ਗਜ਼ਲ
-
ਮੇਜਰ ਭੁਪਿੰਦਰ ਦਲੇਰ
ਮੇਰੇ ਵਾਂਗੂਂ ਤਰਕਾਲਾਂ ਨੂੰ, ਨੈਣੀ ਹੰਝੂ ਭਰਦੀ ਹੋਣੀ।
ਮੈਂ ਤਾਂ ਰਾਤੀਂ ਰੋ ਲੈਂਦਾਂ ਹਾਂ ਖਬਰੇ ਉਹ ਕੀ ਕਰਦੀ ਹੋਣੀ॥
ਦਰਵਾਜ਼ੇ ਤੋਂ ਮੇਰੇ ਨਾ ਦੀ, ਤਖਤੀ ਸ਼ਾੜ ਕੇ ਵਾਪਸ ਮੁੜ ਗਈ।
ਅਗ ਵੀ ਮੇਰੇ ਘਰ ਵਿਚ ਫੈਲੇ, ਸੰਨਾਟੇ ਤੋਂ ਡਰਦੀ ਹੋਣੀ॥
ਚੇਤੇ ਤਾਂ ਆ ਜਾਂਦਾ ਹੋਣੈ ਬਚਪਨ ਦੀ ਬਾਰਸ਼ ਦਾ ਮੌਸਮ।
ਜਦ ਵੀ ਕਾਗਜ਼ ਦੀ ਕਸ਼ਤੀ ਨੂੰ ਪਾਣੀ ਉਪਰ ਧਰਦੀ ਹੋਣੀ॥
ਸਾਗਰ ਪਰਬਤ ਝੀਲਾਂ ਜੁਗਨੂੰ, ਪੌਣਾ ਬਿਰਖਾਂ ਬਰਫਾਂ ਵਰਗੇ।
ਚੁਣ ਚੁਣ ਰਂਗਲੇ ਲਫਜ਼ਾ ਨੂੰ ਉਹ ਗਜ਼ਲਾਂ ਅੰਦਰ ਭਰਦੀ ਹੋਣੀ॥
ਤੂੰ ਰੁਖ ਤੋਂ ਜੋ ਟਾਹਣੀ ਖੋਹ ਕਿ,ਦਰਿਆ ਕੰਢੇ ਦਬੀ ਸੀ ।
ਅਜ ਦੀ ਬਾਰਸ਼ ਮਗਰੋਂ ਉਹ ਤਾਂ ਦਰਿਆ ਉਪਰ ਤਰਦੀ ਹੋਣੀ॥
ਬਰਫੀਲੇ ਰਾਹਾਂ ਵਿਚ ਮੈਨੂੰ ਦੇਰ ਬੜੀ ਹੋ ਗਈ ‘ਦਲੇਰਾ’।
ਉਹ ਤਾਂ ਕੀਤੇ ਵਾਹਦੇ ਖਾਤਰ ਦਰਵਾਜ਼ੇ ਤੇ ਠਰਦੀ ਹੋਣੀ॥ |