ਪੰਜਾਬ ਦੀ ਵੇਦਨਾ 1989-90
ਇਹ ਕੇਹੀ ਧੁੰਦ ਛਾਈ ?
- ਪ੍ਰੋ: ਪ੍ਰੀਤਮ ਸਿੰਘ ਗਰੇਵਾਲ
ਕਹਿਰ ਭਰੀ ਰਤ-ਵੰਨੀ ਚੰਦਰੀ
ਕਿਸ ਸਾਗਰ ਦੀ ਜਾਈ?
ਕਿਹੜੀ ਖਚਰੀ ਪੌਣ ਏਸ ਨੂੰ
ਏਥੇ ਚੁਕ ਲਿਆਈ?
ਇਹ ਕੇਹੀ ਧੁੰਦ ਛਾਈ?
ਕਿਸ ਮਨਹੂਸ ਰਾਕਸ਼ ਨੇ
ਸਾਡੇ ਸੂਰਜ 'ਤੇ ਛਾਂ ਪਾਈ?
ਦਿਨ-ਦੀਵੀਂ ਪਸਰੀ ਹੈ ਮਸਿਆ
ਲੋਅ ਨਾ ਦਏ ਦਿਖਾਈ,
ਇਹ ਕੇਹੀ ਧੁੰਦ ਛਾਈ?
ਬੇ-ਪਹਿਚਾਨ ਹੋਏ ਕਿੰਜ ਚਿਹਰੇ
ਵੈਰੀ ਦਿਸਣ ਭਾਈ!
ਸਹਿਮ ਸੰਦੇਹ ਨੇ ਸਾਡੇ ਬੁਲ੍ਹੀਂ
ਛੁਪ ਦੀ ਛੜੀ ਛੁਹਾਈ,
ਇਹ ਕੇਹੀ ਰੁਤ ਆਈ?
ਸ਼ੋਚਾਂ ਉਤੇ ਕੋਰਾ ਜੰਮਿਆ
ਅਖ ਅਖ ਪਥਰਾਈ
ਕਿਰਨਾਂ ਦੇ ਲਈ ਤਰਲੋ-ਮਛੀ
ਹਰ ਦ੍ਰਿਸ਼ਟੀ ਚੁੰਧਿਆਈ,
ਇਹ ਕੇਹੀ ਧੁੰਦ ਛਾਈ? |