ਫਿਰ ਆਇਆ ਬਿਪਤਾ ਦਾ ਸਾਲ
- ਕੰਵਲਜੀਤ ਸਿੱਧੂ
ਆਇਆ
ਫੇਰ ਨਵਾਂ ਇਕ ਸਾਲ।
ਹਰ ਪ੍ਰਾਣੀ ਦਾ ਓਹੀ ਸਵਾਲ।
ਕੀ ਨਜ਼ਾਮ ਕੁਝ ਬਦਲੇਗਾ, ਜਾਂ
ਓਹੀ ਪੁਰਾਣੇ ਮੰਦੇ ਹਾਲ।
ਮੇਰੇ ਪੰਜਾਬ ਦੀ ਕਹਿਰ ਜਵਾਨੀ,
ਨਸ਼ਿਆਂ ਨੇ ਕੀਤੀ ਬੇਹਾਲ।
ਪੜ੍ਹੇ ਲਿਖੇ ਪੁੱਤ ਕੰਮੋਂ ਸੱਖਣੇ,
ਬੈਠਿਆਂ ਹੋਏ ਮਹੀਨੇ, ਸਾਲ।
ਓਸਵਾਲ ਦੀ ਮਿੱਲ 'ਚ ਜਾ ਜਾ,
ਡੱਬਿਆ ਵਿਚ ਭਰੇਂਦੇ ਮਾਲ।
ਪੈਰੋ ਪੈਰ ਮਹਿੰਗਾਈ ਵਧਦੀ,
ਮਸਾਂ ਹੀ ਜੁੜਦਾ ਆਟਾ ਦਾਲ।
ਚਾਰ ਸਿਆੜ ਬਚੇ ਨੇ ਜਿਹੜੇ,
ਸੁੰਘਦੇ ਪਏ ਇਜੰਟ ਦਲਾਲ।
ਵਿਆਹੀ ਧੀ ਬੂਹੇ 'ਤੇ ਬੈਠੀ,
ਸਹੁਰੇ ਪਏ ਟਪਕਾਉਂਦੇ ਰਾਲ।
ਕਦ ਤੱਕ ਗਰਜਾਂ ਕਰਨ ਪੂਰੀਆਂ,
ਮਾਪਿਆਂ ਮੂਹਰੇ ਏਹੀ ਸਵਾਲ।
ਲੋਕ ਵਿਖਾਵਾ ਕਰ ਕਰ ਦੁਨੀਆਂ,
ਹੁੰਦੀ ਪੁਰ ਪੁਰ ਪਈ ਕੰਗਾਲ।
ਕੌਮ ਦੇ ਆਗੂ, ਲਾਕਰ ਭਰਦੇ,
ਖੋਹ ਖੋਹ ਕੇ ਜਨਤਾ ਦਾ ਮਾਲ।
ਜੇਲ੍ਹ ਜਾਣ ਤਾਂ, ਸਿੱਖ ਪੰਥ ਦੀ,
ਦੇਣ ਦੁਹਾਈ, ਹੋਣ ਬੇ ਹਾਲ।
ਵਰ੍ਹਿਆਂ ਤੋਂ ਸਿੱਖ ਵਿਧਵਾਵਾਂ ਦੇ,
ਅੱਥਰੂਆਂ ਦੇ ਵਗਦੇ ਖਾਲ।
ਕੋਈ ਬਾਦਲ ਟੌਹਰਾ ਨਾ ਪੂੰਝੇ,
ਧਰਮ ਦੇ ਝੂਠੇ ਇਹੇ ਦਲਾਲ।
ਅਮਨ ਦੇ ਰਾਖੇ ਵੱਢੀਆਂ ਖਾਂਦੇ,
ਨਿਰਦੋਸ਼ਾਂ ਨੂੰ ਕਰਨ ਹਲਾਲ।
ਦਿਨੇ ਰਾਤ ਪਈ ਲੁੱਟ ਵਰਤਦੀ,
ਕਦੇ ਨਾ ਘਟੇ, ਹੁਨਾਲ, ਸਿਆਲ।
ਕੀ ਕੋਈ ਮਰਦ ਅਗੰਮੜਾ ਉੱਠੂ,
ਕੋਈ ਕਿਸੇ ਤ੍ਰਿਪਤਾ ਦਾ ਲਾਲ।
ਖਵਰੇ ਕੋਈ ਆਖੇ ' ਲਾਧੋ ਰੇ '
ਰਲ ਕੇ ਕਰੀਏ ਉਸਦੀ ਭਾਲ। |