ਪਦਾਰਥ
ਬਨਾਮ ਚੇਤੰਨਤਾ
- ਬਲਬੀਰ ਨਿਮਾਣਾ
ਇਹ ਜਗਤ ਰਚਨਾ ਰਹੱਸਮਈ,
ਅਲੌਕਿਕ ਤੇ ਵਿਸਮਾਦਜਨਕ ਹੈ। ਜੜ੍ਹ-ਚੇਤੰਨ, ਪਦਾਰਥ-ਊਰਜਾ, ਸਜੀਵ-ਨਿਰਜੀਵ,
ਪੁਰਸ਼-ਪ੍ਰਕਿਰਤੀ, ਸ਼ਿਵ-ਸ਼ਕਤੀ ਦੇ ਸੁਮੇਲ ਦਾ ਨਜ਼ਾਰਾ ਪ੍ਰਗਟ ਹੋ ਰਿਹਾ ਹੈ। ਪਰਮ-ਚੇਤੰਨਤਾ
ਹੀ ਅਸੰਖ ਭਿੰਨਤਾਵਾਂ ਵਿਚ ਪ੍ਰਗਟ ਹੋ ਰਹੀ ਹੈ। ਪ੍ਰਿਥਵੀ ਉਪਰ ਹੋ ਰਹੀਆਂ ਹਰ ਪ੍ਰਕਾਰ
ਦੀਆਂ ਘਟਨਾਵਾਂ, ਕਿਰਿਆਵਾਂ ਅਤੇ ਸੂਰਜਾਂ, ਸੂਰਜ-ਮੰਡਲਾਂ, ਆਕਾਸ਼-ਗੰਗਾਵਾਂ ਤੇ ਅਸੰਖ
ਆਕਾਸ਼-ਗੰਗਾਵਾਂ ਦੇ ਝੁੰਡਾਂ-ਦਾਇਰਿਆਂ ਵਿਚ, ਪਰਮ-ਚੇਤੰਨਤਾ ਦਾ ਨਾਚ-ਮੇਲਾ ਚੱਲ ਰਿਹਾ ਹੈ।
ਪਦਾਰਥ ਦੇ ਭੌਤਿਕ ਨਿਯਮਾਂ ਮੁਤਾਬਕ -
ਇਹ ਪਦਾਰਥ ਕੁਚਾਲਕ, ਸੁਚਾਲਕ, ਅਰਧ-ਚਾਲਕ, ਅਤੀ-ਚਾਲਕ, ਪਰਮ-ਚਾਲਕ ਵੱਖਰੇ ਰੂਪਾਂ ਦੁਆਰਾ
ਕਿਰਿਆਸ਼ੀਲ ਹੈ। ਪਦਾਰਥ ਵਿਚ ਊਰਜਾ ਦੇ ਭਿੰਨ-ਰੂਪਾਂ (ਤਾਪ, ਆਵਾਜ਼, ਬਿਜਲੀ, ਚੁੰਬਕਤਾ,
ਪ੍ਰਕਾਸ਼ ਆਦਿ) ਦੇ ਵਿਚਰਨ (ਪਾਸ) ਹੋਣ 'ਤੇ, ਜੋ ਅੰਤਰ-ਵਿਰੋਧ ਪ੍ਰਗਟ ਹੁੰਦਾ ਹੈ, ਉਸ
ਵਿਰੋਧ ਤੋਂ ਹੀ ਪਦਾਰਥ ਦੇ ਗੁਣਾਂ ਦੀ ਵਰਗ-ਵੰਡ ਹੁੰਦੀ ਹੈ। ਜਿਸ ਪਦਾਰਥ ਵਿਚੋਂ ਊਰਜਾ
ਦੀ ਧਾਰਾ ਪਾਸ ਨਹੀਂ ਹੁੰਦੀ, ਉਸ ਨੂੰ ਕੁਚਾਲਕ ਕਹਿੰਦੇ ਹਨ; ਜਿਸ ਪਦਾਰਥ ਵਿਚੋਂ ਊਰਜਾ ਦੀ
ਧਾਰਾ ਵੱਖ-ਵੱਖ ਮਾਤਰਾ ਵਿਚ ਪਾਸ ਹੁੰਦੀ ਹੈ ਉਸ ਨੂੰ ਸੁਚਾਲਕ, ਅਰਧ-ਚਾਲਕ, ਅਤੀ-ਚਾਲਕ
ਅਤੇ ਪਰਮ ਚਾਲਕ ਆਦਿ ਕਹਿੰਦੇ ਹਨ। ਇਨ੍ਹਾਂ ਭਿੰਨ ਕੁਚਾਲਕ-ਸੁਚਾਲਕ ਪਦਾਰਥਾਂ ਤੋਂ ਵਿਗਿਆਨ
ਨੇ ਅਣ-ਗਿਣਤ, ਇਲੈਕਟ੍ਰਾਨਿਕ (ਬਿਜਲਈ) ਯੰਤਰਾਂ ਦਾ ਸੰਸਾਰ ਰਚ ਦਿੱਤਾ ਹੈ। ਇਹ ਯੰਤਰ,
ਪਦਾਰਥ ਦੇ ਰੋਧ-ਪ੍ਰਤੀਰੋਧ ਦੇ ਅੰਤਰ ਗੁਣਾਂ ਦੀ ਲੜੀਬੱਧ ਕਿਰਿਆ ਦੁਆਰਾ ਕੰਮ ਕਰਦੇ ਹਨ।
ਕਿਸੇ ਵੀ ਲੋੜ ਨੂੰ ਮੁੱਖ ਰੱਖਦੇ ਹੋਏ, ਇਹ ਯੰਤਰ ਉਸ ਲੋੜ ਮੁਤਾਬਕ ਬਣਾਏ ਜਾਂਦੇ ਹਨ।
ਯੰਤਰ ਤੋਂ ਕੰਮ ਲੈਣ
ਮੁਤਾਬਕ, ਇਹ ਯੰਤਰ ਸਰਲ, ਗੁੰਝਲਦਾਰ, ਅਤੀ-ਗੁੰਝਲਦਾਰ, ਪਰਮ-ਗੁੰਝਲਦਾਰ ਆਦਿ, ਜਟਿਲ ਕਿਸਮ
ਦੀਆਂ ਗਤੀਵਿਧੀਆਂ ਕਰਨ ਲਈ ਤਿਆਰ ਕੀਤੇ ਜਾਂਦੇ ਹਨ ਜਿਵੇਂ ਇਲੈਕਟ੍ਰਾਨਿਕ ਘੜੀ, ਰੇਡੀਓ,
ਟੀ·ਵੀ· ਸੈੱਟ, ਰਾਡਾਰ, ਵਾਇਰਲੈੱਸ ਸੈੱਟ, ਟੈਲੀਫੋਨ, ਕੰਪਿਊਟਰ, ਇੰਟਰਨੈੱਟ-ਪ੍ਰਣਾਲੀ ਤੇ
ਸੁਪਰ-ਕੰਪਿਊਟਰ ਆਦਿ। ਇਹ ਸਾਰੇ ਵਿਗਿਆਨਕ ਨਿਰਜੀਵ-ਯੰਤਰਾਂ ਦੀ ਕਾਢ, ਇਕ ਸਜੀਵ-ਯੰਤਰ
(ਮਨੁੱਖ) ਦੁਆਰਾ ਕੀਤੀ ਗਈ ਹੈ। ਇਹ ਸਾਰਾ ਬਿਜਲਈ (ਇਲੈਕਟ੍ਰਾਨਿਕ) ਯੰਤਰਾਂ ਦੀ ਖੋਜ ਦਾ
ਕਮਾਲ, ਕ੍ਰਿਸ਼ਮਾ, ਕਰਾਮਾਤ, ਮਨੁੱਖ ਦੇ ਫੁਰਨਿਆਂ ਦਾ ਕਮਾਲ ਹੈ ਜੋ ਇਸ ਸਜੀਵ-ਯੰਤਰ ਦੇ
ਜਨਮ ਤੋਂ ਲੈ ਕੇ ਮਰਨ ਤੱਕ ਫੁਰਦੇ ਰਹਿੰਦੇ ਹਨ। ਮਨੁੱਖ (ਸਜੀਵ-ਯੰਤਰ) ਦੀ ਕਾਢ ਵੀ ਤਾਂ
ਉਸ ਪਰਮ-ਚੇਤੰਨਤਾ ਦੁਆਰਾ ਹੀ ਹੋਈ ਹੈ। ਇਸ ਮਨੁੱਖ ਵਿਚ ਵੀ ਤਾਂ ਪਰਮ-ਚੇਤੰਨਤਾ ਹੀ ਪ੍ਰਗਟ
ਹੋ ਰਹੀ ਹੈ। ਇਸ ਲਈ ਸਾਰਾ ਬਿਜਲਾਣੂ-ਸੰਸਾਰ ਵੀ ਤਾਂ ਉਸ ਪਰਮ-ਚੇਤੰਨਤਾ ਦੇ ਨਿਯਮਾਂ ਅਧੀਨ
ਹੀ ਕੰਮ ਕਰ ਰਿਹਾ ਹੈ ਜੋ ਸਾਰੇ ਖੰਡਾਂ-ਬ੍ਰਹਿਮੰਡਾਂ, ਰਸਾਇਣਿਕ-ਭੌਤਿਕ ਕਿਰਿਆਵਾਂ ਸਾਰੇ
ਸਜੀਵ-ਯੰਤਰਾਂ (ਪੇੜ੍ਹ-ਪੌਦੇ, ਪਸ਼ੂ-ਪੰਛੀ, ਕੀਟ-ਪਤੰਗੇ ਆਦਿ) ਵਿਚ ਪ੍ਰਗਟ ਹੋ ਰਹੀ ਹੈ।
ਜਿਸ ਪ੍ਰਕਾਰ ਪਦਾਰਥ ਦੀਆਂ ਕਿਰਿਆਵਾਂ
ਵਿਚ ਕੁਚਾਲਕਤਾ-ਸੁਚਾਲਕਤਾ ਪ੍ਰਗਟ ਹੁੰਦੀ ਹੈ, ਇਸ ਪ੍ਰਕਾਰ ਹੀ ਸਜੀਵ-ਵਸਤੂਆਂ ਦੇ
ਅੰਤਰ-ਵਿਰੋਧ (ਹਉਮੈਂ-ਹੰਕਾਰ) ਦੁਆਰਾ, ਜੀਵਾਂ ਦੀ ਬੌਧਿਕ-ਪੱਧਰਤਾ ਕੰਮ ਕਰਦੀ ਹੈ। ਇਹ
ਬੌਧਿਕ ਵਿਕਾਸ ਹੀ ਕਿਸੇ ਜੀਵ ਦੀ ਸੁਚਾਲਕਤਾ-ਕੁਚਾਲਕਤਾ ਨੂੰ ਪ੍ਰਗਟ ਕਰਦਾ ਹੈ। ਇਨ੍ਹਾਂ
ਸਜੀਵ-ਯੰਤਰਾਂ ਵਿਚ ਚੇਤੰਨਤਾ ਦੇ ਗੁਜ਼ਰਨ-ਪਾਸ ਹੋਣ ਤੋਂ ਹੀ ਜੀਵਨ ਰਚਨਾ ਦਾ ਸੰਸਾਰ ਪ੍ਰਗਟ
ਹੋ ਰਿਹਾ ਹੈ। ਇਹ ਜੀਵਨ ਰਚਨਾ ਵੀ ਸਰਲ, ਗੁੰਝਲਦਾਰ, ਅਤੀ-ਗੁੰਝਲਦਾਰ, ਪਰਮ-ਗੁੰਝਲਦਾਰ
ਆਦਿ, ਜਟਿਲ-ਕਿਸਮ ਦੀਆਂ ਗਤੀ-ਵਿਧੀਆਂ ਵਿਚ ਪ੍ਰਗਟ ਹੋ ਰਹੀ ਹੈ; ਜਿਵੇਂ:- ਜੀਵਤ-ਕੋਸ਼,
ਪੇੜ-ਪੌਦੇ, ਅਮੀਬਾ, ਕੀਟ-ਪਤੰਗਾ, ਪਸ਼ੂ-ਪੰਛੀ, ਮਨੁੱਖ। (ਜੜ੍ਹ-ਬੁੱਧੀ, ਸਰਲ-ਬੁੱਧੀ,
ਚੇਤੰਨ-ਬੁੱਧੀ, ਪਰਮ ਚੇਤੰਨ-ਬੁੱਧੀ) ਆਦਿ ਸਾਰੇ ਜੀਵਤਪ੍ਰਾਣੀ ਹਨ।
ਮਨੁੱਖ ਵਿਚ ਚੇਤੰਨਤਾ ਦਾ ਪੱਧਰ ਸਭ ਤੋਂ
ਉਪਰਲੇ ਦਰਜੇ ਵਿਚ ਪ੍ਰਗਟ ਹੋ ਰਿਹਾ ਹੈ ਪ੍ਰੰਤੂ ਮਨੁੱਖ ਵਿਚ ਵੀ ਚੇਤੰਨਤਾ ਦੀ ਪੱਧਰਤਾ
ਅਲੱਗ ਪ੍ਰਕਾਰ ਦੀ ਹੈ। ਜੜ੍ਹ-ਬੁੱਧੀ ਮਨੁੱਖ ਉਹ ਹੁੰਦਾ ਹੈ ਜੋ ਪਸ਼ੂ-ਵੱਤ ਆਪਣੀਆਂ ਸਹਿਜ
ਬਿਰਤੀਆਂ-ਪ੍ਰਵਿਰਤੀਆਂ ਦੁਆਰਾ ਜੀਵਨ ਭੋਗਦਾ ਹੈ, ਆਪਣੇ ਆਲੇ-ਦੁਆਲੇ ਪ੍ਰਤੀ ਸੁਚੇਤ ਨਹੀਂ
ਹੁੰਦਾ। ਸਰਲ-ਬੁੱਧੀ ਮਨੁੱਖ ਉਹ ਹੁੰਦਾ ਹੈ ਜੋ ਆਪਣੇ ਜੀਵਨ-ਦਾਇਰੇ ਪ੍ਰਤੀ ਕੁਝ ਸੁਚੇਤ
ਹੁੰਦਾ ਹੈ। ਚੇਤੰਨ-ਬੁੱਧੀ ਮਨੁੱਖ ਉਹ ਹੁੰਦਾ ਹੈ ਜੋ ਆਪਣੇ ਆਲੇ-ਦੁਆਲੇ ਜੋ ਕੁਝ ਵਾਪਰਦਾ
ਹੈ, ਉਸ ਪ੍ਰਤੀ ਜ਼ਿਆਦਾ ਸੁਚੇਤ ਹੁੰਦਾ ਹੈ; ਇਸ ਪ੍ਰਕਾਰ ਦੇ ਮਨੁੱਖ ਵਿਚ ਕਵੀ, ਕਲਾਕਾਰ,
ਚਿੱਤਰਕਾਰ, ਵਿਗਿਆਨਕ, ਬੁੱਧੀਜੀਵੀ-ਵਿਦਵਾਨ ਆਦਿ ਆਉਂਦੇ ਹਨ, ਜੋ ਜੀਵਨ ਪ੍ਰਤੀ ਸਚਾਈਆਂ
ਦੀ ਖੋਜ-ਪੜਤਾਲ ਕਰਦੇ ਹਨ ਤੇ ਜੀਵਨ ਦੀ ਭਲਾਈ ਲਈ ਕੁਝ ਸਵਾਲ ਪੈਦਾ ਕਰਦੇ ਹਨ ਤੇ ਉਨ੍ਹਾਂ
ਦੇ ਉੱਤਰ ਵੀ ਲੱਭਦੇ ਹਨ। ਪ੍ਰੰਤੂ ਆਪਣੀ ਹੋਂਦ ਦੇ ਗਿਆਨ ਤੋਂ ਬੇਖਬਰ ਹਨ ਕਿ ਮੈਂ ਕੌਣ
ਹਾਂ? ਕੀ ਕਰਦਾ ਹਾਂ? ਕੀ ਸੋਚਦਾ ਹਾਂ? ਕੀ ਜਾਣਦਾ ਹਾਂ? ਇਨ੍ਹਾਂ ਸਵਾਲਾਂ ਤੋਂ ਹੀ
ਆਤਮ-ਗਿਆਨ ਦੀ ਖੋਜ ਦੀ ਸ਼ੁਰੂਆਤ ਹੁੰਦੀ ਹੈ।
ਇਨ੍ਹਾਂ ਸਵਾਲਾਂ ਨੂੰ ਖੋਜਣ
ਵਾਲੇ ਹੀ ਪਰਮ ਚੇਤੰਨ-ਬੁੱਧੀ ਮਨੁੱਖ ਪ੍ਰਗਟ ਹੁੰਦੇ ਹਨ। ਇਨ੍ਹਾਂ ਮਨੁੱਖਾਂ ਵਿਚ ਹੀ
ਪਰਮ-ਚੇਤੰਨਤਾ ਆਪਣੀ ਹੋਂਦ ਦਾ ਅਹਿਸਾਸ, ਦੂਸਰੇ (ਜੜ੍ਹ-ਬੁੱਧੀ, ਸਰਲ-ਬੁੱਧੀ,
ਚੇਤੰਨ-ਬੁੱਧੀ) ਮਨੁੱਖਾਂ ਨੂੰ ਕਰਵਾਉਂਦੀ ਹੈ। ਸਾਰੀ ਮਨੁੱਖਤਾ ਨੂੰ ਪਰਮ-ਚੇਤੰਨਤਾ ਦੇ
ਦਰਸ਼ਨ ਹੁੰਦੇ ਹਨ; ਸੂਖਮ ਹੀ ਸਥੂਲ ਰੂਪ ਵਿਚ ਪ੍ਰਗਟ ਹੁੰਦਾ ਹੈ। ਇਹ ਮਨੁੱਖਤਾ ਦਾ ਪਰਮ
ਸੁਭਾਗ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਵਿਰਲੇ ਮਨੁੱਖ ਆਤਮ-ਗਿਆਨ ਦੀ ਰੌਸ਼ਨੀ ਨਾਲ, ਸਾਰੀ
ਲੋਕਾਈ ਨੂੰ ਮਹਾਂ-ਸੂਰਜਾਂ ਦੀ ਰੋਸ਼ਨੀ ਦੀ ਧੰਨਤਾ ਨਾਲ ਭਰ ਦਿੰਦੇ ਹਨ, ਮਨੁੱਖਤਾ ਆਪਣੇ
ਪੱਧਰ ਦੇ ਤਲ ਤੋਂ ਹੋਰ ਉਪਰ ਉੱਠ ਜਾਂਦੀ ਹੈ, ਵਿਕਾਸ ਕਰ ਜਾਂਦੀ ਹੈ। ਐਸੇ ਪਰਮ-ਚੇਤੰਨਤਾ
ਦੇ ਮਹਾਂ-ਸੂਰਜਾਂ ਨੂੰ ਅਸੀਂ ਭਗਤ, ਪੀਰ, ਗੁਰੂ, ਅਵਤਾਰ, ਪੈਗੰਬਰ ਆਦਿ ਦੇ
ਉੱਚ-ਵਿਸ਼ੇਸ਼ਣਾਂ ਨਾਲ ਸਤਿਕਾਰਦੇ ਹਾਂ। ਐਸੇ ਮਨੁੱਖ ਦੇਸ਼, ਜਾਤੀ, ਕੌਮ, ਵਰਗ-ਵੰਡ ਦੀ
ਸੰਕੀਰਣਤਾ ਤੋਂ ਮੁਕਤ ਹੁੰਦੇ ਹਨ। ਉਨ੍ਹਾਂ ਦਾ ਗਿਆਨ ਸਾਰੀ ਮਨੁੱਖਤਾ ਦਾ ਸਰਮਾਇਆ ਹੁੰਦਾ
ਹੈ ਨਾ ਕਿ ਕਿਸੇ ਜਾਤੀ, ਕੌਮ, ਵਰਗ-ਵੰਡ ਦੀ ਨਿਜੀ ਸੰਪਤੀ। ਉਨ੍ਹਾਂ ਆਪਣੇ ਅਨੁਭਵ-ਗਿਆਨ
ਨੂੰ ਵੇਦ-ਸ਼ਾਸਤਰ, ਗੀਤਾ, ਕੁਰਾਨ, ਬਾਈਬਲ, ਆਦਿ ਗ੍ਰੰਥ, ਆਦਿ ਵਿਚ ਸ਼ਬਦ-ਸਰੂਪ ਪ੍ਰਗਟ
ਕੀਤਾ ਹੈ। ਇਹ ਅੰਮ੍ਰਿਤ-ਰੂਪੀ ਗਿਆਨ ਸਾਰੀ ਮਨੁੱਖਤਾ ਦੇ ਭਲੇ ਲਈ ਹੈ ਤੇ ਸਾਰੀ ਮਨੁੱਖਤਾ
ਦਾ ਸਾਰ-ਤੱਤ ਹੈ।
ਸਾਰੇ ਜੀਵਨ ਦੇ ਚੰਗੇ ਭਵਿੱਖ ਤੇ ਵਿਸ਼ਵ
ਸ਼ਾਂਤੀ ਲਈ ਇਸ ਗਿਆਨ ਨੂੰ ਹਾਸਲ ਕਰਨਾ ਜ਼ਰੂਰੀ ਹੈ। ਕਿਉਂਕਿ ਇਹ ਮੂਰਛਿਤ-ਮਨੁੱਖ, ਅਚੇਤਨ
ਹੀ ਭਿਆਨਕਵਿਨਾਸ਼ ਤੇ ਤਬਾਹੀ ਦੇ ਕੰਢੇ 'ਤੇ ਖੜ੍ਹਾ ਹੈ। ਹਰ ਮਨੁੱਖ ਦੇ ਅੰਤਰ-ਵਿਰੋਧ
(ਹਉਮੈ-ਹੰਕਾਰ) ਦੁਆਰਾ ਤਣਾਓ, ਕਲੇਸ਼, ਧਿੰਗੋਜੋਰੀ, ਲੜਾਈ, ਪਦਾਰਥਾਂ 'ਤੇ ਕਬਜ਼ਾ ਕਰਨ ਦੀ
ਦੌੜ ਲੱਗੀ ਹੋਈ ਹੈ। ਸਾਨੂੰ ਅੰਤਰ-ਵਿਰੋਧ ਤੋਂ ਛੁਟਕਾਰਾ ਪਾ ਕੇ (ਆਤਮ-ਗਿਆਨ ਦੁਆਰਾ)
ਅੰਤਰ-ਬੋਧ ਪੈਦਾ ਕਰਨਾ ਚਾਹੀਦਾ ਹੈ। |