ਗ਼ਜ਼ਲ
- ਹਰਚਰਨ (ਡਾ·)
ਧਰਤੀ ਤੋਂ ਅੰਬਰ ਤੱਕ ਗੂੰਜੇ ਇਕੋ ਹੂਕ-ਪੁਕਾਰ।
ਜੰਮਣ ਤੋਂ ਪਹਿਲਾਂ ਕਿਉਂ ਜਾਪਣ ਧੀਆਂ ਜੱਗ 'ਤੇ ਭਾਰ।
ਕਿਉਂ ਅਣ-ਜੰਮੀਆਂ ਧੀਆਂ ਬਣੀਆਂ ਅਖਬਾਰਾਂ ਦੀ ਸੁਰਖੀ,
ਕਿਨ ਅਜ਼ਲਾਂ ਤੋਂ ਮੱਥੇ ਲਿਖਿਆ ਧੀਆਂ ਦੇ ਤ੍ਰਿਸਕਾਰ।
ਰਿਸ਼ੀ ਪੁੱਤਰੋ! ਨਿੱਤ-ਨੇਮੀਓਂ! ਕੁਛ ਤਾਂ ਰਮਜ਼ ਪਛਾਣੋਂ,
ਵੇਦ-ਗੰ੍ਰਥ ਦੁਹਾਈ ਦੇ ਕੇ, ਪਾਉਂਦੇ ਨਿੱਤ ਵੰਗਾਰ। ਕੌਣ
ਰਚੇ-ਛੜਯੰਤਰ ਬਹਿ ਬਹਿ, ਕੌਣ ਚਲਾਏ ਚਾਲਾਂ,
ਕੌਣ ਬਣੇ ਧੀਆਂ ਦਾ ਕਾਤਲ, ਕੌਣ ਬਣੇ ਹਥਿਆਰ।
‘ਮੁਕਤੀ-ਦਾਤਾ' ਬਣ ਬਣ, ‘ਮੁਕਤੀ' ਦੇਣ ਸਕੈਨਿੰਗ-ਸੈਂਟਰ,
ਤੱਥ ਬਿਆਨਣ ਖੁੱਲ੍ਹ ਕੇ, ਖੋਜ-ਤਰੱਕੀ ਦੀ ਰਫਤਾਰ।
‘ਜੀਵਨ-ਦਾਤੇ' ਭੁੱਲ-ਭੁਲਾ ਕੇ, ਪਾਕ ਪਵਿੱਤਰ ਕਸਮਾਂ,
ਸਿੱਕੇ-ਖਾਤਿਰ ਛਿੱਕੇ-ਟੰਗਦੇ, ਕਦਰਾਂ ਤੇ ਕਿਰਦਾਰ।
ਅੰਨ੍ਹੀਂ ਦੌੜ 'ਚ ਉਲਝ ਗਿਆ, ਇਸ ਦੌਰ ਦਾ ‘ਸਰਵਣ-ਪੁੱਤਰ',
ਕੌਣ ਪਿਲਾਏ ਪਾਣੀ ਅੰਤਿਮ ਵੇਲੇ ਬਣ ‘ਕੁਲਤਾਰ'।
ਬੁੱਢ-ਪੁਰਾਣੀਆਂ ਵਸਤਾਂ ਪੁੱਤਰ ਬਾਹਰ ਵਗ੍ਹਾ ਕੇ ਸੁੱਟਣ।
ਕੋਠੀ ਦੇ ਨਕਸ਼ੇ ਵਿੱਚ ਕੂੜ-ਕਬਾੜਾ ਨਾ ਦਰਕਾਰ। ਪੁੱਤਰ
ਮੋਹ ਵਿੱਚ ਗਲ ਗਲ ਖੁੱਭੇ ਬੰਦਿਓ! ਕੁਛ ਤਾਂ ਦੱਸੋ,
ਧੀਆਂ ਦੀ ਮਾਂ ਕਾਹਨੂੰ ਸਹਿੰਦੀ, ਧੁਰ ਤੋਂ ‘ਰੱਬੀ-ਮਾਰ'।
ਧੀ ਦੀ ਮਹਿਕ ਮੁਕੰਮਲ ਕਰਦੀ, ਪਰਿਵਾਰਿਕ-ਗੁਲਦਸਤਾ,
ਧੀਆਂ ਬਾਝ ਅਧੂਰਾ ਅਕਸਰ ਸੱਲ੍ਹਦਾ ਹੈ ਘਰ-ਬਾਰ। ਬੁੱਢੇ
ਵਾਰੇ, ਸੰਗ-ਸਹਾਰੇ, ਜਦ ਕੰਨੀ ਕਤਰਾਵਣ,
ਡੁਬਦੀ ਬੇੜੀ ਬੰਨੇ ਲਾਵਣ, ਧੀਆਂ ਬਣ ਪਤਵਾਰ। ਕੱਲ੍ਹ ਦੀ
ਪਹੁੰਚ-ਪ੍ਰਤਿਭਾ ਮੌਲਣ-ਵਿਗਸਣ ਤੋਂ ਹੀ ਪਹਿਲਾਂ,
ਅਲਖ ਮੁਕਾ ਕੇ ਤੰਗਦਿਲ-ਪਹੁੰਚ ਨੇ ਦਿੱਤਾ ਕਹਿਰ ਗੁਜ਼ਾਰ।
ਕੁਦਰਤ ਦਾ ਵਰਤਾਰਾ ਸਾਰਾ, ਅਸਤ-ਵਿਅਸਤ ਹੈ ਹੋਇਆ,
‘ਹਰਚਰਨ' ਜਦੋਂ ਤੋਂ ਬੰਦਾ ਏਦਾਂ ਬਣ ਬੈਠਾ ‘ਫ਼ਨਕਾਰ'। |