-ਬਿਮਾਰੀ
ਵੈਸੇ ਤਾਂ ਕੋਈ ਨਹੀਂ ਹੁੰਦੀ ਚੰਗੀ
ਅਕਾਲ-ਪੁਰਖ਼ ਬੱਸ ਇਹਤੋਂ ਬਚਾਈ ਰੱਖੇ
ਤੰਦਰੁਸਤੀ ਬਖ਼ਸ਼ੇ ਗੁਰੂ ਸਾਰਿਆਂ ਨੂੰ
ਬਾਬਾ ਖੁਸ਼ੀਆਂ ਹੀ ਘਰੇ ਬਣਾਈ ਰੱਖੇ
-ਕਿਸਮਾਂ ਰੋਗਾਂ ਦੀਆਂ ਬਹੁਤ ਹੁੰਦੀਆਂ ਨੇ
ਕਈ ਛੋਟੀਆਂ ਤੇ ਕਈ ਵੱਡੀਆਂ ਨੇ
ਕਈ ਛੇਤੀ ਹੀ ਖਹਿੜਾ ਛੱਡ ਜਾਵਣ
ਕਈਆਂ ਜਾਨਾਂ ਵੀ ਲੈ ਕੇ ਛੱਡੀਆਂ ਨੇ
-ਹੁੰਦਾ ਰੋਗ ਕਿਸੇ ਨੂੰ ਠਰਕ ਭੋਰਨੇ ਦਾ
ਲੋਕ ਠਰਕੀ ਭਮੱਕੜ ਉਹਨੂੰ ਆਖਦੇ ਨੇ
ਕਈ ਅੱਖਾਂ ਤੱਤੀਆਂ ਕਰਨ ਦੇ ਹੋਣ ਰੋਗੀ
ਗੱਡੇ 'ਮੀਲ-ਪੱਥਰ' ਮੋੜਾਂ 'ਤੇ ਜਾਪਦੇ ਨੇ
-ਬਿਮਾਰੀ ਚਾਪਲੂਸੀ ਦੀ ਬੜੀ ਭੈੜੀ
'ਰੋਗੀ' ਕੁੱਤੇ ਵਾਂਗ ਪੂਛ ਮਾਰਦੇ ਨੇ
ਝੋਲੀ ਚੁੱਕਣੋਂ ਚਮਚੇ ਨਹੀਂ ਟਲ ਸਕਦੇ
'ਆਕਾ' ਦੇਖ ਕੇ ਬਾਛਾਂ ਖਿਲਾਰਦੇ ਨੇ
-ਕਈ ਇਸ਼ਕ ਦਾ ਰੋਗ ਲੁਆਈ ਫਿਰਦੇ
ਛਿੱਤਰ-ਘੜ੍ਹੀਸ ਆਸ਼ਕ ਅਖਵਾਂਵਦੇ ਨੇ
ਕਈ ਤੀਵੀਂ ਤੋਂ ਘਰੇ ਹੀ ਕੁੱਟ ਖਾਂਦੇ
ਬਾਹਰ ਸੂਰਮਗਤੀ ਦਿਖਾਂਵਦੇ ਨੇ
-ਬਿਮਾਰੀ ਲੱਗ ਜਾਵੇ ਜੇ ਫੂਕ ਛਕਣੇ ਦੀ
ਕੌੜਾ ਸੱਚ ਨਾ ਉਹ ਸੁਣਨ ਨੂੰ ਤਿਆਰ ਹੁੰਦੇ
'ਮਾਰ ਦਿਓ-ਮਾਰ ਦਿਓ' ਉਹ ਸੱਚੇ ਨੂੰ ਆਖਦੇ ਨੇ
ਦਸ਼ਾ ਮਾਨਸਿਕ ਪੱਖੋਂ ਬਿਮਾਰ ਹੁੰਦੇ
-ਬਿਮਾਰੀ ਪਰਾਈ ਖੁਰਨੀ ਮੂੰਹ ਮਾਰਨੇ ਦੀ
ਇਹ ਬਦਤਰ ਹੁੰਦੀ ਮੂੰਹ-ਖੁਰ ਨਾਲੋਂ
ਬੁੱਢਾ ਹੋਇਆ ਵੀ 'ਕੋਏ' ਵਿਚੋਂ ਝਾਕਦਾ ਏ
ਭਾਵੇਂ ਉਮਰ ਵੀ ਜਾਵੇ ਭੁਰ ਨਾਲੋਂ
-ਰੋਗ ਸਭ ਤੋਂ ਬੁਰਾ ਕੁਰਸੀ ਵਾਲਾ
ਪੰਗਾ ਵੋਟਾਂ ਵੇਲੇ ਕੋਈ ਖੜ੍ਹਾ ਕਰਾ ਲੈਣਾ
ਚਾਹੇ ਜਾਂਦੀ ਹੀ ਬੀਬੀ ਹੋ ਜਾਵੇ ਰੰਡੀ
ਲਾਗੀਆਂ ਆਪਣਾ ਲਾਗ ਧਰਾ ਲੈਣਾ
-ਫੋਕੀਆਂ ਫੜ੍ਹਾਂ ਵਾਲਾ ਰੋਗ ਹੈ ਬਹੁਤ ਮਾੜਾ
ਟਾਹਰਾਂ ਬਿਨਾਂ ਕੋਈ ਗੱਲ ਮੂੰਹੋਂ ਫੁੱਟਦੀ ਨਹੀਂ
ਕਈ ਰੋਗੀ ਨੇ ਕਮਲੇ ਸਾਧ ਵਰਗੇ
ਮੁੰਡਾ ਮਰ ਜਾਊ, ਤੜਾਗੀ ਭਾਈ ਟੁੱਟਦੀ ਨਹੀਂ
-ਲੱਗੀ ਵਹਿਮ ਦੀ ਬਿਮਾਰੀ ਫ਼ਕੀਰੀਏ ਨੂੰ
ਲਾਂਗੜ ਕਸਿਆ ਤੇ ਡਾਕਟਰ ਦੇ ਜਾ ਬੈਠਾ
ਭਰਮਾਂ ਮਾਰ ਲਈ ਮੱਤ ਗਰੀਬੜੇ ਦੀ
ਜਾ ਕੇ ਗਿੱਲਾ ਪੀਹਣ ਹੀ ਪਾ ਬੈਠਾ
-ਡਾਕਟਰ ਪੁੱਛਿਆ, ਫ਼ਕੀਰੀਆ ਬੋਲ ਦੱਸੇ
ਉਹਨੇ ਬਿਮਾਰੀਆਂ ਕਈ ਗਿਣਾ ਦਿੱਤੀਆਂ
ਡਾਕਟਰ ਡੌਰ ਭੌਰ ਹੋਇਆ ਸੁਣੀ ਜਾਵੇ
ਉਹਨੇ ਡਾਕਟਰ ਦੀਆਂ ਖਿੱਤੀਆਂ ਘੁੰਮਾ ਦਿੱਤੀਆਂ
-ਕਹਿੰਦਾ ਡਾਕਟਰ ਜੀ ਸੁਣੋਂ ਧਿਆਨ ਕਰਕੇ
ਸਿਰ 'ਘੂੰ-ਘੂੰ' ਮੇਰਾ ਕਰਦਾ ਹੈ
ਕਦੇ ਸਿਰ ਦੇ ਵਾਲ ਵੀ ਖੜ੍ਹ ਜਾਂਦੇ
ਮੱਥਾ ਵਾਂਗ ਤੰਦੂਰ ਦੇ ਸੜਦਾ ਹੈ
-ਕਦੇ ਗਿੱਚੀ ਦੇ ਵਿਚੋਂ ਚੀਸ ਨਿਕਲੇ
ਕੰਨ ਡਾਕਟਰ ਜੀ 'ਸਾਂ-ਸਾਂ' ਕਰਦੇ ਨੇ
ਅੱਖਾਂ ਵਿਚੋਂ ਅੱਗ ਜੀ ਨਿਕਲਦੀ ਐ
ਸਹੁਰੇ ਭਰਵੱਟੇ ਵੀ ਰਹਿੰਦੇ ਝੜਦੇ ਨੇ
-ਨੱਕ ਸੁੱਕਿਆ ਰਹੇ ਦਿਨ ਰਾਤ ਮੇਰਾ
ਜੀਭ ਤਾਲੂਏ ਨਾਲ ਲੱਗੀ ਰਹਿੰਦੀ ਹੈ
ਗੱਲ੍ਹਾਂ ਉਤੇ ਕੀੜੀਆਂ ਲੜਦੀਆਂ ਨੇ
ਠੋਡੀ ਉਪਰ ਝੌਰ ਜਿਹੀ ਪੈਂਦੀ ਹੈ
-ਦੰਦ ਦੁਖਦੇ, ਜਬਾੜ੍ਹੇ ਵੀ ਖੜਕਦੇ ਨੇ
ਜਦ ਰੋਟੀ ਡਾਕਟਰ ਜੀ ਖਾਂਵਦਾ ਹਾਂ
ਗਲ ਮੱਚੇ ਜਦ ਬੁਰਕੀ ਲੰਘਦੀ ਏ
ਬੜਾ ਦੁਖੀ ਮੈਂ ਵਕਤ ਲੰਘਾਂਵਦਾ ਹਾਂ
-ਬੁੱਲ੍ਹ ਸਦਾਂ ਹੀ ਸੁੱਕੇ ਰਹਿਣ ਮੇਰੇ
ਮੂੰਹ ਕੌੜਾ ਕੌੜਾ ਜਿਆ ਰਹਿੰਦਾ ਹੈ
ਨਿਗਾਹ ਪਾਟਦੀ ਉੱਚੀ ਜੇ ਗੱਲ ਕਰਦਾ
ਹੌਲੀ ਬੋਲਾਂ ਤਾਂ ਗਲ ਜਿਹਾ ਬਹਿੰਦਾ ਹੈ
-ਜੋੜ ਮੋਢਿਆਂ ਤੋਂ ਚਸਕਦੇ ਰਹਿਣ ਮੇਰੇ
ਨਾਲੇ ਛਾਤੀ ਵਿਚ ਜਲਣ ਜਿਹੀ ਰਹਿੰਦੀ ਹੈ
ਹਥੌੜੇ ਵਾਂਗ ਮੇਰਾ ਦਿਲ 'ਠੱਕ-ਠੱਕ' ਵੱਜੇ
ਕਦੇ ਧਰਨ ਜੀ ਵੀ ਡਿੱਗ ਪੈਂਦੀ ਹੈ
-ਅੱਗੋਂ ਢਿੱਡ ਤੇ ਪਿੱਛੋਂ ਕੰਗਰੋੜ ਦੁਖਦੀ
ਪੇਟ 'ਘੁਰੜ-ਘੁਰੜ' ਪਿਆ ਕੁਰਲਾਈ ਜਾਵੇ
ਗੈਸ ਬਣਦੀ ਕੱਚੇ ਧੂੰਏਂ ਵਾਂਗੂੰ
ਹਵਾ 'ਫ਼ਰਨ-ਫ਼ਰਨ' ਬਾਹਰ ਨੂੰ ਜਾਈ ਜਾਵੇ
-ਰਹਿੰਦੀ ਕਬਜ ਤੇ ਕੁੱਲਾ ਵੀ ਦਰਦ ਕਰਦਾ
ਹਵਾ ਸਰਦੀ ਕੰਟਰੋਲ ਨਾ ਹੋਵੇ ਮੈਥੋਂ
ਨਿਕਾਸ ਹਵਾ ਦਾ ਭੰਗੀਆਂ ਦੀ ਤੋਪ ਵਰਗਾ
ਗਰਦੋਗੋਰ ਉੱਠੇ, ਕੀ ਲੁਕਾਅ ਤੈਥੋਂ
-ਖੱਲੀਆਂ ਪੈਣ ਲੱਤਾਂ ਦੇ ਵਿਚ ਮੇਰੇ
ਕੂਹਣੀਂ ਆਕੜਜੇ ਕਰੀ ਨਾ ਸਿੱਧੀ ਹੋਵੇ
ਵਿਚ ਗੁੱਟਾਂ ਦੇ ਚੀਸਾਂ ਪੈਂਦੀਆਂ ਨੇ
ਲੱਗੇ ਇਉਂ ਜਿਉਂ ਬੋਤੇ ਨੇ ਮਿੱਧੀ ਹੋਵੇ
-'ਗੂਠੇ ਹੱਥਾਂ ਦੇ ਕਰੀ ਹੜਤਾਲ ਬੈਠੇ
ਉਂਗਲਾਂ ਨਾਂਹ-ਨੁੱਕਰ ਰਹਿੰਦੀਆਂ ਕਰਦੀਆਂ ਨੇ
ਮਾਸ ਹੱਥਾਂ ਦਾ ਵੀ ਲਹਿ ਚੱਲਿਆ
ਨਾੜਾਂ ਖੂਨ ਤੋਰਨ ਤੋਂ ਡਰਦੀਆਂ ਨੇ
-ਕੱਛਾਂ ਵਿਚ ਰਸੌਲੀਆਂ ਉਠ ਖੜ੍ਹੀਆਂ
ਲੱਗੇ ਹਰਨੀਆਂ ਦੀ ਵੀ ਸ਼ੱਕ ਮੈਨੂੰ
ਤੂੰ ਟੂਟੀ ਜਿਹੀ ਲਾ ਕੇ ਦੇਖ ਕੇਰਾਂ
ਮੇਰੇ ਸਰੀਰ ਦੀ ਦੱਸੂਗੀ 'ਵੱਤ' ਤੈਨੂੰ
-ਮੈਨੂੰ ਸੂਗਰ ਦੀ ਵੀ ਸ਼ਕਾਇਤ ਲੱਗੇ
ਅਤੇ ਪਿਸ਼ਾਬ ਵੀ ਵਾਰ-ਵਾਰ ਆਂਵਦਾ ਏ
ਜੇ ਪਿਸ਼ਾਬ ਵੱਲੋਂ ਭਾਈ ਘੌਲ ਕਰਜਾਂ
ਫੇਰ ਕੱਛੇ ਨੂੰ ਹੀ ਭਾਗ ਲਾਂਵਦਾ ਏ
-ਗੋਡੇ 'ਚੀਂ-ਚੀਂ' ਮੇਰੇ ਚੀਕਦੇ ਨੇ
ਜਿਵੇਂ ਬਿਨਾਂ ਗਰੀਸ ਤੋਂ ਤੁਰੇ ਗੱਡਾ
ਚੱਪਣੀਆਂ ਹੇਠੋਂ ਚੁੱਭਦੀਆਂ ਵਾਂਗ ਕਿੱਲੀ
ਤੁਰਾਂ ਇੰਜ ਜਿਉਂ ਮੱਝ ਨੂੰ ਪਿਆ ਖੱਭਾ
-ਮਾੜਾ ਢੱਗਾ ਤੇ ਛੱਤੀ ਰੋਗ ਭਾਈ
ਪਿੰਜਣੀਆਂ ਮੇਰੀਆਂ ਵਿਚ ਕੜੱਲ ਪੈਂਦੇ
ਗਿੱਟੇ ਸੁੱਜ ਗਏ ਪੈਰਾਂ 'ਤੇ ਮਾਸ ਚੜ੍ਹਿਆ
ਜੁੱਤੀ ਪਵੇ ਨਾ, ਚਸਕਦੇ ਨੇ ਰਹਿੰਦੇ
-ਉਂਗਲਾਂ ਪੈਰਾਂ ਦੀਆਂ ਹੇਠ ਨੂੰ ਮੁੜ ਚੱਲੀਆਂ
ਨਹੁੰ ਪੈਰਾਂ ਦੇ ਨੀਲੇ ਹੋਏ ਮੇਰੇ
ਅੱਡੀਆਂ ਧਰਤੀ 'ਤੇ ਨਾ ਲੱਗਦੀਆਂ ਨੇ
ਪਾਤਲੀਆਂ ਹੇਠ ਲਾਲ ਜਿਹੇ ਪਏ ਘੇਰੇ
-ਕਦੇ ਗਰਮੀ ਤੇ ਕਦੇ ਠੰਢ ਲੱਗੇ
ਕਦੇ ਤਾਉਣੀ ਜਿਹੀ ਮੱਥੇ 'ਤੇ ਆ ਜਾਵੇ
ਰਹਿੰਦੇ ਐਂਵੇਂ ਹੀ ਭੱਸ ਡਕਾਰ੍ਹ ਆਉਂਦੇ
ਕਦੇ ਕਾਂਬਾ ਵੀ ਕਰ ਛਿੜਕਾਅ ਜਾਵੇ
-ਚਿੱਤ ਘਾਂਊਂ ਮਾਂਊਂ ਹੁੰਦਾ ਰਹੇ ਮੇਰਾ
ਕਦੇ ਦਿਲ ਜਿਹਾ ਵੀ ਘਟਦਾ ਹੈ
ਕਦੇ ਮਨ ਨੂੰ ਬੜੀ ਘਬਰਾਹਟ ਹੁੰਦੀ
ਜਿਵੇਂ ਅੰਦਰ ਬਾਰੂਦ ਕੋਈ ਫ਼ਟਦਾ ਹੈ
-ਰਹੇ ਸਾਰੇ ਸਰੀਰ 'ਤੇ ਖੁਰਕ ਹੁੰਦੀ
ਅੰਦਰੋਂ ਰੁੱਗ ਭਰ ਭਰ ਕੋਈ ਕੱਢਦਾ ਹੈ
ਨਿਕਲੇ ਕਾਲਜੇ ਦੇ ਵਿਚੋਂ ਲਾਟ ਮੇਰੇ
ਜਿਵੇਂ ਲੂੰਬਾ ਘੁਲਾੜ੍ਹੇ ਵਾਲਾ ਛੱਡਦਾ ਹੈ
-ਸੁਪਨੇ ਰਾਤ ਨੂੰ ਡਰਾਉਣੇ ਆਉਣ ਮੈਨੂੰ
ਨੀਂਦ ਊਂ ਵੀ ਵੱਧ ਘੱਟ ਆਂਵਦੀ ਏ
ਵਿਚ ਸੁਪਨੇ ਦੇ ਸੱਪ-ਠੂੰਹੇਂ ਰਹਿਣ ਦਿਸਦੇ
ਮੇਰੀ ਦੇਹ ਜਿਹੀ ਕਿਰਦੀ ਜਾਂਵਦੀ ਏ
-ਕਮਜ਼ੋਰੀ ਸਾਰੇ ਸਰੀਰ ਵਿਚ ਪਈ ਪਸਰੀ
ਮੈਨੂੰ ਲੱਗੇ ਖੂਨ ਮੇਰਾ ਬਣਦਾ ਨਹੀਂ
ਮੇਰੇ ਹੱਥ ਪੈਰ ਵੀ ਰਹਿਣ ਕੰਬਦੇ
ਸਰੀਰ ਸੂਰਮੇਂ ਵਾਂਗ ਹੁਣ ਤਣਦਾ ਨਹੀਂ
-ਨਿਗਾਹ ਘਟ ਗਈ ਅੱਖਾਂ ਮੂਹਰੇ ਨ੍ਹੇਰ ਆਵੇ
ਮੈਨੂੰ ਲੱਗੇ ਅੰਧਰਾਤਾ ਹੋ ਗਿਆ ਹੈ
ਜਾਂ ਕੁੱਕਰਿਆਂ ਦੀ ਹੋਊ ਸ਼ਕਾਇਤ ਮੈਨੂੰ
ਜਾਂ ਫਿਰ ਮੋਤੀਆ ਬਣ ਖੜੋ ਗਿਆ ਹੈ
-ਚੱਕਰ ਆਉਂਦੇ ਜੇ ਮੈਂ ਚਾਰ ਪੈਰ ਚੱਲਦਾ
ਤੁਰਦਾ ਬਲਦ-ਮੂਤਣੀਆਂ ਪਾਉਂਦਾ ਮੈਂ
ਹੱਥ ਕੰਧਾਂ ਨੂੰ ਪਾ-ਪਾ ਫਿਰਦਾ ਹਾਂ
ਹੁਣ ਤਾਂ ਮਰਿਆ ਤੇ ਨਾ ਜਿਉਂਦਾ ਮੈਂ
-ਬੋਲਣ ਲੱਗਿਆ ਫ਼ਕੀਰੀਆ ਹੋਰ ਅੱਗੇ
ਪਰ ਡਾਕਟਰ ਹੱਥ ਜੋੜ ਕੇ ਖੜ੍ਹ ਗਿਆ ਸੀ
ਕਹਿੰਦਾ ਮਰੀਜ਼ ਜੀ! ਬਖਸ਼ ਲਓ ਦਾਸਰੇ ਨੂੰ!!
ਉਹਦਾ ਦੰਦਾ ਗਰਾਰੀ ਵਾਲਾ ਅੜ ਗਿਆ ਸੀ
-ਐਨੀਆਂ ਦੁਆਈਆਂ ਤਾਂ ਮੇਰੇ ਪਾਸ ਹੈਨੀ
ਜਿੰਨੀਆਂ ਤੁਸੀਂ ਬਿਮਾਰੀਆਂ ਗਿਣ ਦਿੱਤੀਆਂ
ਤੁਸੀਂ ਦੱਸਣ ਲੱਗੇ ਨਹੀਂ ਸਾਹ ਲੈਂਦੇ
ਮੇਰੇ ਮੂਹਰੇ ਇੱਟਾਂ ਵਾਂਗ ਚਿਣ ਦਿੱਤੀਆਂ
-ਫ਼ਕੀਰੀਆ ਕਹਿੰਦਾ ਅਜੇ ਹੋਰ ਰਹਿੰਦੀਆਂ ਨੇ
ਅਜੇ ਤਾਂ ਪੀਲੀਏ ਬਾਰੇ ਵੀ ਦੱਸਣਾ ਸੀ
ਬਲੱਡ-ਪ੍ਰੈਸ਼ਰ ਵੀ ਕਰਦਾ ਤੰਗ ਮੈਨੂੰ
ਚੱਲ ਤੂੰ ਕਿਹੜਾ ਕਿਤੇ ਨੱਸਣਾ ਸੀ?
-ਬਲੱਡ ਘਟ ਜਾਂਦਾ ਕਦੇ ਵਧ ਜਾਂਦਾ
ਇਹਨੂੰ ਬੰਨ੍ਹਣ ਦਾ ਦੱਸੋ ਢੰਗ ਮੈਨੂੰ
ਕਦੇ ਹੱਥ ਪੈਰ ਮੇਰੇ ਸੌਂ ਜਾਂਦੇ
ਹੋ ਗਿਆ ਤਾਂ ਨਹੀਂ ਅਧਰੰਗ ਮੈਨੂੰ?
-ਡਾਕਟਰ ਭੱਜ ਲਿਆ, ਛੱਡ ਤੁਰੰਤ ਕੁਰਸੀ
ਤੂੰ ਤਾਂ ਨਿਰਾ ਬਿਮਾਰੀਆਂ ਦੀ 'ਖਾਣ' ਬਾਬਾ
ਮੈਨੂੰ ਡਰ ਬੱਸ ਇੱਕੋ ਹੀ ਖਾਈ ਜਾਵੇ
ਗਿਨੀਜ਼-ਬੁੱਕ ਵਾਲੇ ਨਾ ਚੱਕ ਲਿਜਾਣ ਬਾਬਾ
-ਨਾਂ ਕਰਨਗੇ 'ਬੁੱਕ' ਵਿਚ ਦਰਜ ਤੇਰਾ
ਤੈਨੂੰ 'ਕੱਲੇ ਨੂੰ ਨੌਤੀ ਸੌ ਬਿਮਾਰੀਆਂ ਨੇ
'ਜੱਗੀ' ਕਰੂ ਗੱਲਾਂ 'ਕੁੱਸੇ ਪਿੰਡ' ਬਹਿਕੇ
ਫ਼ਕੀਰੀਏ ਸੂਰਮੇਂ ਮੱਲਾਂ ਜੋ ਮਾਰੀਆਂ ਨੇ
|