ਭਾਬੀ ਕਿ ਮਾਂ
- ਕਰਨੈਲ ਸਿੰਘ ਗਿਆਨੀ-ਫ਼ਿਲਾਡੈਲਫ਼ੀਆ
ਭਾਬੀ
ਇਹ ਨਾ ਪੁਛੀਂ ਕਿਓਂ,
ਲ਼ਾ ਬੈਠੀ ਮੈਂ ਕਿਧਰੇ ਨਿਹੁੰ।
ਕਿਸੇ ਨਾ ਦੱਸੀਂ ਤੈਨੂੰ ਸਹੁੰ,
ਨਵੇਂ ਸਿਰੇ ਮੈਂ ਉੱਠੀ ਜਿਉਂ
ਕੀ ਦੱਸਾਂ ਮੈਂ ਹੋਈ ਦੀਵਾਨੀ,
ਜਦੋਂ ਦਾ ਮਿਲਿਆ ਦਿਲ ਦਾ ਜਾਨੀ।
ਲੱਭ ਤਾਂ ਲਿਆ ਮੈਂ ਅਪਣਾ ਹਾਣੀ,
ਕੀਕਣ ਹੋਊ ਖਤਮ ਕਹਾਣੀ?
ਲਾ
ਤਾਂ ਬੈਠੀ ਚਾਈਂ ਚਾਈਂ,
ਹੁਣ ਤਰਲੇ ਕਰਦੀ ਉਸ ਤਾਈਂ,
ਸੁਣ ਵੇ ਮੇਰੀ ਰੂਹ ਦੇ ਸਾਈਂ,
ਕਿਧਰੇ ਛੱਡ ਕੇ ਤੁਰ ਨਾ ਜਾਈਂ।
ਇੱਕ ਦਿਨ ਸਿੱਧੇ ਮੂੰਹ ਨਾ ਬੋਲੇ,
ਜ਼ਰਾ ਕੁ ਹੋ ਗਿਆ ਅੱਖੋਂ ਓਹਲੇ,
ਮੈਂ ਰੋ ਰੋ ਕੇ ਨੈਣ ਵਰੋਲੇ,
ਮਾਂ ਸੁਣਾਵੇ ਮਣ ਮਣ ਸੋਹਲੇ।
ਕਦੇ ਕਦੇ ਮੈਂ ਪੱਕ ਪਕਾਉਂਦੀ,
ਹੁਣ ਤੋਂ ਜ਼ਰਾ ਨਾ ਦਿਲ ਤੇ ਲੌਂਦੀ,
ਫਿਰ ਜਦ ਉਸਦੀ ਯਾਦ ਸਤੌਂਦੀ,
ਅੱਖਾਂ ਵਿੱਚ ਹੀ ਰਾਤ ਲੰਘਾਉਂਦੀ।
……………………….
ਨਣਦੇ ਨੀਂ ਮੈਂ ਤੇਰੇ ਵੱਲ ਦੀ,
ਇਸ ਘਰ ਵਿੱਚ ਮੇਰੀ ਵੀ ਚੱਲਦੀ,
ਜੇਰਾ ਕਰ ਮੈਂ ਜਲਦੀ ਜਲਦੀ,
ਵੀਰ ਤੇਰੇ ਨੂੰ ਚਿੱਠੀ ਘੱਲਦੀ।
ਜਿਸ ਦਿਨ ਉਸਨੇ ਛੁੱਟੀ ਆਉਣਾ,
ਫਿਰ ਵੇਖੀਂ ਮੈਂ ਬਿੰਦ ਨੀ ਲਾਉਣਾ,
ਤੈਂਨੂੰ ਰੀਝਾਂ ਨਾਲ ਸਜਾਉਣਾ,
ਚੰਨ ਤੇਰੇ ਨੂੰ ਕੋਲ ਬੁਲਾਉਣਾ।
ਉਸਦੇ ਸਿਰ ਤੇ ਬੰਨ੍ਹ ਕੇ ਸੇਹਰੇ,
ਫਿਰ ਜਾ ਕੇ ਸੰਤਾਂ ਦੇ ਡੇਰੇ,
ਕਰਕੇ ਸਾਰੇ ਸਗਨ ਮੈਂ ਤੇਰੇ,
ਆਪ ਕਰਾਊਂ ਹੱਥੀਂ ਫੇਰੇ।
ਮੈਨੂੰ ਅਪਣੀ ਸਮਝ ਵਿਚੋਲੀ,
ਜੇ ਨਾ ਪਾਇਆ ਤੈਨੂੰ ਡੋਲੀ,
ਹੋ ਜਾਊਂਗੀ ਮੈਂ ਤੇਰੀ ਗੋਲੀ।
ਨੀ ਮੈਂ ਤੈਥੋਂ ਵਾਰੀ ਘੋਲੀ।
ਨੀ ਮੈਂ ਤੈਥੋਂ ਵਾਰੀ ਘੋਲੀ। |