ਬਦਲੇ ਜ਼ਖਮੀ ਪਰਿੰਦਿਆਂ ਨੇ ਲੈਣੇ
- ਅਮਰਜੀਤ ਟਾਂਡਾ
ਮਸਲੇ ਬੈਠ ਕੇ ਸੁਲਝਦੇ ਹਨ ਤੱਕਰਾਰ ‘ਚ ਕੀ ਹੈ ?
ਅੱਤਵਾਦ ਜੇ ਨਿਊਯਾਰਕ ‘ਚ ਸੀ ਤਾਂ ਕੰਧਾਰ ‘ਚ ਕੀ ਹੈ?
ਘਰ ਬਿਲਡਿੰਗਾਂ ਮਲਬੇ ਘਰੋਂ ਬੇਘਰ ਹੋਏ ਲੋਕੀ
ਜਾਂਦੇ ਚੁਰਾਹੇ ‘ਚ ਮਰ ਜਾਣਾ ਉਸ ਹੰਕਾਰ ‘ਚ ਕੀ ਹੈ?
ਉਥੇ ਵੀ ਖੂਨ ਡੁੱਲ੍ਹਿਆ ਸੀ ਇਥੇ ਵੀ ਰੱਤ ਵਗਦਾ ਹੈ
ਫ਼ਰਕ ਇਕ ਵਾਰ ਤਾਂ ਦੱਸ ਤੇਰੇ ਕੰਮ ਕਾਰ ‘ਚ ਕੀ ਹੈ?
ਦਿਨ ਦੁਪਹਿਰ ਦੇ ਵੇਲੇ ਬੱਚਿਆਂ ਦੇ ਮੂੰਹੋਂ ਦੁੱਧ ਖੋਹ ਲਏ
ਮਿਜ਼ਾਇਲਾਂ ਦੀ ਵਾਛੜਾਂ ਮੂਹਰੇ ਵਸਦੇ ਸੰਸਾਰ ‘ਚ ਕੀ ਹੈ?
ਧੂੰਆਂ ਜੋ ਨਿੱਤ ਉੱਠਦਾ ਹੈ ਬੰਬਾਂ ਦੇ ਨਾਚ ਦੇ ਪਿੱਛੋਂ
ਲਿਖਦਾ ਹੈ ਵੈਣ ਕੋਈ ਬੈਠਾ ਬਲਦੇ ਹੰਕਾਰ ‘ਚ ਕੀ ਹੈ?
ਉਹਨਾਂ ਇੱਕ ਹੀ ਜੰਮਿਆਂ ਸਾਰੀ ਤਾਰੀਖ ਦੇ ਪੰਨਿਆਂ
ਜੇ ਤੇਰੇ ਹੱਥ ਨਾ ਆਵੇ ਤਾਂ ਤੇਰੀ ਸਰਕਾਰ ‘ਚ ਕੀ ਹੈ?
ਐਂਵੇ ਤੜ੍ਹ ਸੀ ਤੇਰੀ ਫ਼ੋਕੀ ਇੱਕ ਫ਼ੜ ਸੀ ਤੇਰੀ
ਹੋਰਨਾਂ ਨੂੰ ਨਾਲ ਲੈ ਕੇ ਤੁਰਨਾ ਉਸ ਵੰਗਾਰ ‘ਚ ਕੀ ਹੈ?
ਫ਼ੋਕੀਆਂ ਦੇਖੀਆਂ ਬੜ੍ਹਕਾਂ ਹੁਣ ਨਾ ਸਹਿੰਦੀਆਂ ਸੜਕਾਂ
ਜਿਨ੍ਹਾਂ ਇਤਿਹਾਸ ਹਨ ਲਿਖਣੇ ਉਹਨੂੰ ਪਲ ਮਾਰ ‘ਚ ਕੀ ਹੈ?
ਅਜੇ ਵੀ ਸਮਾਂ ਹੱਥ ਵਿੱਚ ਹੈ ਹੱਲ ਸਦਾ ਮੱਤ ਵਿੱਚ ਹੈ
ਬਦਲੇ ਜ਼ਖਮੀ ਪਰਿੰਦਿਆਂ ਨੇ ਲੈਣੇ ਹੋਰ ਸੰਸਾਰ ‘ਚ ਕੀ ਹੈ |