ਚੋਣ ਵਿਅੰਗ
ਪ੍ਰੋ. ਪ੍ਰੀਤਮ ਸਿੰਘ ਗਰੇਵਾਲ
ਉਮੀਦਵਾਰ: ਝੰਡੇ ਚੁਕੋ ਰੁੱਤ ਚੋਣਾਂ ਦੀ ਆਈ ਸਿਰ ‘ਤੇ
ਨਸ਼ਿਆਂ ਨਾਲ ਲੱਦੋ ਕਾਰਾਂ ਮੋਟਰਾਂ ਨੂੰ।
ਫੈਲ ਜਾਓ ਇਲਾਕੇ ਵਿਚ ਪੁਟ ਧੂੜਾਂ
ਜਾ ਪਲੋਸੋ, ਧਮਕਾਓ ਪਰਮੋਟਰਾਂ ਨੂੰ।
ਭੁਕੀ ਅਤੇ ਅਫੀਮ ਦੀ ਪਾ ਸੰਨ੍ਹੀ
ਆਪਾਂ ਚੋ ਲੈਣਾ ਮੱਝਾਂ ਤੋਕੜਾਂ ਨੂੰ।
ਜਾਤ, ਧਰਮ ਜਾਂ ਧੜੇ ਦਾ ਵਾਸਤਾ ਪਾ
ਭੰਨੋ ਦੂਜਿਆਂ ਦੇ ਸਪੋਟਰਾਂ ਨੂੰ।
ਵੰਡੋ ਲਾਰੇ ਤੇ ਮਾਇਆ ਦੇ ਰੁਗ ਭਰ ਕੇ
ਕਹੋ ਸਾਡੀ ਵਜ਼ੀਰੀ ਪਈ ਵਟ ਉਤੇ;
ਕਾਇਆ ਪਲਟਣੀ ਅਸਾਂ ਪੰਜਾਬ ਵਾਲੀ
ਸਬਜ਼ ਬਾਗ ਦਿਖਾ ਦਿਓ ਵੋਟਰਾਂ ਨੂੰ। ਵੋਟਰ:
ਇਕੋ ਥੈਲੀ ਦੇ ਵੱਟੇ ਇਹ ਹੈਨ ਸਾਰੇ
ਰਲਵੀਂ ਮਿਲਵੀਂ ਹੈ ਗਲ-ਗਲੋਚ ਮੀਆਂ।
‘ਤੂੰ ਕੌਣ, ਮੈਂ ਕੌਣ’ ਤੇ ਅਮਲ ਕਰਦੇ
ਇਕ ਵਾਰ ਬਸ ਵੋਟਾਂ ਦਬੋਚ ਮੀਆਂ।
ਦਰ ‘ਤੇ ਆਏ ਹਰੇਕ ਨੂੰ ਪੁੱਤ ਦੇਣੇ
ਕਦਮ ਰਖਣੇ ਅਸਾਂ ਵੀ ਬੋਚ ਮੀਆਂ।
ਲਾਰੇ ਅਤੇ ਲਿਬਾਸ ‘ਤੇ ਰੀਝਣਾ ਨਾ
ਪਾਜ ਲਾਹੁਣੇ ਖੂਬ ਖਰੋਚ ਮੀਆਂ।
ਡਿਗ ਡਿਗ ਕੇ ਹੁਣ ਸਵਾਰ ਹੋਣਾ
ਨਹੀਂ ਪਾਲਣੇ ਕਾਕਰੋਚ ਮੀਆਂ।
ਹਾਂਡੀ ਕਾਠ ਦੀ ਚੁਲ੍ਹੇ ਨਾ ਚੜ੍ਹਣ ਦੇਣੀ
ਵੋਟ ਪਾਵਾਂਗੇ ਅਸੀਂ ਹੁਣ ਸੋਚ ਮੀਆਂ। |