ਬਾਹਰ ਖੜ੍ਹੀ ਆਜ਼ਾਦੀ
ਅਮਰਜੀਤ ਟਾਂਡਾ
ਬਾਹਰ ਖੜ੍ਹੀ ਆਜ਼ਾਦੀ ਪਰਚਮ ਉੱਚੇ ਲਹਿਰਾ ਦੇਵੋ
ਰਾਵੀ ਝਨ੍ਹਾਂ ਤੋਂ ਆਈ ਸ਼ਹਿਜ਼ਾਦੀ ਸਿਰ ਝੁਕਾ ਦੇਵੋ
ਹਿੱਕਾਂ ਅੱਗੇ ਲੈ ਕੇ ਆਓ ਤਮਗੇ ਵੰਡਾਂ ਮੈਂ
ਪਹਿਲੀਆਂ ਲਾਸ਼ਾਂ ਪਰੇ ਕਰੋ ਇਕ ਖੰਜ਼ਰ ਮੰਗਾਂ ਮੈਂ
ਇਸ ਮਾਂ ਦੀ ਝੋਲੀ ਵੀ ਇਕ ਤਾਮਰ ਪਾ ਦੇਵੋ
ਉਸ ਕੁਰਲਾਂਦੀ ਵਿਧਵਾ ਨੂੰ ਇਕ ਹਾਰ ਬਣਾ ਦੇਵੋ
ਨੁੱਕਰੇ ਡੁਸਕਦੀਆਂ ਭੈਣਾਂ ਨੂੰ ਕੁਝ ਮਾਰੇ ਵੀਰਾਂ ਦੀ
ਇਕ 2 ਫ਼ੋਟੋ ਵੱਡੇ ਸਾਈਜ਼ ਫ਼ਰੇਮ ਕਰਵਾ ਦੇਵੋ
ਕਰ ਦੇਵੋ ਬਈ ਭਾਰੀ ਵਾਛੜ ਉੱਪਰੋਂ ਫ਼ੁੱਲਾਂ ਦੀ
ਬਚ ਗਏ ਫ਼ੁੱਲ ਵਿਲਕਦੇ ਬੱਚੇ ਦੇ ਪੇਟ ‘ਚ ਪਾ ਦੇਵੋ
ਹਰ ਦੋਸਤ ਨੂੰ ਦੱਸੋ ਮਰਨਾ ਧਰਤ ਦੀ ਖਾਤਰ ਜੀ
ਧਾਹੀਂ ਰੋਂਦੇ ਬਾਪੂ ਦੇ ਬੋਝੇ ਭਾਸ਼ਣ ਪਾ ਦੇਵੋ
ਕਰ ਦਿਓ ਸਫ਼ਾਇਆ ਇਨ੍ਹਾਂ ਸਿਰ ਫਿਰੇ ਮੁੰਡਿਆਂ ਦਾ
ਹਰ ਨਦੀ ਕਿਨਾਰੇ ਇਕ 2 ਵੱਡੀ ਜੰਗ ਬਣਾ ਦੇਵੋ
ਇਹ ਕੁਰਸੀ ਔਹ ਤਖ਼ਤ ਮੇਰੇ ਹੁਣ ਉੱਕਾ ਮੇਚ ਨਹੀਂ
ਸਾਰੇ ਸ਼ਹਿਰੀਂ ਗਲੀਆਂ ਕੰਧਾਂ ਤੇ ਲਿਖਵਾ ਦੇਵੋ
ਬਾਹਰ ਖੜ੍ਹੀ ਆਜ਼ਾਦੀ ਪਰਚਮ ਉੱਚੇ ਲਹਿਰਾ ਦੇਵੋ
ਰਾਵੀ ਝਨ੍ਹਾਂ ਤੋਂ ਆਈ ਸ਼ਹਿਜ਼ਾਦੀ ਸਿਰ ਝੁਕਾ ਦੇਵੋ |