|
ਅਮਰਜੀਤ ਸਿੰਘ "ਸੰਧੂ" |
ਦਿਲ ਦੀ ਕਾਪੀ ਵਿੱਚੋਂ ਕੱਟ ਕੇ, ਫੁੱਲਾਂ ਦੇ ਸਿਰਨਾਵੇਂ।
ਸਾਡਾ ਰਹਿਬਰ ਲੱਭਦਾ ਏ ਹੁਣ, ਮਹਿਕਾਂ ਦੇ ਸਿਰਨਾਵੇਂ।
ਜੇ ਲੱਭਣੇ
ਚਾਹੁੰਦੇ ਹੋ, ਗੁੱਝੀਆਂ ਰਮਜ਼ਾਂ ਦੇ ਸਿਰਨਾਵੇਂ।
ਤਾਂ ਰਬ ਕੋਲੋਂ ਮੰਗੋ ਤਿੱਖੀਆਂ ਸੋਚਾਂ ਦੇ ਸਿਰਨਾਵੇਂ।
ਸਾਡੇ
ਮੱਥਿਆਂ 'ਤੇ ਕਿਸ ਲਿਖ'ਤੇ ਦਰਦਾਂ ਦੇ ਸਿਰਨਾਵੇਂ?
ਲਾਠੀ, ਗੋਲੀ, ਗ਼ੈਰ-ਕਨੂੰਨੀ ਸੀਖ਼ਾਂ ਦੇ ਸਿਰਨਾਵੇਂ।
ਮੇਰੇ
ਸੱਦਾ-ਪੱਤਰ ਦਰਦਾਂ ਘਰ ਕੇਵੇਂ ਜਾ ਪਹੁੰਚੇ ?
ਮੈਂ ਤਾਂ ਲਿਖੇ ਸੀ ਉਹਨਾਂ ਉੱਤੇ, ਖੁਸ਼ੀਆਂ ਦੇ ਸਿਰਨਾਵੇਂ।
ਅਜ-ਕੱਲ
ਬੰਦਾ ਬਣ ਗਿਐ ਕੇਵਲ ਟੈਲੀਫ਼ੋਨ ਦਾ ਨੰਬਰ,
ਹੁਣ ਕੀ ਕਰਨੇ ਪਿੰਡਾਂ, ਪੱਤੀਆਂ, ਗਲੀਆਂ ਦੇ ਸਿਰਨਾਵੇਂ?
ਤਲਵਾਰਾਂ-ਤਰਸੂਲਾਂ ਦੇ ਘਰ ਦੂਰੋਂ ਦਿੱਸ ਪੈਂਦੇ ਨੇ,
ਪਰ ਪਿੰਡੋਂ ਲੱਭਿਆਂ ਨਹੀਂ ਲੱਭਦੇ 'ਕਲਮਾਂ' ਦੇ ਸਿਰਨਾਵੇਂ।
ਦਾਣੇ-ਦੁਣਕੇ ਦੀ ਮਜਬੂਰੀ ਲੈ ਗਈ ਹੈ ਪਰਦੇਸੀਂ,
ਬੁੱਢੀਆਂ ਚਿੜੀਆਂ ਲੱਭਣ ਉਡ ਗਏ ਬੋਟਾਂ ਦੇ ਸਿਰਨਾਵੇਂ।
ਮੁੰਡੇ ਤਾਂ
ਸਭ 'ਕਾਲੇ-ਯੁਗ' ਦੀ ਭੇਟਾ ਚੜ੍ਹ ਗਏ ਮਿਤਰੋ,
ਕੁੜੀਆਂ ਨੂੰ ਹੁਣ ਕਿੱਥੋਂ ਦੇਈਏ ਮੁੰਡਿਆਂ ਦੇ ਸਿਰਨਾਵੇਂ?
ਬੀਤੇ ਦੀ
ਡਾਇਰੀ 'ਚੋਂ ਨਾ ਪੜ੍ਹ ਗ਼ਮ ਦੀਆਂ ਕਾਲੀਆਂ ਯਾਦਾਂ,
ਹੋ ਸਕਦੈ ਤਾਂ ਲੱਭ ਲੈ ਉਸ 'ਚੋਂ ਖੁਸ਼ੀਆਂ ਦੇ ਸਿਰਨਾਵੇਂ।
ਹਕਦਾਰਾਂ
ਵਿਚ ਆ ਫਸਿਆ ਏ ਹਕਮਾਰਾਂ ਦਾ ਨੇਤਾ,
ਬਸਤੀ ਵਿੱਚੋਂ ਲੱਭਦਾ ਲੱਭਦਾ, ਵੋਟਾਂ ਦੇ ਸਿਰਨਾਵੇਂ।
ਤੂੰ ਇਸ ਜਨਮ
'ਚ ਮੇਰੇ ਕੋਲੋਂ ਕਿੱਥੇ ਲੁਕ ਜਾਵੇਂਗਾ?
ਮੈਨੂੰ ਤਾਂ ਚੇਤੇ ਨੇ ਪਿਛਲੇ ਜਨਮਾਂ ਦੇ ਸਿਰਨਾਵੇਂ।
ਓਧਰ ਜਮ ਹੁਣ
ਪੁੱਛਦਾ ਫਿਰਦੈ, 'ਸੰਧੂ' ਦਾ ਸਿਰਨਾਵਾਂ,
ਏਧਰ 'ਸੰਧੂ' ਸਾਂਭੀ ਫਿਰਦੈ ਕੁੜੀਆਂ ਦੇ ਸਿਰਨਾਵੇਂ।
2.
ਮੈਂ ਸੂਲਾਂ ਨੂੰ ਸਲਾਹੁੰਦਾਂ, ਨਜ਼ਮ ਜਦ ਕਲੀਆਂ 'ਤੇ ਲਿਖਦਾ
ਹਾਂ।
ਮੈਂ ਕੋਰਾ ਝੂਠ ਲਿਖਦਾ ਹਾਂ ਤੇ ਸੱਚ ਦੇ ਨਾਂ 'ਤੇ ਲਿਖਦਾ ਹਾਂ।
ਨਾ ਜਿੱਥੋਂ ਪੜ੍ਹ ਸਕੇ ਕੋਈ, ਨਾ ਆਵੇ ਹਰਫ਼ ਮੇਰੇ 'ਤੇ,
ਜਦੋਂ ਮੈਂ ਸੱਚ ੋਿਲਖਦਾ ਹਾਂ, ਤਾਂ ਐਸੇ ਥਾਂ 'ਤੇ ਲਿਖਦਾ ਹਾਂ।
ਮੈਂ ਪਹਿਲਾਂ ਵੇਖਦਾਂ ਯਾਰੀ, ਤੇ ਪਿੱਛੋਂ ਪਰਖਦਾਂ ਰਚਨਾ,
ਮੇਰੇ ਯਾਰੋ! ਜਦੋਂ ਮੈਂ ਤਬਸਰਾ ਕਲਮਾਂ 'ਤੇ ਲਿਖਦਾ ਹਾਂ।
ਬੜੇ ਚਟਕਾਰੇ ਲਾ ਲਾ ਕੇ ਮੈਂ ਲਿਖਦਾਂ ਦਰਦ ਦੀ ਗਾਥਾ,
ਬੜਾ ਆਨੰਦ ਆਉਂਦੈ, ਜਦ ਕਦੀ 'ਦਰਦਾਂ' 'ਤੇ ਲਿਖਦਾ ਹਾਂ।
ਮੈਂ ਟੀਚਰ ਹਾਂ, ਜਿਵੇਂ ਮੈਂ ਪਰਚਾ ਲਿਖ ਦਿੰਦਾ ਹਾਂ ਬੋਰਡ ਉੱਤੇ,
ਇਵੇਂ ਬੱਚਿਆਂ ਦੀ ਕਿਸਮਤ ਉਹਨਾਂ ਦੇ ਮੱਥਿਆਂ 'ਤੇ ਲਿਖਦਾ ਹਾਂ।
ਕਲਮ ਕੁਝ ਹੋਰ ਵੀ ਛਿਲ ਸੱਟਦੀ ਹੈ ਜ਼ਖ਼ਮ ਉਸ ਵੇਲੇ,
ਜਦੋਂ ਮੈਂ ਨਜ਼ਮ ਕੋਈ ਜ਼ਖ਼ਮੀ ਦੇ ਜ਼ਖ਼ਮਾਂ 'ਤੇ ਲਿਖਦਾ ਹਾਂ।
ਮੇਰੇ ਆਕਾ! ਮੈਂ ਲਿਖਦਾਂ ਕਿਸ ਲਈ, ਮੈਨੂੰ ਪਤਾ ਕਦ ਹੈ?
ਮਗਰ ਮੈਂ ਹਰ ਗ਼ਜ਼ਲ, ਅਕਸਰ ਤੇਰੇ ਚਰਨਾਂ 'ਤੇ ਲਿਖਦਾ ਹਾਂ।
ਕਿ ਵਿਚਲੇ-ਮੇਲ 'ਤੇ ਲਿਖਣਾ, ਮੇਰੇ ਵੱਸ ਵਿਚ ਨਹੀਂ ਮਿਤਰੋ!
ਮੈਂ ਜਾਂ ਦੈਂਤਾਂ 'ਤੇ ਲਿਖਦਾ ਹਾਂ ਤੇ ਜਾਂ ਪਰੀਆਂ 'ਤੇ ਲਿਖਦਾ ਹਾਂ।
ਉਦੋਂ ਮੈਂ ਕੜਕਦੀ ਧੁੱਪ ਦੇ ਈ ਹਕ ਵਿਚ ਭੁਗਤਦਾਂ 'ਸੰਧੂ',
ਜਦੋਂ ਰੱਖਾਂ 'ਤੇ ਲਿਖਦਾ ਹਾਂ, ਜਦੋਂ ਮੈਂ ਛਾਂ 'ਤੇ ਲਿਖਦਾ ਹਾਂ।
3.
ਮਰਨ ਤੋਂ ਲਗਦੈ ਜੇ
ਡਰ, ਅੰਮ੍ਰਿਤ ਛਕੋ!
ਹੋਣਾ ਹੈ ਜੇਕਰ ਅਮਰ, ਅੰਮ੍ਰਿਤ ਛਕੋ!
ਕਿੰਜ ਬਦਲ
ਦੇਂਦਾ ਹੈ ਇਹ ਜੀਵਨ ਦਾ ਵੇਗ,
ਵੇਖਣੈ ਕ੍ਰਿਸ਼ਮਾ ਅਗਰ, ਅੰਮ੍ਰਿਤ ਛਕੋ!
ਅਪਣੀ ਮਤ ਛੱਡ
ਕੇ, ਲਵੋ ਸਤਿਗੁਰ ਦੀ ਮਤ,
ਭਟਕੋ ਨਾ ਐਂ ਦਰ-ਬ-ਦਰ, ਅੰਮ੍ਰਿਤ ਛਕੋ!
ਇਕ ਚੁਲੀ-ਭਰ
ਜਲ 'ਚ ਕੀ ਤਾਸੀਰ ਹੈ,
ਦੇਖਣੈ ਜੇਕਰ ਅਸਰ, ਅੰਮ੍ਰਿਤ ਛਕੋ!
ਤੁਪਕਾ-ਤੁਪਕਾ ਪੀ
ਕੇ ਚਿੜੀਆਂ ਬੋਲੀਆਂ,
"ਖੁੱਲ੍ਹਿਆ ਜੇ ਮੁਕਤ-ਦਰ, ਅੰਮ੍ਰਿਤ ਛਕੋ!"
ਸਿਖ
ਕਹਿਣ,"ਐ ਗੁਰ-ਪਿਦਰ! ਕਰ ਦੇ ਅਮਰ",
ਕਲਗੀਧਰ ਬੋਲੇ,"ਪਿਸਰ! ਅੰਮ੍ਰਿਤ ਛਕੋ!"
'ਗ਼ਮ-ਨਗਰ' ਤੇ
'ਭਰਮਪੁਰ' ਨੂੰ ਛੱਡ ਕੇ,
ਆਉ ਸਭ 'ਆਨੰਦ-ਨਗਰ', ਅੰਮ੍ਰਿਤ ਛਕੋ!
ਕੇਸਗੜ੍ਹ 'ਚੋਂ
ਅਜ ਵੀ ਆਉਂਦੀ ਹੈ ਅਵਾਜ਼,
ਕਹਿ ਰਿਹਾ ਏ ਕਲਗੀਧਰ, ਅੰਮ੍ਰਿਤ ਛਕੋ!
ਦੁਨੀਆਂ ਦਾ ਹਰ
ਸ਼ਖ਼ਸ ਹੋਵੇ 'ਖ਼ਾਲਸਾ',
ਦੁਨੀਆਂਦਾਰੋ, ਇਸ ਕਦਰ ਅੰਮ੍ਰਿਤ ਛਕੋ!
ਕੀ ਪਤੈ ਕਿਸ
ਵਕਤ ਪੈ ਜਾਵੇ ਅਵਾਜ਼,
ਇਸ ਅਵਾਜ਼ੋਂ ਪੇਸ਼ਤਰ ਅੰਮ੍ਰਿਤ ਛਕੋ!
ਨਾਮ, ਬਾਣੀ,
ਕਿਰਤ, ਪੁੰਨ, ਸੱਚਾ-ਵਿਹਾਰ,
ਠੀਕ ਨੇ 'ਸੰਧੂ', ਮਗਰ ਅੰਮ੍ਰਿਤ ਛਕੋ!
4.
ਲੁਕ-ਲੁਕਾ ਕੇ ਤਾਂ ਬਥੇਰੇ ਮਾਰਦੇ ਪੱਥਰ ਮਿਲੇ।
ਜਦ ਕਿ ਮੈਂ ਚਾਹੁੰਦਾ ਸੀ ਕੋਈ ਸਾਮ੍ਹਣੀ ਟੱਕਰ ਮਿਲੇ।
ਰਾਜਿਆਂ ਨੂੰ ਵੇਖਿਐ ਘਾਹ ਖਾਂਦਿਆਂ ਇਤਹਾਸ ਨੇ,
ਲਾਜ਼ਮੀ ਤਾਂ ਨਹੀਂ ਕਿ ਸ਼ੱਕਰ-ਖੋਰ ਨੂੰ ਸ਼ੱਕਰ ਮਿਲੇ।
ਇਸ਼ਕ ਦਾ ਚੱਕਰ ਕਦੋਂ ਹੁੰਦਾ ਏ ਹਰ ਇਕ ਨੂੰ ਨਸੀਬ,
ਬਹੁਤਿਆਂ ਨੂੰ ਤਾਂ ਸਦਾ ਰੁਜ਼ਗਾਰ ਦੇ ਚੱਕਰ ਮਿਲੇ।
ਮਿਲ
ਸਕੀ ਇਕ ਬੂੰਦ ਵੀ ਨਾ ਉਸ ਨੂੰ ਸੱਚੇ ਪਿਆਰ ਦੀ,
ਜਿਸ ਦੀ ਖ਼ਾਹਿਸ਼ ਸੀ ਕਿ ਉਸ ਨੂੰ ਪਿਆਰ ਦਾ ਸਾਗਰ ਮਿਲੇ।
ਇਉਂ ਹੀ ਅੰਬਰ ਵਲ ਨੂੰ ਉੱਸਰਦੇ ਗਏ ਜੇਕਰ ਮਕਾਨ,
ਲੋਕ ਤਰਸਣਗੇ ਕਿ ਵੇਖਣ ਨੂੰ ਤਾਂ ਕੁਝ ਅੰਬਰ ਮਿਲੇ।
ਪੱਥਰਾਂ ਦੇ ਗਲ਼ ਹੀ ਅਕਸਰ ਪੈਂਦੇ ਨੇ ਕਲੀਆਂ ਦੇ ਹਾਰ,
ਖ਼ੁਸ਼ਬੂ ਵਰਗੇ ਜਜ਼ਬਿਆਂ ਨੂੰ ਤਾਂ ਸਦਾ ਪੱਥਰ ਮਿਲੇ।
ਸ਼ੁਭ-ਸ਼ਗੁਨ ਹੋਇਆ ਏ, ਸਮਝੋ ਸਫ਼ਲ ਹੋ ਜਾਊ ਸਫ਼ਰ,
ਜਾਂਦਿਆਂ ਰਸਤੇ 'ਚ ਜੇ 'ਸੰਧੂ' ਜਿਹਾ ਫ਼ੱਕਰ ਮਿਲੇ।