ਵੀਰੇ
ਨੂੰ ਨਾ ਮਾਰ ਬਾਪੂ,
ਵੀਰੇ ਨੂੰ ਨਾ ਮਾਰ।
ਚੰਨ ਜਿਹਾ ਇਹ ਵੀਰਾ ਮੇਰਾ,
ਕੇਡਾ ਪੱਥਰ ਦਿਲ ਹੈ ਤੇਰਾ।
ਜਦ ਤੂੰ ਮਾਰੇਂ ਇਹਨੂੰ ਚਪੇੜਾਂ,
ਮੇਰੇ ਦਿਲ ਨੂੰ ਪੈਣ ਤਰੇੜਾਂ।
ਇਹ ਤਾਂ ਮੇਰੀ ਜਿੰਦ ਜਾਨ ਹੈ,
ਇਹ ਮੇਰਾ ਸਾਰਾ ਸੰਸਾਰ।
ਇਸ ਦੀ ਇਕ ਕੋਮਲ ਤੱਕਣੀ ਤੋਂ,
ਵਾਰੀ ਜਾਵਾਂ ਸੌ ਸੌ ਵਾਰ।
ਵੀਹ ਰੁਪਏ ਗਵਾਵਣ ਵਾਲਾ,
ਜਿਸ ਨੂੰ ਸਮਝੇਂ ਮੂਰਖ ਬੱਚਾ,
ਭੁੱਖਿਆਂ ਦੀ ਭੁੱਖ ਦੂਰ ਕਰਨ ਵਿਚ,
ਇਹ ਸਮਝੇ ਉਹ ਸੌਦਾ ਸੱਚਾ।
ਇਕ ਪਲ ਥੋੜ੍ਹਾ ਸੋਚ ਜ਼ਰਾ ਤੂੰ,
ਇਹ ਸਭ ਫੇਰ ਹੈ ਸਮਝ ਸਮਝ ਦਾ।
ਇਸਦੇ ਦਿਲ ਵਿਚ ਝਾਤ ਜੇ ਪਾਵੇਂ,
ਮਿਲਸੀ ਤੈਨੂੰ ਭੇਤ ਰਮਜ਼ ਦਾ।
ਖਵਰੇ ਚੰਗੇ ਕਰਮ ਸੀ ਕੀਤੇ,
ਇਹ ਸਾਨੂੰ ਹੈ ਰੱਬ ਨੇ ਘੱਲਿਆ।
ਜਾਂ ਫਿਰ ਰੱਬ ਆਪੇ ਹੀ ਆਇਆ,
ਤੇਰੇ ਘਰ ਵੇ ਬਾਬਲ ਭਲਿਆ।
ਜਿਸ ਦੇ ਤਾਈ ਸ਼ੁਦਾਈ ਕਹਿ ਕਹਿ,
ਕੋਲ ਹਕੀਮਾਂ ਭੰਡੀਆਂ ਪਾਵੇਂ।
ਉਸ ਨੂੰ ਚੜ੍ਹੀ ਏ ਨਾਮ ਖੁਮਾਰੀ,
ਸੌਂ ਸੋਂ ਕੇ ਸੱਪਾਂ ਦੀ ਛਾਵੇਂ।
ਇਹ ਨਾਂ ਮੱਝਾਂ ਚਾਰਨ ਆਇਆ,
ਇਹ ਕੋਈ ਗ਼ੈਬੀ ਅਵਤਾਰ।
ਜਿਸਦੀ ਨਜ਼ਰ ਮਿਹਰ ਦੀ ਇੱਕੋ,
ਦੇਂਦੀ ਉਜੜੇ ਖੇਤ ਸਵਾਰ।
ਮੇਰੀਆਂ ਅੱਖਾਂ ਨਾਲ ਜੇ ਤੱਕੇ,
ਇਹ ਦੁੱਖ ਜੱਗ ਦੇ ਕੱਟਣ ਆਇਆ।
ਕਿੰਨੇਂ ਖੋਲ੍ਹ ਦੇ ਮੋਦੀ-ਖਾਨੇ,
ਪੋਹ ਨਾ ਸਕਦੀ ਇਸ ਨੂੰ ਮਾਇਆ।
ਭਾਵੇਂ ਪਾ ਦੇ ਇਹਨੂੰ ਗਰਿਸਤੀ,
ਇਸ ਜਾਣੇ ਨੇ ਰਿਸ਼ਤੇ ਤੋੜ।
ਰੱਬੀ ਏਸ ਮੁਸਾਫ਼ਰ ਤਾਈਂ,
ਨਾ ਤੂੰ ਫੇਰ ਸਕੇਂਗਾ ਮੋੜ।
ਉੱਚਾ ਰੋਸ਼ਨ ਬਣੂ ਮੁਨਾਰਾ,
ਇਹ ਕੋਮਲ ਜਿਹਾ ਪੁੱਤਰ ਤੇਰਾ।
ਇਸ ਦੇ ਕਰ ਕਮਲਾਂ ਨੇ ਕਰਨੈ,
ਦੁਨੀਆਂ ਭਰ ਦਾ ਦੂਰ ਹਨੇਰਾ।
ਸਾਰੀ ਸ੍ਰਿਸ਼ਟੀ ਅੱਜ ਹੈ ਇਸਦੇ,
ਪੈਰਾ ਦੀ ਛੋਹ ਨੂੰ ਪਈ ਤਰਸੇ।
ਜਿਸ ਪਾਸਿਓਂ ਇਸ ਨੇ ਲੰਘ ਜਾਣੈ,
ਓਧਰ ਨੂਰ ਇਲਾਹੀ ਬਰਸੇ।
ਕਈ ਮਲਿਕ ਭਾਗੋ ਤੇ ਸੱਜਣ,
ਜੀਆਂ ਦਾ ਲਹੂ ਪੀ ਪੀ ਜੀਦੇ।
ਕਈ ਸੈਂਕੜੇ ਰੱਬ ਦੇ ਬੰਦੇ,
ਬਾਬਰ ਜਿਹੇ ਦੀਆਂ ਚੱਕੀਆਂ ਪੀਂਹਦੇ।
ਉਹਨਾਂ ਭੁਲਿਆਂ ਨੂੰ ਰਾਹ ਦੱਸਣ,
ਜਾਣਾ ਏ ਨਾਨਕ ਨਿਰੰਕਾਰੀ।
ਸੱਤਨਾਮ ਦਾ ਮੰਤਰ ਦੱਸਕੇ,
ਜਾਵੇਗਾ ਖ਼ਲਕਤ ਨੂੰ ਤਾਰੀ।
ਠਰ ਜਾਣੇ ਕਈ ਤਪਤ ਕੜਾਹੇ,
ਸੁਣਕੇ ਇਸ ਦੀ ਅੰਮ੍ਰਿਤ ਬਾਣੀ।
ਕਿੰਨੇ ਵਲੀ ਕੰਧਾਰੀ ਬੈਠੇ,
ਰੋਕਣ ਲਈ ਏਸਦਾ ਪਾਣੀ।
ਕਰਨ ਉਡੀਕਾਂ ਕਿੰਨੇ ਪੱਥਰ,
ਇਸਦੇ ਹੱਥਾਂ ਦੀ ਛੋਹ ਖ਼ਾਤਰ,
ਬਾਪੂ ਏਸ ਸਦਾ ਨਹੀਂ ਰਹਿਣਾ,
ਸਾਡੇ ਦੁਨਿਆਵੀ ਮੋਹ ਖ਼ਾਤਰ।
ਬੱਸ ਤੈਨੂੰ ਮੱਤ ਦੇਂਦੀ ਬਾਪੂ,
ਕਰ ਲੈ ਗੂੜ੍ਹਾ ਹੁਣੇ ਪਿਆਰ।
ਫਿਰ ਇਹ ਵੇਲਾ ਹੱਥ ਨਾ ਆਸੀ,
ਪੰਛੀ ਹੋਇਆ ਜਦੋਂ ਉਡਾਰ।
ਬਾਪੂ ਵੀਰੇ ਨੂੰ ਨਾ ਮਾਰ,
ਨਾ ਨਾ ਵੀਰੇ ਨੂੰ ਨਾ ਮਾਰ। |