150602_arjan-dev1.jpg (4664 bytes)ਗੁਰੂ ਅਰਜਨ ਦੇਵ ਜੀ ਦਾ ਭਾਣਾ-ਸਿਧਾਂਤ, ਸਪਿਰਿਟ ਤੇ ਸ਼ਹੀਦੀ
- ਡਾ. ਹਰਨਾਮ ਸਿੰਘ ਸ਼ਾਨ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਮੇਂ, ਉਨ੍ਹਾਂ ਦੀਆ ਹੇਠ ਲਿਖੀਆਂ ਮਹਾਨ ਤੁਕਾਂ ਨਾਲ ਸਮਾਪਤ ਹੁੰਦਾ ਸ਼ਬਦ ਦੇਸ ਪਰਦੇਸ ਸਜੇ ਹਰ ਦੀਵਾਨਾ ਵਿਚ ਸਭ ਤੋਂ ਵੱਧ ਗਾਇਆ, ਸੁਣਿਆ ਤੇ ਸੁਣਾਇਆ ਜਾਂਦਾ ਹੈ:

ਤੇਰਾ ਕੀਆ ਮੀਠਾ ਲਾਗੇ,
ਹਰਿ ਨਾਮ ਪਦਾਰਥੁ ਨਾਨਕੁ ਮਾਂਗੇ।

ਇਹ ਤੁਕਾਂ ਉਨ੍ਹਾਂ ਦੇ ਪਹਿਲੇ ਪਾਵਨ ਸਰੂਪ, ਗੁਰੂ ਨਾਨਕ ਦੇਵ ਜੀ, ਦੇ ਆਪੇ ਉਠਾਏ ਉਸ ਬੁਨਿਆਦੀ ਸਵਾਲ ਦੇ ਆਪੇ ਦਿੱਤੇ ਉਸ ਦੋ ਟੁਕ ਸਵਾਬ ਦਾ ਅਮਲੀ ਤੇ ਸਿਖਰੀ ਰੂਪ ਪਰਗਟ ਕਰਦੀਆਂ ਹਨ ਜੋ ਉਨ੍ਹਾਂ ਦੇ ਸ਼ਾਹਕਾਰ, 'ਜਪੁਜੀ', ਦੀ ਪਹਿਲ ਪਉੜੀ ਵਿਚ ਇਉਂ ਅੰਕਿਤ ਹੈ:

ਕਿਵ ਸਚਿਆਰਾ ਹੋਇਐ,
ਕਿਵ ਕੂਵੇ ਤੁਟੈ ਪਾਲਿ?
ਹੁਕਮਿ ਰਜਾਈ ਚਲਣਾ,
ਨਾਨਕ ਲਿਖਿਆ ਨਾਲਿ।

ਇਹ ਸਬਰ ਸ਼ੁਕਰ ਅਤੇ ਰਾਜ਼ੀ ਬਰ ਰਜ਼ਾ ਰਹਿਣ ਵਾਲੇ ਜੀਵਨ ਲਈ ਦਿਤੇ ਗਏ ਉਸ ਉਪਦੇਸ਼ ਦੀਆਂ ਵੀ ਸੂਚਕ ਹਨ ਜੋ ਜਗਤ ਗੁਰੂ ਨੇ ਆਪਣਾ ਜਗ ਨਿਸਤਾਰੇ ਦਾ ਪ੍ਰੋਗਰਾਮ ਆਰੰਭਣ ਤੋਂ ਪਹਿਲਾਂ ਸੁਲਤਾਨਪੁਰ ਦੇ ਕਾਜ਼ੀ ਦੀ ਪੁੱਛ ਦੇ ਜਵਾਬ ਵਿਚ ਇਉਂ ਪਰਗਟ ਕੀਤਾ ਸੀ:

ਰਬ ਕੀ ਰਜਾਇ ਮੰਨੇ ਸਿਰ ਉਪਰਿ,
ਕਰਤਾ ਮੰਨੇ ਆਪੁ ਗਵਾਵੇ।

ਅਰਥਾਤ: ਅਸਲੀ ਮੁਸਲਮਾਨ ਜਾਂ ਇਨਸਾਨ ਉਹ ਹੈ ਜੋ ਰੱਬ ਦੀ ਰਜ਼ਾ ਨੂੰ ਸਿਰ ਮੱਥੇ ਮੰਨੇ, ਉਸ ਦੇ ਭਾਣੇ ਉਤੇ ਸ਼ਾਕਰ ਰਹੇ ਅਤੇ ਆਪਣੀ ਹਉਮੈ ਨੂੰ ਛਿੱਕੇ ਟੰਗ ਕੇ, ਕੇਵਲ ਰੱਬ ਨੂੰ ਹੀ ਹਰ ਸਥਾਨ ਤੇ ਸਥਿਤੀ ਵਿਚ ਕਰਨ ਕਰਾਵਨਹਾਰ ਪਰਵਾਨ ਕਰੇ'। ਭਾਣਾ ਮੰਨਣ ਦਾ ਮਤਲਬ ਹੀ ਅਕਾਲਪੁਰਖ ਦੇ ਹੁਕਮ ਜਾਂ ਰਜ਼ਾ ਨੂੰ ਆਪਣੀ ਇੱਛਾ ਜਾਂ ਮਰਜ਼ੀ ਤੋਂ ਉਪਰ ਤੇ ਵਿਆਪਕ ਜਾਣ ਕੇ, ਉਸ ਸਾਹਮਣੇ ਆਪਣਾ ਸਿਰ ਨਿਵਾਉਣਾ ਹੈ।

150602_arjan-dev2.jpg (11974 bytes)ਗੁਰੂ ਸਾਹਿਬਾਨ ਦਾ ਤਾਂ ਇਹ ਅੱਟਲ ਵਿਸ਼ਵਾਸ ਸੀ ਕਿ ਸੰਸਾਰ ਦਾ ਸਾਰਾ ਸਿਲਸਿਲਾ ਕੇਵਲ ਪ੍ਰਭੂ ਦੇ ਹੀ ਹੁਕਮ ਜਾਂ ਭਾਣੇ ਅਨੁਸਾਰ ਚਲ ਰਿਹਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਵੀ ਪੱਕਾ ਯਕੀਨ ਸੀ ਕਿ ਮਨੁੱਖ ਲਈ ਪ੍ਰਭੂ ਦੇ ਇਸ ਭਾਣੇ ਨੂੰ ਸਿਰ ਮੱਥੇ ਮੰਨਦੇ ਰਹਿਣ ਵਿਚ ਹੀ ਸੁਖ ਤੇ ਸ਼ਾਂਤੀ ਹੈ ਅਤੇ ਇਸ ਨੂੰ ਨਾ ਮੰਨਣ ਜਾਂ ਉਲੰਘਣ ਦਾ ਯਤਨ ਕਰਨ ਵਿਚ ਦੁੱਖ ਤੇ ਅਸ਼ਾਂਤੀ ਹੈ। ਪਰ ਭਾਣਾ ਮੰਨਣ ਲਈ ਲੋੜੀਂਦੀ ਹਿੰਮਤ ਤੇ ਅਟਕਲ ਵੀ ਆਪਣੀ ਚਤੁਰਾਈ ਦੀ ਥਾਂ, ਅਕਾਲ ਪੁਰਖ ਦੀ ਮਿਹਰ ਸਕਦੇ ਹੀ ਪ੍ਰਾਪਤ ਹੁੰਦੀ ਹੈ।

ਪਰੰਤੂ ਇਹ ਤੁਕਾਂ ਅਜਿਹੇ ਸਿਧਾਂਤ ਦੀਆਂ ਸੂਚਿਤ ਹੋਣ ਤੋਂ ਛੁਟ, ਇਕ ਅਦੁੱਤੀ ਜੀਵਨ ਤੇ ਉਸ ਦੀ ਅਮਰ ਸ਼ਹੀਦੀ, ਇਕ ਇਨਕਲਾਬੀ, ਪ੍ਰੋਗਰਾਮ ਤੇ ਉਸ ਦੇ ਵਚਿੱਤਰ ਇਤਿਹਾਸ ਦੀਆਂ ਵੀ ਲਖਾਇਕ ਹਨ। ਪੰਜਵੀਂ ਨਾਨਕ ਜੋਤਿ, ਗੁਰੂ ਅਰਜਨ ਦੇਵ ਜੀ ਦੀ ਤਾਂ ਸਾਰੀ ਜ਼ਿੰਦਗੀ ਹੀ ਅਜਿਹੇ ਭਾਣਾ ਸਿਧਾਂਤ ਦਾ ਇਕ ਅਰਥ ਤੇ ਅਦੁੱਤੀ ਪ੍ਰਗਟਾਓ ਹੈ। ਉਸ ਦੀ ਅੰਤਮ ਤੇ ਹਿਦਾਵੇਧਕ ਘਟਨਾ, ਇਸ ਅਪੂਰਵ ਬਿਰਤੀ ਤੇ ਸਿਧਾਂਤ ਦੀ ਮਾਨੋ ਸਿਖਰ ਹੈ। ਕਮਾਲ ਇਹ ਹੈ ਕਿ ਉਸ ਵਿਚ ਇਸ ਦੀ ਪ੍ਰਾਪਤੀ ਤੇ ਪ੍ਰਗਟਾਓ ਕੇਵਲ ਭਾਣਾ ਮੰਨਣ ਤਕ ਹੀ ਸੀਮਿਤ ਨਹੀਂ ਰਿਹਾ। ਇਹ ਤਾਂ ਸਗੋਂ ਉਨ੍ਹਾਂ ਦੇ ਇਸ ਵਿਸ਼ਵਾਸ ਦਾ ਵੀ ਮੁਜੱਸਮ ਬਣ ਗਿਆ:

ਤੇਰਾ ਕੀਤਾ ਜਿਸ ਲਾਗੇ ਮੀਠਾ,
ਘਟ ਘਟ ਪਾਰਬ੍ਰਹਮ ਤਿੰਨ ਜਨ ਡੀਠਾ।

ਰੱਬ ਦੇ ਭਾਣੇ ਨੂੰ ਇਉਂ ਮਿੱਠਾ ਕਰ ਮੰਨਣਾ, ਉਸ ਦੀ ਹਰ ਰਜ਼ਾ ਉਤੇ ਚਾਈਂ ਚਾਈਂ ਰਾਜ਼ੀ ਰਹਿਣਾ ਅਤੇ ਹਰ ਦੁੱਖ ਤਕਲੀਫ ਨੂੰ ਖਿੜੇ ਮੱਥੇ ਸਹਿੰਦਿਆਂ ਇਉ ਗਾਉਂਦੇ ਜਾਣਾ ਦੁੱਖਾਂ ਵਿਚ ਪੀੜਿਤ ਮਨੁੱਖਤਾ ਨੂੰ ਗੁਰੂ ਅਰਜਨ ਦੇਵ ਜੀ ਦੀ ਖੁਦ ਆਪ ਕਮਾਅ-ਅਜ਼ਮਾਅ ਦੇ ਦੱਸੀ ਹੋਈ ਸਭ ਤੋਂ ਵੱਡੀ ਤੇ ਵਧੀਆ ਜੀਵਨ ਜਾਂਚ ਹੈ।

ਮੀਤ ਕਰੇ ਸੋਈ ਹਮ ਮਾਨਾ,
ਮੀਤ ਕੇ ਕਰਤਬ ਕੁਸਲ ਸਮਾਨਾ।

ਹੋਰ ਤਾਂ ਹੋਰ, ਉਨ੍ਹਾਂ ਦੇ ਆਪਣੇ ਵੱਡੇ ਭਰਾ, ਬਾਬਾ ਪ੍ਰਿਥੀ ਚੰਦ ਨੇ ਵੀ ਉਨ੍ਹਾਂ ਨੂੰ ਜਿੱਚ ਤੇ ਦਿਕ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਜੋ ਮੀਣੇ ਤੇ ਈਰਖਾਲੂ ਮਨੁਖ ਆਪਣੇ ਗੁਰੂ ਪਿਤਾ, ਗੁਰੂ ਰਾਮਦਾਸ ਜੀ ਨੂੰ ਵੀ ਉਨ੍ਹਾਂ ਦੇ ਜੀਉਂਦੇ ਜੀਅ ਬੇਹੱਦ ਤੰਗ ਕਰਦੇ ਰਹੇ, ਉਹ ੳਨ੍ਹਾਂ ਦੇ ਜੋਤੀ ਜੋਤਿ ਸਮਾਉਣ ਪਿਛੋਂ ਆਪਣੇ ਇਸ ਨਿੱਕੇ ਤੇ ਨਿਰਮਾਣ ਗੁਰੂ ਭਰਾ ਦੇ ਵੀ ਕਿੰਨੇ ਕੁ ਹਮਦਰਦ ਤੇ ਮਦਦਗਾਰ ਹੋ ਸਕਦੇ ਸਨ? ਉਨ੍ਹਾਂ ਨੇ ਗੁਰੂ ਘਰ ਦੇ ਦੋਖੀਆਂ, ਮਸੰਦਾਂ ਤੇ ਸਰਕਾਰੀ ਕਰਮਚਾਰੀਆਂ ਨਾਲ ਮਿਲ ਕੇ ਜੋ ਜੋ ਸ਼ਰਾਰਤਾਂ, ਸਾਜਸ਼ਾਂ ਤੇ ਨਾਕਾਬੰਦੀਆਂ ਕੀਤੀਆਂ, ਉਨ੍ਹਾਂ ਦਾ ਬਿਆਨ ਮਨੁੱਖੀ ਹਿਰਦੇ ਨੂੰ ਕੰਬਾਅ ਦਿੰਦਾ ਹੈ ਪਰ ਪੰਜਵੇਂ ਪਾਤਸ਼ਾਹ ਤੋੜ ਤਕ ਅਡੋਲ ਤੇ ਸ਼ਾਤ ਚਿਤ ਰਹੇ ਅਤੇ ਬੜੇ ਬਿਖੜੇ ਹਾਲਾਤ ਵਿਚ ਵੀ ਹਰੀ ਸਿਮਰਨ ਤੇ ਲੋਕ ਸੇਵਾ ਵਿਚ ਰੁਝੇ ਹੋਏ ਅਤੇ ਸਬਰ ਤੇ ਸ਼ੁਕਰ ਨਾਲ ਮਘੇ ਹੋਏ, ਮਾਨੋ ਉੱਚੀ ਹੇਕ ਲਾ ਕੇ ਐਲਨੀਆਂ ਗਾਉਂਦੇ ਰਹੇ:

ਨਾ ਕੇ ਬੈਰੀ ਨਾਹੀ ਬਿਗਾਨਾ,
ਸਗਲ ਸੰਗਿ ਹਮ ਕਿਉ ਬਨਿ ਆਈ।
ਜੋ ਪ੍ਰਭੂ ਕੀਨੋ ਸੋ ਭਲ ਮਾਨਿਓ,
ਇਹ ਸੁਮਤਿ ਸਾਧੂ ਤੇ ਪਾਈ।

ਸਰਕਾਰੀ ਹਾਕਮ, ਸੁਲਹੀ ਖਾਨ ਤੇ ਸੁਲਭੀ ਖਾਨ, ਹੱਲਾ ਕਰਨ ਆਏ, ਪਰ ਸਤਿਗੁਰੂ ਅਕਾਲ ਪੁਰਖ ਉਤੇ ਟੇਕ ਰਖਦਿਆਂ ਤੇ ਚੜ੍ਹਦੀ ਕਲਾ ਵਿਚ ਵਿਚਰਦਿਆਂ, ਉਨ੍ਹਾਂ ਦੀ ਨਾਕਾਮੀ ਉਤੇ ਰੱਬੀ ਮਿਹਰ ਦੇ ਸੋਹਲੇ ਗਾਉਂਦੇ ਰਹੇ। ਮੀਣਿਆਂ ਦੀ ਗੁਪਤ ਗੋਂਦ ਅਕਬਰ ਬਾਦਸ਼ਾਹ ਦੇ ਹਜ਼ੂਰ ਮਹਜਰ, ਭਾਵ ਸ਼ਿਕਾਇਤਨਾਮੇ, ਦੇ ਰੂਪ ਵਿਚ ਪੇਸ਼ ਹੋਈ। ਦੂਤੀਆਂ ਨੇ ਆਪਣੇ ਵਲੋਂ ਪੂਰਾ ਟਿਲ ਲਾਇਆ ਪਰ ਸਚ ਨਿਆਂ ਦੀ ਜਿੱਤ ਹੋਈ ਅਤੇ ਸਾਬਰ ਤੇ ਸ਼ਾਕਰ ਸਤਿਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਫਰਮਾਇਆ:

ਮਹਜਰ ਝੂਠਾ ਕੀਤੋਨੁ ਆਪਿ
ਪਾਪੀ ਕਉ ਲਾਗਾ ਸੰਤਾਪੁ।
ਜਿਸਹਿ ਸਹਾਈ ਗੋਬਿੰਦੂ ਮੇਰਾ,
ਤਿਸ ਕਿਉ ਜਮੁ ਨਹੀਂ ਆਵੇ ਨੇਰਾ।

ਅਕਬਰ ਦੇ ਇਕ ਉੱਘੇ ਵਜ਼ੀਰ ਬੀਰਬਲ ਨੇ ਹਮਲਾ ਕਰਨ ਦੀ ਧਮਕੀ ਦਿਤੀ। ਉਸ ਦੇ ਕੂਚ ਏਲਾਨ ਦੇ ਜਵਾਬ ਵਿਚ ਆਪਣੇ ਆਪ ਨੂੰ ਗੁਸਾਈ ਦਾ ਪਹਿਲਵਾਨੜਾ ਕਹਿਣ ਵਾਲੇ ਗੁਰੂ ਅਰਜਨ ਸਾਹਿਬ ਨੇ ਐਲ਼ਾਨਿਆ ਆਖਿਆ:

ਹੁਣ ਹੁਕਮੁ ਹੋਆ ਮਿਹਰਵਾਣ ਦਾ,
ਪੈ ਕੋਇ ਨਾ ਕਿਸੇ ਰਵਾਣ ਦਾ,
ਸਭ ਸੁਖਾਲੀ ਵੁਠੀਆ,
ਇਹ ਹੋਆ ਹਲੇਮੀ ਰਾਜੁ ਜੀਓ।

ਆਖਰ ਜਹਾਂਗੀਰ ਬਾਦਸ਼ਾਹ ਨੇ ਖੁਦ ਆਪਣੇ ਲ਼ਿਖਤੀ ਬਿਆਨ ਅਨੁਸਾਰ ਉਨ੍ਹਾਂ ਦੀ 'ਦੁਕਾਨੇ ਬਾਤਲ' (ਭਾਵ ਗੁਰਮੁਖੀ) ਨੂੰ ਬੰਦ ਕਰਨ ਲਈ ਉਨ੍ਹਾਂ ਨੂੰ ਇਸਲਾਮ ਦੇ ਘੇਰੇ ਵਿਚ ਲਿਆਣ ਅਤੇ ਨਾ ਮੰਨਣ ਦੀ ਸੂਰਤ ਵਿਚ 'ਯਾਸਾ' ਦੇ ਵਿਧਾਨ ਮੂਜਬ, ਤਸੀਹੇ ਦੇ ਕੇ ਮਾਰ ਮੁਕਾਉਣ ਦਾ ਹੁਕਮ ਵੀ ਜਾਰੀ ਕਰ ਦਿਤਾ। ਸਤਿਗੁਰੂ ਨੇ ਸ਼ਾਹੀ ਹੁਕਮ ਮਿਲਦਿਆਂ ਹੀ ਭਾਈ ਕੇਸਰ ਸਿੰਘ ਛਿੱਬਰ ਦੇ ਲਫਜ਼ਾਂ ਵਿਚ ਭਾਈ ਗੁਰਦਾਸ ਨੂੰ ਬੈਠ ਸਮਝਾਇਆ:

'ਸਾਡਾ ਲਗੇਗਾ ਸੀਸ,
ਇਹ ਨਿਸਚਾ ਆਇਆ।
ਸਰੀਰ ਹੈ ਛੁਟਣਾ, ਸੰਸਾ ਨਹੀਂ ਕੋਈ,
ਰਜਾਇ ਖਾਵੰਦ ਦੀ ਹੈ, ਇਸ ਤਰ੍ਹਾਂ ਹੋਈ।

ਰੱਬ ਦੀ ਇਸ ਰਜ਼ਾ ਨੂੰ ਵੀ, ਬਿਨਾਂ ਕਿਸੇ ਹੀਲ ਹੁੱਜਤ ਇਉਂ ਖਿੜੇ ਮੱਥੇ ਪ੍ਰਵਾਨ ਕਰਦਿਆਂ ਜਾਬਰ ਤੇ ਜਾਲਮ ਸਰਕਾਰ ਦੀ ਕੋਈ ਵੀ ਈਨ ਨਾ ਮੰਨਦਿਆਂ ਹਰੀ ਸਿਮਰਨ ਵਿਚ ਲੀਨ ਲਗਾਤਾਰ ਕਈ ਦਿਨ ਅਸਹ ਤੇ ਅਕਹਿ ਕਸ਼ਟ ਝਲਦਿਆਂ ਅਤੇ 'ਤੇਰਾ ਕੀਆ ਮੀਠਾ ਲਾਗੇ ਹਰਿਨਾਮੁ ਪਦਾਰਥੁ ਨਾਨਕ ਮਾਂਗੇ' ਦੀ ਧੁਨ ਉਚਾਰਦਿਆਂ ਅੱਜ ਦੇ ਦਿਨ 386 ਕੁ ਵਰ੍ਹੇ ਪਹਿਲਾਂ ਆਖਰੀ ਦਮ ਤਕ ਚੜ੍ਹਦੀ ਕਲਾ ਵਿਚ ਵਿਚਰਦਿਆਂ ਵਾਹਿਗੁਰੂ ਨੂੰ ਚਿਤਾਰਦਿਆਂ ਅਤੇ ਮਾਨਵੀ ਹਿਤਾਂ ਦੀ ਜੈ ਜੈ ਕਾਰ ਬੁਲਾਉਂਦਿਆ, 1606 ਵਿਚ ਸਹੀਦ ਹੋ ਗਏ।

ਇਨਸਾਨੀ ਅਕਲ ਇਹ ਸੋਚਣ ਲਗਿਆਂ ਹੈਰਾਨ ਹੋ ਜਾਂਦੀ ਹੈ ਕਿ ਸ਼ਹੀਦਾਂ ਦੇ 'ਅਜਿਹੇ ਸਿਰਤਾਜ ਵਲੋਂ ਸਿਖ ਧਰਮ ਨੂੰ 'ਅਹਿਲੇ ਕਿਤਾਬ' ਬਣਾਉਣ ਲਈ ਗੁਰੂ ਗ੍ਰੰਥ ਸਾਹਿਬ ਦੀ ਤਿਆਰ, 'ਅਹਿਲੇ ਮਕਾਮ' ਬਣਾਉਣ ਲਈ 'ਅੰਮ੍ਰਿਤਸਰ' ਦੀ ਉਸਾਰੀ ਅਤੇ 'ਅਹਿਲੇ ਸ਼ਮਸ਼ੀਰ' ਬਣਾਉਣ ਲਈ ਮੁਰਤਿ ਹਰਿ ਗੋਬਿੰਦ ਸੰਵਾਰੀ' ਵਰਗੇ ਨਿੱਗਰ ਤੇ ਯਾਦਗਾਰੀ ਕੰਮ ਬਿਖੜੇ ਤੇ ਨਿਰਦਈ ਹਾਲਾਤ ਵਿਚ ਹੀ ਹੁੰਦੇ ਰਹੇ ਸਨ.....ਹਾਂ, ਅਜਿਹੇ ਹਾਲਾਤ ਵਿਚ ਜਦੋਂ ਇਕਲੌਤੇ ਤੇ ਸਾਹਿਕ ਸਹਿਕੀਵੇਂ ਪੁੱਤਰ ਦੀ ਜਾਨ ਨੂੰ ਕਦੇ ਤਾਪ, ਕਦੇ ਸੀਤਲਾ ਤੇਕਦੇ ਤਾਇਆ ਜੀ ਚੰਬੜੇ ਰਹੇ, ਜਦੋਂ ਸਰੀਕੇ ਦੀ ਨਾਕਾਬੰਦੀ ਕਾਰਨ, ਲੰਗਰ ਮਸਤਾਨੇ ਤੇ ਕਰਿਤਨਈਏ ਬੇਸੂਕਰੇ ਰਹੇ। ਜਦੋਂ ਸਰਕਾਰੀ ਹਾਕਾਮ ਨਿੱਤ ਨਵੀਆਂ ਰਿਕਤਾਂ ਛੇੜਦੇ ਤੇ ਕਾਫੀਆ ਤੰਗ ਕਰਦੇ ਰਹੇ, ਜਦੋਂ ਕਹਿਤ ਤੇ ਵਬਾ ਦੇ ਸ਼ਿਕਾਰ ਲਾਹੌਰ ਵਿਚ ਉਹ ਪਰਵਾਰ ਸਹਿਤ ਮਹੀਨਿਆਂਬੱਧੀ ਲੋਕ ਸੇਵਾ ਲਈ ਜੂਝਦੇ ਰਹੇ। ਹੋਰ ਤਾਂ ਹੋਰ ਛੇਹਰਟਾ, ਤਰਨ ਤਾਰਨ ਤੇ ਕਰਤਾਰਪੁਰ ਦੀ ਨਵ ਉਸਾਰੀ ਵੀ ਉਸੇ ਸਥਿਤੀ ਦੀ ਉਪਜ ਤੇ ਇਸੇ ਬਿਰਤੀ ਦੇ ਹੀ ਯਾਦਗਾਰੀ ਚਮਤਕਾਰ ਹਨ। ਲੱਖਾਂ ਕਰੋੜਾਂ ਨੂੰ ਰਹਿੰਦੀ ਦੁਨੀਆ ਤਕ ਸੁਖ ਪਹੁੰਚਾਉਣ, ਤਪੀਆਂ ਆਤਮਾਵਾਂ ਨੂੰ ਠੰਢ ਪਹੁੰਚਾਉਣ ਦੀ ਸਮਰਥਾ ਰੱਖਣ ਵਾਲੀ ਸੁਖਮਨੀ ਵੀ ਉਸ ਸਮੇਂ ਅਤੇ ਵਿਅਕਤੀ ਦੀ ਦੇਣ ਹੈ ਜੋ ਇਨ੍ਹਾਂ ਸਭ ਵਿਰੋਧੀ ਸ਼ਕਤੀਆਂ ਨਾਲ ਟੱਕਰ ਲੈਂਦੀ ਹੋਈ ਆਪਣੇ ਸਿਧਾਂਤ, ਆਦਰਸ਼ ਤੇ ਵਿਸ਼ਵਾਸ ਨੂੰ ਆਪਣੇ ਹਿਰਦੇ ਦੀਆਂ ਡੂੰਘਾਈਆਂ ਵਿਚੋਂ ਗਾਉਂਦੀ ਤੇ ਸੁਣਾਉਂਦੀ ਰਹੀ ਹੈ।

ਅਜਿਹੇ ਔਕੇ ਤੇ ਅਜ਼ਮਾਇਸ਼ੀ ਹਾਲਾਤ ਵਿਚ ਅਜਿਹੀ ਰੁਚੀ ਤੇ ਦ੍ਰਿਸ਼ਟੀ ਉਹੀਓ ਮਹਾਂਪੁਰਖ ਰਖ ਸਕਦਾ ਹੈ ਜਿਸ ਦੇ ਦਿਲ ਵਿਚ ਅਕਾਲ ਪੁਰਖ ਦੀ ਹੋਂਦ ਤੇ ਮਿਹਰ ਉਤੇ ਪੂਰਨ ਭਰੋਸਾ ਹੋਵੇ। ਜੋ ਉਸ ਦੇ ਭੈ ਭਾਉ ਤੇ ਰਜ਼ਾ ਵਿਚ ਰਾਜ਼ੀ ਰਹਿਣ ਲਈ ਦ੍ਰਿੜ ਹੋਵੇ ਅਤੇ ਉਸ ਦ੍ਰਿੜ੍ਹਤਾ ਸਦਕੇ ਨਿਰਭੈ ਹੋ ਕੇ ਲਿਖੇ ਅਤੇ ਜੋ ਅਜਿਹੇ ਨਿਸ਼ਚੇ ਤੇ ਬਿਰਤੀ ਕਾਰਨ ਆਲਹਾ ਦਰਜੇ ਦੀ ਮਾਨਵ ਸੇਵਾ ਤੇ ਚੜ੍ਹਦੀ ਕਲਾ ਦੀ ਲਗਨ ਨਾਲ ਵੀ ਓਤਪੋਤ ਹੋਵੇ, ਤੇ ਰੱਬ ਜੀ ਨੂੰ ਦੋਵੇਂ ਹੱਥ ਜੋੜ ਕੇ ਇਹ ਵੀ ਆਖ ਸਕੇ:

ਜੋ ਤੁਧੁ ਭਾਵੈ ਸੋ ਭਲਾ, ਪਿਆਰੇ!
ਤੇਰੀ ਅਮਰੁ ਰਜਾਇ।

ਜੋ ਤੱਤੀ ਤਵੀ ਉਤੇ ਬਿਠਾਏ ਹੋਇਆਂ ਅਤੇ ਸੀਸ ਉਤੇ ਭਕਦੇ ਰੇਤੇ ਪੁਆਂਦੇ ਹੋਇਆਂ ਵੀ ਆਪਣੇ ਸਿਧਾਂਤ ਤੇ ਵਿਸ਼ਵਾਸ ਉਤੇ ਦ੍ਰਿੜ੍ਹ ਰਹਿੰਦਿਆ, ਅਮਲੀ ਤੌਰ ਤੇ ਇਹ ਵੀ ਦਰਸਾਅ ਸਕੇ।

ਗੁਰੂ ਅਰਜਨ ਦੇਵ ਜੀ ਦੀ ਅਜਿਹੀ ਸੇਵਾ, ਸਿਧਾਂਤ, ਲਗਨ ਤੇ ਸਹੀਦੀ ਨੇ ਹੀ ਇਸ ਮਕੂਲੇ ਨੂੰ ਅਮਲੀ ਤੌਰ ਤੇ ਸੱਚ ਕਰ ਵਿਖਾਇਆ ਹੈ:

ਸ਼ਹੀਦ ਕੀ ਜੋ ਮੌਤ ਹੈ,
ਵੋਹ ਕੌਮ ਕੀ ਹਯਾਤ ਹੈ,
ਹਯਾਤ ਭੀ ਹਯਾਤ ਹੈ,
ਔਰ ਮੌਤ ਭੀ ਹਯਾਤ ਹੈ।

ਉਨ੍ਹਾਂ ਦੀ ਇਹੋ ਸੇਵਾ ਤੇ ਲਗਨ ਮਗਰਲਿਆਂ ਗੁਰੂ ਜੋਤਾਂ ਤੇ ਸਮੁੱਚੀ ਗੁਰਮਿੱਖੀ ਵਿਚ ਵੀ ਪਸਰ ਗਈ ਜਿਸ ਦੇ ਫਲਸਰੂਪ ਸਾਰਾ ਕੌਮੀ ਜੀਵਨ ਤੇ ਸਿਖੀ ਆਚਰਨ, ਉਨ੍ਹਾਂ ਦੇ ਬੀਰ ਸਪੁੱਤਰ ਪੋਤੇ ਅਤੇ ਪੜਪੋਤੇ ਜੀ ਦੀ ਸੁਘੜ ਅਗਵਾਈ ਤੇ ਬੇਜੋੜ ਕੁਰਬਾਨੀਆਂ ਸਦਕੇ, ਉਸੇ ਸਾਂਚੇ ਵਿਚ ਢਲੀਣ ਲੱਗ ਪਿਆ। ਮਗਰਲੇ ਸਿੱਖ ਇਤਿਹਾਸ ਤੇ ਉਸ ਦੀਆਂ ਸੁਨਹਿਰੀ ਰਵਾਇਤਾਂ ਪਿਛੇ ਵੀ ਗੁਰੂ ਅਰਜਨ ਦੇਵ ਜੀ ਦਾ ਇਹੋ ਅਨੂਠਾ ਸਿਧਾਂਤ, ਅਦੁੱਤੀ ਲਗਨ, ਮਹਾਨ ਸੇਵਾ ਤੇ ਬੇਮਿਸਾਲ ਸ਼ਹੀਦੀ ਹੀ ਕੰਮ ਕਰ ਰਹੀ ਜਾਪਦੀ ਹੈ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-2004, 5abi.com