ਕਾਮਲ ਮਰਦ
- ਸੰਤੋਖ ਸਿੰਘ
ਫਿਰ ਉਠੀ ਆਖ਼ਰ ਸਦਾ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦਿ-ਕਾਮਲ ਨੇ ਜਗਾਇਆ ਖ਼ਵਾਬ ਸੇ।
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੂੰ ਕਿਸੇ
ਨੇ ਰੱਬ ਦਾ ਅਵਤਾਰ ਤੇ ਕਿਸੇ ਨੇ ਰਾਜਾ ਜਨਕ ਦਾ ਅਵਤਾਰ ਚਿਤਵਿਆ, ਕਿਸੇ ਨੇ ਨਿਰੰਕਾਰੀ,
ਕਿਸੇ ਨੇ ਕੁਰਾਹੀਆ, ਕਿਸੇ ਨੇ ਉਹਨਾਂ ਨੂੰ ਧਰਮ-ਵਿਰੋਧੀ ਹੋਣ ਦਾ ਫ਼ਤਵਾ ਦਿਤਾ ਅਤੇ ਖ਼ੁਦ
ਨੂੰ ਖ਼ੁਦ ਉਹਨਾਂ ਨੇ ਸ਼ਾਇਰ ਤੇ ਆਦਮੀ ਹੀ ਅਖਿਆ; ਪਰ ਪੂਰਬ ਦੇ ਸ਼ਾਇਰ, ਡਾਕਟਰ ਸਰ ਮੁਹੰਮਦ
ਇਕਬਾਲ, ਨੇ ਉਹਨਾਂ ਦੇ ਸਰੂਪ ਵਿਚ ਇਕ ਕਾਮਲ ਮਰਦ ਦੀ ਝਲਕ ਵੇਖੀ ਅਤੇ ਉਹਨਾਂ ਨੂੰ ਭਰਮਾਂ
ਦੀ ਨੀਦ ਵਿਚ ਸੁੱਤੀ ਹੋਈ ਮਨੁਖਤਾ ਨੂੰ ਜਗਾਉਣ ਵਾਲ਼ੇ ਦੇ ਰੂਪ ਵਿਚ ਵੇਖਿਆ; ਦਾ ਆਗਮਨ,
ਸੰਨ 1469 ਵਿਚ, ਪਿਤਾ ਮਹਿਤਾ ਕਲਿਆਨ ਚੰਦ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ,
ਰਾਇ ਭੋਇ ਦੀ ਤਲਵੰਡੀ, ਸ੍ਰੀ ਨਨਕਾਣਾ ਸਾਹਿਬ ਵਿਖੇ ਹੋਇਆ।
ਬਚਪਨ ਵਿਚ ਹੀ ਆਪ ਜੀ ਬਾਕੀ ਬਾਲਕਾਂ ਵਰਗੇ ਵਿਹਾਰ ਤੋਂ ਉਲ਼ਟ,
ਸਾਧੂਆਂ ਵਾਂਗ ਵਿਚਰਦੇ ਸਨ। ਸੱਤ ਸਾਲ ਦੇ ਹੋਏ ਤਾਂ ਪਿਤਾ ਕਾਲੂ ਜੀ ਨੇ, ਆਪ ਜੀ ਨੂੰ
ਪਾਂਧੇ ਪਾਸ ਪੜ੍ਹਨੇ ਪਾਇਆ। ਉਸ ਸਮੇ ਆਪ ਜੀ ਨੇ ਪੱਟੀ ਨਾਮ ਦੀ ਬਾਣੀ ਉਚਾਰ ਕੇ ਪਾਂਧੇ
ਨੂੰ ਉਪਦੇਸ਼ ਦਿਤਾ। ਉਸ ਬਾਣੀ ਵਿਚ ਅੱਜ ਪੰਜਾਬੀ ਬੋਲੀ ਲਿਖੇ ਜਾਣ ਵਾਲ਼ੇ ਅੱਖਰਾਂ ਨੇ ਨਾਮ
ਅਤੇ ਤਰਤੀਬ ਦੀ ਸਾਨੂੰ ਬਖ਼ਸ਼ਸ਼ ਕੀਤੀ। ਨੌ ਸਾਲ ਦੀ ਅਵੱਸਥਾ ਵਿਚ ਗੁਰੂ ਜੀ ਨੇ ਪਰਵਾਰਕ
ਧਾਰਮਕ ਰਸਮ ਅਨੁਸਾਰ ਜਨੇਊ ਪਾਉਣ ਤੋਂ ਇਨਕਾਰ ਕਰਕੇ, ਪਾਂਡੇ ਨੂੰ ਸੱਚਾ ਜਨੇਊ ਪਾਉਣ ਲਈ
ਕਿਹਾ ਜੋ ਕਿ ਇਸ ਦੁਨੀਆਂ ਤੋਂ ਅੱਗੇ ਵੀ ਸਾਡੇ ਨਾਲ਼ ਜਾਵੇ।
ਹਰੇਕ ਸਹੀ ਸੋਚ ਵਾਲ਼ੇ ਪਿਤਾ ਵਾਂਗ, ਆਪ ਜੀ ਦੇ ਪਿਤਾ, ਮਹਿਤਾ
ਕਲਿਆਣ ਚੰਦ ਜੀ ਨੇ, ਆਪ ਜੀ ਨੂੰ ਵੀ ਸੰਸਾਰਕ ਕਾਰਜਾਂ ਵਿਚ ਪਾਉਣਾ ਚਾਹਿਆ ਪਰ ਆਪ ਜੀ
ਪ੍ਰਭੂ-ਭਗਤੀ ਵਿਚ ਸਦਾ ਹੀ ਲੀਨ ਰਹਿਣ ਸਦਕਾ, ਸੰਸਾਰਕ ਬੰਧਨਾਂ, ਦੁਨਿਆਵੀ ਵਿਹਾਰਾਂ ਤੋਂ
ਨਿਰਲੇਪ ਰਹਿੰਦੇ ਸਨ। ਇਸ ਕਰਕੇ ਪਿਤਾ ਕਾਲ਼ੂ ਜੀ ਸੁਭਾਵਕ ਤੌਰ ਤੇ ਹੀ ਗੁਰੂ ਜੀ ਨਾਲ਼
ਨਾਰਾਜ਼ ਰਹਿੰਦੇ ਸਨ ਤੇ ਪਿਤਾ ਜੀ ਦੀ ਨਾਰਾਜ਼ਗੀ ਦਾ ਸਦਕਾ ਘਰ ਵਿਚ ਸੁਭਾਵਕ ਹੀ ਤਣਾਅ
ਰਹਿੰਦਾ ਸੀ। ਇਹ ਵੇਖ ਕੇ ਗੁਰੂ ਜੀ ਦੀ ਭੈਣ, ਬੇਬੇ ਨਾਨਕੀ ਜੀ ਆਪਣੇ ਪਾਸ ਸੁਲਤਾਨਪੁਰ
ਲੋਧੀ, ਆਪ ਜੀ ਨੂੰ ਲੈ ਗਏ। ਬੇਬੇ ਨਾਨਕੀ ਜੀ ਦੇ ਪਤੀ, ਭਾਈਆ ਜੈ ਰਾਮ ਜੀ, ਏਥੇ ਦੇ
ਨਵਾਬ, ਦੌਲਤ ਖਾਂ ਲੋਧੀ, ਪਾਸ ਇਜ਼ਤ ਇਤਬਾਰ ਵਾਲ਼ੀ ਨੌਕਰੀ ਕਰ ਰਹੇ ਸਨ। ਭਾਈਆ ਜੀ ਨੇ ਗੁਰੂ
ਜੀ ਨੂੰ ਨਵਾਬ ਪਾਸ ਮੋਦੀ ਲਗਵਾ ਦਿਤਾ। ਏਥੇ ਹੀ ਬਟਾਲ਼ਾ ਨਿਵਾਸੀ, ਭਾਈ ਮੂਲ ਚੰਦ ਪਟਵਾਰੀ
ਦੀ ਸਪੁੱਤਰੀ, ਮਾਤਾ ਸੁਲੱਖਣੀ ਜੀ, ਨਾਲ਼ ਆਪ ਜੀ ਦਾ ਵਿਆਹ ਹੋਇਆ। ਆਪ ਜੀ ਦੇ ਗ੍ਰਹਿ ਵਿਖੇ
ਇਸ ਸਥਾਨ ਤੇ ਹੀ ਦੋ ਸਾਹਿਬਜ਼ਾਦੇ, ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਪੈਦਾ
ਹੋਏ।
38 ਸਾਲ ਦੀ ਉਮਰ ਵਿਚ ਆਪ ਜੀ ਜਗਤ ਜਲੰਦੇ ਨੂੰ ਤਾਰਨ ਵਾਸਤੇ,
'ਉਦਾਸੀਆਂ' ਉਪਰ ਚੱਲ ਪਏ। ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ, ਇਹਨਾਂ ਉਦਾਸੀਆਂ, ਅਰਥਾਤ
ਯਾਤਰਾਵਾਂ ਦੌਰਾਨ ਆਪ ਜੀ ਦੇ ਸਾਥੀ ਸਨ। ਦੂਰ-ਦੁਰਾਡੇ ਦੇਸ਼ਾਂ ਦਾ ਰਟਨ ਕੀਤਾ ਅਤੇ ਇਕ
ਸੱਚੇ ਰੱਬ ਨੂੰ ਭੁਲਾ ਕੇ ਭਰਮਾਂ ਵਿਚ ਫਸੀ ਬੈਠੀ ਲੋਕਾਈ ਨੂੰ ਸੱਚ ਦਾ ਮਾਰਗ ਦਰਸਾਇਆ।
ਹਿੰਦੂਆਂ, ਮੁਸਲਮਾਨਾਂ ਅਤੇ ਸਿਧਾਂ ਦੇ ਧਾਰਮਕ ਸਥਾਨਾਂ ਤੇ ਜਾ ਕੇ, ਮਨੁਖਤਾ ਨੂੰ ਇਕ
ਨਿਰੰਕਾਰ ਦੇ ਪੁਜਾਰੀ ਬਣਨ ਦੀ ਪ੍ਰੇਰਨਾ ਕੀਤੀ।
ਅੰਤ ਸਮੇ ਰਾਵੀ ਕਿਨਾਰੇ, ਕਰਤਾਰ ਦੇ ਨਾਂ ਤੇ ਕਰਤਾਰਪੁਰ ਨਾਮੀ
ਨਗਰ ਵਸਾ ਕੇ ਨਿਵਾਸ ਕੀਤਾ। ਸਾਰਾ ਪਰਵਾਰ, ਸਮੇਤ ਮਾਤਾ ਤੇ ਪਿਤਾ ਦੇ ਏਥੇ ਲਿਆ ਕੇ ਸੱਚੇ
ਸਪੁੱਤਰਾਂ ਵਾਂਗ ਉਹਨਾਂ ਦੀ ਸੇਵਾ ਤੇ ਸਤਿਕਾਰ ਕੀਤਾ। ਸੰਸਾਰ ਵਾਸੀਆਂ ਨੂੰ ਜਿਸ ਤਰ੍ਹਾਂ
ਕਿਰਤ ਕਰਨ, ਨਾਮ ਜਪਣ ਤੇ ਵੰਡ ਕੇ ਛਕਣ ਦਾ ਉਪਦੇਸ਼, ਆਪ ਜੀ ਨੇ ਦਿਤਾ ਸੀ, ਉਸਦਾ ਅਸਲੀ
ਨਮੂਨਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ, ਅਮਲ ਕਰਕੇ ਦੱਸਿਆ। ਦਰਸਾਇਆ ਦੁਨੀਆਂ ਵਾਲ਼ਿਆਂ ਨੂੰ
ਕਿ ਧਰਮ ਕੋਈ ਫੋਕਾ ਕਿਤਾਬੀ ਫ਼ਲਸਫ਼ਾ ਨਹੀ ਹੈ ਜਿਸ ਉਪਰ ਅਮਲ ਨਾ ਕੀਤਾ ਜਾ ਸਕਦਾ ਹੋਵੇ ਤੇ
ਸਿਰਫ਼ ਲਿਖਣ, ਪੜ੍ਹਨ, ਬੋਲਣ ਤੱਕ ਹੀ ਸੀਮਤ ਹੋਵੇ; ਇਸਦੇ ਉਲ਼ਟ ਧਰਮ ਇਕ ਜੀਵਨ-ਜਾਚ ਹੈ।
ਧਰਮ ਦੇ ਅਸੂਲਾਂ ਉਪਰ ਅਮਲ ਕਰਕੇ ਅਸੀਂ ਇਸ ਸੰਸਾਰ ਵਿਚ ਖ਼ੁਦ ਸੁਖੀ ਜੀਵਨ ਬਿਤਾ ਸਕਦੇ
ਹਾਂ; ਬਾਕੀ ਸਾਥੀਆਂ ਦਾ ਵੀ ਭਲਾ ਕਰ ਸਕਦੇ ਹਾਂ ਅਤੇ ਅੰਤ ਵਿਚ ਪ੍ਰਭੂ ਦੀ ਦਰਗਾਹ ਵਿਚ ਵੀ
ਸੁਰਖ਼ਰੂ ਹੋ ਕੇ ਜਾ ਸਕਦੇ ਹਾਂ।
ਇਸ ਤਰ੍ਹਾਂ ਸਤਿਗੁਰੂ ਜੀ, ਤਕਰੀਬਨ ਸੱਤਰ-ਕੁ ਸਾਲ ਇਸ ਸੰਸਾਰ
ਦੇ ਵਾਸੀਆਂ ਨੂੰ 'ਨਿਰਮਲ ਪੰਥ' ਦੀ ਮ੍ਰਯਾਦਾ ਦੀ ਪਾਲਣਾ ਕਰਕੇ ਦੋਹਾਂ ਦੁਨੀਆਂ ਨੂੰ ਸਫ਼ਲ
ਕਰਨ ਦੀ ਜਾਚ ਦੱਸਦੇ ਹੋਏ, ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਅੰਗਦ (ਸ੍ਰੀ ਗੁਰੂ ਅੰਗਦ
ਦੇਵ ਜੀ) ਬਣਾ ਕੇ, ਜੋਤੀ ਜੋਤ ਸਮਾ ਗਏ।
ਅੰਤ ਸਮੇ ਉਹਨਾਂ ਦਾ ਅੰਤਮ ਸੰਸਕਾਰ ਆਪਣੀ ਆਪਣੀ ਮ੍ਰਯਾਦਾ
ਅਨੁਸਾਰ ਕਰਨ ਲਈ ਹਿੰਦੂਆਂ ਤੇ ਮੁਸਲਮਾਨਾਂ ਤੋਂ ਬਣੇ ਸ਼ਰਧਾਲੂਆਂ ਵਿਚ ਝਗੜੇ ਦਾ ਹੋਣਾ
ਜਿਥੇ ਇਹ ਗੱਲ ਦੱਸਦਾ ਹੈ ਕਿ ਅਸੀਂ ਪੰਜਾਬੀ ਉਹਨਾਂ ਦੀ ਸਹੀ ਸਿਖਿਆ ਸਮਝਣ ਤੋਂ ਅਸਮਰਥ
ਰਹੇ ਹਾਂ ਓਥੇ ਇਹ ਵੀ ਪਤਾ ਲੱਗਦਾ ਹੈ ਕਿ ਹਰ ਕੋਈ ਉਹਨਾਂ ਨੂੰ ਆਪਣਾ ਸਮਝਦਾ ਸੀ। ਇਕ
ਲੋਕੋਕਤੀ ਵੀ ਹੈ ਇਸ ਬਾਰੇ:
"ਬਾਬਾ ਨਾਨਕ ਸ਼ਾਹ ਫ਼ਕੀਰ।
ਹਿੰਦੂ ਦਾ ਗੁਰੂ ਤੇ ਮੁਲਮਾਨ ਦਾ ਪੀਰ।"
|