ਗੁਰੂ
ਸਾਹਿਬਾਨ ਦੀਆਂ ਨਿਸ਼ਾਨੀਆਂ ਦੀ ਸੰਭਾਲ
- ਗੁਰਦਰਸ਼ਨ ਸਿੰਘ ਲੁੱਧੜ
ਗੁਰੂ ਸਾਹਿਬਾਨ ਵੱਲੋਂ ਜਿਥੇ ਵੀ ਚਰਨ ਪਾਏ
ਗਏ ਤਕਰੀਬਨ ਹਰ ਥਾਂ ਉਨ੍ਹਾਂ ਦੀ ਯਾਦ ਵਿਚ ਗੁਰਦੁਆਰੇ ਸੁਸ਼ੋਭਿਤ ਹਨ। ਗੁਰੂ ਸਾਹਿਬਾਨ ਦੇ
ਜੀਵਨ ਬਿਰਤਾਂਤ ਨਾਲ ਸਬੰਧਤ ਕੁਝ ਇਤਿਹਾਸਕ ਇਮਾਰਤਾਂ ਵੀ ਹਨ ਜਿਵੇਂ ਗੁਰੂ ਨਾਨਕ ਦੇਵ ਜੀ
ਦੇ ਸਹੁਰੇ ਪਿੰਡ ਦੀ ਦੀਵਾਰ, ਗੁਰੂ ਅਮਰਦਾਸ ਜੀ ਦੇ ਬਉਲੀ ਸਾਹਿਬ, ਗੁਰੂ ਅਰਜਨ ਦੇਵ ਜੀ
ਵੱਲੋਂ ਤਿਆਰ ਕਰਵਾਇਆ ਛੇਹਰਟਾ ਖੂਹ, ਦਸਮੇਸ਼ ਪਾਤਸ਼ਾਹ ਦਾ ਕਿਲ੍ਹਾ ਆਨੰਦਗੜ੍ਹ, ਛੋਟੇ
ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀਵਾਰ ਸਮੇਤ ਬਹੁਤ ਸਾਰੀਆਂ ਪੁਰਾਤਨ ਇਮਾਰਤਾਂ ਸਾਨੂੰ ਇਤਿਹਾਸ
ਦਾ ਚੇਤਾ ਕਰਵਾਉਂਦੀਆਂ ਹਨ। ਬਹੁਤ ਸਾਰੇ ਪੁਰਾਤਨ ਦਰਖਤ ਅੱਜ ਵੀ ਮੌਜੂਦ ਹਨ ਜਿਨ੍ਹਾਂ
ਛਾਵੇਂ ਬੈਠ ਕੇ ਗੁਰੂ ਸਾਹਿਬਾਨ ਨੇ ਵਿਸ਼ਰਾਮ ਕੀਤੇ ਅਤੇ ਘੋੜੇ ਬੰਨ੍ਹੇ। ਕੁਝ ਥਾਵਾਂ 'ਤੇ
ਇਤਿਹਾਸਕ ਪਲੰਘ ਹਨ ਜਿਨ੍ਹਾਂ ਉਪਰ ਕਿਸੇ ਸਮੇਂ ਸਾਡੇ ਮਹਾਨ ਰਹਿਬਰਾਂ ਨੇ ਆਸਣ ਲਗਾਇਆ।
ਗੁਰੂ ਨਾਨਕ ਦੇਵ ਜੀ ਵੱਲੋਂ ਮੋਦੀਖਾਨੇ ਵਿਚ ਸੌਦਾ ਤੋਲਣ ਵਾਲੇ ਵੱਟੇ ਸੰਗਤਾਂ ਅੱਜ ਵੀ
ਵੇਖ ਸਕਦੀਆਂ ਹਨ।
ਦਸਮੇਸ਼
ਪਿਤਾ ਦੇ ਜੋ ਸ਼ਸਤਰ ਉਨ੍ਹਾਂ ਤੋਂ ਸਮਕਾਲੀ ਸ਼ਰਧਾਲੂਆਂ ਨੇ ਹਾਸਲ ਕੀਤੇ ਉਹ ਸ਼ਸਤਰ ਉਨ੍ਹਾਂ
ਸ਼ਰਧਾਲੂਆਂ ਦੀ ਵੰਸ਼ਾਵਲੀ ਕੋਲ ਸਬੰਧਤ ਥਾਵਾਂ 'ਤੇ ਸਾਂਭੇ ਹੋਏ ਹਨ। ਕਈ ਥਾਵਾਂ 'ਤੇ ਗੁਰੂ
ਸਾਹਿਬ ਦੇ ਬਸਤਰ ਸੁਸ਼ੋਭਿਤ ਹਨ। ਇਹ ਬਸਤਰ ਉਨ੍ਹਾਂ ਪਰਿਵਾਰਾਂ ਕੋਲ ਹਨ ਜਿਨ੍ਹਾਂ ਦੇ
ਪੁਰਖਿਆਂ ਨੂੰ ਗੁਰੂਆਂ ਨੇ ਇਹ ਬਸਤਰ ਸੌਂਪੇ ਸਨ। ਗੁਰੂ ਸਾਹਿਬਾਨ ਦੇ ਸ਼ਸਤਰਾਂ-ਬਸਤਰਾਂ ਦੀ
ਠੀਕ ਸੰਭਾਲ ਰੱਖ ਕੇ ਇਨ੍ਹਾਂ ਦੇ ਸੰਗਤਾਂ ਨੂੰ ਬਿਨਾਂ ਕਿਸੇ ਮੁਫਾਦ ਤੋਂ ਦਰਸ਼ਨ-ਦੀਦਾਰੇ
ਕਰਵਾਉਣ ਵਾਲੇ ਪਰਿਵਾਰਾਂ ਨੂੰ ਸੁਭਾਗੇ ਕਿਹਾ ਜਾ ਸਕਦਾ ਹੈ। ਜੇਕਰ ਮਹਾਨ ਰਹਿਬਰਾਂ ਦੇ
ਸ਼ਸਤਰਾਂ-ਬਸਤਰਾਂ ਨੂੰ ਕੋਈ ਵਿਅਕਤੀ ਆਪਣੇ ਨਿੱਜੀ ਮੁਫਾਦ ਲਈ ਵਰਤੇ (ਪ੍ਰਦਰਸ਼ਿਤ ਕਰੇ) ਤਾਂ
ਕਿਸੇ ਤੋਂ ਵੱਧ ਬੇਕਦਰਾਪਣ ਹੋਰ ਕੋਈ ਨਹੀਂ ਹੋ ਸਕਦਾ। ਇਸ ਸਬੰਧੀ ਧਾਰਮਿਕ ਸੰਸਥਾਵਾਂ,
ਵਿਰਸੇ ਦੀ ਸੰਭਾਲ ਕਰਨ ਵਾਲੀਆਂ ਸੰਸਥਾਵਾਂ ਅਤੇ ਰਾਜ ਪ੍ਰਬੰਧ ਚਲਾਉਣ ਵਾਲੀਆਂ ਸਰਕਾਰਾਂ
ਦਾ ਬਹੁਤਾ ਗੰਭੀਰ ਨਾ ਹੋਣਾ ਹੋਰ ਵੀ ਚਿੰਤਾ ਦਾ ਵਿਸ਼ਾ ਹੈ।
ਪਤਾ ਲੱਗਾ ਹੈ ਕਿ ਪਿਛਲੇ ਮਹੀਨੇ ਕੋਟਕਪੂਰਾ ਨਜ਼ਦੀਕ ਇਕ
ਇਤਿਹਾਸਕ ਪਿੰਡ ਤੋਂ ਇਕ ਵਿਅਕਤੀ ਦਸਮੇਸ਼ ਪਾਤਸ਼ਾਹ ਦਾ ਚੋਲਾ ਅਤੇ ਦਸਤਾਰ ਚੁੱਕ ਕੇ ਕੈਨੇਡਾ
ਲੈ ਗਿਆ। ਬਸਤਰ ਉਥੇ ਲਿਜਾ ਕੇ ਮਾਇਆ ਇਕੱਤਰ ਕਰਨ ਦੀ ਵੀ ਚਰਚਾ ਹੋਈ। ਇਸ ਸਬੰਧੀ
ਦੇਸ਼-ਵਿਦੇਸ਼ ਦੀਆਂ ਅਖਬਾਰਾਂ ਵਿਚ ਖਬਰਾਂ ਛਪੀਆਂ। ਪਿੰਡ ਵਾਸੀਆਂ ਨੂੰ ਇਸ ਦਾ ਪਤਾ ਲੱਗਣ
'ਤੇ ਇਤਰਾਜ਼ ਹੋਣਾ ਕੁਦਰਤੀ ਗੱਲ ਸੀ। ਇਸ ਇਤਰਾਜ਼ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੀ ਇਕ
ਟੀਮ ਨੇ ਦਖਲ ਦੇ ਕੇ ਬਸਤਰ ਵਾਪਸ ਮੰਗਵਾ ਲਏ। ਜਾਂਚ-ਕਰਤਾ ਟੀਮ ਨੇ ਇਸ ਘਟਨਾ ਦੀ ਰਿਪੋਰਟ
ਪ੍ਰਧਾਨ ਨੂੰ ਸੌਂਪ ਦਿੱਤੀ ਹੈ ਪਰ ਕਮੇਟੀ ਨੇ ਅਜੇ ਤਕ ਕੋਈ ਨਿਰਣਾ ਨਹੀਂ ਲਿਆ ਕਿ ਅੱਗੇ
ਵਾਸਤੇ ਇਤਿਹਾਸਕ ਪਾਵਨ ਵਸਤਾਂ ਦੀ ਸੰਭਾਲ ਅਤੇ ਸੰਗਤਾਂ ਦੇ ਦਰਸ਼ਨਾਂ ਲਈ ਸਮਰਪਿਤ ਰੱਖਣ ਦਾ
ਵਾਜਬ ਪ੍ਰਬੰਧ ਕਿਵੇ ਅਤੇ ਕਿਸ ਦੇ ਹੱਥਾਂ ਵਿਚ ਹੋਏ?
ਸਿੱਖ
ਪੰਥ ਦੇ ਨਾਂ 'ਤੇ ਵੋਟਾਂ ਮੰਗਣ ਵਾਲੇ ਕਿਸੇ ਵੀ ਅਕਾਲੀ ਦਲ ਦੇ ਆਗੂ ਜਾਂ ਕਿਸੇ ਵੀ ਅਕਾਲੀ
ਵਿਧਾਇਕ/ਸੰਸਦ ਮੈਂਬਰ ਨੇ ਢਿਲਵਾਂ ਕਲਾਂ ਦੀ ਘਟਨਾ ਬਾਰੇ ਜ਼ੁਬਾਨ ਨਹੀਂ ਖੋਲ੍ਹੀ। ਕੈਪਟਨ
ਅਮਰਿੰਦਰ ਸਿੰਘ ਵੀ ਇਸ ਉਲਾਂਭੇ ਤੋਂ ਬਚ ਨਹੀਂ ਸਕਦੇ ਕਿਉਂਕਿ ਉਹ ਜਿਥੇ ਸਿੱਖੀ ਪ੍ਰਤੀ
ਆਪਣੀ ਅਥਾਹ ਸ਼ਰਧਾ ਹੋਣ ਦਾ ਦਾਅਵਾ ਕਰਦੇ ਹਨ ਉਥੇ ਉਹ ਉਸ ਪ੍ਰਾਂਤ ਦੇ ਮੁੱਖ ਮੰਤਰੀ ਵੀ ਹਨ
ਜਿਥੋਂ ਗੁਰੂ ਸਾਹਿਬਾਨ ਦੇ ਪਾਵਨ ਬਸਤਰ ਕੋਈ ਵਿਅਕਤੀ ਆਪਣੀ ਮਰਜ਼ੀ ਨਾਲ ਬਾਹਰਲੇ ਦੇਸ਼ ਲਿਜਾ
ਸਕਦਾ ਹੈ। ਕਿਉਂ ਨਹੀਂ ਪੰਜਾਬ ਸਰਕਾਰ ਅੱਗੇ ਵਾਸਤੇ ਅਜਿਹੇ ਰੁਝਾਨ ਨੂੰ ਰੋਕਣ ਲਈ ਵਿਧਾਨ
ਸਭਾ ਵਿਚ ਮਤਾ ਪਾਸ ਕਰਦੀ? ਆਪਣੀ ਕੌਮ ਦੀ ਵਿਰਾਸਤ ਨੂੰ ਸੰਭਾਲਣ ਵਾਲੇ ਹੁਕਮਰਾਨ ਦਾ ਨਾਂ
ਹਮੇਸ਼ਾ ਲਈ ਇਤਿਹਾਸ ਵਿਚ ਦਰਜ ਹੁੰਦਾ ਹੈ ਜਿਵੇਂ ਗਿਆਨੀ ਜ਼ੈਲ ਸਿੰਘ ਨੇ ਮੁੱਖ ਮੰਤਰੀ
ਹੁੰਦਿਆਂ ਸ਼ਹੀਦ ਊਧਮ ਸਿੰਘ ਅਤੇ ਮਦਨ ਲਾਲ ਢੀਂਗਰਾ ਦੀਆਂ ਅਸਥੀਆਂ ਇੰਗਲੈਂਡ ਤੋਂ ਵਾਪਸ
ਮੰਗਵਾ ਕੇ ਨਾਮਣਾ ਖੱਟਿਆ। ਗੁਰੂ ਸਾਹਿਬਾਨ ਦੇ ਪਾਵਨ ਸ਼ਸਤਰਾਂ-ਬਸਤਰਾਂ ਦੇ ਸਰਮਾਏ ਨੂੰ
ਜ਼ਮੀਨ ਜਾਇਦਾਦ ਨਾਲੋਂ ਵੱਧ ਕੀਮਤੀ ਸਮਝਣ ਦੀ ਲੋੜ ਹੈ। ਇਸ ਲਈ ਇਤਿਹਾਸਕ ਸ਼ਸਤਰ-ਬਸਤਰ
ਅਸਥਾਨਾਂ ਦੇ ਪ੍ਰਬੰਧਕਾਂ ਨੂੰ ਸਹਿਯੋਗ ਦੇਣਾ ਅਤੇ ਉਨ੍ਹਾਂ ਉਪਰ ਨਿਗਰਾਨੀ ਰੱਖਣੀ
ਸ਼੍ਰੋਮਣੀ ਕਮੇਟੀ ਦੀ ਮੁੱਖ ਜ਼ਿੰਮੇਵਾਰੀ ਹੈ।
ਮਾਲਵੇ ਵਿਚ ਇਤਿਹਾਸਕ ਪਾਵਨ ਵਸਤਾਂ ਗੁਰੂ ਸਾਹਿਬਾਨ ਦੇ
ਅਨੇਕਾਂ ਸਮਕਾਲੀ ਸ਼ਰਧਾਲੂਆਂ ਦੀ ਵੰਸ਼ ਨਾਲ ਸਬੰਧਤ ਪਰਿਵਾਰਾਂ ਦੇ ਅਧਿਕਾਰ ਹੇਠ ਹਨ ਜਿਵੇਂ
ਫੂਲਵੰਸ਼ੀ ਬਾਬਾ ਰਾਮਾ ਦੀ ਅੰਸ਼ ਕੋਲ ਪਟਿਆਲਾ ਵਿਖੇ, ਭਾਈ ਡੱਲੇ ਦੀ ਅੰਸ਼ ਕੋਲ ਤਲਵੰਡੀ
ਸਾਬੋ ਵਿਖੇ, ਭਾਈ ਰਾਇਜੋਧ ਦੀ ਅੰਸ਼ ਕੋਲ ਕਾਂਗੜ ਦੀਨਾ ਵਿਖੇ, ਬਾਬਾ ਕੌਲ ਸਾਹਿਬ ਸੋਢੀ ਦੀ
ਅੰਸ਼ ਕੋਲ ਢਿਲਵਾਂ ਵਿਖੇ, ਭਾਈ ਦੇਸ ਰਾਜ ਦੀ ਅੰਸ਼ ਕੋਲ ਫਫੜੇ ਭਾਈ ਕੇ ਵਿਖੇ। ਹੋਰਨਾਂ ਕਈ
ਥਾਵਾਂ 'ਤੇ ਵੀ ਸੁਭਾਗੇ ਖਾਨਦਾਨਾਂ ਕੋਲ ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ
ਸੰਭਾਲੀਆਂ ਹੋਈਆਂ ਹਨ। ਤਕਰੀਬਨ ਉਕਤ ਸਾਰੇ ਥਾਵਾਂ 'ਤੇ ਸ਼ਸਤਰ-ਬਸਤਰ ਅਸਥਾਨ ਸੰਗਤਾਂ ਦੇ
ਦਰਸ਼ਨਾਂ ਲਈ ਹਰ ਸਮੇਂ ਖੁੱਲ੍ਹੇ ਰਹਿੰਦੇ ਹਨ ਪਰ ਕਈ ਵਾਰ ਉਥੇ ਸੰਗਤਾਂ ਨੂੰ ਇਨ੍ਹਾਂ ਬਾਰੇ
ਜਾਣਕਾਰੀ ਦੇਣ ਵਾਸਤੇ ਅਤੇ ਇਨ੍ਹਾਂ ਦੀ ਹਿਲਜੁਲ ਹੋਣ ਤੋਂ ਰੋਕਣ ਵਾਸਤੇ ਕਿਸੇ ਵਿਅਕਤੀ ਦੀ
ਪੱਕੇ ਤੌਰ 'ਤੇ ਡਿਊਟੀ ਨਹੀਂ ਹੁੰਦੀ।
ਉਕਤ
ਵਿਚਾਰਾਂ ਦਾ ਇਹ ਮਤਲਬ ਨਹੀਂ ਕਿ ਇਤਿਹਾਸਕ ਪਾਵਨ ਵਸਤਾਂ ਨੂੰ ਸ਼੍ਰੋਮਣੀ ਕਮੇਟੀ ਜਾਂ ਕੋਈ
ਹੋਰ ਧਾਰਮਿਕ ਸੰਸਥਾ ਕਿਸੇ ਵਿਸ਼ੇਸ਼ ਥਾਂ 'ਤੇ ਮੰਗਵਾ ਲਵੇ ਸਗੋਂ ਇਹ ਇਤਿਹਾਸਕ ਸ਼ਸਤਰ-ਬਸਤਰ
ਸੰਗਤਾਂ ਦੇ ਦਰਸ਼ਨਾਂ ਲਈ ਉਥੇ-ਉਥੇ ਹੀ ਸੁਭਾਇਮਾਨ ਰਹਿਣ ਜਿਥੇ ਉਨ੍ਹਾਂ ਨੂੰ ਸਦੀਆਂ ਤੋਂ
ਲੈ ਕੇ ਰੱਖਿਆ ਅਤੇ ਸਾਂਭਿਆ ਹੋਇਆ ਹੈ। ਸਿਰਫ ਇਹੋ ਚੌਕਸੀ ਦੀ ਲੋੜ ਹੈ ਕਿ ਸਰਬੱਤ ਸੰਗਤਾਂ
ਦੀ ਰਾਇ ਬਗੈਰ ਇਨ੍ਹਾਂ ਦੀ ਸਥਾਨ-ਬਦਲੀ ਨਾ ਹੋਵੇ।
|