ਗੁਰੂ ਗੋਬਿੰਦ ਸਿੰਘ ਜੀ ਦਾ ਵਿਅਕਤਿਤਵ
ਹਰਜਿੰਦਰ ਸਿੰਘ ਕੰਵਲ

gobind2.gif (12569 bytes)ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫਗਾਨ ਖਾਨ ਦੇ ਅਤਿਆਚਾਰਾਂ ਤੋਂ ਪੀੜਤ ਕਸ਼ਮੀਰੀ ਬ੍ਰਹਾਮਣਾ ਦਾ ਇਕ ਪ੍ਰਤਿਨਿਧ ਮੰਡਲ ਅਨੰਦਪੁਰ ਸਾਹਿਬ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਆ ਪੁਜਿਆ ਅਤੇ ਉਨ੍ਹਾਂ ਅੱਗੇ ਆਪਣੇ ਕਸ਼ਟ ਨਿਵਾਰਨ ਹਿਤ ਪ੍ਰਾਰਥਨਾ ਕੀਤੀ । ਵਿਚਾਰ ਵਿਚ ਲੀਨ ਹੋਏ ਨੋਂਵੇਂ ਗੁਰੂ ਜੀ ਨੇ ਕਿਹਾ ਕਿ "ਕਿਸੇ ਮਹਾਨ ਧਰਮਾਤਮਾ ਪੁਰਸ਼ ਦੇ ਬਲੀਦਾਨ ਨਾਲ ਹੀ ਉਨ੍ਹਾਂ ਦਾ ਉਧਾਰ ਹੋ ਸਕਦਾ ਹੈ ।" ਪਿਤਾ ਦੇ ਕੋਲ ਬਿਰਾਜਮਾਨ ਨੌਂ ਵਰ੍ਹਿਆਂ ਦੇ ਬਾਲਕ ਗੋਬਿੰਦ ਨੇ ਕਿਹਾ, "ਪਿਤਾ ਜੀ ! ਇਸ ਸਮੇ ਤੁਹਾਡੇ ਨਾਲੋਂ ਵਡਾ ਧਰਮਾਤਮਾ ਪੁਰਖ ਹੋਰ ਕੌਣ ਹੈ ?" ਇਹ ਗੱਲ ਸੁਣਕੇ ਪ੍ਰਸੰਨ ਚਿੱਤ ਅਤੇ ਪ੍ਰੇਰਤ ਹੋਏ ਗੁਰੂ ਤੇਗ ਬਹਾਦਰ ਨੇ ਕਸ਼ਮੀਰੀ ਬ੍ਰਹਾਮਣਾ ਨੂੰ ਕਿਹਾ "ਜਾਓ, ਔਰੰਗਜ਼ੇਬ ਨੂੰ ਕਹਿ ਦਿਓ - ਗੁਰੂ ਨਾਨਕ ਦੀ ਗੱਦੀ ਉਤੇ ਇਸ ਸਮੇ ਨੌਵੇਂ ਗੁਰੂ ਤੇਗ ਬਹਾਦਰ ਬਿਰਾਜਮਾਨ ਹਨ, ਜੇਕਰ ਓਹ ਇਸਲਾਮ ਕਬੂਲ ਕਰ ਲੈਣਗੇ ਤਾਂ ਸਾਨੂੰ ਵੀ ਆਪਣਾ ਧਰਮ ਬਦਲਣ ਵਿਚ ਕੋਈ ਸੰਕੋਚ ਨਹੀਂ ਹੋਵੇਗਾ।

ਇਹ ਸਮਾਚਾਰ ਮਿਲਨ ਉਤੇ ਔਰੰਗਜ਼ੇਬ ਦੇ ਦੂਤ ਗੁਰੂ ਸਾਹਿਬ ਨੂੰ ਲੈਣ ਅਨੰਦਪੁਰ ਆਏ।

ਗੁਰੂ ਤੇਗ ਬਹਾਦਰ ਦਿੱਲੀ ਪੁੱਜੇ । ਉਨ੍ਹਾਂ ਦਾ ਧਰਮ ਪ੍ਰੀਵਰਤਨ ਕਰਨ ਲਈ ਕਈ ਯਤਨ ਕੀਤੇ ਗਏ। ਪ੍ਰੰਤੂ ਉਨ੍ਹਾਂ ਵਲੋਂ ਇਨ੍ਹਾਂ ਯਤਨਾ ਦਾ ਖੁੱਲਾ ਵਿਰੋਧ ਦੇਖ ਕੇ ਉਨ੍ਹਾਂ ਨੂੰ ਪੰਜ ਦਿਨ ਕਠੋਰ ਸਜ਼ਾਵਾਂ ਦਿਤੀਆਂ ਗਈਆਂ। ਪੀਣ ਨੂੰ ਪਾਣੀ ਤੱਕ ਨਹੀਂ ਦਿਤਾ, ਮਸਤਕ ਉਤੇ ਜਲਦੀ ਹੋਈ ਰੇਤ ਪਾਈ ਗਈ; ਭਾਈ ਮਤੀ ਦਾਸ ਨੂੰਂ ਸਰੀਰ ਦੇ ਵਿਚਕਾਰੋਂ ਚੀਰਿਆ ਗਿਆ; ਭਾਈ ਦਿਆਲ ਦਾਸ ਨੂੰ ਦੇਗਾਂ ’ਚ ਉਬਾਲਿਆ ਗਿਆ; ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਜੀਊਂਦਾ ਜਲਾ ਦਿਤਾ ਗਿਆ। ਹੁਣ ਗੁਰੂ ਮਹਾਰਾਜ ਦੀ ਵਾਰੀ ਸੀ। ਗੁਰੂ ਜੀ ਨੇ ਅੱਖਾਂ ਬੰਦ ਕਰਕੇ ਇਹ ਬਚਨ ਕੀਤੇ - "ਬਾਂਹ ਜਿਨ੍ਹਾਂ ਦੀ ਪਕੜੀਐ। ਸਿਰ ਦੀਜੈ ਬਾਂਹ ਨ ਛੋਡਿਐ॥ ਹਿੰਦੂ ਧਰਮ ਦੇ ਕਾਰਜ ਵਿਚ ਅੱਜ ਮੇਰਾ ਸਰੀਰ ਸਫਲ ਹੋਵੇਗਾ ।" ਅਤੇ 11 ਨਵੰਬਰ 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਧਰਮ ਦੀ ਰਾਖੀ ਲਈ ਆਪਣੇ ਪੰਜ ਭੋਤਿਕ ਸਰੀਰ ਦਾ ਬਲੀਦਾਨ ਦਿਤਾ। ਗੁਰੂ ਜੀ ਦਾ ਸੀਸ ਧੜ ਨਾਲੋਂ ਜੁਦਾ ਕਰ ਦਿਤਾ ਗਿਆ। ਅੱਜ ਦਾ ਗੁਰਦਵਾਰਾ ਸੀਸ ਗੰਜ ਇਸ ਮਹਾਨ ਸ਼ਹੀਦੀ ਦੀ ਇਕ ਬੇਮਿਸਾਲ ਯਾਦ ਨੂੰ ਤਾਜ਼ਾ ਕਰਦਾ ਹੈ।

ਬਲੀਦਾਨ ਦਾ ਪ੍ਰੇਰਕ

ਔਰੰਗਜ਼ੇਬ ਦੇ ਰਾਜ ਸਮੇ ਤੁਰਕ ਹਮਲਾ ਆਵਰਾਂ ਨੂੰ ਦੇਸ਼ ਤੋਂ ਬਾਹਰ ਕਢਣ ਦਾ ਯਤਨ ਚੌਹੀਂ ਪਾਸੀਂ ਹੋ ਰਿਹਾ ਸੀ। ਮਹਾਰਾਜ ਛਤਰ ਸਾਲ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਮੁਗਲਾਂ ਨੂੰ ਖਦੇੜਨ ਲਈ ਤਲਵਾਰ ਦਿਤੀ ਸੀ। ਮੇਵਾੜ ਅਤੇ ਭਾਰਖੰਡ ਇਕ ਦੂਜੇ ਨੂੰ ਸਹਿਯੋਗ ਦੇ ਰਹੇ ਸਨ। ਗੁਰੂ ਤੇਗ ਬਹਾਦਰ ਜੀ ਆਪ ਪੂਰਬੀ ਭਾਰਤ ਦੇ ਸੁਤੰਤਰ ਰਾਜਿਆਂ ਨੂੰ ਪਹਿਲੋਂ ਹੀ ਪ੍ਰੇਰਨਾ ਦੇ ਆਏ ਸਨ।
ਪਿਤਾ ਜੀ ਦੇ ਬਲੀਦਾਨ ਉਪ੍ਰੰਤ ਨੌਂ ਵਰ੍ਹਿਆਂ ਦੀ ਉਮਰ ਵਿਚ ਹੀ ਗੁਰਗੱਦੀ ਉਤੇ ਸੁਭਾਇਮਾਨ ਹੋਏ ਬਾਲ ਗੁਰੂ ਗੋਬਿੰਦ ਰਾਇ ਨੇ ਅੱਗੇ ਵਧਣ ਲਈ ਸਾਰਾ ਭਾਰ ਆਪਣੇ ਮੋਢਿਆਂ ਤੇ ਚੁੱਕ ਲਿਆ। ਭਾਰਤ ਦੇ ਹਰ ਭਾਗ ਵਿਚ ਫੈਲੀ ਹੋਈ ਸਿੱਖ ਸੰਗਤ ਨੂੰ ਅਤੇ ਹੋਰ ਗੁਰੂ ਘਰ ਦੇ ਪ੍ਰੇਮੀਆਂ ਨੂੰ ਗੁਰੂ ਤੇਗ ਬਹਾਦਰ ਜੀ ਪਿਛੋਂ ਅਗਵਾਈ ਦੇਣ ਵਾਲਾ ਬਾਲਕ ਗੋਬਿੰਦ ਰਾਇ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਦਿਸ ਰਿਹਾ। ਅਦੂਤੀ ਸ਼ਹਾਦਤ ਦੀ ਪ੍ਰੇਰਨਾ ਪਿਤਾ ਜੀ ਨੂੰ ਦੇਣ ਵਾਲੇ ਮਹਾਨ ਸਪੁੱਤ੍ਰ ਗੋਬਿੰਦ ਰਾਇ ਜੀ ਨੇ ਆਤਮ ਤਿਆਗ ਅਤੇ ਜਾਗਰੂਪਤਾ ਦੀ ਸਿਖਿਆ ਪਿਤਾ ਦੀ ਸ਼ਹੀਦੀ ਤੋਂ ਲਈ। ਪੂਜਨੀਕ ਪਿਤਾ ਜੀ ਦੇ ਇਸ ਮਹਾਨ ਬਲੀਦਾਨ ਦੀ ਅੰਤਰ ਆਤਮਾ ਤੋਂ ਪ੍ਰਸੰਸਾ ਕਰਦੇ ਹੋਣਹਾਰ ਸਪੁੱਤ੍ਰ ਸ੍ਰੀ ਗੁਰੂ ਗੋਬਿੰਦ ਰਾਇ ਨੇ ਲਿਖਿਆ :-

ਤਿਲਕ ਜਞੂੰ ਰਾਖਾ ਪ੍ਰਭੁ ਤਾਕਾ ॥
ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨਿ ਹੇਤ ਇਤੀ ਜਿਨਿ ਕਰੀ ॥
ਸੀਸ ਦੀਯਾ ਪਰ ਸੀ ਨ ਉਚਰੀ ॥
ਠੀਕਰਿ ਫੋਰਿ ਦਿਲੀਸਿ ਪ੍ਰਭ ਪੁਰ ਕੀਯਾ ਪਯਾਨ ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰਲੋਕ ॥

ਖਾਲਸਾ ਪੰਥ ਦੀ ਸਥਾਪਨਾ ਕਰਨ ਵਾਲੇ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 22/12/1666 (ਪੋਹ ਸੁਦੀ ਸਤਵੀਂ - ਯੁਗਾ ਵੰਦ 4769 ) ਨੂੰ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ ਸ਼ਹਿਰ (ਬਿਹਾਰ) ਵਿਚ ਹੋਇਆ। ਉਨ੍ਹਾਂ ਦਿਨਾ ਵਿਚ ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਪੂਰਬ ਭਾਰਤ ਦੀ ਯਾਤਰਾ ਉਤੇ ਗਏ ਹੋਏ ਸਨ। ਪਿਤਾ ਜੀ ਦੇ ਬਲ਼ੀਦਾਨ ਤੋਂ ਬ੍ਹਾਦ ਅੱਠ ਸਾਲ ਤੱਕ ਦਸਮ ਗੁਰੂ ਜੀ ਅਨੰਦਪੁਰ ਸਾਹਿਬ ਹੀ ਰਹੇ। ਇਨ੍ਹਾਂ ਅੱਠਾਂ ਸਾਲਾਂ ਵਿਚ ਉਨ੍ਹਾਂ ਆਪਣੀ ਸਿਖਿਆ ਪੂਰੀ ਕੀਤੀ, ਨਾਲ ਦੀ ਨਾਲ ਆਪਣੇ ਸਿੱਖਾਂ ਨੂੰ ਵੀ ਸੰਗਠਤ ਕੀਤਾ। ਇਸ ਤੋਂ ਪਿਛੋਂ ਤਿੰਨ ਵਰ੍ਹਿਆਂ ਤੱਕ ਆਪ ਪੌਂਟਾ ਸਾਹਿਬ (ਹਿਮਾਂਚਲ ਪ੍ਰਦੇਸ਼) ਵਿਖੇ ਰਹੇ, ਜਿਥੇ ਉਨ੍ਹਾਂ ਨੇ ਘੋਰ ਸਾਧਨਾ ਕੀਤੀ। ਇਥੇ ਹੀ ਆਪ ਨੇ ਪ੍ਰਸਿੱਧ ਗ੍ਰੰਥ ਕ੍ਰਿਸ਼ਨਾਂ ਅਵਤਾਰ ਤਥਾ ਚੰਡੀ ਚ੍ਰਿੱਤਰ ਦੀ ਰਚਨਾ ਕੀਤੀ। ਅਖੰਡ ਸਾਧਨਾ ਨਾਲ ਉਨ੍ਹਾਂ ਨੇ ਸਰੀਰਕ, ਮਾਨਸਿਕ ਅਤੇ ਅਧਿਆਤਮਕ ਸ਼ਕਤੀ ਦਾ ਭਰਪੂਰ ਖਜ਼ਾਨਾ ਆਪਣੇ ਵਿਅਕਤਿਤਵ ਵਿਚ ਜਮ੍ਹਾ ਕਰ ਲਿਆ। ਹੁਣ ਉਨ੍ਹਾਂ ਨੇ ਅਤਿਆਚਾਰ ਵਿਰੁੱਧ ਆਪਣੀ ਯੁੱਧ ਨੀਤੀ ਦੀ ਯੋਜਨਾ ਉਤੇ ਅਮਲ ਕਰਨਾ ਸ਼ੁਰੂ ਕਰ ਦਿਤਾ। ਅਨੰਦਪੁਰ ਦੇ ਆਸੇ ਪਾਸੇ ਪੱਕੇ ਕਿਲੇ ਉਸਾਰੇ, ਆਸੇ ਪਾਸੇ ਦੇ ਪਹਾੜੀ ਹਿੰਦੂ ਰਾਜਿਆਂ ਨੂੰ ਵੀ ਮੁਗਲਾਂ ਵਿਰੁੱਧ ਸਹਿਯੋਗ ਦੇਣ ਲਈ ਤਿਆਰ ਕੀਤਾ। ਇਸੇ ਸਮੇ ਵਿਚ ਗੁਰੂ ਗੋਬਿੰਦ ਰਾਇ ਜੀ ਦੇ ਵਿਰੁੱਧ ਭੈਭੀਤ ਹੋਏ ਔਰੰਗਜ਼ੇਬ ਨੇ ਕੁਝ ਦਿੱਲੀ ਪ੍ਰਸਤ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਵਿਰੁੱਧ ਲੜਨ ਲਈ ਭੇਜਿਆ। ਪ੍ਰੰਤੂ ਉਨ੍ਹਾਂ ਦੀ ਸਫਲਤਾ ਨਾ ਹੋਈ।

ਦੁਰਭਾਗ ਨੂੰ ਇਸ ਸਮੇ ਦਿੱਲੀ ਤੋਂ ਡਰਦੇ ਅਤੇ ਸ਼ਕਤੀ ਸ਼ਾਲੀ ਮੁਗਲ ਸੈਨਾ ਤੋਂ ਭੈਭੀਤ ਛੋਟੇ ਪਹਾੜੀ ਰਾਜਿਆਂ ਨੇ ਗੁਰੂ ਜੀ ਦਾ ਸਾਥ ਛੱਡ ਦਿਤਾ। ਗੁਰੂ ਜੀ ਗੰਭੀਰ ਚਿੰਤਨ ਵਿਚ ਪੈ ਗਏ। ਗੁਰੂ ਜੀ ਨੇ ਨਿਸਚਾ ਕਰ ਲਿਆ ਕਿ ਦੇਸ਼ ਤੇ ਧਰਮ ਦੀ ਰਖਿਆ ਲਈ ਇਕ ਨਵਾਂ ਵਰਗ ਖੜਾ ਕਰਨਾ ਚਾਹੀਦਾ ਹੈ, ਨਾਲ ਹੀ ਸਮਾਜ ਵਿਚੋਂ ਊਚ ਨੀਚ ਦਾ ਭਾਵ ਵੀ ਦੂਰ ਕਰਨਾ ਚਾਹੀਦਾ ਹੈ। ਇਸ ਮੰਤਵ ਦੀ ਪ੍ਰਾਪਤੀ ਖਾਲਸਾ ਦੇ ਸਾਜਣਾ ਦੇ ਰੂਪ ਵਿਚ ਉਜਾਗਰ ਹੋਈ।

ਯੋਧਾ ਰਾਸ਼ਟਰ ਪੁਰਸ਼

30 ਮਾਰਚ 1699 ਦੀ ਵੈਸਾਖੀ ਗੁਰੂ ਗੋਬਿੰਦ ਰਾਇ ਜੀ ਦੇ ਜੀਵਨ ਦਾ ਇਕ ਮਹੱਤਵ ਪੂਰਨ ਦਿਨ ਹੈ ਜਦੋਂ ਉਨ੍ਹਾਂ ਖਾਲਸਾ ਪੰਥ ਦਾ ਨਿਰਮਾਣ ਕੀਤਾ। ਉਸ ਦਿਨ ਉਨ੍ਹਾਂ ਨੇ ਸਤਿਲੁਜ ਦਾ ਪਵਿੱਤ੍ਰ ਜਲ ਅਤੇ ਪਤਾਸੇ, ਲੋਹੇ ਦੇ ਇਕ ਕੜਾਹੇ ਵਿਚ ਪਾਕੇ ਆਪਣੀ ਕਿਰਪਾਨ ਨਾਲ ਘੋਲ, ਅੰਮ੍ਰਿਤ ਤਿਆਰ ਕੀਤਾ। ਆਪਣੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਇਹ ਐਲਾਨ ਕਰ ਦਿਤਾ ਕਿ ਇਹ ਅੱਜ ਤੋਂ ਸਿੰਘ ਪਦਵੀ ਦੇ ਅਧੀਕਾਰੀ ਹੋ ਗਏ ।

ਗੁਰੂ ਜੀ ਨੇ ਉਨ੍ਹਾਂ ਤੋਂ ਅੰਮ੍ਰਿਤ ਛਕਿਆ ਅਤੇ ਆਪਣਾ ਨਾਮ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਰਖਿਆ। ਉਨ੍ਹਾਂ ਪਿਆਰਿਆਂ ਨੂੰ ਪੂਰੀ ਆਪਣੇ ਜਿਨੀ ਬਰਾਬਰਤਾ ਪ੍ਰਦਾਨ ਕੀਤੀ, ਅਤੇ ਗੁਰੂ ਅਤੇ ਸਿੱਖ ਵਿਚ ਅਭੇਦਤਾ ਕਾਇਮ ਕਰ ਦਿਤੀ ਅਤੇ ਜਾਤ ਪਾਤ ਤੋਂ ਉਪਰ ਉਠ ਕੇ ਇਕ ਰਸ ਸਮਾਜ ਦਾ ਨਿਰਮਾਣ ਕੀਤਾ।

ਯੁੱਧ ਉਤੇ ਯੁੱਧ

ਖਾਲਸੇ ਦੀ ਸਥਾਪਨਾ ਦੀ ਛੇਤੀਂ ਹੀ ਬ੍ਹਾਦ ਮੁਗਲਾਂ ਦੀ ਚਨੌਤੀ ਮਿਲ ਗਈ। ਸੰਨ 1701 ਈ ਵਿਚ ਤਿੰਨ ਯੁੱਧ ਲੜਨੇ ਪਏ। ਵਾਹਿਗੁਰੂ ਜੀ ਕਾ ਖਾਲਸਾ ਅਤੇ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਦੇ ਜੈਕਾਰਿਆਂ ਨਾਲ ਸਿੰਘ ਯੁੱਧ ਵਿਚ ਕੁੱਦ ਪਏ। ਮੁਗਲ ਸੈਨਾ ਨੂੰ ਮੈਦਾਨ ਛੱਡ ਕੇ ਭੱਜਣਾ ਪਿਆ।

ਅਨੰਦਪੁਰ ਦਾ ਚੌਥਾ ਯੁੱਧ

ਦੋ ਸਾਲ ਸ਼ਾਂਤੀ ਤੋਂ ਬ੍ਹਾਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਪ੍ਰਚਾਰ ਰਾਹੀਂ ਫੌਜ ਵਿਚ ਵਾਧਾ ਕੀਤਾ। 1703 ਈ: ਅਨੰਦਪੁਰ ਤੇ ਤੀਜਾ ਹਮਲਾ ਹੋਇਆ ਅਤੇ ਇਸ ਯੁੱਧ ਵਿਚ ਵੀ ਮੁਗਲਾਂ ਨੂੰ ਕਰਾਰੀ ਹਾਰ ਖਾਣੀ ਪਈ। ਔਰੰਗਜ਼ੇਬ ਉਸ ਸਮੇ ਦੱਖਣ ਵਿਚ ਹਿੰਦੂ ਰਾਜਿਆਂ ਖਿਲਾਫ ਆਪਣੀ ਮੁਹਿੱਮ ਵਿਚ ਜੁਟਿੱਆ ਹੋਇਆ ਸੀ। ਪੰਜਾਬ ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਵਧ ਰਹੀਆਂ ਸ਼ਕਤੀਆਂ ਦਾ ਵੀ ਉਸ ਨੂੰ ਪਤਾ ਲਗੀ ਜਾ ਰਿਹਾ ਸੀ। ਖਾਲਸੇ ਦੀ ਇਸ ਸ਼ਕਤੀ ਨੂੰ ਸਮਾਪਤ ਕਰਨ ਲਈ ਉਸਨੇ ਸੈਦ ਖਾਨ ਦਿੱਲੀ ਦੇ ਸਿਪਾਹ ਸਲਾਰ ਨੂੰ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਲਈ ਹੁਕਮ ਦਿਤਾ। ਇਹ ਅਨੰਦਪੁਰ ਦਾ ਚੌਥਾ ਯੁੱਧ ਸੀ।

ਅਰੋਕ ਸਾਹਸ

ਅੱਠ ਮਹੀਨਿਆਂ ਤੋਂ ਗੁਰੂ ਅਤੇ ਸੈਨਾ ਯੁੱਧ ਵਿਚ ਜੁੱਟੇ ਰਹੇ - ਰਾਸ਼ਣ ਪਾਣੀ ਖਤਮ ਹੋ ਗਿਆ। ਕਿਲੇ ਵਿਚ ਬੇਚੈਨੀ ਫੈਲ ਗਈ। ਹੁਣ ਦਸਮ ਜੀ ਨੇ ਸਿੱਖਾਂ ਦੇ ਕਹਿਣ ਤੇ ਅਨੰਦਪੁਰ ਛਡਣ ਦਾ ਫੈਸਲਾ ਕਰ ਲਿਆ। ਸੰਨ 1708 ਈ: ਦੇ ਪੋਹ ਮਹੀਨੇ ਦੀ ਛਟੀ ਰਾਤ ਨੂੰ ਆਪਣੇ ਪ੍ਰੀਵਾਰ ਅਤੇ ਸੈਨਕਾਂ ਨਾਲ ਚਾਲੇ ਪਾ ਦਿਤੇ। ਹਾਲੇ ਕੀਰਤਪੁਰ ਤਕ ਹੀ ਪਹੁੰਚੇ ਸਨ ਕਿ ਮੁਗਲਾਂ ਪਿਛਾ ਕਰਨਾ ਸ਼ੁਰੂ ਕਰ ਦਿਤਾ। ਸਰਸਾ ਨਦੀ ਤੇ ਮੁਗਲਾਂ ਨੇ ਗੁਰੂ ਜੀ ਨੂੰ ਘੇਰ ਲਿਆ। ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਪ੍ਰੀਵਾਰ ਵਿਛੜ ਗਿਆ। ਆਪਣੇ ਦੋ ਪੁਤਰਾਂ ਅਜੀਤ ਸਿੰਘ ਤੇ ਜੁਝਾਰ ਸਿੰਘ ਨਾਲ ਰੋਪੜ ਨੂੰ ਹੋ ਤੁਰੇ। ਰੋਪੜ ਦੇ ਪਠਾਣਾ ਨਾਲ ਲੜਦੇ ਹੋਏ ਚਮਕੌਰ ਦੀ ਗੜ੍ਹੀ ਪਹੁੰਚ ਗਏ। ਉਸ ਵੇਲੇ ਉਨ੍ਹਾਂ ਨਾਲ ਸਿਰਫ ਚਾਲੀ ਸਿੰਘ ਬਾਕੀ ਸਨ। ਚਮਕੌਰ ਦੀ ਗੜ੍ਹੀ ਤੇ ਗੁਰੂ ਜੀ ਨੇ ਕਬਜ਼ਾ ਕਰ ਲਿਆਂ। ਮੁਗਲਾਂ ਨੇ ਗੜ੍ਹੀ ਨੂੰ ਘੇਰਾ ਪਾ ਲਿਆ।

ਅਜੀਤ ਤੇ ਜੁਝਾਰ ਦਾ ਬਲੀਦਾਨ

ਪੁਤਰ ਅਜੀਤ ਸਿੰਘ ਨੇ ਗੁਰੂ ਜੀ ਤੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ। ਪਿਤਾ ਨੇ 18 ਸਾਲਾ ਅਜੀਤ ਨੂੰ ਗਲ ਨਾਲ ਲਾਇਆ। ਅਜੀਤ ਸਿੰਘ ਲੜਦੇ ਹੋਏ ਸ਼ਹੀਦ ਹੋ ਗਏ। ਭਾਈ ਦਾ ਬਲੀਦਾਨ ਦੇਖ ਕੇ ਜੁਝਾਰ ਦਾ ਖੂਨ ਵੀ ਖੌਲਿਆ ਅਤੇ ਆਪਣੇ ਭਰਾ ਵਾਂਗੂੰ ਰਣ ਵਿਚ ਲੜਕੇ ਉਹ ਵੀ ਸ਼ਹਾਦਤੇ ਜਾਮ ਪੀ ਗਿਆ।

ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਦਾ ਬਲੀਦਾਨ

1704 ਈ: ਦੇ ਦਸੰਬਰ ਮਹੀਨੇ ਵਿਚ ਸਰਸਾ ਨਦੀ ਨੂੰ ਪਾਰ ਕਰਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਆਯੂ 9 ਬਰਸ ਅਤੇ ਫਤਹਿ ਸਿੰਘ ਆਯੂ 7 ਵਰਸ ਗੁਰੂ ਜੀ ਦੀ ਮਾਤਾ ਗੁਜਰੀ ਜੀ ਦੇ ਨਾਲ ਆਪਣੇ ਪੁਰਾਣੇ ਲਾਂਗਰੀ ਗੰਗੂ ਦੇ ਪਿੰਡ ਚਲੇ ਗਏ ਪ੍ਰੰਤੂ ਗੰਗੂ ਨੇ ਉਨ੍ਹਾਂ ਨੂੰ ਸਰਹੰਦ ਦੇ ਨਵਾਬ ਦੇ ਹਵਾਲੇ ਕਰ ਦਿਤਾ। ਨਵਾਬ ਨੇ ਕਿਲੇ ਦੇ ਸਭ ਤੋਂ ਉਪਰਲੇ ਬੁਰਜ ਵਿਚ ਤਿੰਨਾਂ ਨੂੰ ਹੀ ਕੈਦ ਕਰ ਦਿਤਾ। ਦੋਵੇਂ ਮਾਸੂਮ ਬਚਿਆਂ ਨੂੰ ਨਵਾਬ ਦੇ ਦਰਬਾਰ ਵਿਚ ਹਾਜ਼ਰ ਕੀਤਾ ਗਿਆ। ਸਾਹਿਬਜ਼ਾਦਿਆਂ ਨੇ ਨਵਾਬ ਦੇ ਸਾਹਮਣੇ ਸੀਸ ਨਹੀਂ ਝੁਕਾਇਆ, ਸਾਰੇ ਦਰਬਾਰ ਵਿਚ ਹਲਚਲ ਮਚ ਗਈ। ਨਵਾਬ ਨੇ ਪੁਛਿਆ ਤਾਂ ਜ਼ੋਰਾਵਰ ਸਿੰਘ ਨੇ ਜਵਾਬ ਦਿਤਾ, " ਸਾਡਾ ਸਿਰ ਸਿਰਫ ਪ੍ਰਮਾਤਮਾ ਦੇ ਅੱਗੇ ਹੀ ਝੁਕ ਸਕਦਾ ਹੈ ਜਾਂ ਆਪਣੇ ਗੁਰੂ ਪਿਤਾ ਦੇ ਅੱਗੇ - ਹੋਰ ਕਿਸੇ ਦੇ ਅੱਗੇ ਨਹੀਂ।"

ਨਵਾਬ ਨੇ ਘੂਰਕੇ ਬਚਿਆਂ ਨੂੰ ਧਮਕਾਣ ਦੀ ਕੋਸ਼ਸ਼ ਕੀਤੀ ਅਤੇ ਕਿਹਾ ਕਿ ਇਸਲਾਮ ਨੂੰ ਸਵੀਕਾਰ ਕਰ ਲਵੋ ਤੇ ਅਸੀਂ ਤੁਹਾਡੀ ਕਦਰ ਕਰਾਂਗੇ, ਨਹੀਂ ਤਾਂ ਤੁਹਾਨੂੰ ਜਾਨ ਤੋਂ ਮਾਰ ਦਿਤਾ ਜਾਵੇਗਾ। ਕੜਕ ਕੇ ਫਤਹਿ ਸਿੰਘ ਨੇ ਜਵਾਬ ਦਿਤਾ, "ਸ਼ੇਰ ਮੌਤ ਤੋਂ ਕਦੀ ਨਹੀਂ ਡਰਦੇ।" ਦੋਨਾਂ ਬਾਲਕਾਂ ਨੇ ਆਪਣਾ ਧਰਮ ਛਡਣ ਤੋਂ ਸਾਫ ਇਨਕਾਰ ਕਰ ਦਿਤਾ। ਬਾਲਕਾਂ ਨੂੰ ਕੰਧ ਵਿਚ ਚਿਣਵਾ ਦੇਣ ਦਾ ਹੁਕਮ ਹੋ ਗਿਆ।

ਕੰਧ ਪਹਿਲਾਂ ਫਤਹਿ ਸਿੰਘ ਦੇ ਗਲੇ ਤਕ ਆ ਗਈ। ਵਡੇ ਭਰਾ ਦੀਆਂ ਅੱਖਾਂ ਵਿਚ ਅਥਰੂ ਆ ਗਏ। ਫਤਹਿ ਸਿੰਘ ਨੇ ਪੁਛਿਆ, "ਵੀਰ ਜੀ, ਤੁਹਾਡੇ ਹਿਰਦੇ ਵਿਚ ਕੋਈ ਕਮਜ਼ੋਰੀ ਤਾਂ ਨਹੀਂ ਆ ਗਈ ਕਿ ਰੋਣ ਲੱਗ ਪਏ ਹੋ ?" ਜ਼ੋਰਾਵਰ ਸਿੰਘ ਨੇ ਉਤਰ ਦਿਤਾ "ਤੂੰ ਛੋਟਾ ਏਂ! ਪ੍ਰੰਤੂ ਮੈਥੋਂ ਪਹਿਲਾਂ ਧਰਮ ਉਤੇ ਬਲੀ ਚੜ੍ਹ ਰਿਹਾ ਏ। ਤੂੰ ਬਾਜ਼ੀ ਪਹਿਲਾਂ ਜਿਤ ਗਿਆ ਪਰ ਹੱਕ ਮੇਰਾ ਸੀ।"

ਧੰਨ ਹੈ ਗੁਰੂ ਗੋਬਿੰਦ ਸਿੰਘ ਅਤੇ ਧੰਨ ਹਨ ਉਨ੍ਹਾਂ ਦੇ ਬਲੀਦਾਨੀ ਪੁੱਤਰ। ਪੁਤਰਾਂ ਦੇ ਬਲੀਦਾਨ ਦਾ ਸਮਾਚਾਰ ਸੁਣਦਿਆਂ ਹੀ ਮਾਤਾ ਗੁਜਰੀ ਜੀ ਨੇ ਵੀ ਆਪਣੇ ਨੇਤਰ ਬੰਦ ਕਰਕੇ ਵਾਹਿਗੁਰੁੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿਤਾ ਅਤੇ ਇਸੇ ਪਰਕਾਰ ਪ੍ਰਲੋਕ ਸਿਧਾਰ ਗਏ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਸ਼ਹਾਦਤ ਦਾ ਸਮਾਚਾਰ ਮਿਲਿਆ ਤਾਂ ਉਨ੍ਹਾਂ ਫਰਮਾਇਆ, " ਮੇਰੇ ਲਈ ਇਹ ਚਾਰ ਪੁਤਰ ਹੀ ਨਹੀਂ ਸਨ, ਮੇਰੇ ਹਜ਼ਾਰਾਂ ਸਿੱਖ ਵੀ ਤਾਂ ਮੇਰੇ ਹੀ ਪੁਤਰ ਹਨ।"

ਜ਼ਫਰਨਾਮਾ

ਸਰਹਿੰਦ ਦੇ ਨਵਾਬ ਦੇ ਕਹਿਰ ਅਤੇ ਦੋਵੇਂ ਛੋਟੇ ਪੁਤਰਾਂ ਦੇ ਬਲੀਦਾਨ ਦਾ ਸਮਾਚਾਰ ਸੁਣਕੇ ਸੰਨ 1705 ਈ: ਨੂੰ ਆਪਣਾ ਇਤਿਹਾਸਕ ਪੱਤਰ ਔਰੰਗਜ਼ੇਬ ਨੂੰ ਲਿਖਿਆ ਜੋ ਇਤਿਹਾਸ ਵਿਚ ਜ਼ਫਰਨਾਮਾ ਕਰਕੇ ਪ੍ਰਸਿਧ ਹੈ:

" ਮੂਰਖ, ਤੂੰ ਆਪਣੇ ਆਪ ਨੂੰ ਔਰੰਗਜ਼ੇਬ, ਭਾਵ ਸਿੰਘਾਸਨ ਦੀ ਸ਼ੋਭਾ, ਅਖਵਾਉਂਦਾ ਹੈ। ਕੀ ਕਦੀ ਤੇਰੇ ਜਹੇ ਢੋਂਗੀ, ਫਰੇਬੀ ਕਾਤਲ ਅਤੇ ਮਕਾਰ ਹਿੰਸਕ ਦੀ ਸ਼ੋਭਾ ਹੋ ਸਕਦੀ ਹੈ? ਕੌਣ ਨਹੀਂ ਜਾਣਦਾ ਕਿ ਤੇਰੇ ਹੱਥ ਵਿਚ ਫੜੀ ਹੋਈ ਮਾਲਾ ਫਰੇਬ ਦਾ ਹੀ ਜਾਲ ਹੈ...।"

ਰਾਸ਼ਟਰ ਦੀ ਏਕਤਾ ਦਾ ਯਤਨ

ਮਰਹੱਟੇ ਅਤੇ ਸਿੱਖ ਸ਼ਕਤੀ ਨੂੰ ਸੰਗਠਤ ਕਰਕੇ, ਮੁਗਲ ਸ਼ਕਤੀ ਉਪਰ ਹਮਲਾ ਕਰਨ ਦੇ ਉਦੇਸ਼ ਨੂੰ ਮਨ ਵਿਚ ਲੈਕੇ ਗੁਰੂ ਮਹਾਰਾਜ ਨੇ ਦੱਖਣ ਵਲ ਜਾਣ ਦਾ ਵਿਚਾਰ ਬਣਾਇਆ। ਸੰਨ 1706 ਈ: ਨੂੰ ਓਹ ਦੱਖਣ ਵਲ ਜਾਣ ਨੂੰ ਤੁਰ ਪਏ। ਜਦ ਉਹ ਅਜਮੇਰ ਦੇ ਕੋਲ ਸਨ ਤਾਂ ਉਨ੍ਹਾਂ ਨੂੰ ਔਰੰਗਜ਼ੇਬ ਦੀ ਮੌਤ ਦੀ ਖਬਰ ਮਿਲੀ। ਗੁਰੂ ਜੀ ਤਿੰਨ ਦਿਨ ਚਿਤੌੜ ਦੇ ਕਿਲੇ ਵਿਚ ਰਹੇ ਅਤੇ ਪਿਛੋਂ ਉਜੈਨ ਹੁੰਦੇ ਹੋਏ ਨਰਮਦਾ ਪਾਰ ਕਰਕੇ ਦੱਖਣ ਵਲ ਨੂੰ ਕੂਚ ਕਰ ਦਿਤਾ। ਗੋਦਾਵਰੀ ਦੇ ਕੋਲ ਇਕ ਆਸ਼ਰਮ ਵਿਚ ਮਾਧੋਦਾਸ ਨਾਂ ਦਾ ਇਕ ਬੈਰਾਗੀ, ਗੁਰੂ ਜੀ ਨੂੰ ਮਿਲਿਆ। ਰਤਨਾ ਦੇ ਪਾਰਖੂ ਗੁਰੂ ਜੀ ਨੇ ਬੈਰਾਗੀ ਨੂੰ ਵੇਖਦਿਆਂ ਹੀ ਪਹਿਚਾਣ ਲਿਆ ਕਿ ਇਹ ਸ਼ਕਤੀ ਸ਼ਾਲੀ ਯੁਗ ਪੁਰਸ਼ ਹੈ ਜੋ ਇਕਾਂਤ ਵਿਚ ਆਪਣਾ ਸਮਾ ਗੁਆ ਰਿਹਾ ਹੈ। ਬੈਰਾਗੀ ਵੀ ਗੁਰੂ ਜੀ ਤੋਂ ਬਹੁਤ ਪ੍ਰਭਾਵਤ ਹੋਇਆ। ਕੁਝ ਸਮੇ ਪਿਛੋਂ ਬੈਰਾਗੀ ਮਾਧੋ ਦਾਸ ਅੰਮ੍ਰਿਤ ਛਕਕੇ ਗੁਰਬਖਸ਼ ਸਿੰਘ ਬਣ ਗਿਆ, ਪਰ ਉਸਨੂੰ ਬੰਦਾ ਬਹਾਦਰ ਕਰਕੇ ਜਾਣਿਆ ਜਾਂਦਾ ਹੈ। ਬੰਦਾ ਬੈਰਾਗੀ ਨੇ ਸਰਹੰਦ ਦੇ ਨਵਾਬ ਨੂੰ ਉਸ ਦੇ ਕੁਕਰਮਾ ਦਾ ਡੰਡ ਦਿਤਾ। ਮੁਗਲਾਂ ਵਿਚ ਬੰਦੇ ਬਹਾਦਰ ਦਾ ਭੈ ਛਾ ਗਿਆ - ਅਨੇਕ ਖੇਤਰ ਬੰਦੇ ਨੇ ਜਿਤਕੇ ਅਜ਼ਾਦ ਕਰਵਾ ਦਿਤੇ, ਪ੍ਰੰਤੂ ਅੰਤ ਵਿਚ ਉਨ੍ਹਾਂ ਨੂੰ ਫੜਕੇ ਦਿੱਲੀ ਲਿਆਂਦਾ ਗਿਆ। ਦਿੱਲੀ ਦੇ ਚਾਂਦਨੀ ਚੌਂਕ ਵਿਚ ਇਕ ਦਿਨ ਵਿਚ ਹੀ 700 ਸਿਖਾਂ ਦਾ ਕਤਲੇ ਆਮ ਹੋਇਆ। ਬੰਦਾ ਬਹਾਦਰ ਦੇ ਬੱਚੇ ਨੂੰ ਉਸਦੇ ਸਾਹਮਣੇ ਕਤਲ ਕਰਕੇ ਉਸਦਾ ਕਲੇਜਾ ਉਸ ਦੇ ਮੂੰਹ ਵਿਚ ਤੁਨਿਆ ਗਿਆ। ਲੋਹੇ ਦੀਆਂ ਗਰਮ ਸਲਾਖਾਂ ਨਾਲ ਬੰਦੇ ਦੇ ਸਰੀਰ ਨੂੰ ਦਾਗਿਆ ਗਿਆ, ਦੋਵੇਂ ਅੱਖਾਂ ਕਢੀਆਂ ਗਈਆਂ, ਸਰੀਰ ਦੇ ਅੰਗ ਕੱਟੇ ਗਏ ਤਾਂ ਵੀ ਬੰਦੇ ਨੇ ਮੁਸਲਮਾਨ ਬਣਨਾ ਸਵੀਕਾਰ ਨਾ ਕੀਤਾ। ਆਪਣਾ ਬਲੀਦਾਨ ਦੇ ਕੇ ਬੰਦਾ ਬੈਰਾਗੀ ਅਮਰ ਹੋ ਗਿਆ।

ਔਰੰਗਜ਼ੇਬ ਦੇ ਕਾਲ ਵਿਚ ਇਤਿਹਾਸ ਦੀ ਕਿਰਿਆ ਤਲਵਾਰ ਸੀ ਜੋ ਹਰ ਸਮੇ ਜਨਤਾ ਦੇ ਖੂਨ ਦੀ ਪਿਆਸੀ ਰਹਿੰਦੀ ਸੀ। ਇਸ ਤਲਵਾਰ ਦੀ ਧਾਰ ਨੂੰ ਖੁੰਢੀ ਕਰਨ ਲਈ ਅਤੇ ਇਸਦੀ ਪਿਆਸ ਬੁਝੌਣ ਲਈ ਉਸ ਸਮੇ ਚਾਰ ਵਿਰਾਟ ਮਹਾਂਪੁਰਖਾਂ ਨੇ ਭਰਪੂਰ ਯੋਗਦਾਨ ਪਾਇਆ - ਇਹ ਸਨ ਛਤਰਪਤੀ ਸ਼ਿਵਾਜੀ, ਗੁਰੂ ਗੋਬਿੰਦ ਸਿੰਘ ਜੀ, ਮੇਵਾੜ ਦੇ ਮਹਾਰਾਜਾ ਰਾਜ ਸਿੰਘ ਅਤੇ ਛਤਰਸਾਲ ਬੁੰਦੇਲ ਸਨ - ਜਿਨ੍ਹਾਂ ਨੇ ਲਗਾਤਾਰ ਯੁੱਧ ਕਰਕੇ ਨਾ ਕੇਵਲ ਜ਼ੁਲਮ ਦੀ ਇਸਲਾਮੀ ਤਲਵਾਰ ਨੂੰ ਖੁੰਢਾ ਕੀਤਾ ਸਗੋਂ ਇਸਦੇ ਟੁਕੜੇ ਟੁਕੜੇ ਕਰ ਦਿਤੇ।

ਮੁਗਲਾਂ ਨਾਲ ਦੋ ਦੋ ਹੱਥ

ਹਰੇਕ ਖਾਲਸਾ ਸਵਾ ਲੱਖ ਮੁਗਲ ਸੈਨਕਾਂ ਨੂੰ ਚਨੌਤੀ ਦੇਣ ਵਾਲਾ ਬਣ ਗਿਆ। ਮੁਗਲ ਸੈਨਾ ਸਮੁੰਦਰ ਦੀਆਂ ਲਹਿਰਾਂ ਵਾਂਗ ਕੇਸ ਗੜ੍ਹ, ਲੋਹ ਗੜ੍ਹ, ਫਤਹਿ ਗੜ੍ਹ ਅਤੇ ਅਨੰਦ ਗੜ੍ਹ ਨਾਲ ਟਕਰੌਂਦੀ ਰਹੀ ਅਤੇ ਵਿਖਰਦੀ ਰਹੀ, ਪ੍ਰੰਤੂ ਗੁਰੂ ਗੋਬਿੰਦ ਸਿੰਘ ਜੀ ਦਾ ਵਾਲ ਵੀ ਵਿੰਗਾ ਨਾ ਕਰ ਸਕੀ। ਅਨੇਕਾਂ ਟੁਕੜਿਆਂ ਵਿਚ ਵੰਡਿਆ ਹੋਇਆ ਹਿੰਦੂ ਸਮਾਜ ਇਕ ਨਵਾਂ ਮਾਰਗ ਪ੍ਰਾਪਤ ਕਰਕੇ ਤੁਰਕ ਹਮਲਾਵਰਾਂ ਦੇ ਸਾਹਮਣੇ ਨੰਵੇ ਆਤਮ ਵਿਸ਼ਵਾਸ ਨਾਲ ਡਟ ਗਿਆ। ਗੁਰੂ ਜੀ ਦੇ ਦਿਤੇ ਹੋਏ ਮੰਤਰ ਨੇ ਸਮਾਜ ਵਿਚ ਅਜੇਹੀ ਜਾਗਰਤੀ ਲਿਆ ਦਿਤੀ ਕਿ ਆਖਰਕਾਰ ਮੁਗਲਾਂ ਦੀ ਸ਼ਕਤੀ ਭਾਰਤ ਵਿਚ ਨਿਰਮੂਲ ਹੋ ਗਈ, ਅਤੇ ਪੂਰੇ ਉਤਰ ਪਛੱਮ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋ ਗਿਆ ।

ਦੱਖਣ ਵਿਚ ਜਦ ਗੁਰੂ ਗੋਬਿੰਦ ਸਿੰਘ ਜੀ ਨਦੇੜ ਵਿਖੇ ਰਹਿ ਗਏ ਸਨ ਤਾਂ ਦੋ ਪਠਾਣਾ ਨੇ ਉਨ੍ਹਾਂ ਦੇ ਪੇਟ ਵਿਚ ਧੋਖੇ ਨਾਲ ਤਲਵਾਰ ਦਾ ਵਾਰ ਕੀਤਾ। ਗੁਰੂ ਜੀ ਨੇ ਇਕ ਹੱਥ ਨਾਲ ਆਪਣਾ ਘਾਓ ਦਬਾ ਕੇ ਦੂਜੇ ਨਾਲ ਤਲਵਾਰ ਖਿੱਚ ਕੇ ਦੋਵੇਂ ਧੋਖੇਬਾਜ਼ਾਂ ਨੂੰ ਉਸੇ ਥਾਂਹ ਢੇਰੀ ਕਰ ਦਿਤਾ।

ਛਾਤਰ ਤੇਜ ਅਤੇ ਬ੍ਰਹਮ ਤੇਜ

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਨ੍ਹਾਂ ਮਹਾਪੁਰਸ਼ਾਂ ਵਿਚੋਂ ਸਨ ਜੋ ਯੁੱਧ ਵੀ ਕਰਦੇ ਸਨ ਅਤੇ ਨਾਲੋਂ ਨਾਲ ਉਚ ਕੋਟੀ ਦੇ ਸਾਹਿਤਕਾਰ ਵੀ ਸਨ । ਉਨ੍ਹਾਂ ਦੇ ਜੀਵਨ ਵਿਚ ਇਨ੍ਹਾਂ ਕਾਰਜਾਂ ਦਾ ਵਿਲੱਖਣ ਯੋਗਦਾਨ ਹੈ। ਉਹ ਸੰਸਕ੍ਰਿਤ, ਹਿੰਦੀ, ਬ੍ਰਜ, ਅਰਬੀ, ਫਾਰਸੀ ਅਤੇ ਪੰਜਾਬੀ ਭਾਸ਼ਾਵਾਂ ਦੇ ਮਾਹਰ ਸਨ। ਉਨ੍ਹਾਂ ਦੀ ਤੋਰ ਨਿਰੰਤਰ ਸੀ ਅਤੇ ਅਕੱਟ ਸੀ। ਉਹ ਸਫਲ ਯੋਧੇ ਅਤੇ ਉਤੱਮ ਕਵੀ ਸਨ। ਉਨ੍ਹਾਂ ਦਾ ਆਦਰਸ਼ ਇਕ ਅਕਾਲ ਪੁਰਖ ਦੀ ਭਗਤੀ ਸੀ।

ਉਦੇਸ਼

ਸਕਲ ਜਗਤ ਮੇ ਖਾਲਸਾ ਪੰਥ ਗਾਜੈ ।
ਜਗੈ ਧਰਮ ਹਿੰਦੁਕ ਤੁਰਕਨ ਦੁੰਦ ਭਾਜੈ । (ਛੱਕੇ ਛੰਦ -ਉਗ੍ਰਦੰਤੀ)

ਉਨ੍ਹਾ ਦੀ ਇਹ ਗਰਜ ਭੁਲਾਈ ਨਹੀਂ ਜਾ ਸਕਦੀ - ਜੋ ਉਨ੍ਹਾਂ ਨੇ ਖਾਲਸਾ ਪੰਥ ਦੀ ਸਥਾਪਨਾ ਦੇ ਪਿਛੋਂ ਐਲਾਨ ਕੀਤੀ ਸੀ।

ਸੰਪੂਰਨ ਦੇਸ਼ ਦੇ ਉਨ੍ਹਾਂ ਦੀ ਦਰਿਸ਼ਟੀ ਵਿਚ ਸੰਪੂਰਨ ਭਾਰਤ ਮਾਂ ਦਾ ਇਕ ਜਾਗਦਾ ਸਰੂਪ ਸੀ। ਉਹ ਆਪਣੇ ਆਪ ਰਾਖੇ ਅਤੇ ਇਕ ਪ੍ਰਭੂ ਦੇ ਪੂਜਾਰੀ ਸਨ। ਉਹ ਦੂਰ ਦ੍ਰਿਸ਼ਟੀ ਵਾਲੇ ਮਹਾਂਰਥੀ ਸਨ। ਉਹ ਬਿਹਾਰ, ਰਾਜਿਸਥਾਨ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਆਦਿ ਪ੍ਰਦੇਸ਼ਾਂ ਵਿਚ ਯੁੱਧ ਦਾ ਬਿਗਲ ਬਜਾਉਂਦੇ ਹੋਏ - ਰਾਤ ਦਿਨ ਅਗਰਸਰ ਰਹੇ।

ਤਪੱਸਵੀ

ਉਹ ਮਹਾਨ ਸਾਧਕ ਅਤੇ ਤਪੱਸਵੀ ਸਨ। ਉਨ੍ਹਾਂ ਦੇ ਪੂਰਬ ਜਨਮ ਦੀ ਹੇਮਕੁੰਟ ਵਿਖੇ ਕੀਤੀ ਹੋਈ ਤਪੱਸਿਆ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ? ਉਨ੍ਹਾਂ ਆਪ ਰਚਿਆ ਹੈ :-

ਹੇਮ ਕੁੰਟ ਪਰਬਤ ਹੈ ਜਹਾਂ,
ਸਪਤ ਸ੍ਰਿੰਗ ਸਭਿਤ ਹੈ ਤਹਾਂ,
ਤਹ ਹਮ ਅਧਕ ਤਪੱਸਿਆ ਸਾਧੀ,
ਮਹਾਂ ਕਾਲ ਕਾਲਕਾ ਅਰਾਧੀ ।

ਉਨ੍ਹਾਂ ਦੀ ਆਤਮ ਕਥਾ ‘ਬਚਿੱਤ੍ਰ ਨਾਟਕ’ ਵਿਚ ਆਪਣੇ ਪੂਰਬਲੇ ਜਨਮ ਦਾ ਵੇਰਵੇ ਸਹਿਤ ਵਰਨਣ ਕੀਤਾ ਹੈ। ਕੁੱਲ 33 ਵਰ੍ਹਿਆਂ ਗੁਰਗੱਦੀ ਤੇ ਬਿਰਾਜਕੇ ਇਹ 33 ਵਰ੍ਹੇ ਇਕ ਕਾਰਜ ਸ਼ੀਲਤਾ ਦੇ ਤਿੰਨ ਦਹਾਕੇ ਸਨ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-2004, 5abi.com