ਆਸ
ਸ਼ਿਵ ਕੁਮਾਰ ਬਟਾਲਵੀ
|
ਸ਼ਿਵ ਕੁਮਾਰ ਬਟਾਲਵੀ |
ਨੀ ਜਿੰਦੇ ਤੇਰਾ ਯਾਰ,
ਮੈਂ ਤੈਨੂੰ ਕਿੰਜ ਮਿਲਾਵਾਂ !
ਕਿੱਥੋਂ ਨੀ ਮੈਂ ਸ਼ੱਤਬਰਗੇ ਦੀ,
ਤੈਨੂੰ ਮਹਿਕ ਪਿਆਵਾਂ ! ਕਿਹੜੀ ਨਗਰੀ 'ਚ ਤੇਰੇ
ਚੰਨ ਦੀ-
ਡਲੀ ਵੱਸਦੀ ਹੈ ਜਿੰਦੇ ?
ਕਿੱਤ ਵੱਲੇ ਨੀ ਅਜ ਨੀਝਾਂ ਦੇ-
ਮੈਂ ਕਾਗ ਉਡਾਵਾਂ ? ਚੰਗਾ ਹੈ ਹਸ਼ਰ ਤੱਕ ਨਾ ਮਿਲੇ
ਮੋਤੀਆਂ ਵਾਲਾ,
ਦੂਰੋਂ ਹੀ ਸ਼ਬਦ ਭੇਹਰੀ ਦਾ
ਲੱਗਦਾ ਹੈ ਸੁਹਾਵਾਂ ! ਅੱਸੂ 'ਚ ਤਾਂ ਫੁੱਲ ਸਣ
ਦੇ ਵੀ-
ਲੱਗਦੇ ਨੀ ਪਿਆਰੇ,
ਰੱਕੜਾਂ 'ਚ ਨਿਆਮਤ ਨੇ,
ਕਰੀਰਾਂ ਦੀਆਂ ਛਾਵਾਂ ! ਜ਼ਿੰਦਗੀ ਦੀ ਨਦੀ ਕੰਢੇ
ਤੇ,
ਉੱਮੀਦ ਦਾ ਐਰਾ,
ਸੁੱਕ ਸੜ ਕੇ ਕਈ ਵਾਰ ਵੀ
ਹੋ ਜਾਂਦਾ ਹੈ ਲੈਰਾ ! ਅਕਸਰ ਹੀ ਕਈ ਵਾਰ
ਇਵੇਂ ਹੁੰਦਾ ਹੈ ਜਿੰਦੇ,
ਨਹਿਰੀ ਤੋਂ ਫਸਲ ਚੰਗੀ ਵੀ
ਦੇ ਜਾਂਦਾ ਹੈ ਮੈਰਾ !
ਸੌ ਸਾਲ ਜਦੋਂ ਗੁਜ਼ਰੇ
ਤਾਂ ਫੁੱਲ ਬਾਂਸ ਨੂੰ ਲਗਦੈ,
ਸੁਰਖ਼ਾਬ ਹੁਨਾਲੇ 'ਚ ਨੀ-
ਹੋ ਜਾਂਦਾ ਹੈ ਬਹਿਰਾ ! ਇਕ ਸੁਲਫੇ ਦੀ ਬੱਸ ਲਾਟ
ਹੈ
ਜ਼ਿੰਦਗੀ 'ਚ ਮੁਹੱਬਤ;
ਬਸ ਗ਼ਮ ਦੇ ਮਲੰਗਾਂ ਦੀ
ਹਯਾਤੀ ਹੈ ਇਹ ਦੈਰਾ !
ਸੁਣਿਆ ਹੈ ਮਧੂ-ਮੱਖੀਆਂ ਦੀ
ਇਕ ਹੁੰਦੀ ਹੈ ਰਾਣੀ,
ਭਰਪੂਰ ਜਵਾਨੀ 'ਚ ਜਦੋਂ
ਲੰਭਦੀ ਹੈ ਹਾਣੀ,
ਉੱਡ ਪੈਂਦੀ ਹੈ ਖੱਗੇ ਚੋਂ ਨਿਕਲ
ਵੱਲ ਅਗਾਸਾਂ,
ਉੱਡਦੀ ਹੈ ਉਹਦੇ ਪਿੱਛੇ ਨੀ-
ਨਰ-ਮੱਖੀਆਂ ਦੀ ਢਾਣੀ । ਜਿਹੜਾ ਵੀ ਵਣਜ ਕਰਦਾ ਹੈ
ਉਹਦੀ ਕੁੱਖ ਦਾ ਨੀ ਜਿੰਦੇ
ਮੁੱਕ ਜਾਂਦਾ ਹੈ ਉਹਦੇ ਨੈਣਾਂ ਚੋਂ
ਜ਼ਿੰਦਗਾਨੀ ਦਾ ਪਾਣੀ !
ਕੁੱਖਾਂ ਦਾ ਵਣਜ ਕਰਨਾ-
ਕੋਈ ਪਿਆਰ ਨਹੀਂ ਹੈ,
ਇਸ ਤੋਂ ਤਾਂ ਬੜੀ ਲੰਮੀ ਹੈ
ਇਸ਼ਕੇ ਦੀ ਕਹਾਣੀ ! ਤਕਦੀਰ ਦੀ ਹਰ ਰਾਤ 'ਚ
ਇਕ ਕੁਤਬ ਸਿਤਾਰਾ,
ਜ਼ਿੰਦਗੀ ਦੇ ਮਲਾਹਾਂ ਨੂੰ
ਦੇਂਦਾ ਹੈ ਸਹਾਰਾ !
ਤਕਦੀਰ ਦੀ ਤਕਦੀਰ ਹੈ
ਜੇ ਬੇੜੀ ਗ਼ਰਕ ਜਾਏ,
ਮਲਾਹਾਂ ਦਾ ਹੈ ਦੋਸ਼
ਜੇ ਲੱਭੇ ਨਾ ਕਿਨਾਰਾ ! ਨਾ ਸੋਚ ਕਿ ਹਰ ਡਾਚੀ
ਦੀ-
ਜੇ ਨਜਰ ਬਦਲ ਜਾਏ,
ਹੋਵੇਗਾ ਕਿਵੇਂ-
ਮਾਰੂਥਲਾਂ ਦਾ ਨੀ ਗੁਜ਼ਾਰਾ !
ਤਕਦੀਰ ਤੇ ਤਕਦੀਰ ਦਾ
ਕੁਝ ਹੈ ਰਿਸ਼ਤਾ,
ਉੱਗ ਆਏ ਜਿਵੇਂ ਰੁੱਖ ਤੇ ਕੋਈ ਰੁੱਖ ਵਿਚਾਰਾ ।
ਪਰ ਠੀਕ ਹੈ ਕੋਈ ਥੋਰ੍ਹਾਂ ਨੂੰ
ਕਿਉਂ ਵਾੜ ਕਰੇਗਾ !
ਕੋਈ ਭੋਰ ਭਲਾ ਕੰਢਿਆਂ ਤੇ
ਕਿਊਂ ਜੀਭ ਧਰੇਗਾ !
ਮੇਰੇ ਦਿਲ ਦੇ ਬੀਆਬਾਨ 'ਚ
ਉੱਗਿਆ ਹੈ ਕਿਓੜਾ,
ਹੈਰਾਨ ਹਾਂ ਬਿਰਹੋਂ ਦੀ ਤਪਸ਼
ਕਿੱਦਾਂ ਜਰੇਗਾ ! ਮੇਰਾ ਇਸ਼ਕ ਹੈ ਥੇਹਾਂ ਤੇ ਨੀ
ਇੱਟ-ਸਿੱਟ ਦੀ ਬਰੂਟੀ
ਸੁੱਕੇ ਗੀ ਨਾ ਬਦਖ਼ਪਤ
ਨਾ ਇੱਜੜ ਹੀ ਚਰੇਗਾ !
ਲੱਗ ਜਾਏ ਨੀ ਲੱਖ ਵਾਰ
ਮੇਰੇ ਨੈਣਾਂ ਨੂੰ ਉੱਲੀ,
ਮੇਰਾ ਸਿਦਕ ਉਹਦੇ ਰਾਹਾਂ ਤੇ
ਰੋ ਰੋ ਕੇ ਮਰੇਗਾ ! ਹੋ ਜਾਏਗੀ ਇਕ ਰੋਜ਼ ਸਬਜ਼-
ਦਿਲ ਦੀ ਫਲਾਹੀ,
ਬੰਜਰ ਵੀ ਮੁੱਕਦਰ ਦਾ ਨੀ-
ਹੋ ਜਾਏ ਗਾ ਚਾਹੀ !
ਹੈ ਆਸ ਮੇਰੇ ਹੋਠਾਂ ਦੀ-
ਕਚਨਾਰ ਦੀ ਛਾਵੇਂ;
ਸਸਤਾਣ ਗੇ ਮੁਸਕਾਨਾਂ ਦੇ
ਬੇਅੰਤ ਹੀ ਰਾਹੀ ! ਮੁੰਜਰਾਂ 'ਚ ਜਿਸਮ ਦੀ
ਜਦ ਮਹਿਕ ਰਚੇਗੀ,
ਇਹ ਧਰਤ ਮੇਰੇ ਇਸ਼ਕ ਦੀ
ਦੇਵੇ ਗੀ ਗਵਾਹੀ !
ਨੱਚੇਗੀ ਖੁਸ਼ੀ ਦਿਲ ਦੇ ਪਿੜੀਂ
ਮਾਰ ਦਮਾਮੇ,
ਵਿਛੜੇ ਗਾ ਨਾ ਮੁੜ-
ਤੇਰਾ ਕਦੀ ਤੇਰੇ ਤੋਂ ਮਾਹੀ ।
(ਜੁਲਾਈ 1960) |