WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

 

ਜਦੋਂ ਜਥੇਦਾਰਾਂ ਨੇ ਸਿਖ ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰਥਾ ਪ੍ਰਗਟਾਈ
ਸਰਬਜੀਤ ਸਿੰਘ, ਕੈਲੇਫੋਰਨੀਆ

 

 

5_cccccc1.gif (41 bytes)

ਫਰੀਮਾਂਟ - ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਤਖਤ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ, ਤਖਤ ਕੇਸਗੜ ਸਾਹਿਬ (ਅਨੰਦਪੁਰ) ਦੇ ਜਥੇਦਾਰ ਤ੍ਰਿਲੋਚਨ ਸਿੰਘ, ਗੁ. ਸ਼ੀਸ ਗੰਜ ਸਹਿਬ ਦਿੱਲੀ ਦੇ ਹੈਡ ਗ੍ਰੰਥੀ ਰਣਜੀਤ ਸਿੰਘ ਪਿਛਲੇ ਹਫਤੇ ਆਪਣੇ ਇਕ ਸਬੰਧੀ ਦੇ ਵਿਆਹ ਸਮਾਗਮ ਕਰਕੇ ਸੈਨਹੋਜੇ ਵਿਚ ਪਹੁੰਚੇ ਹੋਏ ਸਨ ਪਰ ਵਿਆਹ ਤੋਂ ਇਲਾਵਾ ਸਾਰੇ ਜਥੇਦਾਰਾਂ ਨੇ ਗੁਰਦੁਆਰਿਆਂ ਅਤੇ ਘਰਾਂ ਵਿਚ ਪਹਿਲਾਂ ਵਾਂਗ ਹੀ ਆਪਣੇ ਦੋਰੇ ਜਾਰੀ ਰਖੇ। ਪਿਛਲੇ ਬੁੱਧਵਾਰ ਸਿੱਖ ਗੁਰਦਵਾਰਾ ਸੈਨਹੋਜੇ ਵਿਚ ਹਫਤਾਵਾਰੀ ਦੀਵਾਨ ਨੂੰ ਆਪਣੀ ਰਵਾਇਤੀ ਤਕਰੀਰ ਨਾਲ ਨਿਹਾਲ ਕੀਤਾ ਪਰ ਜਥੇਦਾਰਾਂ ਦੇ ਚਲ ਰਹੇ ਦੌਰਿਆਂ ਵਿਚ ਉਸ ਸਮੇ ਬੇ ਸਵਾਦੀ ਜਿਹੀ ਹੋ ਗਈ ਜਦ ਪੰਥਕ ਸੋਚ ਦੇ ਧਾਰਨੀ “ਸਿਖ ਯੂਥ ਆਫ ਅਮੈਰਕਾ'' ਦੇ ਇਕ ਸ਼ਕਤੀਸ਼ਾਲੀ ਗਰੁਪ ਦੇ ਸਿੱਖ ਨੌਜਵਾਨਾਂ ਨੇ ਸਿੱਖ ਗੁਰਦਵਾਰਾ ਸਾਹਿਬ ਫਰੀਮਾਂਟ ਵਿਚ ਸਵਾਲ ਜਵਾਬ ਕਰਨੇ ਸ਼ੁਰੂ ਕਰ ਦਿਤੇ। ਭਾਵੇਂ ਜਥੇਦਾਰਾਂ ਦੀ ਪਹਿਲਾਂ ਹੀ ਸਖਤ ਹਦਾਇਤ ਹੁੰਦੀ ਹੈ ਕਿ ਜਿਥੇ ਵੀ ਜਥੇਦਾਰਾਂ ਨੂੰ ਬੁਲਾਉਣਾ ਹੈ ਤਾਂ ਓਤੇ ਕੋਈ ਸਵਾਲ ਜਵਾਬ ਨਹੀਂ ਹੋਣੇ ਚਾਹੀਦੇ ਪਰ ਇਹ ਸਭ ਕੁਝ ਫਰੀਮਾਂਟ ਵਿਚ ਬਦਲੇ ਹੋਏ ਹਲਾਤਾਂ ਕਾਰਣ ਹੀ ਸੰਭਵ ਹੋ ਸਕਿਆ।

ਸਿੱਖ ਗੁਰਦਵਾਰਾ ਸਾਹਿਬ ਫਰੀਮਾਂਟ ਵਿਚ “ਸਿਖ ਯੂਥ ਆਫ ਅਮੈਰਕਾ” ਦੇ ਆਗੂ ਪ੍ਰੀਤਮ ਸਿੰਘ “ਜੋਗਾ” ਸਵਾਲ ਕਰਦਿਆਂ ਕਿਹਾ ਕਿ ਇਸ ਸਮੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਹੁਕਮਨਾਮੇ ਜਾਰੀ ਕਰਨ ਸਮੇ ਦੂਹਰਾ ਮਾਪਦੰਡ ਅਪਣਾਇਆ ਜਾਂਦਾ ਹੈ ਜਿਵੇਂ ਸੰਤ ਧੰਨਵੰਤ ਸਿੰਘ ਤੇ ਬਲਾਤਕਾਰ ਦਾ ਕੇਸ ਸ੍ਰੀ ਅਕਾਲ ਤਖਤ ਤੇ ਆਇਆ ਪਰ ਤੁਸੀਂ ਇਸ ਨੂੰ ਖੁਰਦ-ਬੁਰਦ ਕਰਕੇ ਬੇਇਨਸਾਫੀ ਕੀਤੀ ਪਰ ਜਦ ਦੁਨਿਆਵੀ ਅਦਾਲਤ ਵਿਚ ਦੋਸ਼ੀ ਬਾਬੇ ਨੂੰ ਦਸ ਸਾਲ ਦੀ ਸਜਾ ਸੁਣਾਈ ਗਈ ਹੈ। ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਘਰਵਾਲੀ ਆਸ਼ੂਤੋਸ਼ ਦੇ ਪੈਰਾਂ ਵਿਚ ਸਿਰ ਰੱਖੀ ਬੈਠੀ ਹੈ ਇਸ ਦੀ ਫੋਟੋ ਪੰਜਾਬ ਵਿਚ ਤਕਰੀਬਨ ਸਾਰੇ ਅਖਬਾਰਾਂ ਨੇ ਛਾਪੀ ਹੈ ਇਸ ਸਬੰਦੀ ਪੰਥਕ ਜਥੇਬੰਦੀਆਂ ਨੇ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਪਰ ਤੁਸੀਂ ਉਸ ਦੇ ਖਿਲਾਫ ਕੋਈ ਹੁਕਮਨਾਮਾਂ ਨਹੀਂ ਜਾਰੀ ਕੀਤਾ ਪਰ ਇਸ ਦੇ ਮੁਕਾਬਲੇ ਕੋਈ ਆਮ ਕਿਰਤੀ ਸਿੱਖ ਜਿਸ ਦੇ ਕੋਲ ਕੋਈ ਰਾਜਨੀਤਿਕ ਤਾਕਤ ਨਾ ਹੋਵੇ ਉਸ ਨੂੰ ਤੁਸੀਂ ਤੁਰੰਤ ਅਕਾਲ ਤਖਤ ਸਾਹਿਬ ਤੇ ਤਲਬ ਕਰ ਲੈਂਦੇ ਹੋ। ਦੂਸਰਾ ਸਰੋਪਿਆਂ ਦੇ ਸਬੰਦ ਵਿਚ ਵੀ ਅਜਿਹਾ ਹੀ ਕੀਤਾ ਜਾਂਦਾ ਹੈ ਜਿਵੇਂ ਘਟ ਗਿਣਤੀ ਕਮਿਸ਼ਨ ਦੇ ਸ. ਤ੍ਰਿਲੋਚਨ ਸਿੰਘ ਜੋ ਦਾੜੀ ਰੰਗਦੇ ਤੇ ਬੰਨ੍ਹਦੇ ਹਨ, ਭਾਜਪਾ ਦੇ ਸ੍ਰੀ ਅਡਵਾਨੀ, ਕਨੇਡਾ ਤੋਂ ਉਜਲ ਦੁਸਾਂਝ ਜੋ ਕਲੀਨ ਸ਼ੇਵ ਹਨ ਉਨ੍ਹਾਂ ਨੂੰ ਸਿਰੋਪੇ ਦਿਤੇ ਗਏ ਪਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਖਾਲ਼ੀ ਮੋੜ ਦਿੱਤਾ ਜਾਂਦਾ ਹੈ।

ਸ. ਪ੍ਰੀਤਮ ਸਿੰਘ ਜੋਗਾ ਆਪਣੀ ਜਜਬਾਤੀ ਅਤੇ ਤਰਕ ਭਰਪੂਰ ਤਕਰੀਰ ਜਾਰੀ ਰਖਦਿਆਂ ਕਿਹਾ ਕਿ ਤੁਸੀਂ ਆਏ ਦਿਨ ਅਮਰੀਕਾ-ਕਨੇਡਾ ਅਤੇ ਇੰਗਲੈਂਡ ਆਉਂਦੇ ਹੋ ਕੀ ਪੰਜਾਬ ਵਿਚ ਧਰਮ ਪ੍ਰਚਾਰ ਦਾ ਕੰਮ ਮੁਕ ਗਿਆਂ ਹੈ। ਪੰਜਾਬ ਦੀ ਜਵਾਨੀ ਨਸ਼ਿਆਂ ਵਿਚ ਗ੍ਰਤ ਹੋ ਕੇ ਸਿੱਖੀ ਤੋਂ ਦੁਰ ਹੋ ਰਹੀ ਹੈ। ਪੰਜਾਬ ਵਿਚ ਹਰ ਪੰਜ ਮੀਲ ਤੇ ਪਾਖੰਡੀ ਸਾਧਾਂ ਦੇ ਡੇਰੇ ਬਣ ਰਹੇ ਹਨ ਜੋ ਕੇ ਦੇਹ ਧਾਰੀ ਗੁਰੂਡੰਮ ਦਾ ਪ੍ਰਚਾਰ ਕਰਕੇ ਸਿੱਖੀ ਸਿਧਾਂਤਾਂ ਦੀਆਂ ਧਜੀਆਂ ਉਡਾ ਰਹੇ ਹਨ, ਆਸ਼ੂਤੋਸ਼ ਤੇ ਭਨਿਂਆਰੇ ਵਾਲੇ ਆਮ ਗੁਰੁ ਘਰਾਂ ਦਾ ਨਿਰਾਦਰ ਕਰ ਰਹੇ ਹਨ ਤੁਸੀਂ ਉਨ੍ਹਾਂ ਪ੍ਰਤੀ ਕੀ ਸਟੈਂਡ ਲਿਆ ਹੈ? ਮੁਆਫ ਕਰਨਾ ਅਜ ਵਡੇ-2 ਗੁਰਦੁਆਰਿਆਂ ਵਿਚ ਵੀ ਇਨ੍ਹਾਂ ਡੇਰਿਆਂ ਦੀ ਮਰਯਾਦਾ ਲਾਗੂ ਹੈ ਜਿਵੇਂ ਕੁੰਬ, ਨਾਰੀਅਲ, ਜੋਤਾਂ, ਧੂਫਾਂ, ਮੂਰਤੀਆਂ ਰੱਖੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਗੁਰਬਾਣੀ ਖੰਡਣ ਕਰਦੀ ਹੈ ਜੋ ਬ੍ਰਾਹਮਣੀ ਕਰਮਕਾਂਡ ਹਨ। ਸਿੱਖ ਰਹਿਤ ਮਰਯਾਦਾ ਅਨੁਸਾਰ ਜੋ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਹੈ ਨੂੰ ਛਡ ਕੇ ਚਾਰ ਸੌ ਪਾਂਚ ਚਰਿਤ੍ਰ, ਅੜਿਲ ਅਤੇ ਕਈ ਹੋਰ ਦੋਹਰੇ ਜੌੜ ਕੇ ਪੜੇ ਜਾ ਰਹੇ ਹਨ, ਸ੍ਰੀ ਅਖੰਡ ਨਾਲ ਪੋਥੀ ਪਾਠ, ਇਕੇ ਥਾਂ ਜੁੜਵੇ ਕਈ-2 ਪਾਠ ਹੋ ਰਹੇ ਹਨ। ਪੁੰਨਿਆਂ ਮਸਿਆਂ ਸੰਗ੍ਰਾਂਦਾਂ ਪੂਜੀਆਂ ਜਾ ਰਹੀਆਂ ਹਨ। ਗੁਰਦੁਆਰਿਆਂ ਦੇ ਪ੍ਰਬੰਧਕ ਤੇ ਗ੍ਰੰਥੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਕਿਉਂ ਨਹੀਂ ਲਾਗੂ ਕਰਦੇ? ਤੁਸੀ ਇਨ੍ਹਾਂ ਸਾਧਾਂ ਸੰਤਾਂ, ਪ੍ਰਬੰਧਕਾਂ ਤੇ ਗ੍ਰਥੀਆਂ ਨੂੰ ਸਿੱਖ ਰਹਿਤ ਮਰਯਾਦਾ ਲਾਗੂ ਕਰਨ ਦਾ ਅਦੇਸ਼ ਕਿਉਂ ਨਹੀ ਦਿੰਦੇ?

ਸ. ਪ੍ਰੀਤਮ ਸਿੰਘ ਨੇ ਤਖਤ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਤੁਸੀਂ ਹਰ ਦੋ ਮਹੀਂਨਿਆਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਕਮਨਾਮਾ ਜਾਰੀ ਕਰਕੇ ਤਖਤ ਪਟਨਾ ਸਾਹਿਬ ਤੇ ਤਲਬ ਕਰ ਲੈਂਦੇ ਹੋ ਅਤੇ ਥੋੜੇ ਦਿਨਾਂ ਬਾਅਦ ਤੁਸੀਂ ਇਕਦਮ ਅਮਰੀਕਾ ਆ ਜਾਂਦੇ ਹੋ। ਕੀ ਇਹ ਕੌਮ ਨਾਲ ਮਜਾਕ ਨਹੀਂ ਕਰ ਰਹੇ? ਅਕਾਲ ਤਖਤ ਸਾਹਿਬ ਤੋਂ ਮੇਜਾਂ ਕੁਰਸੀਆਂ ਦਾ ਹੁਕਮਨਾਮਾ ਜਾਰੀ ਹੋਇਆ ਹੈ ਅਤੇ ਤੁਸੀਂ ਉਨ੍ਹਾ ਗੁਰਦੁਆਰਿਆਂ ਵਿਚ ਮੱਥਾ ਟੇਕਣ ਨਹੀਂ ਜਾਂਦੇ ਅਤੇ ਕੁਰਸੀਆਂ ਤੇ ਬੈਠ ਕੇ ਲੰਗਰ ਛਕਣ ਵਾਲੇ ਦੇ ਖਿਲਾਫ ਤੁਸੀਂ ਹੁਕਮਨਾਮਾ ਜਾਰੀ ਕਰਦੇ ਹੋ ਪਰ ਤਖਤ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਜੋ ਕਿ ਗੁਰਦੁਆਰਾ ਟਾਇਰਾ ਬਿਊਨਾ ਯੁਬਾ ਸਿਟੀ ਜਿਸ ਵਿਚ ਕੁਰਸੀਆਂ ਲਗੀਆਂ ਹਨ ਓਥੇ ਸ਼ਰੇਆਮ ਜਾਂਦੇ ਹਨ ਅਤੇ ਕਥਾ ਵੀ ਕਰਦੇ ਹਨ ਇਨ੍ਹਾਂ ਦੇ ਖਿਲਾਫ ਕਾਰਵਾਈ ਕਿਉਂ ਨਹੀ? ਇਸ ਦਾ ਮਤਲਬ ਦੂਹਰਾ ਮਾਪਦੰਡ ਹੈ। ਇਸ ਤੋਂ ਇਲਾਵਾ ਸੰਤ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਦਾ ਜੋ ਪੰਜਾਬ ਵਿਚ ਕੇਸ ਚਲ ਰਿਹਾ ਹੈ ਜਿਸ ਦੀਆਂ ਖਬਰਾਂ ਅਖਬਾਰਾਂ ਵਿਚ ਲਗ ਗਈਆਂ ਹਨ। ਉਸ ਦਾ ਵੀ ਵਾਰ ਵਾਰ ਜਿਕਰ ਹੋਇਆ ਪਰ ਜਥੇਦਾਰਾਂ ਨੇ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਤੋਂ ਆਪਣੀ ਅਸਮਰਥਾ ਪ੍ਰਗਟਾਈ ਅਤੇ ਇਹੀ ਕਿਹਾ ਕਿ ਤੂੰ ਆਪਣੇ ਸੁਆਲ ਅਕਾਲ ਤਖਤ ਸਾਹਿਬ ਤੇ ਲਿਖਤੀ ਰੂਪ ਵਿਚ ਭੇਜ ਦੇਵੀਂ ਅਤੇ ਮੈਂ ਲਿਖਤੀ ਰੂਪ ਵਿਚ ਜਵਾਬ ਭੇਜ ਦਿਆਂਗਾ। ਤਖਤ ਕੇਸਗੜ ਅਨੰਦਪੁਰ ਸਾਹਿਬ ਦੇ ਜਥੇਦਾਰ ਤਰਲੋਚਨ ਸਿੰਘ ਨੇ ਮੂਵੀ ਕੈਮਰਾ ਬੰਦ ਕਰਨ ਲਈ ਕਿਹਾ ਜਦ ਉਸ ਵਿਅਕਤੀ ਨੇ ਕੈਮਰਾ ਬੰਦ ਕਰ ਦਿਤਾ ਤਾਂ ਜਥੇਦਾਰ ਨੇ ਫਿਰ ਕਿਹਾ ਜੀ ਤੁਹਾਡਾ ਕੈਮਰਾ ਹਾਲੇ ਬੰਦ ਨਹੀਂ ਹੋਇਆ ਲਾਲ ਬਤੀ ਅਜੇ ਜਗ ਬੁਜ ਰਹੀ ਹੈ। ਪਹਿਲਾਂ ਤਾਂ ਜਥੇਦਾਰਾਂ ਦੇ ਹਰ ਸਵਾਲ ਦਾ ਜਵਾਬ ਸੀਸ ਗੰਜ ਸਾਹਿਬ ਦਿਲੀ ਦੇ ਹੈਡ ਗ੍ਰੰਥੀ ਰਣਜੀਤ ਸਿੰਘ ਹੀ ਦਿਆ ਕਰਦੇ ਸਨ। ਇਸ ਵਾਰ ਸਿੱਖ ਯੂਥ ਆਫ ਅਮੈਰਕਾ ਦੇ ਆਗੂਆਂ ਪਹਿਲਾਂ ਕਹਿ ਦਿਤਾ ਸੀ ਕਿ ਅਸੀਂ ਜੋ ਸਵਾਲ ਜਥੇਦਾਰ ਨੂੰ ਕਰਨਾ ਹੈ ਉਸ ਦਾ ਜਵਾਬ ਵੀ ਜਥੇਦਾਰ ਤੋਂ ਹੀ ਲੈਣਾ ਹੈ ਪਰ ਜਾਂਦਿਆਂ-2 ਤਖਤ ਪਟਨਾਂ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਨੇ ਸਿੱਖ ਯੂਥ ਆਗੂਆਂ ਨੂੰ ਇਹ ਕਹਿਦਿਆਂ ਸੁਣਿਆਂ ਗਿਆ ਕਿ ਤੁਸੀਂ ਪਟਨਾਂ ਸਾਹਿਬ ਦੀ ਤਾਕਤ ਬਾਰੇ ਨਹੀਂ ਜਾਣਦੇ ਕਿ ਕੀ ਹੋ ਸਕਦਾ ਹੈ?

ਬਾਅਦ ਵਿਚ ਇਸ ਪਤਰਕਾਰ ਨਾਲ ਗਲਬਾਤ ਕਰਦਿਆਂ ਸਿੱਖ ਯੂਥ ਆਫ ਅਮਰੀਕਾ ਦੇ ਆਗੂਆਂ ਨੇ ਕਿਹਾ ਕਿ ਹੁਣ ਗੁਰੁਆਰਿਆਂ ਵਿਚ ਸਿੱਖ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੂੰ ਸ਼ਰੇਆਂਮ ਸਿੱਖ ਸੰਗਤ ਨੂੰ ਗੁਮਰਾਹ ਨਹੀਂ ਕਰਨ ਦਿਤਾ ਜਾਵੇਗਾ। ਹੁਣ ਹਰ ਸਿੱਖ ਆਗੂ ਨੂੰ ਗੁਰਦੁਆਰੇ ਦੀ ਸਟੇਜ ਤੋਂ ਸਵਾਲ ਜਵਾਬ ਦਾ ਸਾਹਮਣਾ ਕਰਨਾ ਪਵੇਗਾ। ਅਸੀਂ ਸਿੱਖ ਸੰਗਤ ਵਿਚ ਪੰਥਕ ਸੋਚ ਪੈਦਾ ਕਰ ਦਿਆਂਗੇ ਜਿਹੜੀ ਕਿ ਇਨ੍ਹਾਂ ਦੇ ਸਾਹਮਣੇ ਸੁਣਨ ਦੀ ਬਜਾਏ ਆਪ ਸਵਾਲ ਜਵਾਬ ਕਰਨ ਦੇ ਸਮਰਥ ਹੋ ਜਾਵੇਗੀ। ਸਵਾਲ ਜਵਾਬ ਦੇ ਇਸ ਸਮੇ ਵਿਸ਼ੇਸ਼ ਤੌਰ ਤੇ ਸਿੱਖ ਯੂਥ ਆਫ ਅਮਰੀਕਾ ਦੇ ਆਗੂਆਂ- ਸ. ਪ੍ਰੀਤਮ ਸਿੰਘ “ਜੋਗਾ”, ਗੁਰਬਚਨ ਸਿੰਘ “ਰਾਣਾ”, ਪ੍ਰਤਪਾਲ ਸਿੰਘ ਹਨੀ, ਇੰਦਰਜੀਤ ਸਿੰਘ, ਅਕਾਲੀ ਆਗੂਆਂ ਸਰਬਜੋਤ ਸਿੰਘ ਸਵਦੀ, ਸੁਖਵਿੰਦਰ ਸਿੰਘ ਤਲਵੰਡੀ, ਜਗਮੀਤ ਸਿੰਘ ਹੁੰਦਲ ,ਗੁਰਬਾਣੀ ਪ੍ਰਚਾਰ ਮਿਸ਼ਨ ਦੇ ਅਵਤਾਰ ਸਿੰਘ ਮਿਸ਼ਨਰੀ ਅਤੇ ਹਰਸਿਮਰਤ ਕੌਰ ਖਾਲਸਾ, ਸਿੱਖ ਗੁਰਦੁਆਰਾ ਸਾਹਿਬ ਫਰੀਮਾਂਟ ਦੇ ਪ੍ਰਧਾਨ ਸ.ਗੁਰਮੀਤ ਸਿੰਘ ਖਾਲਸਾ, ਸੈਨਹੋਜੇ ਤੋਂ ਜੀਤ ਸਿੰਘ ਬੈਨੀਵਾਲ, ਸੁਖਦੇਵ ਸਿੰਘ ਬੈਨੀਵਾਲ, ਹਰਮਿੰਦਰ ਸਿੰਘ, ਦਿਲਾਵਰ ਸਿੰਘ, ਗੁਰਚਰਨ ਸਿੰਘ ਮਾਨ, ਰਾਜਿੰਦਰਪਾਲ ਸਿੰਘ ਢਿਲੋਂ, ਐਸ. ਪੀ. ਸਿੰਘ, ਕੁਲਜੀਤ ਸਿੰਘ, ਚੇਤਨਾ ਲਹਿਰ ਦੇ ਕਰਨੈਲ ਸਿੰਘ ਖਾਲਸਾ, ਕਰਨੈਲ ਸਿੰਘ ਗਿੱਲ, ਹਰਜਿੰਦਰ ਸਿੰਘ ਦੁਸਾਂਝ ਆਦਿ ਨੇ ਹਿਸਾ ਲਿਆ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

 


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com