ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ॥
 ਸੰਤੋਖ ਸਿੰਘ, ਸਿਡਨੀ, ਆਸਟ੍ਰੇਲੀਆ

ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਉਪਰ ਅੱਠਵੇਂ ਸਥਾਨ ਤੇ ਬਿਰਾਜਮਾਨ ਹੋਏ। ਸਤਿਗੁਰੂ ਜੀ ਦਾ ਆਗਮਨ, ਸੱਤਵੇਂ ਸਤਿਗੁਰੂ, ਸ਼੍ਰੀ ਗੁਰੂ ਹਰਿ ਰਾਇ ਸਾਹਿਬ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ, 7 ਜੁਲਾਈ 1656 ਨੂੰ, ਸ਼੍ਰੀ ਕੀਰਤਪੁਰ ਸਾਹਿਬ ਦੇ ਸਥਾਨ ਤੇ ਹੋਇਆ। 7 ਅਕਤੂਬਰ 1661 ਵਾਲ਼ੇ ਦਿਨ ਆਪ ਜੀ ਗੁਰਗੱਦੀ ਤੇ ਸੁਸ਼ੋਭਤ ਹੋਏ।

ਜਿਸ ਸਮੇ ਗੁਰਗੱਦੀ ਦੀ ਜ਼ਿਮੇਵਾਰੀ ਆਪ ਜੀ ਦੇ ਮੋਢਿਆਂ ਉਪਰ ਆਈ ਉਸ ਸਮੇ ਆਪ ਜੀ ਦੀ ਸਰੀਰਕ ਆਯੂ ਕੇਵਲ ਸਵਾ-ਕੁ ਪੰਜ ਸਾਲ ਦੀ ਸੀ। ਇਸ ਕਰਕੇ ਕਈ ਸ਼ੰਕਾਵਾਦੀ 'ਕਿੰਤੂ-ਪ੍ਰੰਤੂ' ਵੀ ਕਰਨ ਲੱਗੇ ਕਿ ਇਕ ਬੱਚਾ ਕਿਵੇਂ ਗੁਰੂ ਹੋ ਸਕਦਾ ਹੈ ਪਰ ਸਤਿਗੁਰੂ ਜੀ ਨੇ ਹਰ ਸ਼ੰਕਾਵਾਦੀ ਦੀ ਸ਼ੰਕਾ, ਦੁਨਿਆਵੀ ਅਤੇ ਅਧਿਆਤਮਕ ਸ਼ਕਤੀ ਦੁਆਰਾ, ਦੂਰ ਕੀਤੀ। ਇਸ ਪ੍ਰਥਾਇ ਸਿੱਖ ਇਤਿਹਾਸ ਵਿਚ ਇਕ ਪ੍ਰਸਿਧ ਸਾਖੀ ਇਸ ਪ੍ਰਕਾਰ ਅੰਕਤ ਹੈ:-

ਜਦੋਂ ਰਾਜਾ ਜੈ ਸਿੰਘ ਦੀ ਅਧੀਨਗੀ ਸਹਿਤ ਕੀਤੀ ਗਈ ਬੇਨਤੀ ਨੂੰ ਪ੍ਰਵਾਨ ਕਰਕੇ, ਸਤਿਗੁਰੂ ਜੀ ਦਿੱਲੀ ਨੂੰ ਜਾ ਰਹੇ ਸਨ ਤਾਂ ਇਕ ਪੜਾ ਆਪ ਜੀ ਨੇ ਪ੍ਰਸਿਧ ਪੁਰਾਤਨ ਤੀਰਥ ਸਥਾਨ, ਕੁਰਕਸ਼ੇਤਰ ਵਿਖੇ ਕੀਤਾ। ਓਥੇ ਇਕ ਸ਼੍ਰੀ ਲਾਲ ਚੰਦ ਨਾਮ ਦਾ ਬਹੁਤ ਵਿਦਵਾਨ ਪੰਡਤ ਰਹਿੰਦਾ ਸੀ। "ਪੜਿਆ ਮੂਰਖ ਆਖੀਐ ਜਿਸ ਅੰਦਰ ਲਬ ਲੋਭ ਅਹੰਕਾਰਾ॥" ਅਨੁਸਾਰ ਉਸ ਵਿਚ ਵਿਦਿਆ, ਜਾਤ, ਸਿਆਣਪ ਆਦਿ ਦਾ ਅਹੰਕਾਰ ਵੀ ਬਹੁਤ ਸੀ। ਉਹ ਖਾਸ ਕਰਕੇ ਗੀਤਾ ਦੇ ਗਿਆਨ ਅਤੇ 'ਚੁੰਝ-ਚਰਚਾ' ਵਿਚ ਖੁਦ ਨੂੰ ਬੜਾ 'ਤੀਸਮਾਰ ਖਾਂ' ਸਮਝਦਾ ਸੀ। ਸਤਿਗੁਰੂ ਜੀ ਦਾ ਜਾਹੋ-ਜਲਾਲ ਵੇਖ ਕੇ, ਉਤਸੁਕਤਾ ਵੱਸ ਇਕ ਸਿੱਖ ਪਾਸੋਂ ਪਤਾ ਕੀਤਾ ਤਾਂ ਉਸ ਸਿੱਖ ਨੇ ਬੜੀ ਸ਼ਰਧਾ ਸਹਿਤ ਸਾਰਾ ਵੇਰਵਾ ਵਰਨਣ ਕੀਤਾ। ਸਤਿਗੁਰੂ ਜੀ ਦਾ ਪਵਿਤਰ ਨਾਮ ਸੁਣ ਕੇ, ਪੰਡਤ ਆਪਣੇ ਅਹੰਕਾਰ ਦੇ ਅਧੀਨ ਫਿੱਕੇ ਬਚਨ ਬੋਲਣ ਲੱਗ ਪਿਆ। ਜਿਹਾ ਕਿ, ਇਕ ਸ਼੍ਰੀ ਕ੍ਰਿਸ਼ਨ ਜੀ ਹੋਏ ਹਨ ਜਿਨ੍ਹਾਂ ਨੇ ਗੀਤਾ ਉਚਾਰੀ ਹੈ। ਇਹਨਾਂ ਨਾਮ ਉਹਨਾਂ ਤੋਂ ਵੀ ਵੱਡਾ ਰਖਾ ਲਿਆ ਹੈ। ਤਾਂ ਮੰਨੀਏ ਜੇਕਰ ਇਹ ਉਸ ਗੀਤਾ ਦੇ ਅਰਥ ਹੀ ਕਰ ਦੇਣ ਆਦਿ…..।

270702_sri-krishan-delhi1.jpg (22119 bytes)ਸਿੱਖ ਨੇ ਪੰਡਤ ਜੀ ਦੇ ਅਹੰਕਾਰ ਭਰੇ ਬੋਲ ਸਤਿਗੁਰੂ ਜੀ ਤੱਕ ਪੁਚਾ ਦਿਤੇ। ਸਤਿਗੁਰੂ ਜੀ ਨੇ ਮੁਸਕਰਾ ਕੇ, ਪੰਡਤ ਜੀ ਨੂੰ ਸੱਦਣ ਦੀ ਆਗਿਆ ਕੀਤੀ। ਸਤਿਗੁਰੂ ਜੀ ਦਾ ਸੱਦਾ ਸੁਣ ਕੇ ਪੰਡਤ ਬੜੀ ਆਕੜ ਸਹਿਤ ਸਤਿਗੁਰੂ ਜੀ ਵੱਲ ਚੱਲ ਪਿਆ। ਬੜੀ ਸ਼ਾਨ ਸਹਿਤ ਧਾਰਮਕ ਚਿਨ੍ਹਾਂ ਨਾਲ਼ ਸਜਿਆ ਹੋਇਆ, ਸਮੇਤ ਗੀਤਾ ਦੇ ਕਈ ਗ੍ਰੰਥ ਚੁਕ ਕੇ ਤੁਰੇ ਜਾਂਦੇ ਪੰਡਤ ਜੀ ਨੂੂੰ ਵੇਖ ਕੇ, ਹੋਰ ਵਹੀਰ ਵੀ ਨਾਲ਼ ਹੋ ਤੁਰੀ। ਦਰਬਾਰ ਵਿਚ ਪੁੱਜਣ ਤੇ ਮ੍ਰਯਾਦਾ ਅਨੁਸਾਰ ਉਸਨੇ ਸਤਿਗੁਰੂ ਜੀ ਨੂੰ ਨਮਸ਼ਕਾਰ ਵੀ ਨਾ ਕੀਤੀ; ਇਹ ਜਾਣਕੇ ਕਿ ਉਹ ਵੱਡਾ ਵਿਦਵਾਨ ਇਕ ਬਾਲਕ ਅੱਗੇ ਕਿਉਂ ਝੁਕੇ। ਸਤਿਗੁਰੂ ਜੀ ਨੇ ਧੀਰਜ ਅਤੇ ਸਤਿਕਾਰ ਸਹਿਤ ਪੁਛਿਆ, "ਪੰਡਤ ਜੀ, ਕੀ ਆਪ ਜੀ ਗੀਤਾ ਦੇ ਅਰਥ ਸੁਣਨਾ ਚਾਹੁੰਦੇ ਹੋ?" "ਹਾਂ ਜੀ। ਮੈ ਗੀਤਾ ਦੇ ਅਰਥ ਸੁਣਨਾ ਚਾਹੁੰਦਾ ਹਾਂ ਕਿਉਂਕਿ ਤੁਸੀਂ ਸ਼੍ਰੀ ਹਰਿ ਕ੍ਰਿਸ਼ਨ ਅਖਵਾਉਂਦੇ ਹੋ ਤੇ ਗੀਤਾ ਸ਼੍ਰੀ ਕ੍ਰਿਸ਼ਨ ਜੀ ਨੇ ਉਚਾਰੀ ਹੈ। ਜੇ ਤੁਸੀਂ ਸੱਚੇ ਗੁਰੂ ਤੇ ਬ੍ਰਹਮ ਗਿਆਨ ਦੇ ਗਿਆਤਾ ਹੋ ਤਾਂ ਸੰਸਕ੍ਰਿਤ ਵਿਚ ਉਚਾਰੀ ਗੀਤਾ ਦੇ ਭਾਸ਼ਾ ਵਿਚ ਸ਼ਬਦ-ਅਰਥ ਤੇ ਭਾਵ-ਅਰਥ ਕਰਕੇ ਦੱਸੋ।"

ਸਤਿਗੁਰੂ ਜੀ ਦੇ ਇਹ ਆਖਣ ਤੇ ਕਿ ਜੇਕਰ ਅਸਾਂ ਅਰਥ ਕਰ ਦਿਤੇ ਤਾਂ ਤੁਸੀਂ ਸ਼ਾਇਦ ਸਮਝੋ ਕਿ ਕਿਸੇ ਪੰਡਤ ਪਾਸੋਂ ਸੁਣ ਕੇ ਕੰਠ ਕਰ ਲਏ ਹੋਣਗੇ। ਕਿਉਂਕਿ ਤੁਸੀਂ ਗੁਰੂ ਨਾਨਕ ਦੇ ਘਰ ਦੀ ਪ੍ਰੀਖਿਆ ਲੈਣੀ ਚਾਹੁੰਦੇ ਜੋ ਇਸ ਲਈ ਆਪਣੇ ਸ਼ਹਿਰ ਵਿਚੋਂ ਕੋਈ ਅਨਪੜ੍ਹ ਪੁਰਖ ਲੈ ਆਉ। ਗੁਰੂ ਨਾਨਕ ਜੀ ਦੀ ਕਿਰਪਾ ਸਦਕਾ ਉਹ ਵੀ ਗੀਤਾ ਦੇ ਅਰਥ ਕਰ ਦੇਵੇਗਾ।

ਕੁਝ ਝਿਜਕ ਪਿਛੋਂ ਪੰਡਤ ਜੀ ਦਰਬਾਰ ਵਿਚੋਂ ਚਲੇ ਗਏ ਤੇ ਇਕ ਗੁੰਗੇ ਤੇ ਬੋਲ਼ੇ ਪੁਰਸ਼, ਜਿਸਦਾ ਨਾਮ ਇਤਹਾਸ ਵਿਚ ਛੱਜੂ ਝੀਵਰ ਲਿਖਿਆ ਹੈ, ਨੂੰ ਲੈ ਕੇ ਮੁੜ ਆਏ। ਸਤਿਗੁਰੂ ਜੀ ਨੇ ਛੱਜੂ ਰਾਮ ਨੂੰ ਆਪਣੇ ਪਾਸ ਬਿਠਾ ਕੇ ਉਸਦੇ ਸਿਰ ਤੇ ਆਪਣੇ ਹੱਥ ਵਾਲ਼ੀ ਸੋਟੀ ਛੁਹਾ ਦਿਤੀ ਜਿਸ ਨਾਲ਼ ਛੱਜੂ ਰਾਮ ਦੇ ਕਪਾਟ ਖੁਲ੍ਹ ਗਏ ਅਤੇ ਉਸਨੂੰ ਪੂਰਨ ਗਿਆਨ ਪ੍ਰਾਪਤ ਹੋ ਗਿਆ। ਸਤਿਗੁਰੂ ਜੀ ਨੇ ਫੁਰਮਾਇਆ, "ਲਓ ਪੰਡਤ ਜੀ ਹੁਣ ਬੋਲੋ ਸਲੋਕ ਤੇ ਛੱਜੂ ਰਾਮ ਜੀ ਉਸ ਸਲੋਕ ਦੇ ਅਰਥ ਕਰਨਗੇ।" ਪੰਡਤ ਜੀ ਨੇ ਸਲੋਕ ਬੋਲਿਆ ਤਾਂ ਛੱਜੂ ਰਾਮ ਜੀ ਨੇ ਇਕ ਵਿਦਵਾਨ ਪੰਡਤ ਵਾਂਗ ਪਹਿਲਾਂ ਉਸਦਾ ਸ਼ਬਦ-ਅਰਥ ਤੇ ਫੇਰ ਭਾਵ-ਅਰਥ ਕਰਕੇ ਸੁਣਾਇਆ।

ਸਤਿਗੁਰੂ ਜੀ ਦੀ ਪ੍ਰਤੱਖ ਅਧਿਆਤਮਕ ਸ਼ਕਤੀ ਵੇਖ ਕੇ ਪੰਡਤ ਜੀ ਗੁਰੂ ਜੀ ਦੀ ਪੈਰੀਂ ਪੈ ਗਏ ਅਤੇ ਆਪਣੀ ਗਲਤੀ ਦੀ ਖਿਮਾ ਮੰਗੀ ਅਤੇ ਸੱਚੇ ਹਿਰਦੇ ਨਾਲ਼ ਪਸਚਾਤਾਪ ਕੀਤਾ। ਸਤਿਗੁਰੂ ਜੀ ਨੇ ਆਗਿਆ ਕੀਤੀ ਕਿ ਹਿਰਦੇ ਦੀ ਸਫਾਈ ਹਿਤ ਵਾਹਿਗੁਰੂ ਦਾ ਸਿਮਰਨ ਕਰੋ। ਨਿਮਰਤਾ ਵਾਸਤੇ ਮਨੁਖਤਾ ਦੀ ਸੇਵਾ ਕਰੋ ਅਤੇ ਅਹੰਕਾਰ ਅਤੇ ਮੋਹ ਦਾ ਤਿਆਗ ਕਰੋ।

ਪੰਡਤ ਜੀ ਨੇ ਸਿੱਖੀ ਧਾਰਨ ਕੀਤੀ। ਨਗਰ ਨਿਵਾਸੀ ਸਤਿਗੁਰੂ ਜੀ ਦੇ ਚਰਨੀ ਲੱਗੇ ਅਤੇ ਭਾਈ ਛੱਜੂ ਰਾਮ ਘਰ ਤਿਆਗ ਕੇ ਗੁਰੂ ਘਰ ਜੋਗਾ ਹੀ ਹੋ ਗਿਆ ਅਤੇ ਗੁਰੂ ਦੀ ਕਿਰਪਾ ਸਦਕਾ ਬ੍ਰਹਮ ਗਿਆਨੀ ਹੋ ਕੇ ਕਰਤਾਰ ਦਾ ਭਜਨ ਕਰਨ ਲੱਗਾ।

ਆਪਣੇ ਸਰੀਰਕ ਜਾਮੇ ਦੌਰਾਨ ਗੁਰੁ ਜੀ ਨੇ, ਗੁਰੂ ਨਾਨਕ ਪਾਤਸ਼ਾਹ ਵੱਲੋਂ ਚਲਾਈ ਹੋਈ ਮਨੁਖੀ ਉਧਾਰ ਦੀ ਪ੍ਰੰਪਰਾ ਨੂੰ, ਸਫ਼ਲਤਾ ਸਹਿਤ ਅਗੇ ਤੋਰਿਆ। ਸਿੱਖ ਸੰਗਤਾਂ ਦੀ ਦੋਹਾਂ ਹੀ ਖੇਤਰਾਂ ਵਿਚ ਸੁਚੱਜੀ ਅਗਵਾਈ ਕੀਤੀ। ਸਮੇ ਦੇ ਨਿਰਅੰਕਸ਼ ਅਤੇ ਅਤਿ ਜ਼ਾਲਮ ਹਾਕਮ, ਔਰੰਗਜ਼ੇਬ ਨਾਲ਼ ਜ਼ਾਤੀ ਰਸੂਖ਼ ਰੱਖਣ ਵਾਲ਼ੇ ਅਤੇ ਅਧਿਆਤਮਕ ਸ਼ਕਤੀਆਂ ਦੇ ਮਾਲਕ, ਆਪਣੇ ਵੱਡੇ ਭਰਾ, ਰਾਮ ਰਾਇ ਦੇ ਵਿਰੋਧ ਦਾ ਸਾਹਮਣਾ ਵੀ, ਆਪ ਜੀ ਨੇ ਬੜੀ ਧੀਰਜ ਨਾਲ਼ ਕੀਤਾ। ਸਮੇ ਦੀ ਸਰਕਾਰ ਨਾਲ਼ ਗਲਤ ਸਮਝੌਤਾ ਵੀ ਨਹੀ ਕੀਤਾ ਅਤੇ ਅਜਿਹੇ ਬਿਖੜੇ ਸਮੇ ਸਰਕਾਰ ਤੇ ਸਿੱਖਾਂ ਦਾ ਟਕਰਾ ਵੀ ਨਹੀ ਹੋਣ ਦਿਤਾ। ਜੇਕਰ "ਨਹਿ ਮਲੇਸ਼ ਕਉ ਦਰਸ਼ਨ ਦੇ ਹੈਂ॥" ਫੁਰਮਾਇਆ ਤਾਂ ਅੰਤ ਸਮੇ ਤੱਕ ਇਸ ਬਚਨ ਨੂੰ ਪੂਰਾ ਕੀਤਾ। ਔਰੰਗਜ਼ੇਬ ਦੀਆਂ ਕਈ ਚਾਲਾਂ ਦੇ ਬਾਵਜੂਦ ਵੀ ਉਸਦੇ ਮੱਥੇ ਨਹੀ ਲੱਗੇ।

ਆਪ ਜੀ ਦੇ ਦਿੱਲੀ ਨਿਵਾਸ ਦੌਰਾਨ ਮਹਾਂਮਾਰੀ ਚੇਚਕ ਫੈਲ ਗਈ। ਆਪ ਜੀ ਨੇ ਦੁਖੀ ਰੋਗੀਆਂ ਦੀ ਸਹਾਇਤਾ ਕੀਤੀ। ਅਜਿਹੀ ਸੇਵਾ ਅਤੇ ਸਹਾਇਤਾ ਕਰਦਿਆਂ ਹੋਇਆਂ ਆਪ ਜੀ ਦੇ ਸਰੀਰ ਤੇ ਵੀ ਇਸ ਬਿਮਾਰੀ ਨੇ ਵਾਰ ਕਰ ਦਿਤਾ। ਅੰਤ ਸਮੇ, ਸਿੱਖਾਂ ਦੇ ਬੇਨਤੀ ਕਰਨ ਤੇ, "ਬਾਬਾ ਬਕਾਲੇ॥ ਸੰਗਤ ਆਪ ਸੰਭਾਲੇ॥" ਵਾਲ਼ਾ ਬਚਨ ਕਰਕੇ, ਜੋਤੀ ਜੋਤ ਸਮਾ ਗਏ। ਆਪ ਜੀ ਕੁੱਲ 7 ਸਾਲ, 8 ਮਹੀਨੇ ਤੇ 26 ਦਿਨ, ਇਸ ਸੰਸਾਰ ਵਿਚ ਸੰਸਾਰੀ ਜੀਵਾਂ ਦਾ ਉਧਾਰ ਕਰਦੇ ਹੋਏ, "ਜਿਉ ਜਲ ਮਹਿ ਜਲ ਆਇ ਖਟਾਨਾ॥ ਤਿਉ ਜੋਤੀ ਸੰਗ ਜੋਤਿ ਸਮਾਨਾ॥" ਦੇ ਮਹਾਂਵਾਕ ਅਨੁਸਾਰ, ਪ੍ਰਭੂ ਵਿਚ ਅਭੇਦ ਹੋ ਗਏ।

ਸੰਤੋਖ ਸਿੰਘ, ਸਿਡਨੀ, ਆਸਟ੍ਰੇਲੀਆ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-2004, 5abi.com