ਗ਼ਜ਼ਲ
-
ਪਰਮਿੰਦਰ
ਸਿੰਘ 'ਅਜ਼ੀਜ਼'
ਤੇਰੇ ਦਿਲ ਦੀਆਂ ਸੱਜਣਾਂ ਤੂੰ ਜਾਣੇਂ ਸਾਥੋਂ ਪਿਆਰ ਛੁਪਾਇਆ ਜਾਂਦਾ ਨਹੀਂ
ਤੂੰ ਸਮਝੇਂ ਜਾਂ ਨਾ ਸਮਝੇਂ ਸਾਥੋਂ ਦਿਲ ਨੂੰ ਸਮਝਾਇਆ ਜਾਂਦਾ ਨਹੀਂ
ਕੀ ਜਾਦੂ ਅਸਾਂ ਤੇ ਹੋਇਆ ਏ ਜਦ ਦਾ ਤੂੰ ਦਿਲ ਨੂੰ ਛੋਹਿਆ ਏ
ਇਕ ਸਾਦਾ ਜਿਹੇ ਤੇਰੇ ਚਿਹਰੇ ਤੋਂ ਨਜ਼ਰਾਂ ਨੂੰ ਹਟਾਇਆ ਜਾਂਦਾ ਨਹੀਂ
ਦਿਲੋਂ ਹਰ ਇਕ ਭੇਦ ਮਿਟਾ ਦਿੱਤਾ ਸਭਨਾਂ ਨਾਲ ਪਿਆਰ ਸਿਖਾ ਦਿੱਤਾ
ਰੱਬ ਵਰਗਾ ਜਾਪੇ ਪਿਆਰ ਤੇਰਾ ਤੈਨੂੰ ਪਾ ਕੇ ਗਵਾਇਆ ਜਾਂਦਾ ਨਹੀਂ
ਦੋ ਚਾਰ ਸੁਹਾਨੇ ਪਲ ਦੇ ਜਾ ਖੇਡਣ ਹੱਸਣ ਦਾ ਵੱਲ ਦੇ ਜਾ
ਹੰਝੂਆਂ ਨੂੰ ਲੁਕਾ ਕੇ ਚਿਹਰੇ ਤੇ ਇੰਞ ਹਾਸਾ ਸਜਾਇਆ ਜਾਂਦਾ ਨਹੀਂ
ਜਿੱਥੇ ਬਹਿ ਜਾਂ ਬੈਠਾ ਰਹਿੰਦਾ ਹਾਂ ਯਾਰਾਂ ਤੋਂ ਛੁਪਦਾ ਰਹਿੰਦਾ ਹਾਂ
'ਕੱਲ੍ਹਿਆਂ ਰਹਿਣਾ ਚੰਗਾ ਲੱਗਦੈ ਕਿਤੇ ਆਇਆ ਜਾਇਆ ਜਾਂਦਾ ਨਹੀਂ
ਇਹ ਕੈਸਾ ਵਸਲ ਇਹ ਕੈਸਾ ਮਿਲਨ ਮਿਲ ਕੇ ਵੀ 'ਅਜ਼ੀਜ਼' ਹੈ ਪਿਆਸਾ ਮਨ
ਤੈਥੋਂ ਸ਼ਰਮ ਘਟਾਈ ਜਾਂਦੀ ਨਹੀਂ ਸਾਥੋਂ ਕਦਮ ਵਧਾਇਆ ਜਾਂਦਾ ਨਹੀਂ |