ਆਪਣੀ ਧਰਤੀ ਦੀ ਧੂਹ
ਮਨਿੰਦਰ ਸਿੰਘ, ਕੈਲਗਰੀ (ਕਨੇਡਾ)
ਅਚਾਨਕ ਮੈ ਕਿਤਨਾ ਅੱਗੇ ਲੰਘ ਆਇਆ ਹਾਂ,
ਪਰੰਤੂ ਮੇਰਾ ਸਭ ਕੁਝ ਹੀ ਪਿੱਛੇ ਛੁਟ ਗਿਆ ਹੈ ,
ਘਰ, ਪ੍ਰਵਾਰ, ਬੱਚੇ, ਭੈਣਾ ਤੇ ਭਰਾ ,
ਜਿਨ੍ਹਾਂ ਬਿਨਾ ਲਗਦਾ ਜੀਵਨ ਅਧੂਰਾ ਅਧੂਰਾ।
ਪਿਆਰੇ ਮਿੱਤਰ ਤੇ ਮਿੱਠੇ ਮਿੱਠੇ ਸੱਜਣ,
ਜਿਨ੍ਹਾ ਕੋਲ ਬੈਠਕੇ ਮਿਲਦਾ ਸੀ ਕਿਤਨਾ ਧਰਵਾਸ,
ਬੋਹੜ ਦੀ ਠੰਡੀ ਛਾਂ ਵਰਗਾ ਅਹਿਸਾਸ । ਯਾਦ ਆਉਂਦਾ ਹੈ ਮੁੜ ਵਾਰ
ਵਾਰ,
ਆਪਣਾ ਸ਼ਹਿਰ, ਗਲੀਆਂ ਕੂਚੇ ਤੇ ਬਾਜ਼ਾਰ ।
ਟੁੱਟੀਆਂ ਸੜਕਾਂ ਤੇ ਕੂੜੇ ਦੇ ਅੰਬਾਰ ।
ਮਕਾਨ ਬਹੁਤ ਸਾਰੇ ਕੱਚੇ ਤੇ ਖਪਰੈਲਾਂ ਵਾਲੇ,
ਤੇ ਕੁਝਕੁ ਆਲੀਸ਼ਾਨ ਮਹਿਲਾਂ ਵਾਲੇ ।
ਕਿਤਨੇ ਹੀ ਢਿੱਡੋਂ ਭੁਖੇ ਪੈਰੋਂ ਵਾਹਣੇ ਲੋਕਾਂ ਵਾਲਾ,
ਕੁਝਕੁ ਰੱਜੇ-ਪੁੱਜੇ ਧਨੀਆਂ, ਲਾਲਿਆਂ, ਜੋਕਾਂ ਵਾਲਾ ।
ਮੁੜ ਮੁੜ ਕੇ ਯਾਦ ਆਉਂਦਾ ਹੈ ,
ਤੇ ਦਿਲ ਨੂੰ ਇਕ ਧੂਹ ਜਹੀ ਪਾਂਉਂਦਾ ਹੈ । ਮੇਰਾ ਦੇਸ਼ ਬਹੁਤ ਸਾਰੇ
ਲੋਕਾਂ ਵਾਲਾ, –
ਜੋ ਰੋਜ਼ ਸਵੇਰੇ ਆਪਣੀ ਤਕਦੀਰ
ਹੱਥਾਂ ਦੀ ਤਲੀ ਤੇ ਰਖ ਕੇ ਘਰੋਂ ਨਿਕਲਦੇ ਨੇ ।
ਰੋਜ਼ ਆਪਣੇ ਸਰੀਰਾ ਦੇ ਨਾਲ ਨਾਲ,
ਜ਼ਮੀਰਾਂ ਦਾ ਵੀ ਸੌਦਾ ਕਰਦੇ ਨੇ ।
ਜ਼ਿੰਦਾਬਾਦ, ਮਰੁਦਾਬਾਦ ਦੀਆਂ ਭੀੜਾਂ ‘ਚ ਰਲਦੇ ਨੇ ।
ਤਿੱਲ ਤਿੱਲ ਆਪਣਾ ਆਪਾ ਵੇਚ ਵੇਚ ਕੇ,
ਕੁਝ ਉਮੀਦਾਂ ਦੀ ਪੂੰਜੀ ਇਕੱਠੀ ਕਰਦੇ ਨੇ ।
ਜਿਹੜੀਆਂ ਹਮੇਸ਼ਾ ਉਹਨਾ ਤੋਂ ਕੰਨੀ ਕਤਰਾਉਂਦੀਆਂ.
ਲ਼ਾਰੇ ਲਾਉਂਦੀਆਂ, ਪਰ ਕਦੇ ਹੱਥ ਨਾ ਆਉਂਦੀਆਂ । ਮੇਰੇ ਦੇਸ਼ ਦੇ
ਨੇਤਾ-ਅਭਿਨੇਤਾ, ਇਸ ਲੋਕ ਮੰਡੀ ਵਿਚ,
ਖਰੀਦਦੇ ਹਨ ਲੋਕਾਂ ਦੀਆਂ ਜ਼ਮੀਰਾਂ ,
ਤੇ ਬਦਲੇ ਵਿਚ ਦੇਂਦੇ ਹਨ, ਤਕਰੀਰਾਂ ਅਤੇ
ਪਰਦੇ ਤੇ ਨਚਦੀਆਂ ਛਲਦੀਆਂ ਤਸਵੀਰਾਂ।
ਨੇਤਾ ਅਭਿਨੇਤਾ, ਸਟੇਜਾਂ ਤੇ ਟੀ0ਵੀ0 ਤੇ ਮੁਸਕਰਾਂਉਂਦੇ,
ਵਹਿਦਿਆਂ ਦੇ ਲਾਰਿਆਂ ਨਾਲ ਭੁੱਖੀ ਜੰਤਾ ਨੂੰ ਵਰਚਾਉਂਦੇ,
ਸੁਪਨਿਆਂ ਦੀਆਂ ਤਿਤਲੀਆਂ, ਉਡਾਉਂਦੇ, ਲੋਕਾਂ ਨੂੰ ਭਰਮਾਂਉਦੇ
ਆਪਣਾ ਸਾਰਾ ਝੂਠ, ਸੱਚ ਕਰ ਪ੍ਰਗਟਾਉਂਦੇ ।
ਜਿਥੋਂ ਦੀਆਂ ਅਖ਼ਬਾਰਾਂ ਦੀਆਂ ਸੁਰਖੀਆਂ,
ਰੇਡੀਓ ਤੇ ਟੀਵੀਆਂ ਦੇ ਸਮਾਚਾਰ,
ਕਿਤਨਿਆਂ ਕਤਲਾਂ, ਡਾਕਿਆਂ, ਦੰਗਿਆਂ ਤੇ ਰੇਪਾਂ ਦੀ ਝਾਤ ਪੁਆਉਂਦੇ,
ਲੋਕਾਂ ਦਾ ਮੂੰਹ ਚਿੜ੍ਹਾਉਂਦੇ, ਰਤਾ ਨਾ ਸ਼ਰਮਾਂਉਂਦੇ । ਇਹ ਦੇਸ਼ ਜੋ
ਬੜਾ ਖੁਸ਼ਹਾਲ ਲਗਦਾ ਹੈ ,
ਹਰ ਪਾਸੇ ਤਕਨੀਕ ਤੇ ਵਿਗਿਆਨ ਦਾ
ਕਮਾਲ ਲਗਦਾ ਹੈ ।
ਨਿਯਮ ਤੇ ਕਾਨੂੰਨ ਦਾ ਦਬਦਬਾ ਲਗਦਾ ਹੈ ,
ਇਸਤੋਂ ਨਾ ਕੋਈਵੀ ਰਿਹਾ ਲਗਦਾ ਹੈ ।
ਇਥੇ ਕੋਈ ਨੰਗਾ ਭੁੱਖਾ ਨਹੀ ਦਿਸਦਾ ।
ਘਰ ਸੋਹਣੇ ਸੜਕਾਂ ਸਾਫ਼ ਸੁਥਰੀਆਂ,
ਗੱਡੀਆਂ ਮੋਟਰਾਂ ਘੂੰ ਘੂੰ ਦੌੜਦੀਆਂ ਤੇਜ਼ ਚਾਲ ,
ਨਵੀਂ ਤਕਨੀਕ ਤੇ ਉਨਤੀ ਦਾ ਕਮਾਲ ।
ਹਰ ਪਾਸੇ ਖੁਸ਼ਹਾਲੀ ਨੇ ਡੇਰਾ ਲਾਇਆ ਹੈ ,
ਪਰ ਮੇਰੇ ਲਈ ਤਾਂ ਇਹ ਸਭ ਕੁਝ ਪਰਾਇਆ ਹੈ । ਭਾਂਵੇਂ ਕਿਹੋ ਜਿਹਾ
ਹੈ, ਮੇਰਾ ਦੇਸ਼,
ਮੇਰਾ ਸ਼ਹਿਰ, ਮੇਰਾ ਘਰ ,
ਭਂਾਵੇਂ ਕਿਹੋ ਜਹੀ ਰਾਜਨੀਤੀ ਤੇ ਲੋਕ ਨੀਤੀ ਹੈ ।
ਪਰ ਉਸ ਮਿੱਟੀ ਨਾਲ ਮੇਰੀ ਸਦੀਵੀ ਸਾਂਝ, ਪ੍ਰੀਤੀ ਹੈ ।
ਦਿਲ ਚਾਹੁੰਦਾ ਹੈ ਉਸੇ ਹਵਾ ਵਿਚ ਸਾਹ ਲੈਣਾ ,
ਉਸੇ ਧੁੱਪ-ਛਾਂ, ਗਰਮੀ-ਸਰਦੀ ਦਾ ਆਸਰਾ ਲੈਣਾ ।
ਭਾਂਵੇਂ ਕਿਤਨਾ ਦੁੱਖ ਪਰੇਸ਼ਾਨੀ ਤੇ ਅਵਾਜ਼ਾਰੀ ਹੈ ,
ਪਰ ਕੀ ਕਰਾਂ ਉਹ ਧਰਤੀ ਲਗਦੀ ਬੜੀ ਪਿਆਰੀ ਹੈ ।
ਜਿੱਥੇ ਬਚਪਨ ਜਵਾਨੀ ਦੀਆਂ ਯਾਦਾਂ ਦੀ
ਦੱਬੀ ਪਈ ਪੂੰਜੀ ਸਾਰੀ ਹੈ ।
ਸਰੀਰ ਦਾ ਰੋਮ ਰੋਮ ਉਸ ਮਿੱਟੀ ਤੋਂ ਬਲਿਹਾਰੀ ਹੈ ।
ਦਿਲ ਚਾਹੁੰਦਾ ਮੁੜ ਮੁੜ ਉਸੇ ਮਿੱਟੀ ਵਿਚ ਖੇਡਣਾ ,
ਹਸਣਾ ਤੇ ਰੋਣਾ, ਜਾਗਣਾ ਤੇ ਸੌਣਾ ,
ਤੇ ਅੰਤ ਉਸੇ ਵਿਚ ਵਿਲੀਨ ਹੋਣਾ ।
-ਮਨਿੰਦਰ ਸਿੰਘ, ਕੈਲਗਰੀ |