ਬਿਰਹਣ
ਕਰਨੈਲ ਸਿੰਘ ਗਿਆਨੀ - ਫ਼ਿਲਾਡੈਲਫ਼ੀਆ
|
ਕਰਨੈਲ ਸਿੰਘ
ਗਿਆਨੀ - ਫ਼ਿਲਾਡੈਲਫ਼ੀਆ |
ਰਾਤੀਂ ਫਿਰ ਉੱਠੀ,
ਮੈਂ ਬਿਰਹਾ ਦੀ ਕੁੱਠੀ। ਖੋਲ੍ਹਦੀ ਪਲਕ ਨਾ,
ਮਤੇ ਜਾਣ ਛਲਕ ਨਾ। ਬੁੱਲ੍ਹ ਮੇਰੇ ਪਿਆਸੇ,
ਜਿਓਂ ਸੱਖਣੇ ਕਾਸੇ। ਜੇ ਅਰਸ਼ਾਂ ਵੱਲ ਤੱਕਾਂ,
ਤਾਂ ਤੱਕਦੀ ਨਾ ਥੱਕਾਂ।
ਫਿਰ
ਕੱਚੇ ਕੁਆਰਿਆਂ,
ਗਗਨ ਦੇ ਤਾਰਿਆਂ। ਕੋਲੋਂ ਮੈਂ ਪੁੱਛਦੀ,
ਰੋ ਰੋ ਕੇ ਲੁੱਛਦੀ, ਦੱਸੋ ਵੇ ਤਾਰਿਓ,
ਸੋਹਣਿਓ ਪਿਆਰਿਓ। ਦਿੱਸਿਐ ਕੋਈ ਰਾਹੀ,
ਇੱਕ ਬਾਂਕਾ ਜਿਹਾ ਮਾਹੀ। ਤੇਜ ਉਸਦਾ ਨੂਰਾਨੀ,
ਗਲ ਸੋਨੇ ਦੀ ਗਾਨੀ। ਸਿਰ ਤੇ ਸੱਤਰੰਗਾ ਚੀਰਾ,
ਨੀ ਦਿਲ ਦਾ ਓਹ ਹੀਰਾ ਖਵਰੇ ਕਿੰਜ ਖੁੱਸ ਗਿਐ?
ਮੈਥੋਂ ਕਿਓਂ ਰੁੱਸ ਗਿਐ? ਤਰਲੇ ਵੀ ਕੀਤੇ,
ਤੇ ਹੰਝੂ ਵੀ ਪੀਤੇ। ਉਸਦੇ ਦੀਦਾਰ ਬਿਨ,
ਲੰਘਣ ਨਾ ਰਾਤ ਦਿਨ। ਵਸਲ ਦੀਆਂ ਰਾਤਾਂ.
ਤੇ ਮੋਹ ਭਰੀਆਂ ਬਾਤਾਂ। ਯਾਦ ਜਦ ਆਂਦੀਆਂ,
ਡਾਢਾ ਸਤਾਂਦੀਆਂ। ਸੁੰਨੀ ਕਰ ਛੱਡ ਗਿਐ,
ਜਿੰਦ ਹੀ ਕੱਢ ਗਿਐ। ਨਾ ਜੀਂਦੀ ਨਾ ਮੋਈ,
ਮੈਂ ਬੇਦਿਲ ਜਹੀ ਹੋਈ। ਸਭ ਆਖਣ ਸੌਖੀ,
ਪਰ ਡਾਢੀ ਮੈਂ ਔਖੀ। ਹੌਕੇ ਜੇ ਨਾ ਭਰਾਂ,
ਦੱਸੋ ਮੈਂ ਕੀ ਕਰਾਂ। ਇਕ ਵਾਰੀਂ ਜੇ ਆਵੇ,
ਚਾਹੇ ਸੁਫ਼ਨੇ 'ਚ ਹੀ ਆਵੇ। ਸਾਰਾ ਤਾਣ ਲਾਕੇ,
ਮੈਂ ਭਰ ਲਾਂ ਕਲਾਵੇ। ਰੋ ਰੋ ਕੇ ਮਨਾਵਾਂ,
ਤੇ ਵਾਸਤੇ ਪਾਵਾਂ। ਫਿਰ ਆਖਾਂ ਵੇ ਚੰਨਾਂ,
ਤੁਹੀਓਂ ਮੇਰਾ ਬੰਨਾ। ਮੈਂ ਤੇਰੀ ਦਾਸੀ,
ਵੇ ਜੁੱਗਾਂ ਦੀ ਪਿਆਸੀ। ਤੂੰ ਕੱਲੀ ਨੂੰ ਛੱਡ ਕੇ,
ਕਿੱਥੇ ਲਾਇਆ ਡੇਰਾ। ਤੇਰੇ ਬਾਝੋਂ ਜੀਵਨ,
ਹਨੇਰਾ ਹਨੇਰਾ। ਜ਼ਰਾ ਭਰ ਵੀ ਦੱਸ ਖਾਂ,
ਕੋਈ ਦੋਸ਼ ਮੇਰਾ। ਅਚਾਨਕ ਹੀ ਟੁਰ ਗਿਓਂ,
ਏਨਾ ਜਿਗਰਾ ਤੇਰਾ? ਫ਼ਿਰ ਮੰਗਾਂ ਮੈਂ ਰੱਬ ਤੋਂ,
ਇਹ ਸੁਫ਼ਨਾ ਨਾ ਤੋੜੀਂ, ਮਿਲਾਇਆ ਜੇ ਆਖਿਰ,
ਤਾਂ ਹੁਣ ਨਾਂ ਵਿਛੋੜੀਂ। |