ਬੱਬਿਆਂ ਦਾ ਬੋਲਬਾਲਾ
- ਮੇਜਰ ਮਾਂਗਟ
ਬਿੰਬ
ਹੁਣ ਸਿਰਜੇ ਨਹੀਂ ਜਾਂਦੇ
ਤੇ ਕਵਿਤਾ ਰਚੀ ਨਹੀਂ ਜਾਂਦੀ
ਜਦੋਂ ਕਵਿ ਬਿੰਬ ਸਿਰਜਦਾ ਹਾਂ
ਤਾਂ ਮੇਰੀਆਂ ਅੱਖਾਂ ਸਾਹਵੇਂ ਆ ਜਾਂਦੇ ਨੇ
ਬੱਚਿਆਂ ਤੇ ਵਰਦੇ ਬੰਬ
ਬੰਦੂਕਾਂ ਦੀ ਗਟਗੜਾਹਟ
ਬਸਰਾ, ਬਗਦਾਦ
ਬੁਸ਼ ਬਲੇਅਰ ਅਤੇ ਬਿਨ ਲਾਦਿਨ
ਬੱਬਿਆਂ ਦੇ ਭੇੜ ਵਿੱਚ
ਬਿਗੜ ਜਾਂਦਾ ਹੈ ਕਵਿਤਾ ਦਾ ਤੋਲ
ਤੇ ਬਿੰਬ ਦਮ ਤੋੜ ਜਾਂਦੇ ਨੇ ਮੈਂ ਸੋਚਦਾ ਹਾਂ
ਬੰਦਿਆਂ ਨਾਲੋਂ ਤਾਂ ਬ੍ਰਿਛ ਚੰਗੇ ਨੇ
ਬੱਚਿਆਂ ਤੇ ਬੁੱਢਿਆਂ ਨੂੰ
ਫਲ ਫੁੱਲ ਦਿੰਦੇ ਨੇ
ਬਰਬਾਦ ਨਹੀਂ ਕਰਦੇ
ਇਨ੍ਹਾਂ ਤੋਂ ਕੋਈ ਬਚਕੇ ਵੀ ਨਹੀਂ ਦੌੜਦਾ
ਮੈਂ ਫੇਰ ਬੁੜਬੜਾਉਂਦਾ ਹਾਂ
ਬੁਸ਼,ਬਲੇਅਰ,ਬਿਨ ਲਾਦਿਨ
ਬਸਰਾ ਤੇ ਬਗਦਾਦ
ਬੱਚਿਆਂ ਤੇ ਵਰਦੇ ਬੰਬ
ਬੰਦੂਕਾਂ ਹੀ ਬਦੂੰਕਾਂ
ਮੈਂ ਬਿੰਬ ਕਿਵੇਂ ਸਿਰਜਾਂ?
ਬਿੰਬ ਜਿਵੇਂ ਬਣ ਗਏ ਨੇ
ਬਾਂਦਰ ਤੇ ਬਿੱਛੂ
ਬੁਲਡੋਜ਼ਰ ਵਾਂਗੂੰ ਦਹਾੜਦੇ ਹੋਏ
ਅਖੇ ਬੱਕਰੇ ਦੀ ਮਾਂ ਕਦ ਕਦ ਖੈਰ ਮਨਾਊ?
ਬ੍ਰਾਡਕਾਸਟਿੰਗ ਵੀ ਨਿਰਾ ਬਕਵਾਸ
ਬੰਬਾਂ ਦੀ ਬਰਖਾ ਵਿੱਚ
ਬੇਹਤਰੀ ਦਾ ਬੀੜਾ ਕੌਣ ਚੁੱਕੇ?
ਬਿਨ ਲਾਦਿਨ ਤਾਂ ਬੀਜੇ ਜਾ ਰਹੇ ਨੇ
ਰੱਬ ਦੇ ਬੰਦਿਉ,ਬੰਦੇ ਨਾ ਮਾਰੋ....।
ਮਰਦੀ ਤਾਂ ਮਨੁੱਖਤਾ ਹੀ ਹੈ
ਭਾਵੇਂ ਬੋਸਨੀਆ ਹੋਵੇ ਬਰਤਾਨੀਆਂ ਜਾਂ ਬੰਗਲਾ ਦੇਸ਼
ਫੇਰ ਇਹ ਬਰਬਾਦੀ ਕਿਉਂ?
ਮੈਂ ਬਿੰਬ ਸਿਰਜਾਂ ਜਾਂ ਬੀ ਬੀ ਸੀ ਸੁਣਾ
ਜਿੱਥੇ ਬੱਬਿਆਂ ਦੇ ਭੇੜ ਦੀਆਂ ਖਬਰਾ ਨੇ
ਬਸਰਾ,ਬਗਦਾਦ,
ਬੁਸ਼,ਬਲੇਅਰ ਬਿਨ ਲਾਦਿਨ
ਬੰਬ ਬਦੂਕਾਂ ਤੇ ਬਖਤਰਬੰਦ ਗੱਡੀਆ
ਬ੍ਰੈੱਡ ਦੇ ਟੁਕੜੇ ਲਈ ਵਿਲਕਦੇ ਬੱਚੇ
ਬਲਦੇ ਹੋਏ ਖੂਹ
ਬੈਰਲ ਦੀ ਵਧਦੀ ਘਟਦੀ ਕੀਮਤ
ਨਿਰਾ ਬਕਵਾਸ
ਦੱਸੋਂ ਇੱਹ ਬੱਬਿਆ ਦੇ ਭੇੜ ਵਿੱਚ
ਬੰਦਾ ਕਰੇ ਤਾਂ ਕੀ ਕਰੇ?
ਬਿੰਬ ਸਿਰਜੇ ਜਾਂ ਬੀ ਬੀ ਸੀ ਸੁਣੇ
ਕੁੱਝ ਵੀ ਸਮਝ ਨਹੀਂ ਪੈਂਦਾ
ਇਸੇ ਕਰਕੇ ਕਵਿਤਾ
ਅਜੇ ਨਹੀਂ ਸੁੱਝਦੀ
|