ਨਸ਼ਿਆਂ ਚ’ ਡੁੱਬ ਗਈ ਜ਼ਵਾਨੀ ਮੇਰੇ ਦੇਸ਼ ਦੀ
ਪਤਾ ਨਹੀਂਓਂ ਕਹਿੜੀ ਪ੍ਰੇਸ਼ਾਨੀ ਮੇਰੇ ਦੇਸ਼ ਦੀ
ਛਿੰਝਾਂ ਮੇਲੇ ਗੁੰਮ ਹੋਏ ਲੋਹੜੀਆਂ ਤੇ ਧੂਣੀਆਂ
ਤ੍ਰਿਝੰਣਾਂ ਚੋਂ ਚਰਖ਼ੇ ਤੇ ਛਿੱਕੂ ਗੋਹੜੇ ਪੂਣੀਆਂ
ਘਰ ਘਰ ਚੱਲ ਪਈ ਮਧਾਣੀ ਏ ਕਲੇਸ਼ ਦੀ
ਬਣ ਗਈ ਸੱਮਸਿਆ ਏ ਪਾਣੀ ਮੇਰੇ ਦੇਸ਼ ਦੀ
ਮੱਸਿਆ ਤੇ ਪੁੰਨਿਆਂ ਨੂੰ ਪੁਲ੍ਹਾਂ ਉੱਤੇ ਨ੍ਹੌਣਾ ਗਿਆ
ਬਾਣਾ ਦਿਆਂ ਮੰਜ਼ਿਆਂ ਤੇ ਕੋਠੇ ਉਤੇ ਸੌਣਾ ਗਿਆ
ਅੱਜ ਡਿਸਕੋ ਚ’ ਰੁਲ੍ਹੇ ਪਟਰਾਣੀ ਮੇਰੇ ਦੇਸ਼ ਦੀ
ਕੁੜੀ ਮਾਰ ਬਣ ਗਈ ਕਹਾਣੀ ਮੇਰੇ ਦੇਸ਼ ਦੀ
ਥੜ੍ਹਿਆਂ ਤੋਂ ਤਾਸ਼ ਅਤੇ ਭੱਠੀਆਂ ਤੋਂ ਦਾਣੇ ਗਏ
ਲ਼ੱਡੂ ਗੋਗਲੇ ਜਲੇਬੀਆਂ ਪਤੱਾਸੇ ਤੇ ਮਖਾਣੇ ਗਏ
ਸਿਆਸਤਾਂ ਨੇ ਖਾ ਲਈ ਜਿੰਦਗਾਨੀ ਮੇਰੇ ਦੇਸ਼ ਦੀ
ਅੱਜ ਫੈਸ਼ਨਾ ਨੇ ਪੱਟਤੀ ਜਨਾਨੀ ਮੇਰੇ ਦੇਸ਼ ਦੀ
ਮਨੁੱਖ ਵੀ ਨਾ ਰਹੇ ਓਹ ਮਨੁੱਖਤਾ ਵੀ ਮਰ ਗਈ
ਅਹਿਸਾਸ ਮਨੁੱਖ ਦੇ ਤੇ ਗਰਜ਼ ਕਾਬੂ ਕਰ ਗਈ
ਸਾਂਝਾਂ ਵਾਲੀ ਚਾਲ ਰੁਕੀ ਏ ਰਵਾਨੀ ਮੇਰੇ ਦੇਸ਼ ਦੀ
ਅੱਜ ਕਿੱਥੇ ਗਈ ਏ ਓਹੋ ਕੁਰਬਾਨੀ ਮੇਰੇ ਦੇਸ਼ ਦੀ
ਗੁਰ ਦੁਆਰੇ ਮੰਦਰ ਮਸੀਤਾਂ ਅੱਡੇ ਨੇ ਕਮਾਈ ਦੇ
ਕਿਸੇ ਦੂਜੇ ਮਜ੍ਹਬ ਦੇ ਲੋਕੀ ਏਥੇ ਨਹੀਂ ਬੁਲਾਈ ਦੇ
ਪੰਥ ਲੋਟੂਆਂ ਦੇ ਲਿਖਦੇ ਕਹਾਣੀ ਮੇਰੇ ਦੇਸ਼ ਦੀ
ਜ਼ਾਤਾਂ ਵਿੱਚ ਵੰਡੀ ਗਈ ਏ ਬਾਣੀ ਮੇਰੇ ਦੇਸ਼ ਦੀ
ਜਿੱਥੇ ਰਾੱਖੀ ਮਜ਼ਲੂਮਾਂ ਦੀ ਲਈ ਉੱਠੀ ਤਲਵਾਰ ਸੀ
ਜਿੱਥੇ ਗੁਰੁ ਪੀਰਾਂ ਬਖ਼ਸ਼ਿਆ ਰੂਹਾਂ ਨੂੰ ਪਿਆਰ ਸੀ
ਮਿਟ ਜਾਵੇ ਨਾ ਏ ਕਿਧਰੇ ਨਿਸ਼ਾਨੀ ਮੇਰੇ ਦੇਸ਼ ਦੀ
ਬਣ ਜਾਵੇ ਨਾ ਏ ਜੋਗੀਆ ਨਦਾਨੀ ਮੇਰੇ ਦੇਸ਼ ਦੀ |