ਭਾਵੀ ਨਾਲ ਮੁਲਾਕਾਤ
- ਪ੍ਰੋ.ਪ੍ਰੀਤਮ ਸਿੰਘ ਗਰੇਵਾਲ
ਅੱਧੀ ਸਦੀ ਤੋਂ ਵੀ ਪਹਿਲਾਂ
ਸਾਡੇ ਸਹਿਮੇ ਚਿਹਰਿਆਂ ‘ਤੇ
ਕੋਈ ਰੌਣਕ ਪਰਤੀ ਸੀ
ਸੁੰਗੜੇ ਮਨਾਂ ਦੇ ਵਿਹੜੇ
ਖੁਲ੍ਹ ਜਿਹੀ ਪਸਰੀ ਸੀ
ਤੇ ਨਿਤਾਣੇ ਤਨਾਂ ਵਿਚ
ਕੋਈ ਤਾਕਤ ਭਰੀ ਸੀ ਉਸ ਤੋਂ ਪਹਿਲਾਂ ਕਿੰਨੇ
ਫਾਂਸੀ ਲਟਕੇ
ਜੇਲ੍ਹੀਂ ਰੁਲੇ ‘ਤੇ
ਕਾਲੇ ਪਾਣੀਂ ਖਪੇ ਸਨ ਚੌਦਾਂ-ਪੰਦਰਾਂ ਅਗਸਤ ਦੀ ਸੀਮਾਂ ‘ਤੇ
ਭਾਵੀ ਨਾਲ ਮੁਲਾਕਾਤ ਹੋਈ, ਅਖੇ
ਜਿਸਨੇ ਭਾਰਤ ਨੂੰ –
ਜੋ ਮਜ਼੍ਹਬੀ ਜਰਾਹੀ ਰਾਹੀਂ
ਹਿੰਦੋਸਤਾਨ ਦੀ ਕੁਖੋਂ ਜੰਮਿਆ –
ਸੁਹਾਣੇ ਸੁਪਨ ਦਿਖਾਏ
ਆਸਾਂ ਦੇ ਸਜਰੇ ਫੁਲ
ਇਹਦੀ ਝੋਲੀ ਪਾਏ
ਤੇ ਕਾਵਿਮਈ ਬੋਲਾਂ ਨਾਲ
ਲਖਾਂ ਅਰਮਾਨ ਜਗਾਏ ਸਾਕਾਰ ਹੁੰਦੇ ਜਾਪੇ
ਅਰਮਾਨ ਉਸ ਕਵੀ ਦੇ
ਕਾਮਨਾ ਸੀ ਕੀਤੀ ਜਿਸਨੇ –
ਮੇਰਾ ਵਤਨ, ਖ਼ੁਦਾ ਮੇਰੇ,
ਉਸ ਮਾਹੌਲ ‘ਚ ਉਭਰੇ
ਜਿਥੇ ਸਿਰ ਉਚਾ ਕਰ ਕੇ
ਹਰ ਇਨਸਾਨ ਟੁਰੇ
ਤੇ ਮਨਾਂ ਚੋਂ ਹਰ ਡਰ ਮਿਟੇ ਫਿਰ ਰਚਿਆ ਗਿਆ
ਵਿਧਾਨ ਇਕ ਅਪਣਾ
ਜੋ ਜ਼ਾਮਨ ਬਣਿਆ
ਇਨਸਾਨੀ ਬਰਾਬਰੀ
ਆਜ਼ਾਦੀ ਤੇ ਹੱਕਾਂ ਦਾ
ਹਰ ਬਾਲਗ ਵੋਟ ਦਾ ਮਾਲਕ
ਲੋਕਰਾਜ ਦਾ ਖ਼ਾਲਕ ਹੋਇਆ ਪਰ ਕੀ ਇਹ ਅੱਜ
ਖ਼ਾਬ ਨਹੀਂ ਲਗਦਾ ਸਭ?
ਕੁਰਬਾਨੀ ਤੋਂ ਮਿਲੀਆਂ
ਕੁਲ ਨਿਹਮਤਾਂ ਬਰਕਤਾਂ
ਬਸ ਕੁਰਸੀ ਨਾਲ ਚਿਪਕੀਆਂ,
ਲਾਠੀ ਵਾਲੇ ਦੀਆਂ ਬਰਦੀਆਂ!
ਉਸ ਭਾਵੀ ਦੇ ਸਿਰਜੇ ਸੁਪਨੇ
ਪੂਰਨਤਾ ਲਈ ਸਹਿਕਦੇ ਅਜੇ
ਉਹ ਵੀ ਲਾਰਿਆਂ ‘ਤੇ ਕਿਉਂਕਿ ਵੋਟ ਦਾ ਮਾਲਕ
ਲੋਕਰਾਜ ਦਾ ਖ਼ਾਲਕ ਅਜੇ
ਅਗਿਆਨਤਾ ਦੇ ਨ੍ਹੇਰੇ ‘ਚ
ਰਾਹੋਂ ਥਿੜਕ ਜਾਂਦੈ
ਭੁੱਖ ਤੇ ਧੱਕੇ ਤੋਂ ਡਰਦੈ,
ਮਜ਼੍ਹਬ ਤੇ ਜਾਤ ਦੇ ਨਾਂ ‘ਤੇ
ਵਿਕ ਜਾਂਦੈ, ਬਹਿਕ ਸਕਦੈ |