ਇਸਲਾਮ ਵਿਚ ਪਵਿੱਤਰ ਰਮਜ਼ਾਨ ਦੀ ਮਹੱਤਤਾ
- ਰਾਜ ਦੀਨ

ਇਸਲਾਮ ਧਰਮ ਦਾ ਆਧਾਰ ਪੰਜ ਚੀਜ਼ਾਂ ਉਪਰ ਹੈ - ਈਮਾਨ, ਨਮਾਜ਼, ਰੋਜ਼ਾ, ਜ਼ਕਾਤ ਅਤੇ ਹੱਜ। ਇਨ੍ਹਾਂ ਵਿਚੋਂ ਰੋਜ਼ਾ ਬਹੁਤ ਮਹੱਤਵਪੂਰਨ ਹੈ। ਰਮਜ਼ਾਨ ਦੇ ਮਹੀਨੇ ਵਿਚ ਮੁਸਲਾਮਨ ਦਿਨ ਵਿਚ ਭੁੱਖੇ ਰਹਿ ਕੇ ਅੱਲ੍ਹਾ ਪ੍ਰਤੀ ਆਪਣੀ ਸ਼ਰਧਾ ਅਤੇ ਇਬਾਦਤ ਪ੍ਰਗਟ ਕਰਦੇ ਹਨ। ਰਮਜ਼ਾਨ ਦਾ ਮਹੀਨਾ ਇਬਾਦਤ ਦਾ ਮਹੀਨਾ ਮੰਨਿਆ ਜਾਂਦਾ ਹੈ। ਇਥੋਂ ਤਕ ਕਿ ਰੋਜ਼ੇ ਨੂੰ ਸਾਰੀਆਂ ਇਬਾਦਤਾਂ ਦਾ ਦਰਵਾਜ਼ਾ ਕਿਹਾ ਗਿਆ ਹੈ। ਇਸਲਾਮ ਧਰਮ ਦੇ ਬਾਨੀ ਮੁਹੰਮਦ ਸਾਹਿਬ (ਸ·) ਦਾ ਫੁਰਮਾਨ ਹੈ ਕਿ ਜੇਕਰ ਲੋਕਾਂ ਨੂੰ ਰੋਜ਼ੇ ਦੀ ਕੀਮਤ ਪਤਾ ਲੱਗ ਜਾਵੇ ਤਾਂ ਉਹ ਸਾਰੀ ਉਮਰ ਦੇ ਰੋਜ਼ਿਆਂ ਦੀ ਤਮੰਨਾ ਕਰਨ।

ਰੋਜ਼ਾ ਕੀ ਹੈ?

ਸਾਧਾਰਨ ਵਿਅਕਤੀ ਅਨੁਸਾਰ ਦਿਨ ਵਿਚ ਭੁੱਖੇ ਰਹਿਣ ਨੂੰ ਹੀ ਰੋਜ਼ਾ ਕਿਹਾ ਜਾਂਦਾ ਹੈ ਪ੍ਰੰਤੂ ਰੋਜ਼ੇ ਦਾ ਅਸਲ ਅਰਥ ਇਸ ਤੋਂ ਕੋਹਾਂ ਦੂਰ ਹੈ। ਰੋਜ਼ਾ ਕੇਵਲ ਪੇਟ ਦਾ ਹੀ ਰੋਜ਼ਾ ਨਹੀਂ ਹੁੰਦਾ ਬਲਕਿ ਸਰੀਰ ਦੇ ਹਰ ਅੰਗ ਦਾ ਰੋਜ਼ਾ ਹੁੰਦਾ ਹੈ। ਮਿਸਾਲ ਦੇ ਤੌਰ 'ਤੇ ਅੱਖ ਦੇ ਰੋਜ਼ੇ ਦਾ ਅਰਥ ਹੈ ਕਿ ਅੱਖ ਨੂੰ ਬੁਰਾਈ ਦੇਖਣ ਤੋਂ ਰੋਕਿਆ ਜਾਵੇ। ਜ਼ੁਬਾਨ ਦੇ ਰੋਜੇ ਦਾ ਅਰਥ ਹੈ ਕਿ ਜ਼ੁਬਾਨ ਨੂੰ ਝੂਠ, ਚੁਗਲੀ ਅਤੇ ਬਕਵਾਸ ਤੋਂ ਬਚਾਇਆ ਜਾਵੇ। ਦਿਲ ਦਾ ਰੋਜ਼ਾ ਦਿਲ ਨੂੰ ਬੁਰੇ ਖਿਆਲਾਂ ਤੋਂ ਰੋਕਦਾ ਹੈ। ਕੰਨਾਂ ਦਾ ਰੋਜ਼ਾ ਕੰਨਾਂ ਨੂੰ ਨਾਜਾਇਜ਼ ਸੁਣਨ ਤੋਂ ਪਰਹੇਜ਼ ਦੀ ਪ੍ਰੇਰਣਾ ਦਿੰਦਾ ਹੈ। ਜਿਹੜੇ ਰੋਜ਼ੇਦਾਰ ਰੋਜ਼ਾ ਰੱਖ ਕੇ ਵੀ ਗੁਨਾਹਾਂ ਤੋਂ ਗੁਰੇਜ਼ ਨਹੀਂ ਕਰਦੇ ਉਨ੍ਹਾਂ ਨੂੰ ਭੁੱਖੇ ਰਹਿਣ ਤੋਂ ਸਿਵਾ ਹੋਰ ਕੁਝ ਵੀ ਹਾਸਲ ਨਹੀਂ ਹੁੰਦਾ।

ਰਮਜ਼ਾਨ ਦਾ ਮਹੀਨਾ ਸਬਰ ਅਤੇ ਗਮਖੁਆਰੀ ਦਾ ਮਹੀਨਾ ਹੈ। ਰੋਜ਼ੇਦਾਰ ਸਵੇਰ ਦੇ ਖਾਣੇ (ਸਹਰੀ) ਤੋਂ ਬਾਅਦ ਦਿਨ ਭਰ ਕੁਝ ਨਹੀਂ ਖਾਂਦੇ। ਇਥੋਂ ਤਕ ਕਿ ਪਾਣੀ ਪੀਣ ਦੀ ਵੀ ਇਜਾਜ਼ਤ ਨਹੀਂ। ਬੇਸ਼ੱਕ ਰੋਜ਼ੇਦਾਰ ਨੂੰ ਦਿਨ ਵਿਚ ਭੁੱਖ ਪਿਆਸ ਲਗਦੀ ਹੈ ਪ੍ਰੰਤੂ ਸਭ ਕੁਝ ਕੋਲ ਹੋਣ ਦੇ ਬਾਵਜੂਦ ਇਸ ਦਾ ਉਪਭੋਗ ਨਹੀਂ ਕੀਤਾ ਜਾਂਦਾ। ਇਸ ਨਾਲ ਵਿਅਕਤੀ ਵਿਚ ਆਤਮ ਸੰਜਮ ਪੈਦਾ ਹੁੰਦਾ ਹੈ। ਭਾਰਤ ਦੇ ਲਗਪਗ 30% ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ ਅਰਥਾਤ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਉਚਿਤ ਮਾਤਰਾ ਵਿਚ ਨਸੀਬ ਨਹੀਂ ਹੁੰਦੀ। ਅੱਜ ਆਮ ਵਿਅਕਤੀ ਆਪਣੀ ਨਿੱਜੀ ਜ਼ਿੰਦਗੀ ਅਤੇ ਸਵਾਰਥ ਵਿਚ ਏਨਾ ਰੁੱਝਿਆ ਹੋਇਆ ਹੈ ਕਿ ਉਸ ਕੋਲ ਗਰੀਬਾਂ ਵਾਸਤੇ ਕੁਝ ਕਰਨ ਦਾ ਸਮਾਂ ਤਾਂ ਕਿਥੇ ਉਨ੍ਹਾਂ ਵਾਸਤੇ ਸੋਚਣ ਦਾ ਵਕਤ ਵੀ ਨਹੀਂ ਹੈ। ਜਨਹਿਤੈਸ਼ੀ ਆਪਣੇ ਭਾਸ਼ਨਾਂ ਦੁਆਰਾ ਲੋਕਾਂ ਨੂੰ ਮਨੁੱਖਤਾ ਦਾ ਸਬਕ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਪ੍ਰੰਤੂ ਜਦੋਂ ਵਿਅਕਤੀ ਭੁੱਖ ਪਿਆਸ ਦਾ ਖੁਦ ਤਜਰਬਾ ਕਰਦਾ ਹੈ ਤਾਂ ਇਹ ਕਿਸੇ ਜਨ ਹਿਤੈਸ਼ੀ ਦੇ ਪ੍ਰਭਾਵਸ਼ਾਲੀ ਭਾਸ਼ਨ ਤੋਂ ਕਿਤੇ ਵਧੇਰੇ ਸਿੱਖਿਆਦਾਇਕ ਸਾਬਤ ਹੁੰਦਾ ਹੈ।

ਰਮਜ਼ਾਨ ਦੇ ਮਹੀਨੇ ਦੌਰਾਨ ਫਿਤਰਾਨਾ ਅਤੇ ਜ਼ਕਾਤ ਕੱਢੀ ਜਾਂਦੀ ਹੈ। ਫਿਤਰਾਨਾ ਘਰ ਦੇ ਹਰੇਕ ਮੈਂਬਰ, ਛੋਟਾ ਹੋਵੇ ਜਾਂ ਵੱਡਾ, ਮਰਦ ਹੋਵੇ ਜਾਂ ਔਰਤ ਦੀ ਤਰਫ ਤੋਂ ਅਨਾਜ ਦੇ ਰੂਪ ਵਿਚ ਜੋ ਕਿ ਇਕ ਵਿਅਕਤੀ ਦਾ ਲਗਪਗ ਪੌਣੇ ਦੋ ਕਿੱਲੋ ਬਣਦਾ ਹੈ ਜਾਂ ਇਸ ਦੇ ਬਰਾਬਰ ਦੇ ਮੁੱਲ ਦੇ ਪੈਸਿਆਂ ਦੇ ਰੂਪ ਵਿਚ ਅਦਾ ਕੀਤਾ ਜਾਂਦਾ ਹੈ ਜੋ ਕਿਸੇ ਗਰੀਬ, ਯਤੀਮ ਆਦਿ ਨੂੰ ਦਿੱਤਾ ਜਾਂਦਾ ਹੈ। ਜ਼ਕਾਤ ਕੇਵਲ ਅਮੀਰ ਮੁਸਲਮਾਨਾਂ ਉਪਰ ਹੀ ਫਰਜ਼ ਹੈ। ਜਿਸ ਵਿਅਕਤੀ ਕੋਲ ਸਾਢੇ ਸੱਤ ਤੋਲੇ ਸੋਨਾ ਜਾਂ ਸਾਢੇ ਬਵੰਜਾ ਤੋਲੇ ਚਾਂਦੀ ਜਾਂ ਇਸ ਦੇ ਬਰਾਬਰ ਦੇ ਮੁੱਲ ਦੀ ਸੰਪਤੀ ਜਾਂ ਪੈਸੇ ਇਕ ਸਾਲ ਲਈ ਬਿਨਾਂ ਇਸਤੇਮਾਲ ਤੋਂ ਪਏ ਰਹਿਣ ਤਾਂ ਉਸ ਮਾਲ ਉਪਰ ਜ਼ਕਾਤ ਫਰਜ਼ ਹੋ ਜਾਂਦੀ ਹੈ ਜਿਹੜੀ ਕਿ ਢਾਈ ਪ੍ਰਤੀਸ਼ਤ ਦੇ ਹਿਸਾਬ ਨਾਲ ਗਰੀਬਾਂ ਅਤੇ ਯਤੀਮਾਂ ਨੂੰ ਦਿੱਤੀ ਜਾਂਦੀ ਹੈ। ਮੁਹੰਮਦ ਸਾਹਿਬ (ਸ·) ਦੇ ਸਮੇਂ ਵਿਚ ਕਈ ਗਰੀਬਾਂ ਕੋਲ ਇੰਨੀ ਜ਼ਕਾਤ ਇਕੱਠੀ ਹੋ ਜਾਂਦੀ ਸੀ ਕਿ ਉਨ੍ਹਾਂ ਉਪਰ ਖੁਦ ਜ਼ਕਾਤ ਫਰਜ਼ ਹੋ ਜਾਂਦੀ ਸੀ। ਜੇਕਰ ਅੱਜ ਜ਼ਕਾਤ ਨੂੰ ਠੀਕ ਤਰੀਕੇ ਨਾਲ ਅਦਾ ਕੀਤਾ ਜਾਵੇ ਤਾਂ ਸਮਾਜ ਵਿਚੋਂ ਗਰੀਬੀ ਨੂੰ ਕਾਫੀ ਹੱਦ ਤਕ ਘਟਾਇਆ ਜਾ ਸਕਦਾ ਹੈ ਅਤੇ ਉਹ ਪਰਿਵਾਰ ਜਿਨ੍ਹਾਂ ਦੀ ਰੋਜ਼ੀ ਰੋਟੀ ਦਾ ਕੋਈ ਸਾਧਨ ਨਹੀਂ ਇਕ ਇੱਜ਼ਤ ਦੀ ਰੋਟੀ ਖਾ ਸਕਦੇ ਹਨ।

ਇਹ ਵਿਗਿਆਨਕ ਤੱਥ ਹੈ ਕਿ ਇਨਸਾਨੀ ਮੂਡ ਅਤੇ ਇੱਛਾਵਾਂ ਦਾ ਆਧਾਰ ਸੈਰੋਟੋਨਿਨ ਨਾਮੀ ਜਿਹੜੇ ਹਾਰਮੋਨਾਂ ਉਪਰ ਹੁੰਦਾ ਹੈ ਉਹ ਖੁਰਾਕ ਵਿਚ ਮੌਜੂਦ ਕਾਰਬੋਹਾਈਡ੍ਰੇਟਸ ਅਤੇ ਪ੍ਰੋਟੀਨ ਦੇ ਦੁਆਰਾ ਸੰਤੁਸ਼ਟੀ ਪ੍ਰਾਪਤ ਕਰਦੇ ਹਨ ਜਾਂ ਇਨ੍ਹਾਂ ਨੂੰ ਦਿਮਾਗ ਨੂੰ ਪੂਰੀ ਤਰ੍ਹਾਂ ਰੁਝਾ ਕੇ ਜਾਂ ਪੂਰੀ ਤਰ੍ਹਾਂ ਭੁੱਖੇ ਰਹਿ ਕੇ ਕੰਟਰੋਲ ਕੀਤਾ ਜਾ ਸਕਦਾ ਹੈ। ਸੰਤੁਲਿਤ ਭੋਜਨ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ। ਪੱਛਮੀ ਦੇਸ਼ਾਂ ਨੇ ਸੰਤੁਲਿਤ ਭੋਜਨ ਦਾ ਖੂਬ ਪ੍ਰਚਾਰ ਕੀਤਾ ਹੈ ਅਤੇ ਨਾਲ ਹੀ ਆਪਣੇ ਆਰਥਿਕ ਫਾਇਦਿਆਂ ਲਈ ਪੈਪਸੀ, ਕੋਕਾ ਕੋਲਾ, ਚਾਕਲੇਟ ਅਤੇ ਫਾਸਟ ਫੂਡ ਕਲਚਰ ਨੂੰ ਜਨਮ ਦਿੱਤਾ। ਸਾਡੇ ਵਰਗੇ ਗਰੀਬ ਸਮਾਜ ਵਿਚ ਸੰਤੁਲਿਤ ਭੋਜਨ ਦੂਰ ਦਾ ਸੁਪਨਾ ਹੈ। ਕੋਈ ਵਿਅਕਤੀ ਆਪਣੇ ਆਪ ਨੂੰ ਕਿੰਨਾ ਕੁ ਰੁਝਾ ਕੇ ਰੱਖ ਸਕਦਾ ਹੈ ਆਖਰ ਆਰਾਮ ਵੀ ਵਿਅਕਤੀ ਲਈ ਜ਼ਰੂਰੀ ਹੈ। ਇਸ ਤਰ੍ਹਾਂ ਇਸ ਮਕਸਦ ਲਈ ਭੁੱਖੇ ਰਹਿਣਾ ਹੀ ਸਭ ਤੋਂ ਸਸਤਾ, ਉਚਿਤ ਅਤੇ ਤਰਕਸ਼ੀਲ ਢੰਗ ਬਚ ਜਾਂਦਾ ਹੈ।

ਰੋਜ਼ਾ ਵਿਅਕਤੀ ਨੂੰ ਅੰਦਰੂਨੀ ਸ਼ਕਤੀ ਅਤੇ ਭਾਵਨਾਤਮਕ ਸਥਿਰਤਾ ਪ੍ਰਦਾਨ ਕਰਦਾ ਹੈ। ਰੋਜ਼ਾ ਵਿਅਕਤੀ ਨੂੰ ਭੌਤਿਕਵਾਦੀ ਜ਼ਿੰਦਗੀ ਤੋਂ ਅਧਿਆਤਮਿਕ ਜ਼ਿੰਦਗੀ ਵੱਲ ਪ੍ਰੇਰਿਤ ਕਰਦਾ ਹੈ ਜਿਹੜੀ ਕਿ ਅੱਜ ਦੇ ਸਮੇਂ ਦੀ ਲੋੜ ਹੈ। ਰੋਜ਼ਾ ਵਿਅਕਤੀਆਂ ਨੂੰ ਬੁਰਾਈਆਂ ਤੋਂ ਬਚਾਉਂਦਾ ਹੈ। ਇਹ ਅਮੀਰਾਂ ਅਤੇ ਗਰੀਬਾਂ ਵਿਚਕਾਰ ਫਾਸਲੇ ਨੂੰ ਦੂਰ ਕਰਦਾ ਹੈ ਅਤੇ ਅਮੀਰਾਂ ਦੇ ਦਿਲਾਂ ਵਿਚ ਗਰੀਬਾਂ ਪ੍ਰਤੀ ਹਮਦਰਦੀ ਅਤੇ ਸਦਭਾਵਨਾ ਭਰਦਾ ਹੈ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-2004, 5abi.com