ਸਿੱਖ
ਨੌਜਵਾਨ ਪੀੜੀ ਵਿੱਚ ਕੇਸ ਕਤਲ ਕਰਨ ਦਾ ਵੱਧਦਾ ਰੁਝਾਨ
- ਸੁਖਬੀਰ ਸਿੰਘ
'ਮੁਰਾਦਪੁਰਾ'
ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ। ਉਨ੍ਹਾਂ ਨੇ ਸਿੱਖ ਧਰਮ ਦੀ ਨੀਂਹ
ਰੱਖੀ ਅਤੇ ਇਸ ਦੇ ਪ੍ਰਚਾਰ ਲਈ ਆਪਣਾ ਪੂਰਾ ਜੀਵਨ ਲਗਾ ਦਿੱਤਾ ਸੀ। ਉਨ੍ਹਾਂ ਦੀ ਜੋਤ
ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਤੇ ਹੋਰ ਗੁਰੂ ਸਾਹਿਬਾਨ ਦੀ ਸਿੱਖ ਧਰਮ ਨੂੰ ਬਹੁਤ
ਵੱਡੀ ਦੇਣ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਿੱਖ ਧਰਮ ਲਈ ਭਾਰੀ ਕੁਰਬਾਨੀਆਂ
ਦੇਣੀਆਂ ਪਈਆਂ ਸਨ। ਸਿੱਖ ਧਰਮ ਵਿਚ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਹੋਈ ਦਾਤ ਕੇਸ
ਬਹੁਤ ਉੱਚਾ ਸਥਾਨ ਰੱਖਦੇ ਹਨ। ਜਿਸ ਦਾ ਅੰਦਾਜ਼ਾ ਲਗਾਉਣਾ ਵੀ ਸ਼ਾਇਦ ਮੁਸ਼ਕਿਲ ਹੈ। ਬਾਜਾਂ
ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ
ਬਖਸ਼ਣ ਸਮੇਂ ਕੇਸਾਂ ਨੂੰ ਪੰਜ ਕਕਾਰਾਂ ਵਿਚ ਸ਼ਾਮਿਲ ਕਰਕੇ ਇਨ੍ਹਾਂ ਦੀ ਮਹਾਨਤਾ ਨੂੰ ਹੋਰ
ਵੀ ਮਾਣ ਬਖਸ਼ਿਆ ਸੀ। ਉਨ੍ਹਾਂ ਵੱਲੋਂ ਕੇਸਾਂ ਨੂੰ ਸਿੱਖ ਦਾ ਇਕ ਜ਼ਰੂਰੀ ਅੰਗ ਹੋਣ ਦਾ
ਰੁਤਬਾ ਦਿੱਤਾ ਸੀ ਜਿਨ੍ਹਾਂ ਨੂੰ ਸਿੱਖ ਕਦੀ ਵੀ ਆਪਣੇ ਤੋਂ ਜੁਦਾ ਨਹੀਂ ਕਰ ਸਕਦਾ। ਸਿਰ
ਉੱਪਰ ਸੁਹਣੀ ਪਗੜੀ ਸਜਾਉਣ ਦੀ ਰੀਤ ਵੀ ਉਨ੍ਹਾਂ ਨੇ ਖੁਦ ਹੀ ਚਲਾਈ ਸੀ। ਸਿੱਖ ਦੀ ਸਖਸ਼ੀਅਤ
ਵਿਚ ਪਗੜੀ ਸਜਾਉਣ ਨਾਲ ਇਕ ਖਾਸ ਕਿਸਮ ਦਾ ਨਿਖਾਰ ਆਉਂਦਾ ਹੈ। ਕੇਸਾਂ ਦੇ ਨਾਲ ਨਾਲ ਦਾੜੀ
ਮੁੱਛਾਂ ਆਦਿ ਵੀ ਮਨੁੱਖ ਨੂੰ ਰੱਬ ਦੀ ਬਖਸ਼ੀ ਹੋਈ ਦਾਤ ਹਨ ਜਿਸ ਨੂੰ ਖਾਸ ਕਰ ਇਕ ਸਿੱਖ
ਵੱਲੋਂ ਕਟਵਾ ਕੇ ਆਪਣੀ ਸ਼ਕਲ ਸੂਰਤ ਨੂੰ ਵਿਗਾੜਨਾ ਉਸ ਅਕਾਲ ਪੁਰਖ ਦੀ ਹੁਕਮ ਅਦੂਲ਼ੀ ਹੈ।
ਸਿੱਖ ਧਰਮ ਦੁਨੀਆਂ ਦੇ ਸਭ ਧਰਮਾਂ ਵਿਚੋਂ ਵਿਲੱਖਣ ਧਰਮ ਹੈ ਅਤੇ ਇਸ ਦਾ ਇਤਿਹਾਸ ਬਹੁਤ
ਹੀ ਕੁਰਬਾਨੀਆਂ ਭਰ੍ਹਿਆ ਹੈ। ਸਿੱਖ ਧਰਮ ਵਿਚ ਕਿਸੇ ਵੀ ਜਾਤ ਪਾਤ ਜਾਂ ਨਸਲ ਦਾ ਵਿਕਤਰਾ
ਨਹੀਂ ਹੈ ਸਗੋਂ ਗੁਰੂ ਸਾਹਿਬਾਨ ਦੇ ਹੁਕਮ ਅਤੇ ਪਾਏ ਹੋਏ ਪੂਰਨਿਆਂ ਅਨੁਸਾਰ ਸਾਰੀਆਂ ਹੀ
ਜਾਤਾਂ ਨੂੰ ਇਕ ਸਮਾਨ ਸਮਝਿਆਂ ਜਾਂਦਾ ਹੈ ਪਰ ਸਾਡੀ ਜੀਵਨ-ਜਾਂਚ ਵਿੱਚ ਬਹੁਤ ਸਾਰੀਆਂ
ਤੁੱਟੀਆਂ ਆਉਣ ਕਾਰਨ ਸਾਡੇ ਸਿੱਖ ਨੌਜਵਾਨਾਂ ਵਿਚ ਦਾੜੀ, ਮੁੱਛਾਂ ਅਤੇ ਸਿਰ ਦੇ ਵਾਲ
ਕਟਵਾਉਣ ਦਾ ਰੁਝਾਨ ਦਿਨੋਂ ਦਿੰਨ ਵੱਧਦਾ ਜਾ ਰਿਹਾ ਹੈ। ਨੌਜਵਾਨ ਬੀਬੀਆਂ ਵਿਚ ਵੀ ਫੈਸ਼ਨ
ਦੀ ਦੌੜ ਵਿਚ ਆਪਣੇ ਸੁਹਣੇ, ਸੁੰਦਰ ਅਤੇ ਰੇਸ਼ਮ ਵਰਗੇ ਵਾਲਾਂ ਅਤੇ ਰੋਮਾਂ ਨੂੰ ਕਟਵਾਉਣ ਦੀ
ਰੁੱਚੀ ਵਿਚ ਬੜੀ ਤੇਜੀ ਨਾਲ ਵਾਧਾ ਹੋ ਰਿਹਾ ਹੈ।
ਸ਼ਾਇਦ ਸਾਡੀ ਨੌਜਵਾਨ ਪੀੜੀ ਸਾਡੇ ਮਾਣਮੱਤੇ ਅਤੇ ਜੱਗੋਂ ਨਿਆਰੀ ਸਿੱਖ ਕੌਮ ਦੇ ਡੂੰਘੇ,
ਪ੍ਰਭਾਵਸ਼ਾਲੀ ਅਤੇ ਗੌਰਵਮਈ ਇਤਿਹਾਸ ਨੂੰ ਵਿਸਾਰਦੀ ਜਾ ਰਹੀ ਹੈ। ਸਾਡੇ ਇਸ ਧਰਮ ਦੀ ਖਾਤਿਰ
ਹੀ ਸਿੱਖ ਗੁਰੂਆਂ ਅਤੇ ਹੋਰ ਬਹੁਤ ਸਾਰੇ ਸਿੱਖਾਂ ਨੂੰ ਭਾਰੀ ਕੁਰਬਾਨੀਆਂ ਦੇਣੀਆਂ ਪਈਆਂ
ਸਨ ਪਰ ਆਪਣੇ ਧਰਮ ਨੂੰ ਬਿਲਕੁਲ ਹੀ ਆਂਚ ਨਹੀਂ ਸੀ ਆਉਣ ਦਿੱਤੀ।
ਸਿੱਖ ਨੌਜਵਾਨ ਪੀੜੀ ਨੂੰ ਇਹ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਕਿ ਦੁਨੀਆਂ ਦੇ ਅਜੋਕੇ
ਅਤੇ ਨਿਆਰੇ ਸਿੱਖ ਧਰਮ ਨੂੰ ਚੜਦੀ ਕਲਾ ਵਿਚ ਰੱਖਣ ਲਈ ਸ਼ਹੀਦਾਂ ਦੇ ਸਿਰਤਾਜ ਜਾਣੇ ਜਾਂਦੇ
ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਧਰਮ ਦੀ ਖਾਤਰ ਤੱਤੀਆਂ ਤਵੀਆਂ ਉਪਰ ਬੈਠੇ, ਪਾਣੀ ਦੀ
ਭਰੀ ਉਬਲਦੀ ਦੇਗ ਵਿਚ ਬੈਠੇ ਤੇ ਹੋਰ ਵੀ ਅਸਹਿ ਤਸੀਹੇ ਝੱਲੇ ਸਨ ਅਤੇ ਸ਼ਹੀਦੀ ਪ੍ਰਾਪਤ
ਕੀਤੀ ਸੀ। ਧਰਮ ਦੀ ਹੋਂਦ ਨੂੰ ਕਾਇਮ ਰੱਖਣ ਲਈ ਹੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ
ਬਹਾਦਰ ਸਾਹਿਬ ਨੇ ਆਪਣਾ ਸੀਸ ਅਰਪਣ ਕਰ ਦਿੱਤਾ ਸੀ ਅਤੇ ਬਾਅਦ ਵਿਚ ਪੂਰੇ ਵਿਸ਼ਵ ਵਿਚ
'ਹਿੰਦ ਦੀ ਚਾਦਰ' ਦੇ ਨਾਮ ਪ੍ਰਸਿੱਧ ਹੋਏ। ਕਲਗੀਧਰ, ਬਾਜਾਂ ਵਾਲੇ ਸਾਹਿਬੇ ਆਜ਼ਮ ਸ੍ਰੀ
ਗੁਰੂ ਗੋਬਿੰਦ ਸਿੰਘ ਜੀ ਦੀਆਂ, ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਹੀ ਧਰਮ ਖਾਤਿਰ ਵਾਰਨ ਦੀ
ਕੁਰਾਬਾਨੀ ਕਿਵੇਂ ਭੁਲਾਈ ਜਾ ਸਕਦੀ ਹੈ? ਜਿੰਨ੍ਹਾਂ ਦੇ ਦੋ ਵੱਡੇ ਸਾਹਿਬਜ਼ਾਦਿਆਂ ਨੇ
ਚਮਕੌਰ ਦੀ ਜੰਗ ਵਿਚ ਹਸਦੇ ਹਸਦੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਦੋ ਛੋਟੇ ਸਾਹਿਬਜ਼ਾਦਿਆਂ
ਨੇ ਮੁਗਲ ਹਾਕਮਾਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੀ ਪਰਵਾਹ ਨਾ ਕੀਤੀ ਅਤੇ ਜਿਊਂਦੇ
ਹੀ ਛੋਟੀਆਂ ਜਿਹੀਆਂ ਕੋਮਲ ਜਿੰਦਾਂ ਨੂੰ ਨੀਂਹਾਂ ਵਿਚ ਚਿਣ ਦਿੱਤਾ ਗਿਆ ਸੀ।
ਸਾਡੀ ਇਹ ਮਾਡਰਨ ਨੌਜਵਾਨ ਪੀੜੀ ਸਿੱਖ ਇਤਿਹਾਸ ਦੀ ਵੱਖ ਵੱਖ ਜਾਤਾਂ ਦੇ ਪੰਜ ਸਿੱਖਾਂ
ਦੀ ਮਿਸਾਲ ਨੂੰ ਕਿਵੇਂ ਭੁਲ ਗਈ? ਜਿੰਨਾਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ
ਅਨੁਸਾਰ ਆਪਣੇ ਆਪ ਨੂੰ ਉਨ੍ਹਾਂ ਨੂੰ ਅਰਪਣ ਕਰ ਦਿੱਤਾ ਸੀ ਅਤੇ ਬਾਅਦ ਵਿਚ ਗੁਰੂ ਜੀ
ਵੱਲੋਂ ਉਨ੍ਹਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਸ਼ਕਾ ਕੇ, ਸਿੰਘ ਸਾਜ ਕੇ ਪੰਜ ਪਿਆਰਿਆਂ ਦੀ
ਪਦਵੀ ਨਾਲ ਨਿਵਾਜਿਆ ਸੀ ਤੇ ਖਾਲਸਾ ਪੰਥ ਦਾ ਨਾਂ ਦਿੱਤਾ ਸੀ। ਇਹ ਪੀੜੀ ਭਾਈ ਤਾਰੂ ਸਿੰਘ,
ਭਾਈ ਮਨੀ ਸਿੰਘ ਜਿਹੇ ਸਿੱਖਾਂ ਅਤੇ ਉਨ੍ਹਾਂ ਬੀਬੀਆਂ ਦੀਆਂ ਕੁਰਬਾਨੀਆਂ ਨੂੰ ਜਿੰਨਾਂ ਨੇ
ਆਪਣੇ ਕਲੇਜੇ ਦੇ ਲਾਲਾਂ ਨੂੰ ਜਿਊਂਦੇ ਜੀ ਕਟਵਾ ਕੇ ਆਪਣੇ ਗਲੇ ਵਿਚ ਪੁਆਇਆ ਸੀ ਪਰ ਧਰਮ
ਦੀ ਖਾਤਰ ਹੀ ਸਭ ਕੁਝ ਝੱਲਿਆ ਸੀ, ਕਿਵੇਂ ਭੁਲ ਗਈ ਹੈ?
ਅਮੀਰਕਾ ਵਰਗੇ ਮੁਲਕਾਂ ਵਿਚ ਰਹਿ ਰਹੇ ਗੋਰੇ ਸਾਡੇ ਇਸ ਸਿੱਖ ਧਰਮ ਤੋਂ ਏਨੇ ਪ੍ਰਭਾਵਿਤ
ਹਨ ਕਿ ਲੱਖਾਂ ਦੀ ਗਿਣਤੀ ਵਿਚ ਉਨ੍ਹਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਹੈ। ਉਹ ਹਰ
ਧਾਰਮਿਕ ਸਮਾਗਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ, ਨਿਤਨੇਮ ਕਰਦੇ, ਕੀਰਤਨ ਕਰਦੇ,
ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਸ਼ੁਕਰਾਨਾਂ ਕਰਦੇ ਹਨ। ਹਾਲਾਕਿ ਇਹ ਲੋਕ
ਇਕ ਅਜਿਹੀ ਸੰਸਕ੍ਰਿਤੀ ਨਾਲ ਜੁੜੇ ਹੋਏ ਹਨ ਕਿ ਉਹ ਸੋਖਾਲੇ ਹੀ ਐਵੇਂ ਕਿਸੇ ਵੀ ਵਸਤੂ,
ਹਕੀਕਤ ਆਦਿ ਉਪਰ ਵਿਸ਼ਵਾਸ਼ ਨਹੀਂ ਕਰਦੇ। ਸਗੋਂ ਉਹ ਪੂਰੀ ਤਰਾਂ ਪਰੈਕਟੀਕਲ ਹਨ ਅਤੇ ਪੂਰੇ
ਅਧਿਐਨ ਮਗਰੋਂ ਹੀ ਆਪਣਾ ਵਿਸ਼ਵਾਸ ਕਰਦੇ ਹਨ। ਉਨ੍ਹਾਂ ਨੂੰ ਸਿੱਖ ਧਰਮ ਵਿਚ ਸ਼ਾਇਦ ਕੁਝ ਐਸਾ
ਲੱਭਿਆ ਹੀ ਹੋਵੇਗਾ ਜਿਸ ਨੂੰ ਉਨ੍ਹਾਂ ਨੇ ਅਪਣਾਇਆ ਹੈ।
ਸਿੱਖ ਧਰਮ ਵਿਚ ਕੇਸਾਂ ਅਤੇ ਪਗੜੀ ਆਦਿ ਦੀ ਆਪਣੀ ਹੀ ਇਕ ਮਹੱਤਤਾ ਹੈ। ਪਗੜੀਧਾਰੀ
ਸੱਜੇ ਹੋਏ ਸਿੱਖ ਨੂੰ ਹਰ ਕੋਈ ਸਰਦਾਰ ਜੀ ਜਾਂ ਸਰਦਾਰ ਸਾਹਿਬ ਕਹਿ ਕੇ ਬੁਲਾਉਂਦਾ ਹੈ ਜੋ
ਕਿ ਮੋਨੇ ਸਿਰ ਵਾਲੇ ਸਿੱਖ ਨੂੰ ਉਨਾਂ ਇੱਜ਼ਤ ਮਾਣ ਅਤੇ ਸਤਿਕਾਰ ਨਹੀਂ ਦਿੱਤਾ ਜਾਂਦਾ।
ਸਿੱਖ ਕੌਮ ਦੀ ਆਪਣੀ ਹੀ ਇਕ ਹੋਂਦ ਹੈ ਜਿਸ ਨੂੰ ਕਦੀ ਵੀ ਅੱਖੋ ਪਰੋਖੇ ਨਹੀਂ ਕੀਤਾ ਜਾ
ਸਕਦਾ। ਸਿੱਖੀ ਸਾਨੂੰ ਸਾਡੇ ਗੁਰੂਆਂ ਵੱਲੋਂ ਅਨੇਕਾਂ ਹੀ ਕੁਰਬਾਨੀਆਂ ਕਰਨ ਉਪਰੰਤ ਬਖਸ਼ੀ
ਹੋਈ ਇਕ ਅਜਿਹੀ ਅਮੋਲਕ ਦਾਤ ਹੈ ਜਿਸ ਦਾ ਮੁੱਲ ਅਸੀਂ ਜਿਊਂਦੇ ਜੀ ਕਦੀ ਵੀ ਨਹੀਂ ਤਾਰ
ਸਕਦੇ।
ਅਜੋਕੇ ਯੁੱਗ ਦੀ ਨੌਜਵਾਨ ਪੀੜੀ ਨੂੰ ਸਾਡੇ ਕੁਰਬਾਨੀਆਂ ਭਰਪੂਰ ਇਤਿਹਾਸ ਕਦੀ ਵੀ
ਵਿਸਾਰਨਾ ਨਹੀਂ ਚਾਹੀਦਾ ਕਿਉਂਕਿ ਕੇਸ ਭਾਵ ਵਾਲ ਸਾਨੂੰ ਅਕਾਲ ਪੁਰਖ ਵੱਲੋਂ ਦਿੱਤੀ ਗਈ ਇਕ
ਬਖਸ਼ਿਸ਼ ਹੈ ਜਿਸ ਲਈ ਜਦੋਂ ਅਸੀਂ ਇਹਨਾਂ ਨੂੰ ਕਟਵਾਉਂਦੇ ਹਾਂ ਤਾਂ ਇਹਨਾਂ ਦਾ ਨਿਰਾਦਰ
ਹੁੰਦਾ ਹੈ ਜਿਸ ਲਈ ਅਸੀਂ ਉਸ ਪ੍ਰਮਾਤਮਾ ਦੇ ਗੁਨਾਹਗਾਰ ਬਣ ਜਾਂਦੇ ਹਾਂ। ਸਾਨੂੰ ਕੋਈ ਵੀ
ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜੋ ਸਾਡੇ ਗੁਰੂ ਨੂੰ ਚੰਗੀ ਨਾ ਲੱਗੇ। ਇਕ ਸਿੱਖ ਹੋ ਕੇ
ਦਸਮ ਪਾਸਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੀਤੀਆਂ ਕੁਰਬਾਨੀਆਂ ਦਾ ਸ਼ੁਕਰਾਨਾਂ ਅਸੀਂ
ਆਪਣੇ ਕੇਸਾਂ ਨੂੰ ਨਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਪੈਰਾਂ ਹੇਠ ਰੋਲ ਕੇ ਕਰ ਰਹੇ ਹਾਂ?
ਸਾਡੇ ਧਰਮ ਦੀ ਖਾਤਿਰ ਹੀ ਉਨ੍ਹਾਂ ਨੇ ਹਸਦੇ ਵਸਦੇ ਆਪਣੇ ਸਥਾਨ ਆਨੰਦਪੁਰ ਸਾਹਿਬ ਜਿੱਥੇ
ਉਨ੍ਹਾਂ ਦੇ ਬਚਪਨ ਤੋਂ ਸ਼ਾਦੀ ਤੱਕ ਦੇ ਲੱਗ ਭੱਗ ਸਾਰੇ ਕਾਰਜ ਸਿਰੇ ਚੜੇ ਸਨ, ਨੂੰ ਛੱਡ ਕੇ
ਤੁਰ ਗਏ ਸਨ ਤੇ ਹਨੇਰੀ ਕਾਲੀ ਬੋਲੀ ਰਾਤ ਨੂੰ ਸਰਸਾ ਨਦੀ ਦੇ ਕੰਡੇ ਤੇ ਉਨ੍ਹਾਂ ਦਾ ਸਾਰਾ
ਪਰਿਵਾਰ ਹੀ ਵਿਛੜ ਗਿਆ ਸੀ। ਉਨ੍ਹਾਂ ਨੂੰ ਸਾਡੀ ਸਿੱਖ ਕੌਮ ਖਾਤਿਰ ਹੀ ਮਾਛੀਵਾੜੇ ਦੇ
ਜੰਗਲਾਂ ਵਿਚ ਤੁਰਨਾਂ ਪਿਆ ਸੀ। ਉਸ ਅਕਾਲ ਪੁਰਖ ਦੇ ਲੇਖੇ ਆਪਣੇ ਜਿਗਰ ਦੇ ਲਾਲ ਖੁਸ਼ੀ
ਖੁਸ਼ੀ ਧਰਮ ਦੇ ਲੇਖੇ ਲਾ ਦਿੱਤੇ ਸਨ। ਇਹ ਕਮਾਲ ਤਾਂ ਉਹੀ ਕਰ ਸਕਦੇ ਹਨ। ਇਸ ਦੁਨੀਆਂ ਵਿਚ
ਰਾਜੇ ਮਹਾਂਰਾਜੇ ਤਾਂ ਬਹੁਤ ਹੋਏ ਹਨ ਪਰ ਕਿਸੇ ਨੇ ਵੀ ਧਰਮ ਦੀ ਖਾਤਿਰ ਆਪਣੇ ਜਿਗਰ ਦੇ
ਟੁਕੜੇ ਕੁਰਬਾਨ ਕਰਨ ਦੀ ਹਿੰਮਤ ਨਹੀਂ ਕੀਤੀ।
ਸਾਡੇ ਨੌਜਵਾਨ ਸਾਥੀਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਗੁਰੂ ਘਰ ਵੱਲੋਂ
ਬਖਸ਼ਿਸ਼ ਦਾਤ ਕੇਸਾਂ ਭਾਵ ਵਾਲਾਂ ਨੂੰ ਐਵੇਂ ਹੀ ਨਹੀਂ ਅਜਾਂਈ ਜਾਣ ਦੇਣਗੇ ਸਗੋਂ ਇਹਨਾਂ ਦੀ
ਮਹੱਤਤਾ ਨੂੰ ਧਿਆਨ ਵਿਚ ਰੱਖ ਕੇ ਇਹਨਾਂ ਪ੍ਰਤੀ ਆਪਣੀ ਸ਼ਰਧਾ ਨੂੰ ਬਹਾਲ ਰੱਖਣਗੇ ਅਤੇ
ਇਹਨਾਂ ਨੂੰ ਕਟਵਾਉਣਾ ਬੰਦ ਕਰਕੇ ਅਤੇ ਸਿਰਾਂ ਤੇ ਟੋਪੀਆਂ ਪਾਉਣੀਆਂ ਛੱਡ ਕੇ ਗੁਰੂ ਘਰ
ਦੀਆਂ ਖੁਸ਼ੀਆਂ ਦੇ ਹੱਕਦਾਰ ਬਣਨਗੇ। ਸਿੱਖ ਬੀਬੀਆਂ ਵੀ ਆਪਣੇ ਕੇਸਾਂ ਦੇ ਸਤਿਕਾਰ ਨੂੰ
ਧਿਆਨ ਵਿਚ ਰੱਖ ਕੇ ਸਿਰ ਉੱਪਰ ਦੁਪੱਟਾ ਸਜਾਉਣ ਵਿੱਚ ਤਵੱਜ਼ੋ ਦੇਣਗੀਆਂ।
|