ਰਹੇ ਹਨ, ਉਨ੍ਹਾਂ ਨੂੰ ਸਿਖ ਨਹੀਂ ਮੰਨਿਆ ਜਾ ਰਿਹਾ। ਸਗੋਂ ਸਿਖੀ ਦੇ ਬੁਰਕੇ ਵਿਚ ਛਿਪਿਆ ਬ੍ਰਾਹਮਣਵਾਦ ਉਨ੍ਹਾਂ ਨੂੰ ਨਾਸਤਿਕ ਕਹਿ ਕੇ ਭੰਡ ਰਿਹਾ ਹੈ। ਅਜ ਬ੍ਰਾਹਮਣਵਾਦ ਵਿਰੁਧ ਵਿਚਾਰਧਾਰਕ ਸੰਘਰਸ਼ ਦੀ ਲੋੜ ਹੈ ਜੋ ਅਮਲ ਵਿਚ ਜਾਤ ਪਾਤੀ ਸ਼ਾਵਨਵਾਦ ਵਿਰੁਧ ਸੰਘਰਸ਼ ਦੇ ਰੂਪ ਵਿਚ ਹੋਣਾ ਚਾਹੀਦਾ ਹੈ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-2004, 5abi.com