ਉਸ
ਨੇ
ਦੁਨੀਆਂ ਵਿਹੜੇ
ਮਹਿਬੂਬ ਵਾਂਗ
ਕਦਮ ਧਰਿਆ!
- - - - - -
ਮੱਸਿਆ ਦਾ ਨੇਰ੍ਹ
ਪੂਰਨਮਾਸੀ ਹੋ ਗਿਆ॥
ਉਸ ਨੇ
ਸੱਚ ਦੇ ਮੁਖੜੇ ਤੋਂ
ਨੇਰ੍ਹੇ…ਜਦ
ਰਬਾਬ ਦੀਆਂ ਸੁਰਾਂ ਨਾਲ
ਕੀਤੇ ਪਰ੍ਹੇ
ਤਦ…
ਅਠਾਹਠ ਤੀਰਥ
ਮੱਕੇ-ਮਦੀਨੇ
ਸਭ, ਸਿੱਧ-ਬੁੱਧ ਮਤੇ
ਆਦਿ ਸੱਚ-ਜੁਗਾਦਿ ਸੱਚ
ਕਹਿ ਉਠੇ!!
ਉਸ ਨੇ
ਪ੍ਰੀਤ-ਭਿੱਜੀ ਰੂਹ
ਦੇ ਹੱਥਾਂ ਨਾਲ
ਦਰ ਖੜਕਾਏ,
ਠੱਗਾਂ ਚੋਂ ਸੱਜਣ
ਹੰਕਾਰੀਆਂ ਚੋਂ ਕੰਧਾਰੀ
ਜਾਬਰਾਂ ਚੋਂ ਬਾਬਰ
ਬਾਹਰ ਆਏ.
ਰੁਕਨਦੀਨਾਂ ਅੰਦਰ
‘ਦੀਨ’ ਉਦੈ ਹੋ ਗਿਆ॥
ਉਸ ਨੇ
ਮਿੱਠੁਤ-ਨੀਵੀਂ
‘ਵਾਜ ਨਾਲ
ਹਾਕ ਮਾਰੀ,
ਜੋਗੀ ਪਹਾੜੋਂ ਉੱਤਰ ਆਏ.
ਸੁਮੇਰ ਉੱਤੇ
ਸਵੇਰ ਹੋ ਗਈ॥
ਉਸ ਦੇ
ਗਲ ਲਗ ਕੇ
ਕਿਰਤੀ ਲਹਿਣੇ
ਸੱਚੇ-ਪਾਤਸ਼ਾਹ ਹੋ ਗਏ.
ਕੋਧਰੇ ਦੀਆਂ ਰੋਟੀਆਂ ਚੋਂ
ਚਾਨਣ ਸਿੰਮਿਆ.
‘ਮਰ-ਜਾਣਾ’, ‘ਮਰਦਾ-ਨਾ’
ਬਣਿਆ॥
ਉਸ ਨੇ
ਦੁਨੀਆਂ ਵਿਹੜੇ
ਮਹਿਬੂਬ ਵਾਂਗ
ਕਦਮ ਧਰਿਆ!
- - - - - -
ਮੱਸਿਆ ਦਾ ਨੇਰ੍ਹ
ਪੂਰਨਮਾਸ਼ੀ ਹੋ ਗਿਆ॥ |