ਇਹ
ਉਹ ਵਤਨ ਨਹੀਂ ਨਾ
- ਪ੍ਰੋ. ਪ੍ਰੀਤਮ ਸਿੰਘ ਗਰੇਵਾਲ, ਕੈਨੇਡਾ
ਘੋਰ ਘਟਾ ਚੜ੍ਹ ਆਈ
ਵਾਹਵਾ ਛਹਿਬਰ ਲਾਈ
ਵਿਗਸੀ ਧਰਤੀ ਤ੍ਰਿਹਾਈ
ਮੰਦ ਮੰਦ ਪਉਣ ਝੁਲਾਈ। ਬਿਰਖ ਤੇ ਬੂਟੇ ਨਿਖਰੇ
ਪਉਣ ਫੁਹਾਰਾਂ ਛਿੜਕੇ
ਲਏ ਟਹਿਣੀਆਂ ਹੂਟੇ
ਪੱਤੇ ਸ਼ਾਖਾਂ 'ਤੇ ਝੂਟੇ।
|
ਪ੍ਰੋ. ਪ੍ਰੀਤਮ
ਸਿੰਘ ਗਰੇਵਾਲ, ਕੈਨੇਡਾ |
ਨਾ ਕਾਲੀ ਕੋਇਲ ਪਰ ਕੂਕੀ
ਨਾ ਮੋਰਾਂ ਰੁਣ ਝੁਣ ਲਾਈ
ਨਾ 'ਪ੍ਰਿਉ' ਪਪੀਹਾ ਪੁਕਾਰੇ
ਨਾ ਪਿਪਲੀਂ ਪੀਂਘ ਹੁਲਾਰੇ। ਖਿੜਕੀ ਦੇ ਰਾਹੀਂ ਸੁਣਦਾ
ਪੰਛੀ ਇਕ ਚਹਿਚਹਾਂਦਾ
ਉਹਦਾ ਗੀਤ ਬੜਾ ਲੁਭਾਣਾ
ਉਹਦਾ ਨਾਂ ਪਰ ਮੈਂ ਨਾ ਜਾਣਾਂ। ਮਨ, ਇਹ ਹੈ ਦੇਸ ਪਰਾਇਆ
ਵਖਰੀ ਇਸਦੀ ਕਾਇਆ
ਤੂੰ ਪੰਜਾਬ ਦਾ ਜਾਇਆ
ਤੇਰੇ ਅੰਦਰ ਉਸਦੀ ਛਾਇਆ। ਤੂੰ ਕਲਪਿਆ ਸਉਣ ਮਹੀਨਾ
ਯਾਦਾਂ ਮੱਲਿਆ ਤੇਰਾ ਸੀਨਾ
ਪਰ ਭੁਲ ਗਿਐਂ ਹਕੀਕਤ
ਇਹ ਉਹ ਵਤਨ ਨਹੀਂ ਨਾ! |