ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ


ਸਊਥਾਲ
-
ਸਾਥੀ ਲੁਧਿਆਣਵੀ ਲੰਡਨ

ਕੌਣ ਭੁੱਲ ਸਕੇਗਾ ਨਜ਼ਾਰੇ ਸਊਥਾਲ ਦੇ
ਝੱਜੂ ਵਾਲੇ ਸੁੱਖਾਂ ਦੇ ਚੁਬਾਰੇ ਸਊਥਾਲ ਦੇ

 =ਟਾਹਲੀ ਵਾਲਾ ਪੱਬ ਤੇ ਗਲਾਸੀ ਵਾਲ਼ਾ ਜੰਕਸ਼ਨ,
ਦੇਸੀਆਂ ਦੇ ਹੱਥ ਠੇਕੇ ਸਾਰੇ ਸਊਥਾਲ ਦੇ

 =ਕੈਫ਼ੇ, ਲਾਇਬਰੇਰੀ, ਨਾ ਕੋਈ ਪੱਬ ਹੈ ਫ਼ਰੰਗੀ ਦਾ,
ਫਿਰਦੇ ਨੇ ਗੋਰੇ ਮਾਰੇ ਮਾਰੇ ਸਊਥਾਲ ਦੇ

 =ਦਾਰੂ ਨਾਲ਼ ਰੱਜੇ ਹੋਏ ਦਮਾਮੇ ਜੱਟ ਮਾਰਦੇ,
ਖ਼ੂੰਜੇ ਲੱਗੇ ਹੋਏ ਗੋਰੇ ਸਾਰੇ ਸਊਥਾਲ ਦੇ

 =ਆਲੂ, ਛੋਲੇ, ਡੋਸੇ ਤੇ ਕਬਾਬਾਂ ਦਾ ਇਹ ਗੜ੍ਹ ਹੈ,
ਗੋਲ਼ ਗੱਪੇ ਬੜੇ ਨੇ ਕਰਾਰੇ ਸਊਥਾਲ ਦੇ

 =ਮੱਕੀ ਦੀ ਹੈ ਰੋਟੀ ਅਤੇ ਸਰ੍ਹੋਂ ਦਾ ਹੈ ਸਾਗ਼ ਇੱਥੇ,
ਲੱਸੀ ਵੀ ਨੇ ਦਿੰਦੇ ਢਾਬੇ ਸਾਰੇ ਸਊਥਾਲ ਦੇ

 =ਚੁੰਨੀਆਂ, ਦੁਪ੍‍ੱਟੇ, ਨੱਥ, ਲਹ੍ਹਿੰਗੇ ਅਤੇ ਡੋਰੀਏ,
ਬੜੇ ਹੀ ਮਸ਼ਹੂਰ ਨੇ ਗ਼ਰਾਰੇ ਸਊਥਾਲ ਦੇ

 =ਬਰਾਡਵੇ ਤੇ ਲੱਗਾ ਰਹਿੰਦਾ ਮੇਲਾ ਹੈ ਛੱਪਾਰ ਦਾ,
ਹਾਸਿਆਂ ਦੇ ਉੱਡਦੇ ਗੁਬਾਰੇ ਸਊਥਾਲ ਦੇ

 =ਦੂਰੋਂ ਦੂਰੋਂ ਆਉਂਦੇ ਨੇ ਵਿਉਪਾਰੀ ਅਤੇ ਬਾਣੀਏਂ,
ਲੱਖ਼ਾਂ ਦੇ ਨੇ ਵਾਰੇ ਤੇ ਨਿਆਂਰੇ ਸਊਥਾਲ ਦੇ

 =ਜਹਿਰ ਮੁਹਰਾ ਸੂਟ ਤੇ ਦੁਪੱਟਾ ਤੇਰਾ ਲਹਿਰੀਆ,
ਕੁੜੀਏ ਤੂੰ ਜੀਂਦੇ ਮੁੰਡੇ ਮਾਰੇ ਸਊਥਾਲ ਦੇ

 =ਨਵੀਂ ਨਵੀਂ ਆਈ ਹੈ ਕੋਈ ਨਾਰ ਲੁੱਦੇਹਾਣੇ ਤੋਂ,
ਬੇਚੈਨ ਹੋ ਗਏ ਨੇ ਕੁਆਰੇ ਸਊਥਾਲ ਦੇ

 =ਪੈਰਾਂ ਵਿਚ ਝਾਂਜਰਾਂ ਤੇ ਨੱਕ ਵਿਚ ਤੀਲੀ ਹੈ,
ਪੁੱਟ ਲਏ ਨੇ ਮੁੰਡੇ ਈਹਨੇਂ ਸਾਰੇ ਸਊਥਾਲ ਦੇ

 =ਅੱਖਾਂ ਨਾਲ਼ ਗੱਲਾਂ ਕਰ ਜਾਂਦੇ ਬੇਹਿਸਾਬੀਆਂ,
ਐਸੇ ਮਿਹਰਬਾਨ ਨੇ ਪਿਆਰੇ ਸਊਥਾਲ ਦੇ

 =ਜੱਟਾਂ ਦਾ ਹੈ ਟੋਨੀ ਤੇ ਕਰਾੜਾਂ ਦੀ ਹੈ ਸੀਤਲੋ,
ਜ੍‍ੱਫੀ ਪਾ ਖ਼ੜੋਤੇ ਨੇ ਪਿਆਰੇ ਸਊਥਾਲ ਦੇ

 =ਹਿੰਦੀ, ਪਾਕੀ, ਨੀਗਰੋ, ਸੋਮਾਲੀ, ਫ਼ਿੰਨਲੈਂਡੀਏ,
ਕਿੰਨਿਆਂ ਹੀ ਰੰਗਾਂ ਦੇ ਨਜ਼ਾਰੇ ਸਊਥਾਲ ਦੇ

=ਜਾਹਲੀ ਬੰਦੇ ਭਾਲਦੇ ਕੁਆਰੀਆਂ ਵਲੈਤਣਾਂ,
ਪੱਕੇ ਹੋਣਾ ਚਾਹੁੰਦੇ ਨੇ ਵਿਚਾਰੇ ਸਊਥਾਲ ਦੇ

 =ਪੱਬਾਂ ਨਾਲ਼ੋਂ ਵੱਧ ਨੇ ਅਦਾਰੇ ਇੱਥੇ ਰੱਬ ਦੇ,
ਇਨ੍ਹਾਂ ਨੇ ਹੀ ਸ਼ਾਇਦ ਲੋਕੀਂ ਤਾਰੇ ਸਊਥਾਲ ਦੇ

 =ਕਾਜ਼ੀ, ਮੁੱਲਾਂ, ਭਾਈ ਅਤੇ ਟਿੱਲੇ ਵਾਲ਼ੇ ਸਾਧ ਸੱਭ,
ਆਣ ਬੈਠੇ ਬਣ ਕੇ ਸਹਾਰੇ ਸਊਥਾਲ ਦੇ

 =ਊੜਾ,ਐੜਾ, ਕਾ, ਖਾ ਤੇ ਅਲਫ਼, ਬੇ, ਪੇ ਬੋਲਦੇ,
ਬਦਲ ਗਏ ਤਾਲੀਮ ਦੇ ਅਦਾਰੇ ਸਊਥਾਲ ਦੇ

 =ਦੇਸੋਂ ਆਇਆ ਮੰਤਰੀ ਤਾਂ ਆਖ਼ਦਾ ਹੈ ਵਾਰ ਵਾਰ,
ਦੁਨੀਆਂ ਚ ਵੱਜੇ ਨੇ ਨਗਾਰੇ ਸਊਥਾਲ ਦੇ  

=ਗੋਰਿਆਂ ਦੇ ਗੈਂਗ ਇਥੇ ਆਉਣ ਤੋਂ ਤ੍ਰਹਿਕਦੇ,
ਜਾਣਦੇ ਨੇ ਹੱਥ ਨੇ ਕਰਾਰੇ ਸਊਥਾਲ ਦੇ

 =ਗੋਰਿਆਂ ਦੇ ਕੀ ਨੇ ਡਰੰਮ ਜਿਥੇ ਸਿੰਘਾਂ ਦੇ,
ਵੱਜਦੇ ਨੇ ਢੋਲ ਤੇ ਨਗ਼ਾਰੇ ਸਊਥਾਲ ਦੇ

 =ਆਪੂੰ ਸਜੇ ਬੈਠੇ ਨੇ ਕਈ ਘੜੰਮ ਚੌਧਰੀ,
ਲੀਡਰੀ ਦੇ ਭੁੱਖੇ ਨੇ ਵਿਚਾਰੇ ਸਊਥਾਲ ਦੇ

 =ਦੇਸ ਪਰਦੇਸ ਹੈ ਚੁਬਾਰੇ ਵਿਚ ਵਾਕਿਆ,
ਸਮਾਚਾਰ ਛਾਪਦੈ ਕਰਾਰੇ ਸਊਥਾਲ ਦੇ

 =ਹਵਾ ਵਿਚੋਂ ਬੋਲਦੇ ਨੇ ਕਈ ਦੇਸੀ ਰੇਡੀਓ,
ਦੂਰ ਤਾਈਂ ਟਹਿਕਦੇ ਸਿਤਾਰੇ ਸਊਥਾਲ ਦੇ

 =ਚਲੇ ਜਾਈਏ ਭਾਵੇਂ ਦਿੱਲੀ, ਰੋਮ ਅਤੇ ਟੋਕੀਓ,
ਯਾਦ ਸਾਨੂੰ ਆਉਂਦੇ ਨੇ ਨਜ਼ਾਰੇ ਸਊਥਾਲ ਦੇ

 =ਲੋਕਾਂ ਦਾ ਹੈ ਸ਼ਾਇਰ ਯਾਰੋ ਸਾਥੀ ਲੁਧਿਆਣਵੀ”,
ਲੋਕੀਂ ਇਹਨੂੰ ਬੜੇ ਨੇ ਪਿਆਰੇ ਸਊਥਾਲ ਦੇ

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com