181102_nanak1-100.jpg (2674 bytes)ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ
- ਹਰਬੰਸ ਸਿੰਘ

ਸੂਰਜਵੰਸ਼ੀ ਰਾਜਾ ਰਘੂ ਤੋਂ ਬਾਅਦ ਰਾਜਾ ਅੱਜ ਤੇ ਫਿਰ ਰਾਜਾ ਦਸ਼ਰਥ ਹੋਏ। ਦਸ਼ਰਥ ਦੇ ਵੱਡੇ ਪੁੱਤਰ ਰਾਮ ਜੀ ਦੇ ਦੋ ਪੁੱਤਰ ਹੋਏ ਜਿਨ੍ਹਾਂ ਵਿਚੋਂ ਲਵ ਨੇ ਲਾਹੌਰ ਅਤੇ ਕੁਸ਼ ਨੇ ਕਸੂਰ ਸ਼ਹਿਰ ਵਸਾ ਕੇ ਰਾਜ ਕੀਤਾ। ਉਨ੍ਹਾਂ ਦੀਆਂ ਕਈ ਪੀੜ੍ਹੀਆਂ ਬੀਤਣ ਮਗਰੋਂ ਲਵ ਦੇ ਤਖ਼ਤ 'ਤੇ ਕਾਲ ਰਾਏ ਅਤੇ ਕੁਸ਼ ਦੀ ਗੱਦੀ 'ਤੇ ਕਾਲ ਕੇਤ ਰਾਜਾ ਹੋਏ। ਇਨ੍ਹਾਂ ਦਾ ਆਪੋ ਵਿਚ ਬਹੁਤ ਚਿਰ ਤਕ ਜੰਗ ਹੁੰਦਾ ਰਿਹਾ। ਅੰਤ ਨੂੰ ਕਾਲ ਰਾਏ ਨੇ ਕਾਲ ਕੇਤ ਨੂੰ ਜਿੱਤ ਲਿਆ ਤੇ ਪੰਜਾਬ 'ਚੋਂ ਕੱਢ ਦਿੱਤਾ। ਉਹ ਆਪਣੀ ਫੌਜ ਸਣੇ ਲੁੱਟਮਾਰ ਕਰਦਾ ਸਨੌਢ ਦੇਸ਼ ਚਲਾ ਗਿਆ। ਉਥੋਂ ਦੇ ਰਾਜੇ ਦੀ ਧੀ ਨਾਲ ਸ਼ਾਦੀ ਕਰ ਕੇ ਉਥੇ ਹੀ ਵਸ ਗਿਆ। ਸਮਾਂ ਪਾ ਕੇ ਉਨ੍ਹਾਂ ਦੇ ਘਰ ਸੋਢੀ ਰਾਏ ਨਾਮਕ ਲੜਕਾ ਪੈਦਾ ਹੋਇਆ। ਕੁਝ ਸਮਾਂ ਬੀਤਣ ਮਗਰੋਂ ਸੋਢੀ ਰਾਏ ਆਪਣੇ ਪਿਤਾ ਦਾ ਵੈਰ ਲੈਣ ਲਈ ਪੰਜਾਬ 'ਤੇ ਚੜ੍ਹ ਆਇਆ। ਘੋਰ ਯੁੱਧ ਹੋਇਆ। ਕਾਲ ਰਾਏ ਦਾ ਪੋਤਰਾ ਦੇਵ ਰਾਏ ਹਾਰ ਗਿਆ ਅਤੇ ਸਾਥੀਆਂ ਸਮੇਤ ਜਾਨ ਬਚਾ ਕੇ ਪੰਜਾਬੋਂ ਨੱਸ ਕੇ ਕਾਸ਼ੀ ਜਾ ਵੇਦ ਵਿਦਿਆ ਪੜ੍ਹਨ ਲਗ ਪਏ। ਵੇਦ ਵਕਤਾ ਹੋ ਜਾਣ ਕਰਕੇ ਉਨ੍ਹਾਂ ਦਾ ਨਾਂ ਵੇਦੀ ਮਸ਼ਹੂਰ ਹੋ ਗਿਆ। ਸਮਾਂ ਪਾ ਕੇ ਉਹ ਬੇਦੀ ਕਹਾਉਣ ਲਗ ਪਏ। ਉਨ੍ਹਾਂ ਬੇਦੀਆਂ ਦੀ ਕੁਲ ਵਿਚ ਸੰਨ 1469 ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ (ਗੁਰੂ) ਨਾਨਕ ਰਾਏ ਨੇ ਅਵਤਾਰ ਧਾਰਿਆ।

NANAK.JPG (14211 bytes)ਤਿੰਨ ਬੇਦੀਆਂ ਦੀ ਕੁੱਲ ਬਿਖੈ ਪ੍ਰਗਟੇ ਨਾਨਕ ਰਾਇ॥
ਸਭ ਸਿੱਖਨ ਕੋ ਸੁੱਖ ਦਏ ਜਹ ਤਹ ਭਏ ਸਹਾਇ॥

ਗੁਰੂ ਨਾਨਕ ਜੀ ਸਿੱਖ ਧਰਮ ਦੇ ਬਾਨੀ ਮੰਨੇ ਜਾਂਦੇ ਹਨ। ਸਿੱਖ ਧਰਮ ਦਾ ਪ੍ਰਚਾਰ ਕਰਨ ਅਤੇ ਮਨੁੱਖ ਜਾਤੀ ਨੂੰ ਸਤਿਨਾਮ ਦਾ ਉਪਦੇਸ਼ ਦੇਣ ਲਈ ਆਪਣੇ ਦੇਸ਼ ਅਤੇ ਨਾਲ ਲਗਦੇ ਦੇਸ਼ਾਂ ਵਿਚ ਸਿੱਖ ਧਰਮ ਦਾ ਪ੍ਰਚਾਰ ਕਰ ਕੇ ਸਿੱਖ ਸੈਂਟਰ ਕਾਇਮ ਕੀਤੇ। ਇਸ ਮੰਤਵ ਲਈ ਉਨ੍ਹਾਂ ਚਾਰ ਉਦਾਸੀਆਂ ਕੀਤੀਆਂ।

ਪਹਿਲੀ ਉਦਾਸੀ - ਪੂਰਬ ਦੀ ਇਕੱਤੀ ਸਾਲ ਆਪਣੇ ਪਰਿਵਾਰ ਵਿਚ ਰਹਿਣ ਤੋਂ ਬਾਅਦ ਸੰਨ 1500 ਵਿਚ ਮਨੁੱਖ ਜਾਤੀ ਨੂੰ ਸਤਿਨਾਮ ਦਾ ਉਪਦੇਸ਼ ਦੇਣ ਲਈ ਪਹਿਲੀ ਉਦਾਸੀ ਆਰੰਭੀ। ਸੁਲਤਾਨਪੁਰ ਤੋਂ ਬਿਆਸ ਨਦੀ ਪਾਰ ਕਰ ਕੇ ਕਈ ਨਗਰਾਂ ਤੋਂ ਹੁੰਦੇ ਹੋਏ ਏਮਨਾਬਾਦ ਭਾਈ ਲਾਲੋ ਦੇ ਘਰ ਜਾ ਪਹੁੰਚੇ। ਇਥੇ ਮਲਕ ਭਾਗੋ ਨੂੰ ਨੇਕ ਕਮਾਈ ਕਰਨ ਦਾ ਉਪਦੇਸ਼ ਦੇ ਕੇ ਫਿਰਦੇ-ਫਿਰਾਂਦੇ ਤੁਲੰਬਾ ਪਹੁੰਚ ਗਏ। ਇਥੇ ਸ਼ੇਖ ਸੱਜਣ ਦਾ ਟਿਕਾਣਾ ਸੀ। ਇਹਨੇ ਰਾਹੀ, ਮੁਸਾਫਰਾਂ ਦੇ ਠਹਿਰਨ ਲਈ ਸਰਾਂ ਬਣਾਈ ਹੋਈ ਸੀ। ਰਾਤ ਨੂੰ ਉਨ੍ਹਾਂ ਨੂੰ ਮਾਰ ਕੇ ਮਾਲ ਅਸਬਾਬ ਲੁੱਟ ਲੈਂਦਾ ਸੀ। ਗੁਰੂ ਜੀ ਨੇ ਵੀ ਇਸੇ ਸਰਾਂ ਵਿਚ ਜਾ ਕੇ ਟਿਕਾਣਾ ਕੀਤਾ। ਰਾਤ ਨੂੰ ਗੁਰੂ ਜੀ ਤੋਂ ਸ਼ਬਦ ਰਾਹੀਂ ਉਪਦੇਸ਼ ਸੁਣ ਕੇ ਉਹਦਾ ਪੱਥਰ ਹਿਰਦਾ ਪੰਘਰ ਗਿਆ ਅਤੇ ਗੁਰੂ ਜੀ ਦੇ ਚਰਨੀਂ ਡਿੱਗ ਪਿਆ। ਸੱਚਾ ਸੱਜਣ ਬਣ ਕੇ ਰਾਹੀ-ਮੁਸਾਫਰਾਂ ਦੀ ਸੇਵਾ ਕਰਨ ਦਾ ਪ੍ਰਣ ਕੀਤਾ।

ਇਥੋਂ ਪਾਕਪਟਨ, ਕੁਰੂਕਸ਼ੇਤਰ, ਕਰਨਾਲ, ਪਾਣੀਪਤ ਤੋਂ ਹਰਿਦੁਆਰ ਆ ਗਏ। ਇਥੇ ਲੋਕਾਂ ਨੂੰ ਸੂਰਜ ਵੱਲ ਮੂੰਹ ਕਰ ਕੇ ਆਪਣੇ ਪਿਤਰਾਂ ਨੂੰ ਪਾਣੀ ਦਿੰਦੇ ਹੋਏ ਵੇਖਿਆ। ਇਨ੍ਹਾਂ ਕੁਰਾਹੇ ਪਏ ਲੋਕਾਂ ਨੂੰ ਭਰਮਾਂ-ਵਹਿਮਾਂ ਤੋਂ ਕੱਢ ਕੇ ਸੱਚ ਦਾ ਮਾਰਗ ਦੱਸਿਆ। ਹਰਿਦੁਆਰ ਤੋਂ ਮਥੁਰਾ, ਵਰਿੰਦਾਬਨ ਤੋਂ ਗੋਰਖਮਤੇ ਆ ਪਹੁੰਚੇ। ਇਥੇ ਸਿੱਖ ਧਰਮ ਬਾਰੇ ਸਿੱਧਾਂ ਨਾਲ ਗੋਸ਼ਟ ਹੋਈ ਜਿਸ ਵਿਚ ਸਿੱਧ ਹਾਰ ਮੰਨ ਕੇ ਗੁਰੂ ਜੀ ਦੇ ਚਰਨੀਂ ਢਹਿ ਪਏ। ਇਸ ਥਾਂ ਦਾ ਨਾਂ ਗੋਰਖਮਤਾ ਤੋਂ ਨਾਨਕਮਤਾ ਹੋ ਗਿਆ। ਨਾਨਕਮਤੇ ਤੋਂ ਅਯੁੱਧਿਆ, ਗਯਾ, ਮੁਰਸ਼ਦਾਬਾਦ ਦੇ ਰਸਤੇ ਆਸਾਮ ਦੇਸ਼ ਦੇ ਕਾਮਰੂਪ ਇਲਾਕੇ ਗੋਹਾਟੀ ਸ਼ਹਿਰ ਆ ਗਿਆ। ਇਥੇ ਜਾਦੂਗਰਨੀ ਨੂਰ ਸ਼ਾਹ ਨੇ ਮਰਦਾਨੇ ਨੂੰ ਜਾਦੂ ਰਾਹੀਂ ਆਪਣੇ ਵੱਸ ਕਰ ਲਿਆ। ਨੂਰ ਸ਼ਾਹ ਨੂੰ ਜਾਦੂ ਟੂਣੇ ਛੱਡ ਕੇ ਸੱਚੇ ਰਾਹ 'ਤੇ ਚੱਲਣ ਦਾ ਉਪਦੇਸ਼ ਦੇ ਕੇ ਜਗਨਨਾਥਪੁਰੀ ਤੋਂ ਆਗਰਾ ਤੇ ਇਥੋਂ ਵਾਪਸ ਸੰਨ 1508 ਸੁਲਤਾਨਪੁਰ ਆ ਗਏ।

ਦੂਜੀ ਉਦਾਸੀ - ਦੱਖਣ ਦੀ ਲਗਪਗ ਦੋ ਸਾਲ ਬਤੀਤ ਕਰ ਕੇ ਸੰਨ 1510 ਵਿਚ ਗੁਰੂ ਜੀ ਨੇ ਦੂਜੀ ਉਦਾਸੀ ਦੱਖਣ ਵੱਲ ਦੀ ਕੀਤੀ। ਸੁਲਤਾਨਪੁਰ ਤੋਂ ਬਠਿੰਡਾ, ਭਟਨੇਰ (ਹਨੂਮਾਨਗੜ੍ਹ) ਦੇ ਰਸਤੇ ਸਿਰਸਾ ਪਹੁੰਚੇ। ਸਿਰਸਾ ਮੁਸਲਮਾਨ ਪੀਰਾਂ ਦਾ ਪ੍ਰਸਿੱਧ ਟਿਕਾਣਾ ਸੀ। ਇਹ ਪੀਰ ਜਾਦੂ-ਟੂਣਿਆਂ ਰਾਹੀਂ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਕਰਦੇ ਸਨ। ਖਵਾਜ਼ਾ ਸਮਸਦੀਨ ਅਤੇ ਖਵਾਜ਼ਾ ਹੌਸਨਦੀਨ ਪੀਰਾਂ ਨਾਲ 40 ਦਿਨ ਦਾ ਚਿਲਾ ਕੱਟ ਕੇ ਇਹ ਸਾਬਤ ਕੀਤਾ ਕਿ ਸੱਚੇ ਨਾਮ ਦੀ ਭਗਤੀ ਵਿਚ ਹੀ ਸ਼ਕਤੀ ਹੈ। ਲੋਕਾਂ ਦੀ ਸੇਵਾ ਵਿਚ ਜੀਵਨ ਬਤੀਤ ਕਰਨ ਅਤੇ ਸੱਚ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦੇ ਕੇ ਰਾਜਪੂਤਾਨੇ ਦਾ ਚੱਕਰ ਲਾ ਕੇ ਇੰਦੌਰ ਪਹੁੰਚੇ। ਵਿੰਧੀਆਚਲ ਤੇ ਦੱਖਣੀ ਜੰਗਲ ਵਿਚ ਇਕ ਆਦਮਖੋਰ ਭੀਲ ਕੌਡਾ ਰਾਖਸ਼ ਦਾ ਟਿਕਾਣਾ ਸੀ। ਇਹ ਰਾਹੀ-ਮੁਸਾਫਰਾਂ ਨੂੰ ਫੜ ਕੇ ਖਾਇਆ ਕਰਦਾ ਸੀ। ਮਰਦਾਨੇ ਨੂੰ ਵੀ ਫੜ ਕੇ ਖਾਣਾ ਚਾਹਿਆ ਪਰ ਗੁਰੂ ਜੀ ਦਾ ਉਪਦੇਸ਼ ਸੁਣ ਕੇ ਇਨਸਾਨਾਂ ਨੂੰ ਖਾਣ ਦੀ ਥਾਂ ਉਨ੍ਹਾਂ ਦੀ ਸੇਵਾ ਤੇ ਕਿਰਤ ਕਰ ਕੇ ਜੀਵਨ ਗੁਜ਼ਾਰਨ ਦਾ ਪ੍ਰਣ ਕੀਤਾ।

ਨਾਗਪਟਨ ਤੋਂ ਸਮੁੰਦਰ ਦੇ ਕਿਨਾਰੇ ਰਾਮੇਸ਼ਵਰ ਤੋਂ ਸੰਗਲਾਦੀਪ (ਲੰਕਾ) ਜਾ ਪਹੁੰਚੇ। ਇਥੋਂ ਦਾ ਰਾਜਾ ਸ਼ਿਵਨਾਭ ਨੇ ਗੁਰਸਿੱਖ ਭਾਈ ਮਨਸੁਖ ਪਾਸੋਂ ਗੁਰੂ ਜੀ ਦੀ ਬਾਬਤ ਬਹੁਤ ਕੁਝ ਸੁਣ ਰੱਖਿਆ ਸੀ। ਗੁਰੂ ਜੀ ਦਾ ਆਗਮਨ ਸੁਣ ਕੇ ਰਾਜਾ ਦਰਸ਼ਨਾਂ ਲਈ ਆਇਆ। ਦਰਸ਼ਨ ਕਰ ਕੇ ਤੇ ਉਪਦੇਸ਼ ਸੁਣ ਕੇ ਬੜਾ ਪ੍ਰਭਾਵਤ ਹੋਇਆ ਅਤੇ ਗੁਰੂ ਜੀ ਦਾ ਸਿੱਖ ਬਣ ਗਿਆ। ਸਮੁੰਦਰ ਦੇ ਪੱਛਮੀ ਘਾਟ ਦੇ ਨਾਲ ਮਾਲਾਬਾਰ, ਗੁਜਰਾਤ ਆਦਿ ਇਲਾਕਿਆਂ ਤੋਂ ਹੁੰਦੇ ਹੋਏ ਸਿੰਧ ਤੋਂ ਸੁਲਤਾਨਪੁਰ ਤੇ ਕਰਤਾਰਪੁਰ ਸੰਨ 1514 ਵਿਚ ਆਪਣੇ ਪਰਿਵਾਰ ਪਾਸ ਪਹੁੰਚ ਗਏ।

ਤੀਜੀ ਉਦਾਸੀ - ਉੱਤਰ ਦੀ ਕੁਝ ਮਹੀਨੇ ਕਰਤਾਰਪੁਰ ਰਹਿਣ ਤੋਂ ਬਾਅਦ ਸੰਨ 1514 ਵਿਚ ਉੱਤਰ ਦਿਸ਼ਾ ਦੇ ਪਹਾੜੀ ਲੋਕਾਂ ਨੂੰ ਸਤਿਨਾਮ ਦਾ ਉਪਦੇਸ਼ ਦੇਣ ਲਈ ਯਾਤਰਾ ਆਰੰਭ ਕਰ ਦਿੱਤੀ। ਕਰਤਾਰਪੁਰ ਤੋਂ ਜੰਮੂ, ਸ੍ਰੀਨਗਰ, ਬਦਰੀਨਾਥ, ਹੇਮਕੁੰਡ ਦੇ ਰਸਤੇ ਸੁਮੇਰ (ਕੈਲਾਸ਼) ਪਰਬਤ ਉਤੇ ਸਿੱਧ ਮੰਡਲੀ ਦੇ ਅਸਥਾਨ 'ਤੇ ਮਾਨਸਰੋਵਰ ਪਾਸ ਜਾ ਪਹੁੰਚੇ। ਸਿੱਧਾਂ ਨੇ ਗੁਰੂ ਜੀ ਨੂੰ ਆਪਣੀਆਂ ਕਰਾਮਾਤਾਂ ਰਾਹੀਂ ਭੈਅਭੀਤ ਅਤੇ ਵੱਸ ਕਰਨ ਦਾ ਯਤਨ ਕੀਤਾ ਪਰ ਸਫਲਤਾ ਨਾ ਹੋਈ। ਉਨ੍ਹਾਂ ਨੂੰ ਸੰਸਾਰ ਵਿਚ ਰਹਿ ਕੇ ਕਰਤਾਰ ਦਾ ਨਾਮ ਸਿਮਰਨ ਤੇ ਸੇਵਾ ਕਰ ਕੇ ਜੀਵਨ ਬਤੀਤ ਕਰਨ ਦਾ ਉਪਦੇਸ਼ ਦੇ ਕੇ ਨੇਪਾਲ, ਸਿੱਕਮ, ਭੂਟਾਨ ਦਾ ਚੱਕਰ ਲਾ ਕੇ ਤਿੱਬਤ ਦੇ ਰਸਤੇ ਵਾਪਸ ਜੰਮੂ ਆ ਗਏ। ਜੰਮੂ ਤੋਂ ਹੇਠਾਂ ਉਤਰ ਕੇ ਬਿਆਸਾ ਪਾਰ ਕਰ ਕੇ ਸੁਲਤਾਨਪੁਰ ਤੋਂ ਕਰਤਾਰਪੁਰ ਸੰਨ 1518 ਆਪਣੇ ਅਸਥਾਨ 'ਤੇ ਵਾਪਸ ਆ ਗਏ।

nanak2-200.jpg (12271 bytes)ਚੌਥੀ ਉਦਾਸੀ - ਪੱਛਮ ਦੀ ਸੰਨ 1518 ਦੇ ਪਿਛਲੇ ਪੱਖ ਵਿਚ ਚੌਥੀ ਉਦਾਸੀ ਆਰੰਭ ਹੋਈ। ਇਸ ਉਦਾਸੀ ਵਿਚ ਆਪ ਨੇ ਮੁਸਲਮਾਨੀ ਅਸਥਾਨਾਂ ਦੀ ਯਾਤਰਾ ਦਾ ਫੈਸਲਾ ਕੀਤਾ। ਕਰਤਾਰਪੁਰ ਤੋਂ ਤਲਵੰਡੀ, ਰੁਹਤਾਸ਼, ਡੇਰਾ ਇਸਮਾਈਲ ਖ਼ਾਂ, ਡੇਰਾ ਗਾਜ਼ੀ ਖ਼ਾਂ, ਨੌਸ਼ਰਾ, ਮਿਠਨਕੋਟ ਤੋਂ ਸਿੰਧ ਜਾ ਪਹੁੰਚੇ। ਇਥੋਂ ਜਥੇ ਨਾਲ ਰਲ ਕੇ ਮੱਕੇ ਚਲੇ ਗਏ। ਮੱਕੇ ਵਿਚ ਮੁਸਲਮਾਨਾਂ ਦਾ ਪ੍ਰਸਿੱਧ ਪੂਜਨੀਕ ਅਸਥਾਨ ਕਾਬਾ ਹੈ। ਗੁਰੂ ਜੀ ਰਾਤ ਨੂੰ ਕਾਬੇ ਵੱਲ ਪੈਰ ਕਰ ਕੇ ਸੌਂ ਗਏ। ਜੀਵਨ ਨਾਂ ਦੇ ਮੁੱਲਾਂ ਨੇ ਗੁੱਸੇ ਨਾਲ ਆਖਿਆ ਕਿ ਤੂੰ ਕੌਣ ਕਾਫਿਰ ਹੈਂ ਜਿਹੜਾ ਖੁਦਾ ਦੇ ਘਰ ਵੱਲ ਪੈਰ ਕਰ ਕੇ ਸੁੱਤਾ ਹੋਇਆ ਹੈ। ਗੁਰੂ ਜੀ ਨੇ ਬੜੀ ਨਿਰਮਾਈ ਨਾਲ ਕਿਹਾ, ''ਮੈਂ ਸਫ਼ਰ ਦੇ ਥਕੇਵੇਂ ਕਰ ਕੇ ਲੰਮਾ ਪਿਆ ਹਾਂ। ਮੈਨੂੰ ਪਤਾ ਨਹੀਂ ਕਿ ਖੁਦਾ ਦਾ ਘਰ ਕਿੱਧਰ ਹੈ। ਤੂੰ ਸਾਡੇ ਪੈਰ ਉਧਰ ਕਰ ਦੇਹ ਜਿਧਰ ਖੁਦਾ ਦਾ ਘਰ ਨਹੀਂ ਹੈ।'' ਇਹ ਸੁਣ ਕੇ ਜੀਵਨ ਨੇ ਬੜੇ ਗੁੱਸੇ ਨਾਲ ਗੁਰੂ ਜੀ ਦੇ ਪੈਰ ਘਸੀਟ ਕੇ ਦੂਜੇ ਪਾਸੇ ਕਰ ਦਿੱਤੇ। ਜਦ ਪੈਰ ਛੱਡ ਕੇ ਵੇਖਿਆ ਤਾਂ ਉਸ ਨੂੰ ਕਾਬਾ ਉਸੇ ਪਾਸੇ ਹੀ ਨਜ਼ਰ ਆਇਆ। ਇਸ ਤਰ੍ਹਾਂ ਉਸ ਨੇ ਦੂਜੇ ਪਾਸੇ ਪੈਰ ਕੀਤੇ ਤਾਂ ਕਾਬਾ ਉਸ ਨੂੰ ਫਿਰ ਉਧਰ ਹੀ ਨਜ਼ਰ ਆਇਆ। ਜੀਵਨ ਨੇ ਜਦ ਵੇਖਿਆ ਕਿ ਕਾਬਾ ਉਨ੍ਹਾਂ ਦੇ ਪੈਰਾਂ ਨਾਲ ਹੀ ਫਿਰ ਜਾਂਦਾ ਹੈ ਤਾਂ ਉਸ ਨੇ ਸਾਰੀ ਗੱਲ ਦੂਜੇ ਹਾਜ਼ੀਆਂ ਨੂੰ ਦੱਸੀ। ਇਹ ਸੁਣ ਕੇ ਬਹੁਤ ਸਾਰੇ ਕਾਜ਼ੀ, ਮੌਲਾਣਾ ਤੇ ਹੋਰ ਲੋਕ ਇਕੱਠੇ ਹੋ ਗਏ। ਕਾਜ਼ੀ ਰੁਕਨਦੀਨ ਅਤੇ ਹੋਰ ਹਾਜ਼ੀਆਂ ਨਾਲ ਆਪ ਜੀ ਦੇ ਕਈ ਪ੍ਰਸ਼ਨ-ਉੱਤਰ ਹੋਏ। ਇਹ ਪੁੱਛਣ 'ਤੇ ਕਿ ਹਿੰਦੂ ਵੱਡਾ ਹੈ ਜਾਂ ਮੁਸਲਮਾਨ ਗੁਰੂ ਜੀ ਨੇ ਕਿਹਾ, ''ਸ਼ੁਭਿ ਅਮਲਾਂ ਬਝਹੁੰ ਦੋਨੋਂ ਰੋਈ।'' ਇਹ ਸੁਣ ਕੇ ਸਾਰੇ ਮੌਲਾਣੇ ਤੇ ਹਾਜੀ ਗੁਰੂ ਜੀ ਦੇ ਚਰਨੀਂ ਡਿੱਗ ਪਏ ਅਤੇ ਆਪਣੇ ਵੱਧ-ਘੱਟ ਬੋਲਚਾਲ ਲਈ ਮੁਆਫੀ ਮੰਗੀ।

ਗੁਰੂ ਜੀ ਮੱਕਾ ਤੋਂ ਮਦੀਨਾ ਤੇ ਫਿਰ ਬਗਦਾਦ ਗਏ। ਇਥੇ ਗੁਰੂ ਜੀ ਨੇ ਅੰਮ੍ਰਿਤ ਵੇਲੇ ਸਤਿਨਾਮ ਦੀ ਬਾਂਗ ਦਿੱਤੀ ਤੇ ਮਰਦਾਨਾ ਦੀ ਰਬਾਬ 'ਤੇ ਕੀਰਤਨ ਸ਼ੁਰੂ ਕਰ ਦਿੱਤਾ। ਇਹ ਸੁਣ ਕੇ ਸਾਰੇ ਲੋਕ ਹੈਰਾਨ ਹੋ ਗਏ ਕਿਉਂਕਿ ਇਸਲਾਮ ਵਿਚ ਰਾਗ ਦੀ ਮਨਾਹੀ ਸਮਝੀ ਜਾਂਦੀ ਹੈ। ਉਥੋਂ ਦੇ ਹਾਕਮ ਨੇ ਗੁਰੂ ਜੀ ਨੂੰ ਪੱਥਰ ਮਾਰ ਕੇ ਮਾਰਨ ਦਾ ਹੁਕਮ ਦਿੱਤਾ। ਗੁਰੂ ਜੀ ਦੇ ਰੱਬੀ ਨੂਰ ਭਰੇ ਚਿਹਰੇ ਨੂੰ ਦੇਖ ਕੇ ਪੱਥਰ ਮਾਰਨ ਆਏ ਲੋਕ ਠਠੰਬਰ ਕੇ ਰੁਕ ਗਏ।

ਬਗਦਾਦ ਤੋਂ ਇਰਾਨ, ਸਮਰਕੰਦ, ਬਖ਼ਾਰੇ ਦਾ ਚੱਕਰ ਲਾ ਕੇ ਦਰ੍ਹਾ ਖ਼ੈਬਰ ਤੋਂ ਲੰਘ ਕੇ ਪਿਸ਼ਾਵਰ ਆਏ। ਨੇਸ਼ੈਹਰੇ ਤੋਂ ਹੁੰਦੇ ਹੋਏ ਹਸਨ ਅਬਦਾਲ ਪਹੁੰਚੇ ਅਤੇ ਪਿੰਡ ਦੇ ਬਾਹਰ ਪਹਾੜੀ ਹੇਠ ਆ ਬੈਠੇ। ਇਸ ਪਹਾੜੀ 'ਤੇ ਵਲੀ ਕੰਧਾਰੀ ਦਾ ਟਿਕਾਣਾ ਸੀ। ਇਸ ਦੇ ਪਾਸ ਹੀ ਪਹਾੜੀ ਉਤੇ ਇਕੋ-ਇਕ ਪਾਣੀ ਦਾ ਚਸ਼ਮਾ ਨਿਕਲਦਾ ਸੀ। ਮਰਦਾਨੇ ਨੂੰ ਪਿਆਸ ਲੱਗਣ 'ਤੇ ਗੁਰੂ ਜੀ ਨੇ ਉਸ ਨੂੰ ਵਲੀ ਕੰਧਾਰੀ ਪਾਸ ਪਾਣੀ ਲਈ ਭੇਜਿਆ। ਬਹੁਤ ਮਿੰਨਤਾਂ ਕਰਨ 'ਤੇ ਵੀ ਪਾਣੀ ਨਾ ਮਿਲਿਆ। ਮਰਦਾਨੇ ਨੇ ਗੁਰੂ ਜੀ ਦੇ ਕਹਿਣ 'ਤੇ ਸਤਿਨਾਮ ਆਖ ਕੇ ਇਕ ਪੱਥਰ ਚੁੱਕ ਕੇ ਪਰੇ ਰੱਖਿਆ ਤਾਂ ਇਸ ਜਗ੍ਹਾ ਪਾਣੀ ਦਾ ਚਸ਼ਮਾ ਚੱਲ ਪਿਆ ਜਿਸ ਨਾਲ ਪਹਾੜੀ ਉਤੋਂ ਵਲੀ ਕੰਧਾਰੀ ਦਾ ਚਸ਼ਮਾ ਬੰਦ ਹੋ ਗਿਆ। ਵਲੀ ਕੰਧਾਰੀ ਨੇ ਗੁੱਸੇ ਵਿਚ ਆ ਕੇ ਆਪਣੀ ਸ਼ਕਤੀ ਨਾਲ ਪਹਾੜੀ ਤੋਂ ਇਕ ਵੱਡੀ ਚੱਟਾਨ ਗੁਰੂ ਜੀ ਵੱਲ ਰੋੜ੍ਹ ਦਿੱਤੀ। ਗੁਰੂ ਜੀ ਨੇ ਆਪਣੇ ਹੱਥ ਨਾਲ ਉਸ ਨੂੰ ਰੋਕ ਲਿਆ। ਗੁਰੂ ਜੀ ਦੀ ਸ਼ਕਤੀ ਵੇਖ ਕੇ ਵਲੀ ਕੰਧਾਰੀ ਦਾ ਹੰਕਾਰ ਟੁੱਟ ਗਿਆ ਤੇ ਪਹਾੜੀ ਤੋਂ ਹੇਠਾਂ ਉਤਰ ਕੇ ਗੁਰੂ ਜੀ ਦੇ ਚਰਨੀਂ ਡਿੱਗ ਪਿਆ ਅਤੇ ਮੁਆਫੀ ਮੰਗੀ। ਉਸ ਨੂੰ ਹੰਕਾਰ ਤਿਆਗ ਕੇ ਇਨਸਾਨਾਂ ਨਾਲ ਪਿਆਰ ਤੇ ਦਇਆ ਕਰਨ ਦਾ ਉਪਦੇਸ਼ ਦਿੱਤਾ। ਇਥੇ ਗੁਰਦੁਆਰਾ ਪੰਜਾ ਸਾਹਿਬ ਸਥਾਪਤ ਹੈ।

ਇਥੋਂ ਚਲ ਕੇ ਰਾਵਲਪਿੰਡੀ, ਜੇਹਲਮ ਸਿਆਲਕੋਟ ਤੋਂ ਸ਼ੈਦਪੁਰ (ਏਮਨਾਬਾਦ) ਆ ਗਏ। ਉਧਰੋਂ ਸੰਨ 1521 ਵਿਚ ਬਾਬਰ ਫੌਜ ਲੈ ਕੇ ਸ਼ੈਦਪੁਰ ਪਹੁੰਚ ਗਿਆ। ਬਾਬਰ ਨੇ ਕਤਲ-ਏ-ਆਮ ਅਤੇ ਲੁੱਟਮਾਰ ਕਰ ਕੇ ਸ਼ਹਿਰ ਨੂੰ ਬਰਬਾਦ ਕਰ ਦਿੱਤਾ। ਜਿਹੜੇ ਬਚ ਗਏ, ਉਨ੍ਹਾਂ ਨੂੰ ਫੜ ਕੇ ਕੈਦੀ ਬਣਾ ਲਿਆ। ਗੁਰੂ ਜੀ ਅਤੇ ਮਰਦਾਨੇ ਨੂੰ ਵੀ ਕੈਦੀ ਬਣਾ ਕੇ ਬਾਬਰ ਦੇ ਡੇਰੇ ਲੈਜਾਇਆ ਗਿਆ। ਗੁਰੂ ਜੀ ਨੇ ਮੌਕੇ ਮੁਤਾਬਕ ਸ਼ਬਦ ਦਾ ਕੀਰਤਨ ਕੀਤਾ ਜਿਸ ਨੂੰ ਸੁਣ ਕੇ ਸਾਰੇ ਕੈਦੀ ਤੇ ਸ਼ਾਹੀ ਫੌਜੀ ਵਜਦ ਵਿਚ ਆ ਕੇ ਝੂਮਣ ਲਗ ਪਏ। ਜਦ ਬਾਬਰ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ। ਬਾਬਰ ਨੂੰ ਗੁਰੂ ਜੀ ਵਿਚੋਂ ਖ਼ੁਦਾ ਦਾ ਦੀਦਾਰ ਨਜ਼ਰੀਂ ਆਇਆ। ਗੁਰੂ ਜੀ ਤੋਂ ਮਾਫੀ ਮੰਗੀ ਤੇ ਉਨ੍ਹਾਂ ਦੇ ਕਹਿਣ 'ਤੇ ਸਾਰੇ ਕੈਦੀਆਂ ਨੂੰ ਉਨ੍ਹਾਂ ਦੇ ਮਾਲ-ਅਸਬਾਬ ਸਹਿਤ ਛੱਡ ਦਿੱਤਾ। ਗੁਰੂ ਜੀ ਤੋਂ ਅਸੀਸ ਮੰਗੀ ਤੇ ਨਿਆਂ ਵਾਲਾ ਰਾਜ ਕਰਨ ਦਾ ਪ੍ਰਣ ਕੀਤਾ। ਏਮਨਾਬਾਦ ਤੋਂ ਪਸਰੂਰ ਦੇ ਰਸਤੇ ਸੰਨ 1522 ਵਿਚ ਕਰਤਾਰਪੁਰ ਆਪਣੇ ਪਰਿਵਾਰ ਪਾਸ ਆ ਗਏ। ਇਥੇ ਆ ਕੇ ਗੁਰੂ ਜੀ ਨੇ ਫਕੀਰੀ ਵੇਸ ਦੇ ਕੱਪੜੇ ਉਤਾਰ ਕੇ ਗ੍ਰਹਿਸਥੀ ਬਾਣਾ ਪਹਿਨ ਲਿਆ। ਹੱਥੀਂ ਕਿਰਤ ਕਰਨ ਅਤੇ ਨਾਮ ਬਾਣੀ ਦੇ ਸਿਮਰਨ ਦਾ ਪ੍ਰਵਾਹ ਚਲਾਇਆ। ਭਾਈ ਲਹਿਣਾ ਨੂੰ ਗੁਰੂ ਅੰਗਦ ਦੀ ਪਦਵੀ ਦੇ ਕੇ 7 ਸਤੰਬਰ, 1539 ਨੂੰ ਜੋਤੀ ਜੋਤ ਸਮਾ ਗਏ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-2004, 5abi.com