ਚਲਾਣਾ…
ਉਂਕਾਰਪ੍ਰੀਤ
ਉਹ ਤੂੰ ਹੀ ਸੀ?
ਜਿਸਨੇ ਕਦੇ
ਜੋਤਾ ਲਾ ਹਟੇ
ਤੂਤਾਂ ਛਾਵੇਂ ਅਲਾਣੀ ਮੰਜੀ ਤੇ ਲਿਟੇ
ਬਾਪੂ ਦੇ ਪੈਰਾਂ ਦੀਆਂ ਬਿਆਈਆਂ ਚੋਂ
ਝਾਕਦੇ ਗੁਲਾਬੀ-ਪਨ ਨੂੰ
ਲਾਵਾ ਦੱਸਿਆ ਸੀ।
ਜਿਸ ਵਿੱਚ ਜਗੀਰੂ ਕੀ ਕੋਠੀ ਨੇ
ਸੜ ਕੇ ਰਾਖ ਹੋਣਾ ਸੀ। ਉਹ ਤੂੰ ਹੀ ਸੀ?
ਜਿਸਨੇ ਉਸ ਦੁਪਹਿਰ
ਸੁੱਤੇ ਬਾਪ ਦੀਆਂ ਹਥੇਲੀਆਂ
ਤੇ ਉਭਰੇ ਸਖਤ ਰੱਟਣਾ ਨੂੰ
ਉਹ ਚਟਾਨਾ ਦੱਸਿਆ ਸੀ
ਜਿਨਾਂ ਚੋਂ ਛੇਤੀਂ ਸੂਰਜ ੳਦੈ ਹੋਣਾ ਸੀ। ਉਹ ਤੂੰ ਹੀ ਸੀ?
ਜਿਸਨੇ ਉਸ ਦੁਪਹਿਰ ਤਾਸ਼ ਦੀ ਡੱਬੀ
ਨੂੰ ਅੱਗ ਲਾਈ ਸੀ ਤੇ ਕਿਹਾ ਸੀ
ਆ ‘ਲਾਲ-ਕਿਤਾਬ’ ਪੜ੍ਹੀਏ। ਅੱਜ ਜਦ ਮੈਂ ਵਰ੍ਹਿਆਂ ਬਾਦ
ਦੇਸ ਪਰਤਿਆ ਹਾਂ, ਤਾਂ
ਤੂੰ ਅਪਣੇ ਧਿਆਨ
‘ਬਾਪੂ’ ਦੀ ਫੋਟੋ ਲਾਗੇ ਬੈਠਾ
ਪੈਰਾਂ ਦੀਆਂ ਬਿਆਈਆਂ ਨੂੰ
ਬਲਦੀ ਮੋਮਬੱਤੀ ਦਾ ਮੋਮ ਚੁਆ
ਪੂਰ ਰਿਹੈਂ। ਮੇਰੇ ਲਿਆਂਦੇ ‘ਨਿਕ-ਸੁੱਕ’
ਚੋਂ ‘ਨੀਵੀਆ ਕਰੀਮ’
ਅਪਣੇ ਹੱਥਾਂ ਦੇ ਰੱਟਣਾਂ ਤੇ
ਮਲਣ ਲੱਗਾਂ ਏਂ। ‘ਅਮਰੀਕਨ ਕਰੀਮ’ ਦੀਆਂ
ਸਿਫਤਾਂ ਦੱਸਦਾ ਏਂ
ਮੁਸਕੜੀਏ ਹੱਸਦਾ ਏਂ
ਤੇ ਉਹਲੇ ਨਾਲ ਦੱਸਦਾ ਏਂ
‘ਤੇਰੀ ਭਰਜਾਈ ਬੜਾ ਚਿੜਦੀ ਏ
ਇਹਨਾਂ ਰੱਟਣਾਂ ਤੋਂ’
ਮੈਂ ਡੌਰ ਭੌਰ ਤੇਰੇ ਮੂੰਹ ਵੱਲ ਤੱਕਦਾ ਹਾਂ
ਤੂੰ ਪੁੱਛਦਾ ਏਂ ,"ਕੀ ਹੋਇਆ?"
ਜਿਵੇਂ ਮੇਰੀਆਂ ਅੱਖਾਂ ਵਿਚਲਾ
ਸੁਆਲ ਤੂੰ ਪੜ੍ਹ ਲਿਆ ਏ॥ ਮੈਂ ਚੁਪ ਚਾਪ ਉਠ ਆਇਆਂ ਹਾਂ
ਕਿ ਮੈਨੂੰ ਤੇਰੇ ਕੋਲ
‘ਬਾਪੂ ਦੇ ਚਲਾਣੇ’ ਦਾ ਅਫਸੋਸ ਕਰਨਾ
ਤੇਰੇ ਕੋਲੋਂ
‘ਲਾਲ-ਕਿਤਾਬ’ ਬਾਰੇ ਪੁੱਛਣ ਵਾਂਗ
ਬੇਤੁੱਕਾ ਲੱਗਾ ਹੈ॥ |