ਅਕਲ ਦੀ ਗਲ
-ਗੁਲਜ਼ਾਰ ਸਿੰਘ ਅਮ੍ਰਿਤ
ਕੰਨ
ਕਰੋ ਮੇਰੇ ਵਲ ਏਸੇ ਵੇਲੇ ਏਸੇ ਪਲ
ਕਰੋ ਨ ਜੀ ਅੱਜ-ਕਲ ਅੱਜ-ਕਲ
ਇਸ ਜੀਵਨ ਤੇ ਮਾਨ ਨ ਕਰਨਾ
ਜੀਵਨ ਹੁੰਦਾ ਪਲ ਦੋ ਪਲ।
ਸੁਣੋ ਇੱਕ ਦੂਜੇ ਦੀ ਗਲ
ਲਾਹੋ ਨ ਗਲ ਦੀ ਖਲ੍ਹ
ਕੱਠੇ ਹੋ ਕੇ ਲੱਭੋ ਹਲ
ਹੋਵੇ ਨ ਕੋਈ ਵਲ-ਛਲ
ਮੇਰੀ ਨਹੀਂ, ਸਭਨਾਂ ਦੀ ਗਲ
ਗ਼ੈਰਾਂ ਤੇ ਸਜਣਾਂ ਦੀ ਗਲ
ਸ਼ਹਿਰਾਂ ਤੇ ਵਤਨਾਂ ਦੀ ਗਲ
ਦੁਨੀਆ ਦੇ ਅਮਨਾਂ ਦੀ ਗਲ
ਬੁਲਬੁਲ ਤੇ ਚਮਨਾਂ ਦੀ ਗਲ
ਕਲੀਆਂ ਤੇ ਫੁਲਾਂ ਦੀ ਗਲ
ਨਨ੍ਹੇ ਨਨ੍ਹੇ ਕੋਮਲ ਕੋਮਲ
ਹਸਦੇ ਹਸਦੇ ਬੁਲ੍ਹਾਂ ਦੀ ਗਲ
ਇਹ ਜੋ ਸਾਡੇ ਬੱਚੇ ਨੇ
ਦਿਲ ਤੇ ਮਨ ਦੇ ਸੱਚੇ ਨੇ
ਇਨ੍ਹਾਂ ਨਾਲ ਹੀ ਦੁਨੀਆ ਵਸਦੀ
ਖਿੜ ਖਿੜ ਬੇ ਹਿਸਾਬਾ ਹਸਦੀ
ਜਾਨ ਕੇ ਉਹ ਨੁਕਸਾਨ ਨਾ ਕਰਦੇ
ਕਿਸੇ ਦਾ ਅਪਮਾਨ ਨਾ ਕਰਦੇ
ਜੇ ਸੋਚ ਤੁਹਾਡੀ ਤੰਗ ਹੋਏਗੀ
ਦੁਨੀਆ ਵਿਚ ਫਿਰ ਜੰਗ ਹੋਏਗੀ
ਪਲ ਵਿਚ ਸਭ ਤਬਾਹ ਹੋ ਜਾਸੀ
ਸੜ੍ਹ ਬਲ ਕੇ ਸੁਆਹ ਹੋ ਜਾਸੀ
ਲਗਦੇ ਹੋ ਤੁਸੀਂ ਬੜੇ ਸਿਆਣੇ
ਅਕਲਾਂ ਨੂੰ ਹੁਨ ਲਾਓ ਟਿਕਾਣੇ
ਵਸਦੇ ਹੋਏ ਪ੍ਰਵਾਰ ਬਚਾ ਲਓ
ਖਿੜ੍ਹੀ ਹੋਈ ਗੁਲਜ਼ਾਰ ਬਚਾ ਲਓ
ਜਗ ਦੇ ਮੇਲੇ ਮੁੜ ਨਹੀਂ ਜੁੜਨਾ
ਗਏ ਵਕਤ ਨੇ ਫਿਰ ਨਹੀਂ ਮੁੜਨਾ
ਹੋਸੀ ਹਰ ਥਾਂ ਰੇਤ ਹੀ ਰੇਤ
ਪਲ੍ਹੇ ਬੰਨ੍ਹ ਲਓ ਸਾਰੇ ਭੇਤ
"ਅਬ ਪਛਤਾਏ ਕਿਆ ਹੋਤ
ਜਬ ਚਿੜਆ ਚੁਗ ਗਈ ਖੇਤ"
"ਅਵਲ ਅਲਹੁ ਨੂਰ ਉਪਾਇਆ
ਕੁਦਰਤ ਦੇ ਸਭ ਬੰਦੇ
ਏਕ ਨੂਰ ਤੇ ਸਭ ਜਗ ਉਪਜਿਆ
ਕੌਣ ਭਲੇ ਕੋ ਮੰਦੇ" |