ਐਂਤੋਨ ਚੈਖੋਵ, ਲੋਨਾ ਪੋਟਾਪੋਵ ਅਤੇ ਮੋਨਾ ਮਾਤੀਆਲੋਵ
-ਮੋਹਣ ਮਤਿਆਲਵੀ
ਉਹ ਇਕ ਬਹੁਤ ਉਦਾਸ
ਬੇਚੈਨ ਅਤੇ ਗਮਗੀਨ
ਸਦੀਆਂ ਤੋ ਸਦੀਆਂ ਦੇ
ਹਨੇਰੇ ਥਲਾਂ ਵਿਚ ਭਟਕਦੀ
ਕੋਈ ਜ਼ਖਮੀ ਹੋਈ ਰੂਹ ਹੈ,
ਫਿਰ ਵੀ ਉਸ ਨੂੰ
ਰੰਗਾਂ ਤੇ ਰੋਸ਼ਨੀਆਂ ਦੀ ਭਾਲ ਰਹੇ
ਹਰ ਪਲ ਉਸ ਦੀ ਚਾਲ ਵਿਚ ਕਾਵਿਕ ਤਾਲ ਰਹੇ।
ਉਹ ਅਕਸਰ ਨ੍ਹੇਰੇ ਸਵੇਰੇ
ਜੋਗੀਆਂ ਵਾਂਗੂੰ ਜੰਗਲਾਂ ਨੂੰ ਨਿਕਲ ਤੁਰੇ,
ਪੰਛੀਆਂ ਵਾਂਗੂੰ ਉਡਣ ਦਾ ਅਭਿਆਸ ਕਰੇ
ਪੰਛੀਆਂ ਵਾਂਗੂੰ ਗਾਉਣਾ ਚਾਹੇ
ਪਰ ਨਾਕਾਮ ਰਹੇ ਤੇ ਖਾਲੀ ਹੱਥ ਮੁੜੇ,
ਕਲਪਨਾ ਅਤੇ ਵਿਚਾਰਾਂ ਦੇ ਖੰਭਾਂ ਤੇ ਚੜ੍ਹ ਕੇ
ਅੰਬਰ ਵਿਚ ਪਰਵਾਜ਼ ਭਰੇ।
ਵਗਦੇ ਚੋਆਂ ਵਿਚ ਰਾਤਾਂ ਨੂੰ
ਆਪਣੇ ਅਹਿਸਾਸਾਂ ਦੀ ਡੋਰੀ
ਤੇ ਸੋਚਾਂ ਦੀਆਂ ਕੁੰਡੀਆਂ ਦੇ ਮੂੰਹ
ਆਪਣਾ ਸਾਰਾ ਦਿਲ ਲਾ ਕੇ
ਮੱਛੀਆਂ ਦੀ ਬਜਾਏ
ਬਿਛੂ, ਠੂੰਹੇਂ, ਸੱਪ, ਕੇਕੜੇ ਫੜਨਾ ਚਾਹੇ
ਪਰ ਕੋਈ ਮੱਛੀ, ਡੱਡੂ ਜਾਂ ਕੱਛੂ ਫਸ ਜਾਵੇ,
ਸਰਦ ਹਓਕਾ ਲਵੇ
ਰੋਵੇ, ਕੁਰਲਾਵੇ ਤੇ ਪਛਤਾਵੇ।
ਕਦੇ ਕਦੇ ਸਤਲੁਜ ਦੇ ਕੰਢੇ ਤੇ
ਦਿਨ ਰਾਤ ਵਿਲ੍ਹਕਦੀ ਸੁਣਦੀ ਹੈ
ਪਤਾ ਨਹੀਂ ਲੱਗਦਾ
ਇਸ ਦਰਿਆ ਵਿਚੋਂ ਕੀ ਕੁਝ ਭਾਲੇ
ਜਾਂ ਫਿਰ ਆਪਣਾ ਆਪ ਹੰਘਾਲੇ?
ਮੰਥਨ ਪਿਛੋਂ
ਉਹ ਦਰਿਆ ਦੇ ਵਿਚੋਂ ਜਿਹੜੇ
ਬਿੰਬ, ਪ੍ਰਤੀਕ ਲਿਆਵੇ ਕੱਢ ਕੇ
ਕੁਝ ਕੁ ਪਲਾਂ ਦੇ ਵਕਫੇ ਪਿਛੋਂ
ਮੁੜ ਦਰਿਆ ਵਿਚ ਰੋੜ੍ਹ ਵੀ ਆਵੇ।
ਸਉਣ ਮਹੀਨੇ ਜਦ ਵਰਖਾ ਦੀ
ਕਿਣਮਿਣ ਦਾ ਸੰਗੀਤ ਛਿੜੇ
ਤਾਂ ਉਹ ਨੱਚਣਾ, ਪੈਲਾਂ ਪਾਉਣਾ
ਬੱਚਿਆਂ ਵਾਂਗੂੰ ਨੰਗ ਮੁਨੰਗ ਹੋ ਨ੍ਹਾਉਣਾ ਚਾਹੇ
ਪਰ ਮਹਿਯਾਦਾ ਦੇ ਲਛਮਣ ਤੋਂ ਡਰਦੀ
ਆਪਣੀ ਇਹ ਚਾਹਤ ਵੀ ਸੂਲੀ ਚਾੜ੍ਹ ਦਵੇ।
ਰਾਤ ਪਵੇ ਤਾਂ
ਸ਼ੀਸ਼ ਮਹਿਲ ਦੇ ਖਮਡਰਾਤਾਂ ਵਿਚ ਜਾ ਬੈਠੇ
ਜ਼ੰਜੀਰਾਂ ਦੀ ਕੋਮਲਤਾ ਤੇ ਸਖਤਾਈ ਦਾ ਕਿਆਸ ਕਰੇ
ਝਾਂਜਰ-ਬੇੜੀ
ਚੂੜੀ-ਹੱਥਕੜੀ
ਕਾਲੇ ਪਾਣੀ ਦੇ ਟਾਪੂ
ਤੇ ਫਾਂਸੀਆਂ ਦੇ ਇਤਿਹਾਸ ਦਾ ਪਾਠ ਕਰੇ...
ਜਿਉਂਦੀ ਰੂਹ ਹੈ
ਆਖਰ ਜੰਗਲ ਬੇਲੇ ਘੁੰਮ ਕੇ
ਪਰਬਤ, ਦਰਿਆ, ਥਲਾਂ ਨੂੰ ਗਾਹ ਕੇ,
ਮੁੜ ਆਪਣੇ ਕਲਬੂਤ ਵਿਚ ਆਵੇ
ਚਾਰ ਕਿਸਮ ਦੀ ਦਾਰੂ ਦਾ
ਇਕ-ਇਕ ਭਰਵਾਂ ਹਾੜਾ ਲਾਵੇ,
ਸੂਰ, ਗਊ ਤੇ ਬੱਕਰੇ ਦਾ
ਮਾਸ ਰਲਾ ਕੇ ਰਿੰਨ੍ਹੇ-ਖਾਵੇ
ਗਿਆਰਾਂ ਮਹੀਨੇ ਸਿਵਿਆਂ ਦੇ ਵਿਚ ਤਪ ਕਰੇ
ਤੇ ਅਗਲੀ ਸੰਗਰਾਂਦ ਨੂੰ ਖੁਦ ਨੂੰ ਹੁਕਮ ਸੁਣਾਵੇ:
ਮਾਰੂਥਲ ਦੇ ਰੁੱਖਾਂ ਵਾਂਗੂੰ ਤੂੰ ਸਦਾ ਸੜਦੀ ਰਹੇਂਗੀ
ਹੋਂਦ ਤੇਰੀ ਬਲਦੀ ਰੇਤਾ ਤੇ
ਪੱਤਾ ਪੱਤਾ ਕਿਰਦੀ ਰਹੇਗੀ
ਜੜ੍ਹ ਵਿਚ ਸੌਂ ਰਹੇ ਅੰਕੁਰ ਨ ਤੈਨੂੰ ਦਿਸਣਗੇ
ਤੂੰ ਆਪਣੀ ਔਕਾਤ ਮੁਤਾਬਕ-ਜ਼ਾਤ ਮੁਤਾਬਕ
ਜੋ ਖੱਟਿਆ ਸੋ ਪਾਇਆ,
ਪਿਆਸ, ਉਦਾਸੀ, ਬੇਚੈਨੀ ਤੇ ਭਟਕਣ ਨੇ
ਤੇਰੇ ਅੰਗ- ਸੰਗ ਜੀਣਾ
ਤੇਰੇ ਅੰਗ- ਸੰਗ ਮਰਨਾ,
ਤੇਰੇ ਅੰਗ- ਸੰਗ ਡੁੱਬਣਾ
ਤੇਰੇ ਅੰਗ- ਸੰਗ ਤਰਨਾ,
ਇਸ ਜੂਨੇ ਤੇਰੇ ਹਰੇ ਸੁਪਨਿਆਂ
ਵਾਤਾਵਰਨ ਦੀ ਅੱਗ ਵਿਚ ਸੜਨਾ,
ਹੁਣ ਨ ਤੂੰ ਨ ਬੱਕੀ ਨੇ ਵੀ ਵਾਪਸ ਮੁੜਨਾ,
ਤੂੰ ਹੋਵੇਂ ਨ ਹੋਵੇਂ ਦੁਨੀਆ ਹੋਵੇਗੀ
ਤੂੰ ਹੋਵੇਂ ਨਾ ਹੋਵੇਂ ਕਵਿਤਾ ਹੋਵੇਗੀ। |