091003_sahib-singh_khosa1_100.jpg (3999 bytes)ਪ੍ਰੋ.ਸਾਹਿਬ ਸਿੰਘ ਜੀ (ਡੀ.ਲਿਟ.)-ਦਸਮੇਸ਼-ਬਾਣੀ ਬਾਰੇ
- ਅਮਰਜੀਤ ਸਿੰਘ ਖੋਸਾ

ਪ੍ਰੋ. ਸਾਹਿਬ ਸਿੰਘ ਜੀ ਦਾ ਨਾਮ ਸਿੱਖ ਜਗਤ ਵਿਚ ਇਕ ਸਿਤਾਰੇ ਵਾਂਗ ਰੌਸ਼ਨ ਹੈ। ਉਨ੍ਹਾਂ ਨੇ ਸਾਰਾ ਜੀਵਨ ਗੁਰਬਾਣੀ ਦੇ ਵਿਆਕਰਣਕ ਤੇ ਸਿਧਾਂਤਕ ਪਹਿਲੂਆਂ ਨੂੰ ਦੇਖਦੇ ਹੋਏ ਟੀਕਾ ਅਤੇ ਇਤਿਹਾਸਕ ਪਹਿਲੂਆਂ ਨੂੰ ਦੇਖਦੇ ਹੋਏ ਕਈ ਹੋਰ ਪੁਸਤਕਾਂ ਭੀ ਲਿਖੀਆਂ ਹਨ। ਨਿਤਨੇਮ ਅਤੇ ਅੰਮ੍ਰਿਤ ਸੰਚਾਰ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਜਾਪੁ ਸਾਹਿਬ ਤੇ ਸਵੈਯੈ ਭੀ ਟੀਕਾ ਕੀਤੇ ਹਨ, ਪਰ ਬੇਹੱਦ ਰੁਝਾਨ ਜਾਂ ਕਿਸੇ ਵਜ੍ਹਾ ਕਰਕੇ ਉਹ ਚੌਪਈ ਦਾ ਟੀਕਾ ਨਾ ਕਰ ਸਕੇ। ਬੱਸ ਇੰਨੀਂ ਗੱਲ ਦਾ ਨਾਜਾਇਜ਼ ਆਸਰਾ ਲੈਕੇ ਦਸਮ ਗ੍ਰੰਥ ਸਾਹਿਬ ਬਾਰੇ ਬੇਲੋੜਾ ਵਾਦ ਵਿਵਾਦ ਛੇੜਨ ਵਾਲੇ ਕਹਿ ਦਿੰਦੇ ਹਨ, ਕਿ 'ਬੇਨਤੀ ਚੌਪਈ' ਦਸਮੇਸ਼ ਰਚਨਾ ਨਹੀਂ, ਇਸ ਕਰਕੇ ਹੀ ਪ੍ਰੋ. ਸਾਹਿਬ ਸਿੰਘ ਜੀ ਨੇ ਇਸਦਾ ਟੀਕਾ ਨਹੀਂ ਕੀਤਾ। ਪ੍ਰੋ. ਸਾਹਿਬ ਸਿੰਘ ਜੀ ਦਾ ਦਸਮੇਸ਼ ਬਾਣੀਆਂ ਬਾਰੇ ਕੀ ਵਿਚਾਰ ਸੀ, ਇਥੇ ਇਹੀ ਸਿੱਧ ਕਰਨ ਦਾ ਯਤਨ, ਉਨ੍ਹਾਂ ਦੇ ਆਪਣੇ ਹੀ ਲਫਜ਼ਾਂ ਵਿਚ ਕੀਤਾ ਜਾ ਰਿਹਾ ਹੈ। ਸਿੰਘ ਬ੍ਰਦਰਜ਼ ਵੱਲੋਂ ਛਾਪੀ ਨਿਤਨੇਮ ਸਟੀਕ ਦੇ ਪੰ: 100 ਉਪਰ ਜਾਪੁ ਸਾਹਿਬ ਦਾ ਟੀਕਾ ਪ੍ਰੋ. ਸਾਹਿਬ ਸਿੰਘ ਜੀ ਇਸ ਤਰ੍ਹਾਂ ਸ਼ੁਰੂ ਕਰਦੇ ਹਨ:

ਜਾਪੁ॥ ਸ੍ਰੀ ਮੁਖ ਵਾਕ ਪਾਤਿਸ਼ਾਹੀ ੧੦॥

ਅਰਥ: ਪਾਤਿਸ਼ਾਹੀ ਦਸਵੀਂ ਜੀ ਦੇ ਪਵਿੱਤਰ ਮੁਖ ਦਾ ਵਾਕ। …ਏਸੇ ਤਰ੍ਹਾਂ 'ਪਾਤਿਸ਼ਾਹੀ ੧੦' ਵਿਚ 'ਅੰਕ ੧੦' ਦਾ ਪਾਠ 'ਦਸ' ਅਸ਼ੁੱਧ ਹੈ, 'ਦਸਵੀਂ' ਪਾਠ ਠੀਕ ਹੈ, ਇਸਦਾ ਭਾਵ ਇਹ ਹੈ, ਜੋ ਬਾਣੀ ਹੁਣ ਪੜ੍ਹਨ ਲੱਗੇ ਹਾਂ, ਉਹ ਦਸਵੇਂ ਪਾਤਿਸ਼ਾਹ ਜੀ ਦੀ ਹੈ। 'ਅਰਦਾਸ' ਦੇ ਪਹਿਲੇ ਸ਼ਬਦ ਵੱਲ ਭੀ ਹਰੇਕ ਸਿੱਖ ਦਾ ਖਾਸ ਧਿਆਨ ਦੇਣਾ ਜ਼ਰੂਰੀ ਹੈ, ਉਹ ਸ਼ਬਦ ਇਉਂ ਹਨ:

ਵਾਹਿਗੁਰੂ ਜੀ ਕੀ ਫਤਹਿ॥ਸ੍ਰੀ ਭਗਉਤੀ ਜੀ ਸਹਾਏ॥ਪਾਤਿਸ਼ਾਹੀ ੧੦॥

ਏਥੇ ਸ਼ਬਦ ਪਾਤਸ਼ਾਹੀ ੧੦ ਦਾ ਭਾਵ ਇਹ ਹੈ ਕਿ ਅਰਦਾਸ 'ਪ੍ਰਿਥਮ ਭਗਉਤੀ' ਤੋਂ ਲੈਕੇ 'ਸਭ ਥਾਈਂ ਹੋਇ ਸਹਾਇ' ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਹੋਈ ਹੈ॥ ਏਥੇ ਅੰਕ ੧੦ ਦਾ ਪਾਠ 'ਦਸ ਕਰਨਾ ਅਸ਼ੁੱਧ ਹੈ, ਸੁੱਧ ਪਾਠ ਦਸਵੀਂ' ਹੈ॥…ਹਾਂ, ਅਰਦਾਸ ਵਾਲੀ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਹੋਈ ਹੈ, ਇਸ ਵਾਸਤੇ ਇਸਦੇ ਸ਼ੁਰੂ ਵਿਚ ਪੜ੍ਹਨਾ ਹੈ 'ਸ੍ਰੀ ਮੁਖਵਾਕ ਪਾਤਿਸ਼ਾਹੀ ਦਸਵੀਂ'"।

ਪ੍ਰੋ.ਸਾਹਿਬ ਸਿੰਘ ਜੀ ਦੀ ਇਕ ਹੋਰ, ਸਿੰਘ ਬ੍ਰਦਰਜ਼ ਵੱਲੋਂ ਛਾਪੀ ਪੁਸਤਕ, 'ਜੀਵਨ ਬ੍ਰਿਤਾਂਤ ਗੁਰੂ ਗੋਬਿੰਦ ਸਿੰਘ ਜੀ' ਹੈ। ਪੰ:88 ਤੇ ਭੰਗਾਣੀ ਯੁੱਧ ਬਾਰੇ ਲਿਖਦੇ ਹੋਏ, ਉਹ ਮਿਸਾਲ ਦਿੰਦੇ ਹਨ:

"ਇਤਿਹਾਸਕ ਗਵਾਹੀ- ਜੰਗ ਤੋਂ ਪਿੱਛੋਂ ਛੇ ਮਹੀਨੇ ਹੋਰ ਸਤਿਗੁਰੂ ਜੀ ਪਾਉਂਟੇ ਸਾਹਿਬ ਹੀ ਟਿਕੇ ਰਹੇ। ਭੰਗਾਣੀ ਦੇ ਜੰਗ ਦਾ ਸਾਰਾ ਹਾਲ ਉਨ੍ਹਾਂ ਉਥੇ ਹੀ ਬੀਰ-ਰਸ-ਭਰੀ ਕਵਿਤਾ ਵਿਚ ਲਿਖਿਆ, ਜੋ 'ਬਚਿਤ੍ਰ ਨਾਟਕ' ਦੇ ਅੱਠਵੇਂ ਅਧਿਆਏ ਵਿਚ ਦਰਜ਼ ਹੈ"।

ਪ੍ਰੋ. ਸਾਹਿਬ ਸਿੰਘ ਜੀ ਇਸੇ ਪੁਸਤਕ ਦੇ ਪੰ: 92 ਤੇ ਲਿਖਦੇ ਹਨ:

"ਵੇਲੇ ਦੀ ਸੰਭਾਲ-ਪਰ ਨਿਰੇ ਹਥਿਆਰ ਕਿਸੇ ਕੰਮ ਨਹੀਂ, ਜੇ ਹਥਿਆਰ ਫੜ੍ਹਨ ਵਾਲੇ ਮਨੁੱਖ ਦੇ ਅੰਦਰ ਬੀਰ ਰਸ ਦਾ ਹੁਲਾਰਾ ਨਹੀਂ।ਜਿਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਬਣਵਾ ਕੇ, ਉਸਦੇ ਸਾਹਮਣੇ ਢਾਡੀਆਂ ਪਾਸੋਂ ਜੋਧਿਆਂ ਦੀਆਂ ਵਾਰਾਂ ਦੇ ਪ੍ਰਸੰਗ ਸ਼ੁਰੂ ਕਰਵਾਏ ਸਨ, ਤਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਭੀ ਕੀਤਾ।'…ਰਮਾਇਣ' ਅਤੇ 'ਮਹਾਂਭਾਰਤ' ਦੇ ਜੰਗਾਂ ਦੀਆਂ ਸਦੀਆਂ ਤੋਂ ਪੁਰਾਣੀਆਂ ਕਥਾਵਾਂ ਸੰਸਕ੍ਰਿਤ ਵਿਚ ਲਿਖੀਆਂ ਮੌਜੂਦ ਸਨ। ਸਤਿਗੁਰੂ ਜੀ ਨੇ ਉਨ੍ਹਾਂ ਨੂੰ ਨਵੇਂ ਸੱਚੇ ਵਿਚ ਢਾਲ ਕੇ ਨਵੇਂ ਰੂਪ ਵਿਚ ਲਿਆਂਦਾ"।

ਪੰ: 105 ਉਪਰ ਪ੍ਰੋ. ਸਾਹਿਬ ਸਿੰਘ ਜੀ ਲਿਖਦੇ ਹਨ:

"ਹੁਸੈਨ ਖਾਨ-'…ਬਚਿਤ੍ਰ ਨਾਟਕ' ਦੇ ਯਾਰ੍ਹਵੇਂ ਅਧਿਆਇ ਵਿਚ 'ਹੁਸੈਨੀ ਯੁੱਧ' ਦੇ ਨਾਮ ਹੇਠ ਇਸ ਜੰਗ ਦਾ ਜ਼ਿਕਰ ਹੈ।ਸਤਿਗੁਰੂ ਜੀ ਵੱਲੋਂ ਭੇਜੇ ਹੋਏ ਕੁੱਝ ਸਿੱਖ ਭੀ ਭਾਈ ਸੰਗਤੀਏ ਸਮੇਤ ਸ਼ਹੀਦ ਹੋਏ।ਇਹ ਯੁੱਧ ਸੰਨ 1688-89 ਦੇ ਸਿਆਲ ਵਿਚ ਹੋਇਆ ਸੀ"।

ਫਿਰ ਇਸੇ ਪੁਸਤਕ ਦੇ ਪੰ: 127 ਤੇ ਪ੍ਰੋ. ਸਾਹਿਬ ਸਿੰਘ ਲਿਖਦੇ ਹਨ:

"ਗੁਰੂ ਗੋਬਿੰਦ ਸਿੰਘ ਜੀ ਇਨਸਾਨੀ ਜੀਵਨ ਨਾਲ ਸੰਬੰਧ ਰੱਖਣ ਵਾਲੇ ਕਈ ਅਸੂਲਾਂ ਦਾ ਸ੍ਰੋਤਿਆਂ ਅਤੇ ਦਰਸ਼ਕਾਂ ਦੇ ਮਨਾਂ ਵਿਚ ਡੂੰਘਾ ਪ੍ਰਭਾਵ ਪਾਣ ਲਈ ਹਾਸ-ਰਸ ਦੇ ਕੌਤਕ ਜਾਂ ਬਚਨ ਵਰਤਾ ਦਿਆ ਕਰਦੇ ਸਨ। ਬ੍ਰਾਹਮਣਾਂ ਦਾ ਕ੍ਰੋਧ ਮੱਠਾ ਕਰਨ ਲਈ ਸਤਿਗੁਰੂ ਜੀ ਉਨ੍ਹਾਂ ਨੂੰ ਹੱਸ ਕੇ ਆਖਣ ਲੱਗੇ ਕਿ ਸਾਨੂੰ ਤੁਹਾਡਾ ਚੇਤਾ ਨਹੀਂ ਸੀ ਰਿਹਾ। ਗੁਰੂ ਪਾਤਸ਼ਾਹ ਨੇ ਤਾਂ ਰਮਜ਼ ਭਰੇ ਤਰੀਕੇ ਨਾਲ ਉਨ੍ਹਾਂ ਨੂੰ ਸਮਝਾਇਆ ਸੀ ਕਿ ਚੇਤਾ ਉਹਨਾਂ ਬਾਰੇ ਹੀ ਵਿਸਰਦਾ ਹੈ, ਜਿੰਨ੍ਹਾਂ ਦੀ ਲੋੜ ਨਾ ਰਹੇ, ਪਰ ਉਹ ਅਜੇ ਭੀ ਆਪਣਾ ਹੱਕ ਜਤਾਉਣੋ ਨ ਟਲੇ। ਆਖਰ ਸਤਿਗੁਰੂ ਜੀ ਨੇ ਖੁਲ੍ਹੇ ਲਫਜ਼ਾਂ ਵਿਚ ਬ੍ਰਾਹਮਣਾਂ ਨੂੰ ਕਹਿ ਦਿੱਤਾ, ਕਿ ਸੇਵਾ ਕਰਾਉਣ ਦਾ ਹੱਕ ਉਨ੍ਹਾਂ ਦਾ ਹੀ ਹੁੰਦਾ ਹੈ, ਜਿੰਨ੍ਹਾਂ ਨੇ ਆਪਣਾ ਆਪ ਦੂਜਿਆ ਲਈ ਕੁਰਬਾਨ ਕਰ ਦਿੱਤਾ ਹੋਵੇ, ਜਿਹੜੇ ਦੁਖੀਆਂ ਗਰੀਬਾਂ ਦੀ ਖਾਤਰ ਸਿਰ ਤਲੀ ਉਤੇ ਰੱਖੀ ਫਿਰਦੇ ਹੋਣ। ਤੁਸਾਂ ਉਚ-ਜ਼ਾਤੀਏ ਬ੍ਰਾਹਮਣਾਂ ਨੇ ਸਦੀਆਂ ਤੋਂ ਕਰੋੜਾਂ ਬੰਦਿਆ ਨੂੰ ਸ਼ੂਦਰ ਆਖ ਆਖ ਕੇ ਪੈਰਾਂ ਹੇਠ ਲਤਾੜਿਆ ਹੋਇਆ ਸੀ। ਗੁਰੂ ਨਾਨਕ ਪਾਤਸ਼ਾਹ ਆਏ, ਉਹਨਾਂ ਦਾ ਸੱਦ ਸੁਣਕੇ ਇੰਨ੍ਹਾਂ ਲੋਕਾਂ ਨੇ ਤੁਹਾਡੀ ਗੁਲਾਮੀ ਦਾ ਜੂਲਾ ਲਾਹੁਣ ਲਈ ਸਿਰ ਤਲੀ ਉਤੇ ਰੱਖ ਲਿਆ। ਤੁਸੀਂ ਇੰਨ੍ਹਾਂ ਨੂੰ ਆਪਣੇ ਨਾਲੋਂ ਨੀਵੀਂ ਜ਼ਾਤੀ ਦੇ ਸਮਝਦੇ ਹੋ, ਪਰ ਅਸਲ ਵਿਚ ਇਹੀ ਹਨ ਦਾਨ ਸੇਵਾ ਦੇ ਅਸਲੀ ਹੱਕਦਾਰ, ਕਿਉਂਕਿ ਇੰਨ੍ਹਾਂ ਨੇ ਆਪਣਾ ਸਭ ਕੁੱਝ ਦੂਜਿਆਂ ਦੀ ਖਾਤਰ ਕੁਰਬਾਨ ਕੀਤਾ ਹੋਇਆ ਹੈ। ਇਹ ਸੁਣ ਕੇ ਬ੍ਰਾਹਮਣਾਂ ਦਾ ਲੱਕ ਟੁੱਟ ਗਿਆ, ਕਿ ਜਾਗੀ ਜਨਤਾ ਨੂੰ ਲੁੱਟਣ ਦੇ ਅਵਸਰ ਘਟਦੇ ਜਾ ਰਹੇ ਹਨ। ਸਤਿਗੁਰੂ ਜੀ ਨੇ ਹੇਠ ਲਿਖੇ ਸਵੈਯੇ ਅੰਕਿਤ ਕੀਤੇ:

ਜੋ ਕਿਛੁ ਲੇਖੁ ਲਿਖਿਯੋ ਬਿਧਨਾ ਸੋਈ ਪਾਈਅਤ ਮਿਸ਼੍ਰ ਜੂ ਸ਼ੋਕੁ ਨਿਵਾਰੋ॥
ਮੇਰੋ ਕਛੂ ਅਪਰਾਧ ਨਹੀਂ ਗਯੋ ਯਾਦਿ ਤੇ ਭੂਲਿ ਨ ਕੋਪੁ ਚਿਤਾਰੋ॥
ਬਾਗੋ ਨਿਹਾਲੀ ਪਠੈ ਦੈ ਹੌਂ ਆਜ ਭਲੇ ਤੁਮ ਕੋ ਨਿਹਚੈ ਜੀਅੳ ਧਾਰੋ॥
ਛਤ੍ਰ ਸਭੈ ਕ੍ਰਿਤ ਬਿਪ੍ਰਨ ਕੇ ਇਨਹੂ ਪੈ ਕਟਾਛ ਕ੍ਰਿਪਾ ਕੇ ਨਿਹਾਰੋ॥੧॥

ਜੁਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ॥
ਅਘ ਓਘ ਟਰੈ ਇਨ ਹੀ ਕੇ ਪ੍ਰਸਾਦਿ ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ॥
ਇਨ ਹੀ ਕੇ ਪ੍ਰਸਾਦਿ ਸੁਬਿਦਿਆ ਲਈ ਇਨ ਹੀ ਕੀ ਕ੍ਰਿਪਾ ਸਭ ਸਤ੍ਰ ਮਰੇ॥
ਇਨ ਹੀ ਕ੍ਰਿਪਾ ਕੇ ਸਜੇ ਹਮ ਹੈਂ ਨਹੀਂ ਮੋ ਸੋ ਗਰੀਬ ਕਰੋਰ ਪਰੇ॥ ੨॥

ਸੇਵ ਕਰੀ ਇਨ ਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨ ਜੀ ਕੋ॥
ਦਾਨ ਦਯੋ ਇਨ ਹੀ ਕੋ ਭਲੋ ਅਉਰ ਆਨ ਕੋ ਦਾਨ ਨ ਲਾਗਤ ਨੀਕੋ॥
ਆਗੇ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ॥
ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਭ ਹੀ ਇਨ ਹੀ ਕੋ॥੩॥

ਦੋਹਿਰਾ

ਚਟਪਟਾਇ ਚਿੱਤ ਮੈ ਜਰਿਓ ਤ੍ਰਿਣ ਜਿਉਂ ਕਰੁੱਧਤ ਹੋਇ॥
ਖੋਜ ਰੋਜਿ ਕੇ ਹੇਤਿ ਲਗਿ ਦਯੋ ਮਿਸ਼੍ਰ ਜੂ ਰੋਇ॥4॥

ਪ੍ਰੋ. ਸਾਹਿਬ ਸਿੰਘ ਜੀ ਇਸੇ ਪੁਸਤਕ ਦੇ ਪੰ:133 ਤੇ ਲਿਖਦੇ ਹਨ:

"ਖੁਲ੍ਹਾ ਅੰਮ੍ਰਿਤ ਪਰਚਾਰ: ਸਤਿਗੁਰੂ ਜੀ ਦੀ ਹਦਾਇਤ ਅਨੁਸਾਰ ਪੰਜ* ਪਿਆਰਿਆਂ ਨੇ ਫਿਰ ਨਵੇਂ ਸਿਰੇ ਤਿਆਰ ਕਰਕੇ 25 ਹੋਰ ਸਿੰਘਾਂ ਨੂੰ ਅੰਮ੍ਰਿਤ ਛਕਾਇਆ। ਇਸ ਤਰ੍ਹਾਂ ਅਗਾਂਹ ਅੰਮ੍ਰਿਤ ਛਕਾਣ ਲਈ ਛੇ ਜੱਥੇ ਤਿਆਰ ਹੋ ਗਏ। ਇਸੇ ਹੀ ਤਰ੍ਹਾਂ ਹੋਰ ਹੋਰ ਜੱਥੇ ਤਿਆਰ ਹੁੰਦੇ ਗਏ, ਅਤੇ ਸ਼ਾਮ ਤੱਕ ਪਹਿਲੇ ਹੀ ਦਿਨ ਹਜ਼ਾਰਾਂ ਸਿੰਘਾਂ ਨੇ ਅੰਮ੍ਰਿਤ ਛਕ ਲਿਆ।''

*ਅੰਮ੍ਰਿਤ ਤਿਆਰ ਕਰਨ ਵਾਲੇ ਸਿੰਘਾਂ ਵਾਸਤੇ ਜ਼ਰੂਰੀ ਹੈ, ਕਿ ਉਨ੍ਹਾਂ ਨੂੰ ਪੰਜ ਬਾਣੀਆਂ ਜ਼ੁਬਾਨੀ ਯਾਦ ਹੋਣ, ਜਿਹੜੀਆਂ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀਦੀਆਂ ਹਨ। ਉਹਨਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਭੀ ਤਿੰਨ ਬਾਣੀਆਂ ਹਨ-ਜਾਪੁ, ਸਵੈਯੇ ਤੇ ਚੌਪਈ।

ਇਸ ਤੋਂ ਸੁਤੇ ਹੀ ਅਨੁਮਾਨ ਲੱਗ ਜਾਂਦਾ ਹੈ ਕਿ ਸਤਿਗੁਰੂ ਜੀ ਦੇ ਸਮੇਂ ਸਿੱਖ ਸੰਗਤਾਂ ਵਿਚ ਗੁਰਬਾਣੀ ਜ਼ੁਬਾਨੀ ਯਾਦ ਕਰਨ ਦਾ ਉਤਸ਼ਾਹ ਆਮ ਸੀ, ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆ ਭੀ ਅਨੇਕਾਂ ਸਿੱਖਾਂ ਨੂੰ ਯਾਦ ਸਨ"।

ਇਸ ਦਸਮੇਸ਼ ਜੀ ਦੇ ਜੀਵਨ ਬ੍ਰਿਤਾਂਤ ਵਾਲੀ ਪੁਸਤਕ ਦੇ ਪੰ:212 ਤੇ ਸਾਹਿਬ ਸਿੰਘ ਦੀ ਲਿਖਤ:

"ਜਦੋਂ ਪਿੰਡ ਦੀਨੇ ਤੋਂ ਇਹ ਖਬਰ ਖਿਲਰਨੀ ਸ਼ੁਰੂ ਹੋਈ ਸੀ, ਕਿ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਤੇ ਚਮਕੌਰ ਦੀਆ ਲੜਾਈਆਂ ਤੋਂ ਪਿੱਛੋਂ ਮਾਲਵੇ ਵਿਚ ਆ ਗਏ ਹਨ, ਤਾਂ ਕਈ ਹਜ਼ੂਰੀ ਕਵੀ ਭੀ ਮੁੜ ਆ ਮਿਲੇ, ਜਿੰਨ੍ਹਾਂ ਨੂੰ ਹਜ਼ੂਰ ਨੇ ਜੰਗ ਦੇ ਖਤਰੇ ਤੋਂ ਬਾਹਰ ਰੱਖਣ ਲਈ ਆਨੰਦਪੁਰ ਤੋਂ ਤੋਰ ਦਿੱਤਾ ਸੀ। ਦੂਰੋਂ ਦੂਰੋਂ ਉਤਸ਼ਾਹ ਨਾਲ ਸਿੰਘਾਂ ਨੂੰ ਆਉਂਦਿਆ ਦੇਖ ਕੇ ਉਸ ਵੇਲੇ ਦਾ ਦ੍ਰਿਸ਼ ਇਉਂ ਬਿਆਨ ਕੀਤਾ ਹੈ। (ਦਸਮ ਗ੍ਰੰਥ ਵਿਚ):

ਲੱਖੀ ਜੰਗਲਿ ਖਾਲਸਾ, ਆਇ ਦੀਦਾਰ ਕੀਤੋ ਨੇ॥
ਸੁਣ ਕੈ ਸੱਦੁ ਮਾਹੀ ਦਾ, ਮੇਹੀਂ ਪਾਣੀ ਘਾਹੁ ਮੁੱਤੋ ਨੇ॥
ਕਿਸ ਹੀ ਨਾਲਿ ਨ ਰਲੀਆ ਕਾਈ, ਇਹੁ ਕੀ ਸ਼ੌਕੁ ਪਇਓ ਨੇ॥
ਗਿਆ ਫਿਰਾਕ ਮਿਲਿਆ ਮਿਤ੍ਰ ਮਾਹੀ, ਤਾਂਹੀ ਸ਼ੁਕਰ ਕੀਤੋ ਨੇ"॥
(ਦਸਮ ਗ੍ਰੰਥ)

ਹੁਣ ਪ੍ਰੋ. ਸਾਹਿਬ ਸਿੰਘ ਜੀ ਦੀਆਂ ਸਿਰਫ ਦੋ ਪੁਸਤਕਾਂ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਹੈ, ਕਿ ਉਹਨਾਂ ਦੇ ਦਿਲ ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਪ੍ਰਤੀ ਕਿੰਨੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਸੀ। ਖੋਜ ਦੇ ਸੰਬੰਧ ਵਿਚ ਭੀ ਉਨ੍ਹਾਂ ਦਾ ਕੋਈ ਸਾਨੀ ਨਹੀਂ, ਅਤੇ ਉਨ੍ਹਾਂ ਨੂੰ ਬਾਣੀਆਂ ਬਾਰੇ ਸਭ ਪਤਾ ਸੀ, ਕਿ ਕਿਹੜੀ ਬਾਣੀ ਕਿਸਦੀ ਹੈ, ਅਤੇ ਕਿਥੋਂ ਲਈ ਗਈ ਹੈ। ਕੀ ਕਿਸੇ ਤਰ੍ਹਾਂ ਦੀ ਕੋਈ ਸ਼ੱਕ ਦੀ ਗੁੰਜਾਇਸ਼ ਰਹਿ ਜਾਂਦੀ ਹੈ? ਜਾਂ ਪ੍ਰੋ. ਸਾਹਿਬ ਸਿੰਘ ਇੰਨੇ ਹੀ ਭੋਲੇ ਸਨ ਕਿ ਉਹ ਬਿਨਾਂ ਕੁੱਛ ਦੇਖੇ ਪਰਖੇ ਦੇ ਹੀ ਲਿਖੀ ਗਏ। ਢੁੱਚਰਾਂ ਡਾਹੁਣੀਆਂ ਤਾਂ ਵੈਸੇ ਹੀ 'ਅਕਲ ਦੇ ਧਨੀ' ਹੋਣ ਦਾ ਸਬੂਤ ਹੁੰਦਾ ਹੈ, ਪਰ ਦਸਮ ਗ੍ਰੰਥ ਬਾਰੇ ਪ੍ਰੋ.ਸਾਹਿਬ ਸਿੰਘ ਜੀ ਦਾ ਨਾਮ ਅਖੌਤੀ ਵਿਰੋਧੀ ਧਿਰ ਵਜੋਂ ਵਰਤਣ ਦਾ ਕੁਕਰਮ ਕਰਨਾ ਸਭ ਤੋਂ ਵੱਡੀ ਮੂਰਖਤਾ ਹੈ। ਜਿਸ ਤਰਾਂ ਅਖਾਣ ਹੈ ਕਿ 'ਕੁੱਤਿਆਂ ਦੇ ਲੱਕਿਆਂ ਦਰਿਆ ਪਲੀਤ ਨਹੀਂ ਹੁੰਦਾ' ਠੀਕ ਇਸੇ ਤਰਾਂ ਪ੍ਰੋ. ਸਾਹਿਬ ਸਿੰਘ ਜੀ ਦੀ ਸਖਸ਼ੀਅਤ ਨੂੰ ਤਾਂ ਕੋਈ ਫਰਕ ਨਹੀਂ ਪੈਣ ਲੱਗਾ, ਪਰ ਇਸ 'ਝੂਠੀ-ਤਰਫਦਾਰੀ' ਕਰਨ ਵਾਲੇ ਦੀ ਅਕਲ ਦਾ ਜਨਾਜ਼ਾ ਜ਼ਰੂਰ ਨਿਕਲ ਜਾਂਦਾ ਹੈ।

ਅਮਰਜੀਤ ਸਿੰਘ ਖੋਸਾ, 17 ਸਤੰਬਰ, 2003

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-2004, 5abi.com