|
ਪ੍ਰੋ. ਪ੍ਰੀਤਮ ਸਿੰਘ ਗਰੇਵਾਲ, ਕੈਨੇਡਾ |
ਰੋਗੁ
ਦਾਰੂ ਦੋਵੈ ਬੁਝੈ ਤਾਂ ਵੈਦੁ ਸੁਜਾਣੁ॥
- ਪ੍ਰੋ. ਪ੍ਰੀਤਮ ਸਿੰਘ ਗਰੇਵਾਲ, ਕੈਨੇਡਾ
ਗੁਰੂ ਅਰਜਨ ਸਾਹਿਬ ਦੇ
ਸਮਕਾਲੀ ਸਿੱਖ ਵਿਦਵਾਨ ਅਤੇ ਆਦਿ ਬੀੜ ਦੇ ਲਿਖਾਰੀ ਭਾਈ ਗੁਰਦਾਸ ਜੀ ਨੇ ਸਤਿਗੁਰੂ ਨਾਨਕ
ਦੇਵ ਜੀ ਦੀ ਅਨੂਪਮ ਸ਼ਖ਼ਸੀਅਤ ਨੂੰ ਇੰਜ ਚਿਤ੍ਰਿਆ ਹੈ:
'ਗੁਰਮੁਖ ਕਲਿ ਵਿਚ ਪ੍ਰਗਟ ਹੋਆ'
'ਧੰਨ ਨਾਨਕ ਤੇਰੀ ਵਡੀ ਕਮਾਈ'
'ਜ਼ਾਹਰ ਪੀਰ ਜਗਤ ਗੁਰੂ ਬਾਬਾ'
ਭਾਵ, ਕਲਜੁਗ (ਉਹ ਸਮਾਂ
ਜਿਸਦਾ ਰਥ ਕ੍ਰੋਧ ਤੇ ਤ੍ਰਿਸ਼ਨਾ ਹੈ ਅਤੇ ਚਾਲਕ ਹੈ ਕੂੜ ਕਪਟ) ਅੰਦਰ ਪ੍ਰਗਟ ਹੋ ਕੇ
ਗੁਰਮੁਖ ਨਾਨਕ ਨੇ ਅਗਿਆਨਤਾ ਦੀ ਧੁੰਦ ਮਿਟਾ ਦਿਤੀ।
ਚਾਰ ਲੰਬੀਆਂ ਤੇ ਖ਼ਤਰੇ
ਭਰੀਆਂ ਉਦਾਸੀਆਂ, ਬੰਗਲਾ ਦੇਸ਼ ਤੋਂ ਬਗਦਾਦ ਅਤੇ ਸ੍ਰੀ ਲੰਕਾ ਤੋਂ ਤਿੱਬਤ ਤੀਕ, ਕਰ ਕੇ
ਲੋਟੂਆਂ, ਠੱਗਾਂ, ਦੰਭੀਆਂ, ਮਾਣਸ-ਖ਼ੋਰਾਂ, ਜਰਵਾਣਿਆਂ, ਵਲੀਆਂ, ਰਾਜਿਆਂ, ਪੰਡਤਾਂ,
ਕਾਜ਼ੀਆਂ, ਜੋਗੀਆਂ, ਜੈਨੀਆਂ, ਦਲਿਤਾਂ ਆਦਿ ਨੂੰ ਸ਼ਖ਼ਸੀ ਤੇ ਸਮਾਜੀ ਪਾਕੀਜ਼ਗੀ ਤੇ ਮਨੁਖੀ
ਸਾਂਝੀਵਾਲਤਾ ਦਾ ਉਪਦੇਸ਼ ਦੇਣ ਦੀ ਵੱਡੀ ਕਮਾਈ ਜਗਤ ਗੁਰੂ ਨਾਨਕ ਨੇ ਕੀਤੀ। ਇੰਜ ਮਾਨਵ
ਸੇਵਾ, ਸਿਮਰਨ ਅਤੇ ਇਨਸਾਨੀ ਏਕਤਾ ਦੇ ਉਦੇਸ਼ ਰਾਹੀਂ ਬਾਬਾ ਨਾਨਕ ਕੁਲ ਜਗਤ ਲਈ ਗੁਰੂ ਅਤੇ
ਪੀਰ ਪ੍ਰਵਾਨ ਹੋਏ।
ਆਪ ਜੀ ਦੀ ਮਹਾਨਤਾ ਦੀ ਝਲਕ ਇਸ ਤੁਕ ਤੋਂ ਪੈਂਦੀ ਹੈ:
"ਰੋਗੁ ਦਾਰੂ ਦੋਵੈ ਬੁਝੈ ਤਾਂ ਵੈਦੁ ਸੁਜਾਣੁ॥"
ਮਾਨਵਤਾ ਦੇ ਸੱਚੇ ਤੇ
ਹਮਦਰਦ ਵੈਦ ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇ ਦੇ, ਬਲਕਿ ਕਦੇ ਤੇ ਕਿਤੇ ਵੀ ਵਾਪਰ ਸਕਣ
ਵਾਲੇ ਸ਼ਖ਼ਸੀ ਤੇ ਸਮਾਜਿਕ ਰੋਗਾਂ ਦੇ ਕਾਰਨ, ਅਲਾਮਤਾਂ ਅਤੇ ਇਲਾਜ ਗੁਰਬਾਣੀ ਦੁਆਰਾ ਸਪਸ਼ਟ
ਦਰਸਾਏ ਹਨ।
ਕੁਲ ਆਧੀਆਂ, ਵਿਆਧੀਆਂ ਦੀ
ਜੜ ਆਪ ਨੇ ਹੁਕਮ ਰਜ਼ਾਈ ਚੱਲਣ ਦੇ ਉਲਟ ਤੋਰਨ ਵਾਲੇ ਹਉਮੈ ਦੀਰਘ ਰੋਗ ਨੂੰ ਠਹਿਰਾਇਆ ਹੈ।
ਇਸ ਦਾ ਹੱਲ ਆਪ ਨੇ ਅਕਾਲ ਪੁਰਖ ਦੀ ਕਿਰਪਾ ਦੁਆਰਾ ਗੁਰੂ ਦੇ ਸ਼ਬਦ, ਨਾਮ ਦੀ ਕਮਾਈ ਦਸਿਆ
ਹੈ।
ਆਪ ਜੀ ਨੇ ਰਾਜਸੀ, ਸਮਾਜਿਕ ਤੇ ਧਾਰਮਿਕ ਰੋਗਾਂ ਦੀ ਪਛਾਣ
ਸੰਖੇਪ ਵਿਚ ਇੰਜ ਕਰਵਾਈ:
"ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥"
ਅਜਿਹੇ ਰੋਗ ਕਦੇ ਤੇ ਕਿਤੇ
ਵੀ, ਵਕਤ ਨੂੰ ਮਨੁਖੀ ਸੁਖ ਸਾਂਤੀ ਨੂੰ ਕੁਤਰਨ ਵਾਲੀ ਕੈਂਚੀ ਦਾ ਰੂਪ ਦੇ ਸਕਦੇ ਹਨ।
ਇਹਨਾਂ ਦੇ ਲੱਛਣ ਹਨ- (ੳ) ਹਕੂਮਤ ਵਲੋਂ ਨਿਰਦਈ ਕਸਾਈ ਵਾਂਗ ਪਰਜਾ ਦਾ ਘਾਤ; (ਅ) ਅਸਲੀ
ਧਰਮ ਦੀ ਅਣਹੋਂਦ; (ੲ) ਹਰ ਤਰਫ ਕੂੜ ਕਪਟ ਦਾ ਪਸਾਰਾ; (ਸ) ਸਚ ਤੇ ਧਰਮ ਦੀ ਨਿਸਫਲ ਭਾਲ।
ਜਦੋਂ ਜਾਂ ਜਿਥੇ ਵੀ ਐਸੀਆਂ ਅਲਾਮਤਾਂ ਪ੍ਰਗਟ ਹੋ ਜਾਣ ਤਾਂ ਮਾਨਵਤਾ ਅਰੋਗ ਤੇ ਸੁਖੀ ਨਹੀਂ
ਰਹੇਗੀ।
ਰੱਬੀ ਦਰਗਾਹ ਤੋਂ ਇਲਾਹੀ
ਬਖ਼ਸ਼ਿਸ਼ ਪਾ ਕੇ ਸੁਲਤਾਨਪੁਰ ਲੋਧੀ ਵਿਖੇ ਗੁਰੂ ਜੀ ਨੇ ਫੁਰਮਾਇਆ: ਨਾ ਕੋਈ ਹਿੰਦੂ ਨਾ
ਮੁਸਲਮਾਨ। ਇਹ ਦੋ ਮਜ਼੍ਹਬ ਲੋਕਾਂ ਨੇ ਧਾਰਨ ਕਰ ਰੱਖੇ ਸਨ ਪਰ ਕਿਰਦਾਰ ਪਖੋਂ ਨਾ ਕੋਈ ਸੱਚਾ
ਹਿੰਦੂ ਤੇ ਨਾ ਹੀ ਸੱਚਾ ਮੁਸਲਿਮ ਨਜ਼ਰ ਆਇਆ। ਜਦੋਂ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਲੋਕ
ਸਿਰਫ ਬਾਹਰੀ ਭੇਖ ਤੇ ਕਰਮ ਕਾਂਡ ਤੀਕ ਸੀਮਿਤ ਹੋ ਕੇ ਅਧਿਆਤਮਿਕ ਅਤੇ ਇਖ਼ਲਾਕੀ ਆਚਰਨ ਗੁਆ
ਬੈਠਦੇ ਹਨ ਤਾਂ ਸੁਜਾਣ ਵੈਦ ਦੀ ਨਿਗਾਹ ਵਿਚ ਓਹ ਰੋਗੀ ਹਨ। ਸ਼ੁਭ ਅਮਲਾਂ ਵਾਲੀ ਤੰਦਰੁਸਤੀ
ਬਿਨਾਂ ਓਹ ਰੋਣਗੇ ਹੀ।
ਮਨ ਅੰਦਰ ਦਇਆ, ਸੰਤੋਖ,
ਜਤ, ਸਤ ਆਦਿ ਗੁਣਾਂ ਤੋਂ ਬਿਨਾਂ ਕੇਵਲ ਤਨ ਉਤੇ ਚਿੰਨ ਮਾਤ੍ਰ ਜਨੇਊ, ਟਿੱਕਾ, ਧੋਤੀ ਪਹਿਨ
ਕੇ ਹਿੰਦੂ ਲੋਕ ਧਰਮੀ ਹੋਣ ਦਾ ਭਰਮ ਪਾਲ ਰਹੇ ਸਨ।ਗੁਰੂ ਜੀ ਨੇ ਕਿਹਾ ਕਿ ਚੋਰੀਆਂ,
ਯਾਰੀਆਂ, ਕੂੜ, ਠਗੀਆਂ, ਪਹਿਨਾਮੀਆਂ ਵਗੈਰਾ ਦੇ ਸਦਾਚਾਰਕ ਰੋਗ ਹੁੰਦਿਆਂ, ਕਰਮ-ਕਾਂਡੀ
ਪਖੰਡਾਂ ਨਾਲ ਅਧਿਆਤਮਿਕ ਅਰੋਗਤਾ ਨਹੀਂ ਮਿਲਦੀ।
ਸਿਰਫ ਰਸਮੀ ਨਮਾਜ਼ (ਜਾਂ
ਪਾਠ ਪੂਜਾ) ਅਦਾ ਕਰਨਾ ਹੀ ਕਾਫੀ ਨਹੀਂ। ਆਪ ਨੇ ਸਮਝਾਇਆ ਕਿ ਭਾਈ ਮੁਸਲਮਾਨ ਕਹਾਉਣਾ
ਮੁਸ਼ਕਲ ਹੈ। ਸੱਚਾ ਮੁਸਲਿਮ ਬਣਨ ਲਈ ਮਨ ਤੋਂ ਮਾਲ ਦੇ ਮਾਣ ਦੀ ਮੈਲ ਲਾਹੋ ਤੇ ਸੱਚੇ
ਮਾਅਨਿਆਂ ਵਿਚ ਦੀਨ ਕਬੂਲ ਕਰੋ। ਮਿਹਰ ਦੀ ਮਸੀਤ, ਸਿਦਕ ਦਾ ਮੁਸੱਲਾ, ਹੱਕ ਹਲਾਲ ਦੀ
ਕੁਰਾਨ, ਸ਼ਰਮ ਦੀ ਸੁੰਨਤ, ਨੇਕ ਸੁਭਾਉ ਦਾ ਰੋਜ਼ਾ, ਸ਼ੁਭ ਅਮਲਾਂ ਦਾ ਕਾਬਾ ਅਤੇ ਰੱਬੀ ਰਜ਼ਾ
ਦੀ ਤਸਬੀ ਬਿਨਾਂ ਆਤਮਿਕ ਅਰੋਗਤਾ ਨਹੀਂ ਮਿਲਣੀ।
ਸਮਾਜਿਕ ਜ਼ਿੰਮੇਦਾਰੀ ਤੋਂ
ਭੱਜ ਕੇ ਪਰਬਤੀਂ ਛੁਪ ਬੈਠੇ ਸਿੱਧਾਂ ਜੋਗੀਆਂ ਨੂੰ ਬਾਹਰੀ ਭੇਖ ਤੇ ਲਫਜ਼ੀ ਚਤੁਰਾਈ ਦੇ ਭਰਮ
ਰੋਗ ਤੋਂ ਚੇਤਨ ਕਰਾਉਣ ਲਈ ਗੁਰੂ ਸੁਵੈਦ ਨੇ ਕਿਹਾ ਅਸਲੀ ਜੋਗ ਕੇਵਲ ਸਨਿਆਸ ਧਾਰ ਕੇ ਅਤੇ
ਗੱਲੀਂ ਬਾਤੀਂ ਹੀ ਪ੍ਰਾਪਤ ਨਹੀਂ ਹੁੰਦਾ। ਜਲ ਵਿੱਚ ਕੰਵਲ ਵਾਂਗ ਨਿਰਲੇਪ ਅਤੇ ਸੰਸਾਰਕ
ਜੀਵਨ ਦੀ ਮਾਇਕ ਕਾਲਖ ਅੰਦਰ ਬੇਦਾਗ ਵਿਚਰਨ ਦੀ ਜੁਗਤ ਸਿਖਣੀ ਪਵੇਗੀ। ਸਿਰਫ ਖਿੰਥਾ ਪਹਿਨ
ਕੇ, ਡੰਡਾ ਫੜ ਕੇ, ਸਿੰਗੀ ਵਜਾ ਕੇ, ਤਨ ਨੂੰ ਭਸਮ ਮਲ ਕੇ ਤੇ ਕੰਨੀਂ ਮੁੰਦਰਾਂ ਪਾ ਕੇ ਹੀ
ਜੋਗ ਨਹੀਂ ਮਿਲਦਾ। ਗੁਰ-ਸ਼ਬਦ ਦੀਆਂ ਮੁੰਦਰਾਂ ਨਾਲ ਭਟਕਦੇ ਮਨ ਨੂੰ ਵਰਜ ਕੇ ਰੱਖਣਾ ਜੋਗ
ਦੀ ਸਹੀ ਜੁਗਤ ਹੈ।
ਹਉਮੈ ਰੋਗ ਦੇ ਮਾਰੇ ਤੇ
ਇਨਸਾਨੀਅਤ ਤੋਂ ਸੱਖਣੇ ਕਰਮ ਕਾਂਡੀ ਧਾਰਮਿਕ ਤੇ ਸਮਾਜਿਕ ਆਗੂਆਂ ਦੇ ਬੀਮਾਰ ਕਿਰਦਾਰ ਦਾ
ਵਿਸ਼ਲੇਸ਼ਣ ਗੁਰੂ ਨਾਨਕ ਸਾਹਿਬ ਨੇ ਕਿੰਨੇ ਸੰਖੇਪ ਪਰ ਭਾਵ-ਪੂਰਤ ਸ਼ਬਦਾਂ ਵਿਚ ਕੀਤਾ ਹੈ:
"ਕਾਦੀ ਕੂੜੁ ਬੋਲਿ ਮਲਿ ਖਾਇ॥ਬ੍ਰਾਹਮਣੁ ਨਾਵੈ ਜੀਆਂ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧ॥ਤੀਨੇ ਓਜਾੜੇ ਕਾ ਬੰਧੁ॥"
ਭਾਵ, ਤਿੰਨੋ ਧਾਰਮਿਕ ਆਗੂ
ਆਤਮਿਕ ਅਤੇ ਇਖ਼ਲਾਕੀ ਗੁਣਾਂ ਤੋਂ ਖ਼ਾਲੀ ਹਨ। ਕਾਜ਼ੀ ਝੂਠ ਬੋਲ ਕੇ ਹਰਾਮ (ਰਿਸ਼ਵਤ ਆਦਿ) ਦੀ
ਮੈਲ ਖਾ ਰਿਹਾ ਹੈ। ਬ੍ਰਾਹਮਣ ਭੋਲੇ ਭਾਲੇ ਬੰਦਿਆਂ ਦੀ ਲੁੱਟ-ਖਸੁਟ ਕਰ ਕੇ ਆਪਣਾ ਪਿੰਡਾ
ਧੋ ਕੇ ਸੁਚਾ ਹੋਣ ਦਾ ਪਖੰਡ ਰਚ ਰਿਹਾ ਹੈ। ਗਿਆਨ ਵਿਹੂਣਾ ਜੋਗੀ ਸਹੀ ਜੀਵਨ ਦੀ ਜੁਗਤ ਹੀ
ਨਹੀਂ ਜਾਣਦਾ।
ਰਾਜਸੀ ਢਾਂਚਾ ਵੀ ਭ੍ਰਿਸ਼ਟ
ਸੀ। ਪਰਜਾ ਬਿਦੇਸ਼ੀ ਜਰਵਾਣਿਆਂ ਦੀ ਗੁਲਾਮ, ਮਨੁੱਖੀ ਹੱਕਾਂ ਤੋਂ ਬੇਖ਼ਬਰ ਤੇ ਵੰਚਿਤ ਅਤੇ
ਨਿਰਾਸ਼ਤਾ ਤੇ ਦਿਸ਼ਾਹੀਣਤਾ ਵਿਚ ਸਾਹਸਹੀਣ ਜ਼ਿੰਦਗੀ ਜੀ ਰਹੀ ਸੀ। ਬੌਧਿਕ ਅਗਵਾਈ ਦੇ
ਦਾਅਵੇਦਾਰ ਪੰਡਿਤ ਖ਼ੁਦ ਹਾਕਮਾਂ ਦੀ ਬੋਲੀ (ਘਰਿ ਘਰਿ ਮੀਆਂ ਸਭਨਾਂ ਜੀਆਂ ਬੋਲੀ ਅਵਰ
ਤੁਮਾਰੀ), ਪੁਸ਼ਾਕ (ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ) ਤੇ ਖ਼ੁਰਾਕ (ਅਭਾਖਿਆ ਕਾ ਕੁਠਾ
ਬਕਰਾ ਖਾਣਾ) ਅਪਣਾ ਕੇ ਹਕੂਮਤ ਦੇ ਮਨਜ਼ੂਰੇ-ਨਜ਼ਰ ਤੇ ਕਿਰਪਾ-ਪਾਤ੍ਰ ਬਣ ਰਹੇ ਸਨ।
ਮਾਨਸ ਜਾਤ ਕੇਵਲ ਜਨਮ ਦੇ
ਆਧਾਰ ਤੇ ਅਨੇਕਾਂ ਊਚ ਨੀਚ ਵਰਗਾਂ ਵਿਚ ਵੰਡੀ ਪਈ ਸੀ। ਗੁਰੂ ਜੀ ਨੇ ਐਲਾਨ ਕੀਤਾ ਕਿ ਕਿਸੇ
ਦਾ ਉਚਾ ਜਾਂ ਨੀਵਾਂ ਹੋਣਾ ਉਸਦੇ ਜਨਮ 'ਤੇ ਨਹੀਂ ਸਗੋਂ ਚਂੰਗੇ ਮੰਦੇ ਕਰਮ ਕਰਨ ਤੇ ਨਿਰਭਰ
ਹੈ।
"ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥"
ਸਮਾਜਿਕ ਰਿਸ਼ਤਿਆਂ ਦਾ ਧੁਰਾ
ਤੇ ਰਾਜਿਆਂ ਤਕ ਦੀ ਜਣਨੀ ਇਸਤ੍ਰੀ ਨਿਰਾਦਰੀ ਦਾ ਸ਼ਿਕਾਰ ਸੀ। ਆਪ ਜੀ ਨੇ ਤਾੜਨਾ ਕੀਤੀ:
"ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥"
ਸਮਾਜ ਦੀ ਰੋਗੀ ਹਾਲਤ ਦੀਆਂ
ਹੋਰ ਅਲਾਮਤਾਂ ਗੁਰੂ ਜੀ ਨੇ ਇਹ ਵੀ ਦੱਸੀਆਂ: ਲਬ (ਲੋਭ) ਰਾਜਾ, ਪਾਪ ਉਹਦਾ ਵਜ਼ੀਰ, ਝੂਠ
ਖ਼ਜ਼ਾਨਚੀ ਤੇ ਕਾਮ ਸਲਾਹਕਾਰ ਹੈ।
ਹਾਕਮ ਜਮਾਤ (ਪਠਾਣਾਂ) ਦੀ
ਮੁਗਲ ਧਾੜਵੀ ਬਾਬਰ ਦੇ ਹਮਲੇ ਨਾਲ ਹੋਈ ਦੁਰਦਸ਼ਾ ਭਰੀ ਹਾਰ ਦਾ ਕਾਰਨ ਦਸਦਿਆਂ ਗੁਰੂ ਜੀ ਨੇ
ਕਿਹਾ ਕਿ ਧਨ, ਜੋਬਨ ਤੇ ਰੰਗ ਤਮਾਸ਼ੇ ਦੇ ਸ਼ੌਕ ਓਹਨਾਂ ਨੂੰ ਲੈ ਡੁਬੇ। ਦੂਜੇ ਬੰਨੇ, ਬਾਬਰ
ਦੇ ਜਾਬਰਾਨਾ ਵਤੀਰੇ ਬਾਰੇ ਫੁਰਮਾਇਆ ਕਿ ਉਹ ਕਾਬੁਲ ਤੋਂ ਪਾਪ ਦੀ ਬਰਾਤ ਲੈ ਕੇ ਨਿਤਾਣੇ
ਲੋਕਾਂ ਉਪਰ ਖ਼ੂੰਖ਼ਾਰ ਸ਼ੇਰ ਵਾਂਗ ਆ ਝਪਟਿਆ। ਇਹਨਾਂ ਰਾਜਸੀ ਵਿਕਾਰਾਂ ਦਾ ਕਾਰਨ? ਦੌਲਤ ਜੋ
"ਪਾਪਾਂ ਬਾਝਹੁ ਹੋਵੈ ਨਾਹੀ ਮੋਇਆਂ ਸਾਥਿ ਨ ਜਾਈ॥"
ਮੁਕਦੀ ਗੱਲ, ਸੁਜਾਣ ਵੈਦ
ਗੁਰੂ ਨਾਨਕ ਸਾਹਿਬ ਨੇ ਇਨਸਾਨੀ ਜੀਵਨ ਦੇ ਹਰ ਅੰਗ ਵਿਚ ਉਠਣ ਵਾਲੇ ਰੋਗਾਂ, ਓਹਨਾਂ ਦੇ
ਕਾਰਨਾਂ, ਲੱਛਣਾਂ ਅਤੇ ਇਲਾਜ ਬਾਰੇ ਆਪਣੀ ਬਾਣੀ ਰਾਹੀਂ ਕੁਲ ਜਗਤ ਨੂੰ ਜਾਣਕਾਰੀ ਅਤੇ
ਅਗਵਾਈ ਪ੍ਰਦਾਨ ਕੀਤੀ ਹੈ। ਇਹਨਾਂ ਬੀਮਾਰੀਆਂ ਦੇ ਮਨਾਂ ਨੂੰ ਤਪਾਉਣ ਵਾਲੇ ਅਸਰ ਤੋਂ
ਬਚਾਉਣ ਵਾਲੀ ਸੀਤਲ ਦਾਰੂ ਆਪ ਨੇ ਖ਼ੁਦਾ ਦਾ ਸਿਮਰਨ ਦੱਸੀ ਹੈ:
'ਆਤਸ ਦੁਨੀਆ, ਖ਼ੁਨਕ ਨਾਮੁ ਖ਼ੁਦਾਇਆ'।
ਅੱਜ ਦਾ ਪੀੜਤ ਇਨਸਾਨੀ
ਭਾਈਚਾਰਾ ਗੁਰੂ ਜੀ ਦੇ ਦਰਸਾਏ ਮਾਰਗ ਉਤੇ ਚੱਲ ਕੇ ਤਣਾਅ-ਰਹਿਤ ਤੇ ਸੁਖ ਸ਼ਾਂਤੀ ਭਰੇ ਸ਼ਖ਼ਸੀ
ਅਤੇ ਸਮਾਜਿਕ ਜੀਵਨ ਦਾ ਅਨੰਦ ਮਾਣਨ ਦੀ ਆਸ ਕਰ ਸਕਦਾ ਹੈ। |